ਸਮੇਂ ਦੀ ਕਰਵਟ-ਜਸਵਿੰਦਰ ਪੰਜਾਬੀ
ਕੈਪਰੀਆਂ ਦਾ ਰਿਵਾਜ਼ ਉਦੋਂ ਚੱਲਿਆ-ਚੱਲਿਆ ਈ ਸੀ। ਕੈਪਰੀ ਲੈਣ ਜੋਗੇ ਪੈਸੇ ਨਹੀਂ ਸਨ,ਘਰ ਵਿੱਚ। ਜਿਸ ਘਰ ਵਿੱਚ ਰੋਟੀ ਟੁੱਕ ਦਾ ਗੁਜ਼ਾਰਾ ਈ ਮਸੀਂ ਚਲਦਾ ਹੋਵੇ,ਓਥੇ ਇਹੋ ਜਿਹੇ ਸ਼ੌਕ ਕਿੱਥੇ ਪਲ਼ਦੇ ਹੁੰਦੇ ਆ। ਹੋਰਨਾਂ ਮੇਰੇ ਵਰਗਿਆਂ ਦੀ ਦੇਖਾ-ਦੇਖੀ ਮੈਂ ਵੀ ਇਕ ਪੁਰਾਣੀ ਜ਼ੀਨ ਦੀ ਪੈਂਟ ਦਾ ਅੱਧਾ ਕਤਲ ਕਰਕੇ,ਓਹਨੂੰ ਕੈਪਰੀ ਵਿਚ ਢਾਲ਼ ਲਿਆ।
ਓਹ ਕੁੜੀ ਆਪਣੇ ਨਾਨਕੇ ਘਰ ਆਈ ਹੋਈ ਸੀ। ਕਿਸੇ ਕਾਲਜ਼ ਵਿੱਚ ਪੜ੍ਹਦੀ ਸੀ। ਘਰੋਂ ਚੰਗੇ ਪਰਵਾਰ ‘ਚੋਂ ਸੀ। ਓਹ ਆਪਣੇ ਮਾਮੇ ਦੀ ਧੀ ਨਾਲ਼ ਸਾਹਮਣਿਓਂ ਆ ਰਹੀ ਸੀ। ਕੋਲੋਂ ਦੀ ਲੰਘਣ ਲੱਗੀ ਟੌਂਚ ਮਾਰ ਕੇ ਨਾਲ਼ ਵਾਲ਼ੀ ਨੂੰ ਬੋਲੀ,”ਨੀ,ਬਰੈਂਡਡ ਕੈਪਰੀ ਵੇਖ ਮੁੰਡੇ ਦੀ!” ਮੇਰੇ ਕੋਲ ਬੋਲਣ ਲਈ ਕੁਝ ਨਹੀਂ ਸੀ।
ਸਮਾਂ ਗੁਜ਼ਰਿਆ। ਸਰਕਾਰੀ ਨੌਕਰੀ ਲੱਗੀ,ਵਿਆਹ ਹੋਇਆ,ਹਰਸ਼ ਦਾ ਜਨਮ ਹੋਇਆ ਤੇ ਗੱਡੀ ਆ ਗਈ,ਭਾਵੇਂ ਪੁਰਾਣੀ ਹੀ ਸਹੀ। ਅਸੀਂ ਪਿੰਡੋਂ ਬਸ ਸਟੈਂਡ ਕੋਲ਼ ਮੇਨ ਸੜਕ ਚੜ੍ਹਨ ਲਈ ਰੁਕੇ। ਕਿਉਂਕਿ,ਸਪੈਸ਼ਲ ਲੱਗਣ ਕਾਰਨ ਕਈ...
ਟਰੱਕ ਲੰਘ ਰਹੇ ਸੀ। ਓਹ ਸਾਲ-ਸਾਲ ਕੁ ਦੀ ਵਿੱਥ ਨਾਲ਼ ਹੋਏ ਮੁੰਡਾ ਕੁੜੀ ਨੂੰ ਲਈਂ,ਆਪਣੀ ਮਾਮੀ ਨਾਲ਼ ਬੱਸ ਦੀ ਉਡੀਕ ਕਰ ਰਹੀ ਸੀ।
“ਵੇ ਬਿੰਦਰਾ,ਆਹ ……ਦੀ ਕੁੜੀ ਨੂੰ ਸ਼ਹਿਰ ‘ਤਾਰ੍ਹ ਦੇਇਓ….ਜਾ ਬਹਿ ਪੁੱਤ।” ਓਹਦੀ ਮਾਮੀ ਪਹਿਲਾਂ ਮੈਨੂੰ ਤੇ ਫਿਰ ਓਹਨੂੰ ਬੋਲੀ।
“ਕੋਈ ਨਾ,ਉਤਾਰ ਦਿਆਂਗੇ,ਚਾਚੀ।” ਮੈਂ ਕਿਹਾ।
ਓਹਨੇ ਹਲਕੇ ਜਿਹੇ ਮੈਨੂੰ ਤੇ ਅਮਰਜੀਤ ਨੂੰ ਵਿਸ਼ ਕੀਤੀ ਤੇ ਬਾਰੀ ਖੋਲ੍ਹ ਪਿਛਲੀ ਸੀਟ ਉੱਤੇ ਬਹਿ ਗਈ। ਸਧਾਰਨ ਜਿਹਾ ਸੂਟ,ਸਸਤੀਆਂ ਜਿਹੀਆਂ ਪੈਰੀਂ ਚੱਪਲਾਂ,ਦੋਵੇਂ ਜਵਾਕਾਂ ਦੇ ਸਸਤੇ ਜਿਹੇ ਕੱਪੜੇ। ਓਹਦਾ ਚਿਹਰਾ ਦੱਸ ਰਿਹਾ ਸੀ,ਕਿ ਕਿਸੇ ਕੁਲੱਛਣੇ ਬੰਦੇ ਨਾਲ਼ ਨੂੜੀ ਗਈ।
ਓਹਨੂੰ,ਓਹਦੀ ਮੈਨੂੰ ਮਾਰੀ ਟੌਂਚ ਪਤਾ ਨਹੀਂ ਯਾਦ ਸੀ ਜਾਂ ਨਹੀਂ। ਪਰ ਉਸ ਦਿਨ ਮੈਨੂੰ ਸਭ ਯਾਦ ਆ ਗਿਆ। ਕਿਉਂ ਜੋ,ਮੇਰੇ ਪੀਟਰ ਇੰਗਲੈਂਡ ਦੀ ਸ਼ਰਟ ਨਾਲ਼ ਬਰੈਂਡਡ ਪੈਂਟ,ਬਰੈਂਡਡ ਬੂਟ ਪਾਏ ਹੋਏ ਸਨ ਤੇ ਅੱਖਾਂ ਉੱਤੇ GUCCI ਦੀ ਐਨਕ ਲਗਾਈ ਹੋਈ ਸੀ।