ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ ’ਤੇ। ਤੈਨੂੰ ਯਾਦ ਕਰਦੀ ਮਰਗੀ ਉਹ।” ਬਾਪੂ ਦੀ ਇਸ ਗੱਲ ’ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ।ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ।ਮੈਨੂੰ ਯਾਦ ਹੈ ਜਦੋਂ ਸਾਡੀ ਪੀ.ਆਰ ਹੋਈ ਸੀ।ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ।
“ਕਰੀ ਤਾਂ ਜਾਂਦੇ ਪੁੱਤ ਨੌਕਰੀਆਂ।ਇੱਥੇ ਈ ਕੇਨੈਡਾ ਆਪਣਾ।ਇੱਕ ਟਿੰਗ ਏ।ਉਹ ਵੀ ਤੁਰਜੂ ਤਾਂ ਅਸੀਂ ਕਾਹਦੇ ਜੋਗੇ।ਮੰਜੇ ’ਤੇ ਪਿਆਂ ਨੂੰ ਕੋਈ ਪਾਣੀ ਦੀ ਘੁੱਟ ਵੀ ਪੁੱਛਣ ਵਾਲਾ ਕੋਈ ਹੋਣਾ।”
“ਆਹ ਖੜਾ ਕੇਨੈਡਾ ਦੁੱਖ-ਸੁੱਖ ਨੂੰ ਤੂੰ ਹਾਕ ਤਾਂ ਮਾਰੀ ਅਸੀਂ ਭੱਜੇ ਆਵਾਂਗੇ।ਨਾਲੇ ਦੋ ਸਾਲਾਂ ਦੀ ਗੱਲਾਂ ਏ ਤੈਨੂੰ ਤੇ ਬਾਪੂ ਨੂੰ ਵੀ ਨਾਲ ਲੈ ਜਾਣਾ ਮੈਂ।” ਪਰ ਨਾ ਤਾਂ ਦੋ ਸਾਲ ਬਾਅਦ ਬੇਬੇ ਇੰਡੀਆਂ ਤੋਂ ਕੇਨੈਡਾ ਆਈ ਸੀ ਤੇ ਨਾ ਹੀ ਦੁੱਖ-ਸੁੱਖ ਨੂੰ ਮੈਂ ਇੰਡੀਆਂ ਜਾ ਸਕਿਆ ਸੀ।ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ…।
“ਬੌਬ!ਜਦੋਂ ਦਾ…।ਤੂੰ ਕਿਤੇ ਗੁਆਚਿਆ ਹੋਇਆ।ਕੱਲ੍ਹ ਤੋਂ ਕੰਮ ’ਤੇ ਜਾ।” ਕੌਫ਼ੀ ਦੀ ਘੁੱਟ ਭਰਦੀ ਹੋਈ ਪੈਮ ਆਖਦੀ ਹੈ।ਮੈਂ ਵਿੰਡੋ ਅੱਗੇ ਖੜ੍ਹਾ ਹੀ ਪਿਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾ ਤੇ ਆਖਦਾ, “ ਯਾਅਅ! ਕੰਮ ’ਤੇ ਜਾਣਾ ਈ ਪੈਣਾ।”
ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ।ਆਪਣੇ ਤੇ ਪੈਮ ਦੇ ਕੰਮ ਦਾ ਟਾਈਮ।ਕਿੰਨੇ ਵਜੇ ਪੈਮ ਦੀ ਫਰੈੱਡ ਸੂਫ਼ੀ ਰੌਬਿਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ।ਖਾਣਾ ਕਿਵੇਂ ਗਰਮ ਕਰਨਾ।ਗਰਮ ਠੰਡਾ ਪਾਣੀ ਕਿਵੇਂ ਛੱਡਣਾ।…ਤੇ ਹੋਰ ਵੀ ਨਿੱਕੀਆਂ-ਵੱਡੀਆਂ ਗੱਲਾਂ।ਅਗਲੀ ਸਵੇਰ ਬਾਪੂ ਸਾਡੇ ਉਠਣ ਤੋਂ ਪਹਿਲਾਂ ਉਠਿਆ ਬੈਠਾ ਸੀ।
“ਮੈਂ ਤਾਂ ਪਾਠੀ ਬੋਲਣ ਸਾਰ ਉਠ ਖੜ੍ਹਦਾ।ਮੇਰੇ ਦਾਤਣ ਕੁਰਲਾ ਕਰਦਿਆਂ ਨੂੰ ਬੇਬੇ ਤੇਰੀ ਚਾਹ ਧਰ ਲੈਂਦੀ ਸੀ।” ਬਾਪੂ ਨੇ ਕਿਚਨ ਵੱਲ ਝਾਕਦਿਆਂ ਆਖਿਆ...
ਸੀ।ਪਰ ਪੈਮ ਤਾਂ ਉਦੋਂ ਰੌਬਿਨ ਨੂੰ ਸਕੂਲ਼ ਲਈ ਤਿਆਰ ਕਰ ਰਹੀ ਸੀ।ਮੈਂ ਚਾਹ ਬਣਾ ਕੇ ਬਾਪੂ ਮੂਹਰੇ ਜਾ ਧਰੀ।
“ਕੰਮ ਸਿੱਖ ਗਿਆ ਲੱਗਦਾ ਬੱਲਿਆ ਘਰਦਾ ਸਾਰਾ ਇੱਥੇ ਆ ਕੇ।” ਬਾਪੂ ਨੇ ਸੁਭਾਵਿਕ ਕਿਹਾ ਸੀ ਜਾਂ ਤਨਜ਼ ਨਾਲ, ਮੈਨੂੰ ਸਮਝ ਨਹੀਂ ਸੀ ਆਈ।ਮੈਂ ਦੋ ਦਿਨ ਬਾਅਦ ਮੁੜਨਾ ਸੀ ਘਰੇ।ਮੈਂ ਦੋ ਦਿਨ ਦਾ ਖਾਣਾ ਪੈੱਕ ਕਰ ਕੇ ਗੱਡੀ ਵਿੱਚ ਧਰ ਲਿਆ।ਬਾਪੂ ਲਈ ਬ੍ਰੇਕ ਫਾਸਟ ਤੇ ਲੰਚ ਬਣਾ ਕੇ ਪੈਮ ਨੇ ਰੱਖ ਦਿੱਤਾ।ਦੋਂ ਦਿਨ ਬਾਅਦ ਮੈਂ ਜਦ ਘਰ ਮੁੜਿਆ।ਆ ਕੇ ਬਾਪੂ ਦਾ ਹਾਲ-ਚਾਲ ਪੁਛਿਆ।
“ ਹਾਲ ਤਾਂ ਬੱਲਿਆ ਠੀਕ ਆ।ਪਰ ਸਾਲਾ ਊਂਅ ਹਾਲ ਕੋਈ ਨਹੀਂ।ਨਾ ਕੋਈ ਚਾਹ ਰੋਟੀ ਦਾ ਟੈਮ।ਨਾ ਲੈਣਾ ਨਾ ਦੇਣਾ।ਪੰਮੀ ਤੁਰ ਜਾਂਦੀ ਮੰਨੀਆਂ ਪਕਾ ਕੇ ਮੈਥੋਂ ਠੰਡੀਆਂ ਤੱਤੀਆਂ ਖਾ ਨਹੀਂ ਹੁੰਦੀਆਂ।ਮਾਂ ਤੇਰੀ ਤਾਜ਼ਾ ਦਾਲ ਸਬਜ਼ੀ ਧਰਦੀ।ਤਵੇ ਤੋਂ ਲੱਥਦੀ ਰੋਟੀ ਧਰਦੀ ਮੇਰੀ ਪਲੇਟ ’ਚ।ਘਰੇ ਉਂਝ ਡਰ ਜਿਹਾ ਆਉਂਦਾ।ਸਾਰਾ ਦਿਨ ਮੈਂ ਤਾਕੀ ਅੱਗੇ ਬੈਠਾ ਰਹਿੰਦਾ।ਕੋਈ ਬੰਦਾ-ਜਨੌਰ ਨਹੀਂ ਦਿੱਸਦਾ।ਆਹ ਸਾਹਮਣੇ ਰਹਿੰਦਾ ਵੀ ਆ ਕੋਈ?” ਬਾਪੂ ਕੇਨੈਡਾ ਦੀ ਇਸ ਫਿਤਰਤ ਤੋਂ ਅਣਜਾਣ ਸੀ।ਮੈਂ ਸਮਝਾਇਆ ਕਿ ਬਾਪੂ ਕੰਮਾਂ ਦੀ ਮਜ਼ਬੂਰੀ ਆ ਇੱਥੇ ਤਾਜ਼ੀਆਂ ਦਾਲਾਂ-ਰੋਟੀਆਂ ਨਹੀਂਂ ਲੱਭਦੀਆਂ ਹਰ ਵੇਲੇ।ਲੋਕੀਂ ਤਾਂ ਰਾਤ ਨੂੰ ਟਿਫਨ ਪੈਕ ਕਰਕੇ ਸੌਂਦੇ।ਦੁੱਧ ਅਸੀਂ ਇਕੱਠਾ ਲਿਆ ਕੇ ਧਰ ਲੈਂਦੇ ਫਰਿੱਜ਼ ’ਚ।…ਤੇ ਸਭ ਤੋਂ ਵੱਡੀ ਗੱਲ ਇੱਥੇ ਇਕੱਲ ਕੱਟਣ ਦੀ ਜਾਚ ਸਿੱਖਣੀ ਪੈਂਦੀ।ਗੁਆਂਢ ਮੱਥੇ ਵਾਲੀ ਗੱਲ ਇੱਥੇ ਨਹੀਂ ਹੁੰਦੀ।ਵਿੰਡੋ ਮੂਹਰੇ ਖੜ੍ਹ ਕੇ ਨਾ ਬੰਦਾ ਨਾ ਜਨੌਰ ਕੁਝ ਨਹੀਂ ਦਿੱਸਣਾ।
ਬਾਕੀ ਕਲ ਨੂੰ
ਸਿਮਰਨ ਧਾਲੀਵਾਲ
Beant
Very nice story
Rekha Rani
very interesting story hai g well done