ਸਟੀਲਬਾਡੀ (ਮਿੰਨੀ ਕਹਾਣੀ )
ਭੂਰਾ ਚਾਲੀ ਕੁ ਵਰ੍ਹਿਆਂ ਦਾ ਇੱਕ ਸਖਸ਼ ਜੋ ਕਿ ਬੇਹੱਦ ਗਰੀਬੀ ਵਿੱਚ ਆਪਣੀ ਜਿੰਦਗੀ ਗੁਜਾਰ ਰਿਹਾ ਸੀ, ਪੰਚਾਇਤੀ ਕਲੋਨੀਆਂ ਦੇ ਇੱਕ ਕਮਰੇ ਦੇ ਮਕਾਨ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ । ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ । ਸਾਰੇ ਪਿੰਡ ਵਿੱਚ ਉਸਦਾ ਨਾਮ ਸਟੀਲਬਾਡੀ ਪੱਕ ਗਿਆ ਸੀ । ਉਹ ਇਸ ਲਈ ਕਿ ਭੂਰਾ ਪਿੰਡ ਦੀਆਂ ਦੁਕਾਨਾਂ ਅਤੇ ਘਰਾਂ ਦਾ ਕੂੜਾ ਚੁੱਕ ਕੇ ਕਿਸੇ ਖਾਲੀ ਜਗ੍ਹਾ ਤੇ ਸੁੱਟ ਆਉਂਦਾ ਸੀ ਤੇ ਬਦਲੇ ਵਿੱਚ ਜੋ ਵੀ ਪੈਸੇ ਮਿਲਦੇ ਉਹ ਉਹਨਾਂ ਦੀ ਸ਼ਰਾਬ ਪੀ ਲੈਂਦਾ ਸੀ । ਸ਼ਰਾਬ ਪੀਣ ਲਈ ਉਹ ਕਿਸੇ ਖਾਸ ਸਮੇਂ ਦਾ ਮੁਹਤਾਜ ਨਹੀਂ ਸੀ । ਬਸ ਜਦੋਂ ਉਸ ਕੋਲ ਪੈਸੇ ਆ ਜਾਂਦੇ ਤਾਂ ਉਹ ਠੇਕੇ ਵੱਲ ਨੂੰ ਸਿੱਧਾ ਹੋ ਜਾਂਦਾ । ਜੇ ਕਿਸੇ ਨੂੰ ਉਸਤੇ ਤਰਸ ਆ ਜਾਂਦਾ ਤਾਂ ਉਸ ਨੂੰ ਰੋਟੀ ਖੁਆ ਦਿੰਦਾ ਨਹੀਂ ਤਾਂ ਉਸਦੇ ਪੇਟ ਚ ਕੱਲ੍ਹੀ ਸ਼ਰਾਬ ਹੀ ਜਾਂਦੀ । ਪਿਛਲੇ ਕਈ ਸਾਲਾਂ ਤੋਂ ਉਸਦੀ ਜਿੰਦਗੀ ਏਸੇ ਤਰਾਂ ਚੱਲ ਰਹੀ ਸੀ ।ਏਨੀ ਸ਼ਰਾਬ ਪੀਣ ਦੇ ਬਾਵਜੂਦ ਉਹ ਭੱਜ ਭੱਜ ਕੰਮ ਕਰਦਾ ਸੀ । ਉਸਦੇ ਸਰੀਰ ਦੀ ਸਮਰੱਥਾ ਵਿੱਚ ਕੋਈ ਫਰਕ ਨਹੀਂ ਨਜਰ ਆਉਂਦਾ ਸੀ । ਸ਼ਰਾਬ ਪੀਣ ਵਾਲੇ ਉਸਦੀਆਂ ਉਦਾਹਰਨਾਂ ਦੇ ਦੇ ਕੇ ਹੋਰ ਸ਼ਰਾਬ ਪੀਣ ਲੱਗੇ । ਉਹ ਅਕਸਰ ਸ਼ਰਾਬ ਦੇ ਨਸ਼ੇ ਚ ਡਿੱਗਦੇ ਢਹਿੰਦੇ ਭੂਰੇ ਵੱਲ ਵੇਖ ਕੇ ਆਖਦੇ ਕਿ “ਔਹ ਵੇਖੋ,...
ਭੂਰਾ, ਨਿਰੀ ਸ਼ਰਾਬ ਸੁੱਟਦਾ ਅੰਦਰ । ਪਤੰਦਰ ਪਾਣੀ ਵੀ ਨੀ ਪਾਉਂਦਾ । ਐਵੇਂ ਡਾਕਟਰ ਭਕਾਈ ਮਾਰਦੇ ਰਹਿੰਦੇ ਕਿ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੋ ਜਾਂਦਾ,ਯੇ ਖਰਾਬ ਹੋ ਜਾਂਦਾ ਵੋ ਹੋ ਜਾਂਦਾ , ਇਹਦਾ ਖਰਾਬ ਹੋਕੇ ਦਿਖਾਵੇ ਕੁਝ । ਨਿਰਾ ਸਟੀਲਬਾਡੀ ਆ ਸਟੀਲਬਾਡੀ ।”
ਹੁਣ ਪਿਛਲੇ 3-4 ਦਿਨ ਤੋਂ ਭੂਰਾ ਕਿਸੇ ਨੂੰ ਦਿਖਿਆ ਨਹੀਂ ਸੀ । ਨਾਹੀ ਉਹ ਆਪਣੇ ਘਰ ਸੀ ਤੇ ਨਾ ਹੀ ਕਿਤੇ ਹੋਰ । ਅਖੀਰ 2 ਦਿਨ ਬਾਅਦ ਪਿੰਡ ਵਾਲਿਆਂ ਨੂੰ ਖਬਰ ਮਿਲੀ । ਪਿੰਡ ਦੇ ਬਾਹਰ ਇੱਕ ਬਰਸਾਤੀ ਨਾਲਾ ਸੀ ਜੋ ਕਿ ਇਸ ਵਕਤ ਤਕਰੀਬਨ ਸੁੱਕਾ ਹੋਇਆ ਸੀ । ਭੂਰੇ ਦੀ ਲਾਸ਼ ਉਸ ਨਾਲੇ ਵਿੱਚ ਪਈ ਸੀ । ਸ਼ਾਇਦ ਭੂਰਾ ਸ਼ਰਾਬ ਦੇ ਨਸ਼ੇ ਚ ਕੂੜਾ ਸੁੱਟਣ ਲੱਗਾ ਨਾਲੇ ਵਿੱਚ ਹੀ ਡਿੱਗ ਪਿਆ ਸੀ ਤੇ ਫਿਰ ਵਾਪਿਸ ਉੱਠ ਹੀ ਨੀ ਸੀ ਸਕਿਆ ।ਸਾਰੇ ਪਿੰਡ ਦੇ ਲੋਕ ਨੱਕ ਮੂੰਹ ਢਕ ਕੇ ਇੱਕ ਟਕ ਭੂਰੇ ਦੀ ਲਾਸ਼ ਵੱਲ ਵੇਖ ਰਹੇ ਸਨ । ਹਵਾ ਬਦਬੂਦਾਰ ਹੋ ਗਈ ਸੀ ਤੇ ਉਸਦੀ “ਸਟੀਲਬਾਡੀ” ਗਲ਼ ਚੁੱਕੀ ਸੀ ।
ਤਰਸ਼ਨੀਰ ਦਾ ਡੈਡੀ