ਬਲਰਾਜ ਸਾਹਨੀ..ਪੰਜਾਬ ਦਾ ਪੁੱਤਰ..
ਖੇਤ,ਖਲਿਆਣ,ਹਰਿਆਵਲ,ਨਹਿਰਾਂ ਅਤੇ ਪੰਜਾਬੀਅਤ ਧੁਰ ਦਿੱਲ ਅੰਦਰ ਤੱਕ ਵੱਸੀ ਹੋਈ
ਅਠਾਹਠ ਵਿਚ ਬਣੀ ਫਿਲਮ ਨੀਲ ਕਮਲ..”ਬਾਬੁਲ ਕੀ ਦੁਵਾਏਂ ਲੇਤੀ ਜਾ..ਜਾ ਤੁਝ ਕੋ ਸੁਖੀ ਸੰਸਾਰ ਮਿਲੇ”..ਓਹਨਾ ਵੇਲਿਆਂ ਵਿੱਚ ਡੋਲੀ ਤੁਰਨ ਵੇਲੇ ਹਰ ਵਿਆਹ ਤੇ ਵੱਜਣ ਵਾਲਾ ਮਸ਼ਹੂਰ ਗੀਤ..!
ਫਿਲਮ ਦੇ ਧੀ ਨੂੰ ਤੋਰਨ ਵਾਲੇ ਸੀਨ ਵਿਚ ਇੰਝ ਲੱਗਦਾ ਜਿੱਦਾਂ ਬਲਰਾਜ ਅਸਲੀ ਰੋ ਰਿਹਾ ਹੋਵੇ!
ਇਹੋ ਕੁਝ ਤੇਹੱਤਰ ਵਿਚ ਰਿਲੀਜ ਹੋਈ “ਹੰਸਤੇ ਜਖਮ” ਵਿਚ ਹੋਇਆ..ਵਿੱਛੜੀ ਧੀ ਨੂੰ ਵੇਖ ਹਮੇਸ਼ਾਂ ਗੱਚ ਭਰ ਆਉਂਦਾ..!
ਅੱਜ ਵੀ ਸੋਚਦਾ ਕੋਈ ਧੀਆਂ ਦੇ ਮਾਮਲੇ ਵਿਚ ਏਨੀ ਸਟੀਕ ਐਕਟਿੰਗ ਕਿੱਦਾਂ ਕਰ ਸਕਦਾ!
ਜਸਵੰਤ ਸਿੰਘ ਕੰਵਲ ਦਾ ਬੜਾ ਪੱਕਾ ਯਾਰ ਸੀ..
ਲਿਖਦਾ ਏ ਕੇ ਬਲਰਾਜ ਦੀ ਖੁਦ ਦੀ ਧੀ ਬੜੀ ਖੂਬ ਸੂਰਤ..ਨਾਮ ਸਨੋਬਰ
ਨਿਰੀ ਸੱਜਰੇ ਫੁੱਲ ਵਰਗੀ..ਵਿਆਹ ਕੀਤਾ..ਸਹੁਰੇ ਲਾਲਚੀ ਨਿੱਕਲੇ..ਆਖਿਆ ਕਰਨ ਤੇਰੇ ਪਿਓ ਨੇ ਏਨਾ ਪੈਸੇ ਕਮਾਇਆ..ਜਾਇਦਾਤ ਬਣਾਈ..ਸਾਨੂੰ ਹਿੱਸਾ ਚਾਹੀਦਾ!
ਇੱਕ ਵਾਰ ਏਨੀ ਦੁਖੀ ਹੋਈ..ਆਪਣੇ ਤੇ ਤੇਲ ਪਾ ਕੇ ਅੱਗ ਲਾ ਲਈ..
ਫੇਰ ਨਲਕੇ ਦੇ ਠੰਡੇ ਪਾਣੀ ਹੇਠ ਹੋ ਗਈ ਤੇ ਮੁੜ ਕੋਠੇ ਤੋਂ ਛਾਲ ਮਾਰ ਦਿੱਤੀ..
ਬਲਰਾਜ ਚੱਲਦੀ ਸ਼ੂਟਿੰਗ ਵਿਚੋਂ ਭੱਜਾ ਆਇਆ..
ਥਾਂ ਥਾਂ ਤੋਂ ਸੜ ਗਈ ਧੀ ਵੱਲ ਵੇਖ ਮਰਨ ਵਾਲਾ ਹੋ ਗਿਆ..
ਮੈਂ ਆਖਿਆ ਤੂੰ ਇਸਨੂੰ ਢੁਡੀਕੇ ਲੈ ਆ..ਉਹ ਵਾਕਿਆ ਹੀ ਆ ਗਿਆ..
ਪਿਓ ਧੀ ਪਿੰਡਾਂ ਦਾ ਮਾਹੌਲ ਵੇਖ ਬੰਬਈ ਦੇ ਦੁੱਖ ਭੁੱਲ ਗਏ..ਫੁੱਲ ਵਰਗੀ ਕੁੜੀ ਦੇ ਸਰੀਰ ਦਾ ਥਾਂ ਥਾਂ ਤੋਂ ਸੜਿਆ ਮਾਸ ਵੇਖ ਹੌਲ ਪਿਆ ਕਰਨ..ਉਹ ਵੀ ਹੱਸਦੀ ਹੱਸਦੀ ਰੋ ਪਿਆ ਕਰੇ..ਸ਼ਾਇਦ ਸਹੁਰੇ ਘਰ ਵਲੋਂ ਦਿੱਤੇ ਸਿਤਮ ਚੇਤੇ ਆ ਜਾਇਆ ਕਰਦੇ ਸਨ!
ਹਫਤਾ ਰਹੇ ਫੇਰ ਬੰਬਈ ਮੁੜ ਗਏ..
ਤੁਰਨ ਲੱਗੇ ਨੂੰ ਆਖਿਆ ਇਹ ਪੱਥਰਾਂ ਦਾ ਸ਼ਹਿਰ ਤੈਨੂੰ ਖਾ ਜਾਵੇਗਾ..ਜਦੋਂ ਜੀ ਉਦਾਸ ਹੁੰਦਾ ਇਥੇ ਆ ਜਾਇਆ ਕਰ..!
ਵਾਪਿਸ ਮੁੜ ਕੁੜੀ ਦੀ ਹਾਲਤ ਖਰਾਬ ਹੋ ਗਈ ਤੇ ਉਹ ਇੱਕ ਦਿਨ ਇਸ ਕੁਰੱਖਤ ਦੁਨੀਆਂ ਤੋਂ ਸਦਾ ਲਈ ਰੁਖਸਤੀ ਪਾ ਗਈ..!
ਬਲਰਾਜ ਟੁੱਟ ਗਿਆ..
ਚਿੱਠੀਆਂ ਵਿਚ ਦੁੱਖ ਫਰੋਲਿਆ ਕਰੇ..ਮੇਰਾ ਜੀ ਨੀ ਲੱਗਦਾ!
ਮੁੰਡਾ ਪ੍ਰਿਖਸ਼ਿਤ...
ਸਾਹਨੀ (ਪੀ.ਕੇ ਫਿਲਮ ਵਿਚ ਅਨੁਸ਼ਕਾ ਸ਼ਰਮਾ ਦਾ ਬਾਪ) ਵੀ ਕਿਸੇ ਗੱਲੋਂ ਨਰਾਜ ਹੋ ਕੇ ਛੱਡ ਗਿਆ ਮੈਨੂੰ..!
ਆਖਿਆ ਮੇਰੇ ਕੋਲ ਆ ਜਾ ਢੂਡੀਕੇ..ਇਹ ਬੰਬਈ ਤੈਨੂੰ ਖਾ ਜਾਵੇਗੀ..!
ਆਖਣ ਲੱਗਾ ਹੁਣ ਜਰੂਰ ਆ ਜਾਣਾ..
ਫੇਰ ਇੱਕ ਦਿਨ ਸੁਨੇਹਾਂ ਮਿਲਿਆ..
ਦਿਲ ਦੇ ਦੌਰੇ ਨਾਲ ਚੱਲ ਵੱਸਿਆ..ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਗਈਆਂ..!
ਚਾਰ ਦਿਨ ਮਗਰੋਂ ਬੰਬੇ ਪਹੁੰਚਿਆ..
ਵੱਡਾ ਸਾਰਾ ਬੰਗਲਾ ਭਾਂ-ਭਾਂ ਕਰੇ..ਮੈਂ ਬਲਰਾਜ ਨੂੰ ਲੱਭਾਂ..ਪਰ ਇੱਕ ਵਾਰ ਤੁਰ ਗਏ ਫੇਰ ਕਿਥੇ ਮੁੜਦੇ!
ਉਸਦੇ ਪੁੱਤਰ ਪ੍ਰਿਖਸ਼ਿਤ ਨੂੰ ਲੱਭਿਆ..ਉਹ ਭੁੱਬਾਂ ਮਾਰ ਰੋ ਪਿਆ..
ਪਤਾ ਨੀ ਸਬੱਬ ਸੀ ਕੇ ਕੁਝ ਹੋਰ..ਮੇਰੇ ਤੇੜ ਓਹੀ ਚਾਦਰ ਸੀ ਜਿਹੜੀ ਕਿਸੇ ਵੇਲੇ ਤਲਵੰਡੀ ਸਾਬੋ ਦੀ ਵਿਸਾਖੀ ਦੇ ਮੇਲੇ ਵਿਚ ਘੁੰਮਦਿਆਂ ਅਸੀਂ ਇਕੱਠਿਆਂ ਨੇ ਪੜਵਾ ਕੇ ਬੰਨੀ ਸੀ..!
ਫੇਰ ਗਿਆ ਵੀ ਤੇਹੱਤਰ ਦੀ ਐਨ ਵਿਸਾਖੀ ਵਾਲੇ ਦਿਨ..!
ਕੰਵਲ ਦੇ ਬਲਰਾਜ ਸਾਹਨੀ ਬਾਰੇ ਜਜਬਾਤ ਪੜ ਸੋਚ ਰਿਹਾ ਸਾਂ ਇਹ ਜਿਉਣ ਜੋਗੀਆਂ ਧੀਆਂ ਵੀ ਰੱਬ ਨੇ ਕੀ ਸ਼ੈਵਾਂ ਬਣਾਈਆਂ ਨੇ..
ਬੰਦਾ ਦਿਨ ਰਾਤ ਬੱਸ ਏਹੀ ਅਰਦਾਸਾਂ ਕਰਦਾ ਰਹਿੰਦਾ ਕੇ ਤੱਤੀ ਵਾ ਨਾ ਲੱਗੇ..
ਤੇ ਜਿਸਦੀ ਪਿੱਪਲੀ ਦੇ ਪੱਤ ਵਰਗੀ ਪੂਰੀ ਤਰਾਂ ਸੜ ਹੀ ਅੱਗ ਵਿਚ ਗਈ ਹੋਵੇ..ਉਸਦੀ ਮਾਨਸਿਕਤਾ ਕਿਸ ਨਰਕ ਵਿਚੋਂ ਲੰਘਦੀ ਹੋਵੇਗੀ..ਇਹ ਤਾਂ ਬੱਸ ਓਹੀ ਜਾਣ ਸਕਦਾ!
ਵਾਕਿਆ ਹੀ ਬਲਰਾਜ ਨੂੰ ਬੰਬਈ ਸ਼ਹਿਰ ਦੀ ਰੁਸਵਾਈ ਅਤੇ ਧੀ ਦੇ ਸਹੁਰਿਆਂ ਦਾ ਲਾਲਚ ਖਾ ਗਿਆ..
ਅੱਜ ਵੀ ਪਤਾ ਨੀ ਕਿੰਨੇ ਬਲਰਾਜ ਇਸੇ ਅੱਗ ਵਿਚ ਸੜ ਰਹੇ ਨੇ..
ਇੱਕ ਜੋਦੜੀ ਓਹਨਾ ਕਰਮਾਂ ਵਾਲਿਆਂ ਅੱਗੇ ਜਿਹਨਾਂ ਨੂੰ ਬੇਗਾਨੀਆਂ ਘਰੇ ਲਿਆਉਣ ਦਾ ਸੁਭਾਗ ਪ੍ਰਾਪਤ ਹੁੰਦਾ..
ਖੁਦ ਦੇ ਵੇਹੜੇ ਦਾ ਨਾਜ਼ੁਕ ਜਿਹਾ ਬੂਟਾ ਸਮਝ ਕੇ ਦੇਖਭਾਲ ਕਰਿਆ ਕਰੋ..ਪੂਰੀ ਕਾਇਨਾਤ ਸਣੇ ਜੰਮਣ ਵਾਲਿਆਂ ਦੇ..ਹਜਾਰ ਦੁਆਵਾਂ ਤੁਹਾਡੇ ਸਿਰ ਤੋਂ ਨਿਛਾਵਰ ਕਰਿਆ ਕਰੂ..!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!