More Punjabi Kahaniya  Posts
ਖਸਮਾਂ ਵਾਲੀਆਂ


“ਖਸਮਾਂ ਵਾਲੀਆਂ “
ਪੰਮੀ ਦਾ ਮੁੰਡਾ ਅਜੇ ਚਾਰ ਕੁ ਮਹੀਨਿਆਂ ਦਾ ਸੀ ਜਦੋਂ ਜਗਰੂਪ ਐਕਸੀਡੈਂਟ ਹੋਣ ਕਰਕੇ ਜਹਾਨੋਂ ਤੁਰ ਗਿਆ ਸੀ । ਅਜੇ ਵਿਆਹ ਨੂੰ ਮਸਾਂ ਦੋ ਸਾਲ ਹੋਏ ਸਨ .. ਜਦੋਂ ਦੋਨਾਂ ਦੀ ਹੱਸਦੀ ਵੱਸਦੀ ਖੁਸ਼ ਜਿੰਦਗੀ ਬਰਬਾਦ ਹੋ ਗਈ ਸੀ .. ਜਗਰੂਪ ਦੀ ਕਹਿਰ ਦੀ ਮੌਤ ਪੰਮੀ ਦੇ ਮਾਪਿਆਂ ਅਤੇ ਜਗਰੂਪ ਦੇ ਮਾਪਿਆਂ ਲਈ ਬਹੁਤ ਵੱਡਾ ਸਦਮਾ ਸੀ .. ਸਾਰੇ ਪਾਸੇ ਵਿਚਾਰੀ ਪੰਮੀ , ਵਿਚਾਰੀ ਪੰਮੀ , ਹੁਣ ਕੀ ਕਰੂਗੀ ਹੋਣ …ਲੱਗ ਪਈ ਸੀ .. !
ਸੰਸਕਾਰ ਹੋਇਆ .. ਫੁੱਲ ਚੁਗ ਕੇ ਜਲ ਪ੍ਰਵਾਹ ਕੀਤੇ ਗਏ .. ਜਗਰੂਪ ਦੀ ਮੌਤ ਕਰਕੇ ਪੰਮੀ ਦੇ ਮਾਪਿਆਂ ਦਾ ਟੁੱਟਿਆਂ ਲੱਕ ਕੁਝ ਪੁੱਠਾ ਸਿੱਧਾ ਸੋਚਣ ਨੂੰ ਮਜਬੂਰ ਕਰ ਰਿਹਾ ਸੀ .. ਪੰਮੀ ਦੇ ਨਾਲ ਵਾਪਰੀ ਇਸ ਦੀ ਘਟਨਾ ਨੇ ਉਸਨੂੰ ਗੁੰਮ-ਸੁੰਮ ਬਂਣਾ ਦਿੱਤਾ ਸੀ .. ਪੰਮੀ ਦੇ ਮਾਪੇ ਅਤੇ ਰਿਸ਼ਤੇਦਾਰ ਜਗਰੂਪ ਦੇ ਭੋਗ ਤੋਂ ਪਹਿਲਾਂ ਇੱਕ ਦਿਨ ਪੰਮੀ ਕੋਲ ਆਏ ਤੇ ਬੈਠ ਗਏ ..ਪੰਮੀ ਜਿੰਨਾਂ ਹਲਾਤਾਂ ਵਿੱਚੋਂ ਗੁਜ਼ਰ ਰਹੀ ਸੀ .. ਉਹਨਾਂ ਨੂੰ ਇਹ ਵੀ ਇਲਮ ਸੀ ..ਪਰ ਚਾਰ ਮਹੀਨੇ ਦਾ ਬੱਚਾ ਅਤੇ ਛੱਬੀ ਸਾਲਾਂ ਦੀ ਪੰਮੀ ਮਾਪਿਆਂ ਲਈ ਕਈ ਸਵਾਲ ਬਣ ਗਈ ਸੀ .. ?
ਕੋਲ ਬੈਠੇ ਪੰਮੀ ਦੇ ਭਰਾ ਨੇ ਪੰਮੀ ਨੂੰ ਕਿਹਾ .. ਭੈਣੇ ! ਸਾਨੂੰ ਪਤਾ ਤੇਰਾ ਜਹਾਨ ਉਜੜ ਗਿਆ ਹੈ .. ਤੇਰੀ ਕੀ ਹਾਲਤ ਹੈ ਅਸੀਂ ਜਾਣਦੇ ਹਾਂ ..?
ਬਾਈ ਜਗਰੂਪ ਦੇ ਸਦਮੇ ਵਿੱਚੋਂ ਨਿਕਲਣ ਲਈ ਤੈਨੂੰ ਬਹੁਤ ਵਕਤ ਚਾਹੀਦਾ .. ਪਰ ਅਸੀਂ ਤੇਰੇ ਮਾਪੇ ਹਾਂ ਭੈਣੇ ..!
ਤੇਰਾ ਪੁੱਤ ਅਜੇ ਵੀਹ ਸਾਲਾਂ ਨੂੰ ਤੇਰਾ ਸਹਾਰਾ ਬਣਨਾ .. ਇਹ ਪਹਾੜ ਜਿੱਡੇ ਵੀਹ ਸਾਲ ਤੇਰੇ ਲਈ ਅਤਿਅੰਤ ਦੁਖਦਾਈ ਹੋਣਗੇ .. ?
ਬਾਪੂ ਜੀ ਕਹਿੰਦੇ ਹਨ , ਪੰਮੀ ਨੂੰ ਇੱਕ ਵਾਰ ਪੁੱਛ ਲਈਏ ਕਿ ਜੇ ਤੂੰ ਭੋਗ ਵਾਲੇ ਦਿਨ ਸਾਡੇ ਨਾਲ ਪਿੰਡ ਚਲੀ ਜਾਵੇ ਤਾਂ ਆਪਾਂ ਤੇਰੀ ਜਿੰਦਗੀ ਦਾ ਕੀ ਹੱਲ ਕੱਢੀਏ .. ਸੋਚ ਲਵਾਂਗੇ … ?
ਐਨਾ ਸੁਣ ਪੰਮੀ ਆਵਦੇ ਮਾਪਿਆਂ ਨੂੰ ਟੁੱਟ ਕੇ ਪੈ ਗਈ .. ਮੈਂ ਇੱਕ ਮਰਦ ਹਾਂ. ਕੀ ਹੋਇਆ ਜਗਰੂਪ ਨਹੀਂ ਰਿਹਾ .. ?
ਮੈਂ ਆਵਦੇ ਮਾਪੇ ਨਹੀਂ ਜਾਣਾ .. ?
ਮੈਂ ਆਵਦੇ ਪੁੱਤ ਕੋਲ ਇਸੇ ਘਰ ਰਹੂੰਗੀ .. ਜਗਰੂਪ ਮੇਰੀ ਰੂਹ ਦਾ ਹਾਣੀ ਸੀ .. ਜੇ ਮੇਰੇ ਪੁੱਤ ਦਾ ਪਿਉ ਮਰ ਗਿਆ ਕੀ ਹੁਣ ਮਾਂ ਵੀ ਮਰ ਜਾਵੇ .. ਤੁਸੀਂ ਸੋਚਦੇ ਹੋ ?
ਕੀ ਤੁਸੀਂ ਆਵਦੇ ਘਰੇ ਮੈਨੂੰ ਤੇ ਮੇਰੇ ਪੁੱਤ ਨੂੰ ਸਾਰੀ ਉਮਰ ਰੱਖ ਲਵੋਗੇ .. ??
ਤੁਸੀਂ ਸਾਲ ਮੈਨੂੰ ਘਰੇ ਰੱਖ ਅਗਾਂਹ ਵਿਆਹ ਦਿਉਗੇ …ਮੇਰਾ ਪੁੱਤ ਅਨਾਥ ਹੋਜੂ .. ਮੈਂ ਇਹ ਨਹੀਂ ਕਰ ਸਕਦੀ ….ਮੈਂ ਇੱਕ ਮਾਂ ਵੀ ਹਾਂ .. ਇੱਥੇ ਹੀ ਰਹਾਂਗੀ .. ਤੁਹਾਨੂੰ ਮੈਂ ਕੋਂਈ ਉਲਾਂਭਾਂ ਨੀ ਆਉਣ ਦਿੰਦੀ .. ਕਹਿ ਉੱਚੀ ਉੱਚੀ ਰੋਣ ਲੱਗੀ ..
“ਜਰੂਰੀ ਨਹੀਂ ਹੁੰਦਾ ਔਰਤਾਂ , ਸਰੀਰਾਂ ਨਾਲ ਹੀ ਵੱਸਦੀਆਂ ਹਨ ..ਕਈ ਰੂਹਾਂ ਨਾਲ ਵੀ ਵੱਸ ਜਾਂਦੀਆਂ ਹਨ .. ਅਣਖ ਇਰਾਦਾ ਦਿ੍ਰੜ ਚਾਹੀਦਾ .. “
ਜਗਰੂਪ ਦਾ ਭੋਗ ਪਿਆ ਤਾਂ ਪੰਮੀ ਆਪਨੇ ਮੁੰਡੇ ਦੀ ਪ੍ਰਵਾਹ ਕਰਨ ਲੱਗੀ .. ਖੁਦ ਨੂੰ ਸੰਭਾਲਦੀ .. ਉਸ ਮਾਸੂਮ ਜਿੰਦ ਲਈ ਫਰਜ਼ ਮੂਹਰੇ ਰੱਖ ਕੰਮਕਾਜ ਕਰਦੀ ਸਹੁਰੇ ਘਰ ਰਹਿਣ ਲੱਗੀ ..।
ਇੱਕ ਦਿਨ ਜਗਰੂਪ ਦਾ ਮਾਮਾ ਆਇਆ ਤਾਂ ਆਵਦੀ ਭੈਣ ਨੂੰ ਕਹਿਣ ਕਹਿਂਣ ਲੱਗਾ.. “ਕਿਉ ਨਾ ਭੈਣੇ ! ਆਪਾਂ ਪੰਮੀ ਨੂੰ ਜਗਰੂਪ ਦੇ ਵੱਡੇ ਭਰਾ ਦੇ ਘਰੇ ਬਿਠਾ ਦੇਈਏ .. “
“ਇਹ ਦਰਾਣੀ ਜਠਾਣੀ ਰਲ ਕੇ ਕੱਟ ਲੈਣਗੀਆਂ .. “
ਤੁਸੀਂ ਕਿਹੜਾ ਬਹਿ ਰਹਿਣਾ ਸਦਾ .. ਪੰਮੀ ਦਾ ਰੰਡੇਪਾ ਕੱਟਿਆ ਜਾਉ … “
ਜਿਂਉ ਹੀ ਇਹ ਗੱਲ ਪੰਮੀ ਦੀ ਜਠਾਣੀ ਨੇ ਸੁਣੀ ਤਾਂ ਅੱਗ ਬਬੂਲਾ ਹੋਂਈ ਕਹਿਣ ਲੱਗੀ .. “ਸੁਣ ਮਾਮਾ .. !
“ਇੰਝ ਕਿਵੇਂ ਹੋਜੂ …?“
“ਖਸਮ ਪੰਮੀ ਦਾ ਨਹੀਂ ਮਰਿਆ , ਫਿਰ ਤਾਂ ਮੇਰਾ ਮਰਿਆ ਹੋਇਆ “
“ਰੰਡੀ ਨੂੰ ਮੈਂ ਕੀ ਕਰਾਂ ਹੁਣ .. ਲੱਗੀ ਮੇਰਾ ਬੰਦਾ ਖੋਹਣ “
“ਪੁੱਠੇ ਪੈਰਾਂ ਵਾਲੀ ਨੇ ਆਵਦਾ ਬੰਦਾ ਖਾਹ ਲਿਆ .. ਹੁਣ ਮੇਰੇ ਤੇ ਅੱਖ ਰੱਖਲੀ “
ਕਾਲਜਾਂ ਚੀਰਦੇ ਜਠਾਣੀ ਦੇ ਬੋਲ ਪੰਮੀ ਨੂੰ ਲਹੂ ਲੁਹਾਣ ਕਰ ਗਏ .. ਰੱਬ ਦੀ ਮਾਰੀ ਪੰਮੀ ਜਿੰਦਗੀ ਦੇ ਬਣੇ ਹਲਾਤਾਂ ਕਰਕੇ ਸਾਰੀ ਰਾਤ ਰੋਂਦੀ ਰਹੀ .. ਕਦੇ ਮੁੰਡੇ ਨੂੰ ਚੁੱਕ ਛਾਤੀ ਨਾਲ ਲਾਉਦੀ ਅਤੇ ਕਦੇ ਜਗਰੂਪ ਨਾਲ ਖਿਆਲਾਂ ਵਿੱਚ ਗੱਲਾਂ ਕਰਨ ਲੱਗ ਜਾਂਦੀ ।
ਜਿੰਦਗੀ ਦੇ ਮੂਹਰੇ ਬਹੁਤ ਵੱਡੇ ਵੱਡੇ ਦੁੱਖਾਂ ਦੇ ਪਹਾੜਾਂ ਦਾ ਸਫਰ ਨਜ਼ਰ ਆਉਣ ਲੱਗਾ .. ।
“ਅੰਦਰੂਨੀ ਚਿੰਤਾਵਾਂ ਝੋਰੇ ਚਿਹਰੇ ਦਾ ਰੂਪ ਖੋਹ ਲੈਂਦੇ ਹਨ ..”
ਪੰਮੀ ਟੁੱਟਦੀ …ਸੰਭਲ਼ਦੀ ਅਤੇ ਫਿਰ ਉਸੇ ਔਖੇ ਪੈਂਡੇ ਪੈ ਜਾਂਦੀ ..।
ਪੰਮੀ ਆਵਦੇ ਸੱਸ ਸਹੁਰੇ ਨੂੰ ਸੰਭਾਲਦੀ ਕੰਮ ਕਰਦੀ ਪਰ ਜਠਾਣੀ ਪੰਮੀ ਅਤੇ ਆਵਦੇ ਘਰਵਾਲ਼ੇ ਉੱਤੇ ਪੂਰੀ ਨਿਗਾਹ ਰੱਖਦੀ.. ਕਦੇ ਪੰਮੀ ਨੂੰ ਬੁਲਾਉਣ ਨਾਂ ਦਿੰਦੀ .. ।
ਜੇ ਕਿਤ੍ਹੇ ਪੰਮੀ ਗੂੜੇ ਰੰਗ ਦਾ ਸੂਟ ਪਾ ਲੈਂਦੀ ਤਾਂ ਆਂਢ ਗੁਆਂਢ ਨਾਲ ਝੱਟ ਗੱਲਾਂ ਕਰਨ ਲੱਗ ਜਾਂਦੀ .. “ ਭੈਣੇ ਰੰਡੀ ਐ ..!”
“ਸ਼ਰਮ ਨੀ ਕਰਦੀ ਭੋਰਾ ਵੀ .. “
“ਸਿਰੋਂ ਨੰਗੀ ਕਿਵੇਂ ਬਾਣੇ ਪਾ ਪਾ ਨਿਕਲਦੀ ਐ “
ਇੱਕ ਦਿਨ ਪੰਮੀ ਦਾ ਮੁੰਡਾ ਬਿਮਾਰ ਹੋ ਗਿਆ ਤਾਂ ਉਹ ਆਵਦੇ ਸਹੁਰੇ ਨਾਲ ਜਾ ਕੇ ਮੁੰਡੇ ਦੀ ਦਵਾਈ ਲੈ ਆਈ …ਤਾਂ ਸੱਸ ਝੱਟ ਪੰਮੀ ਦੇ ਦੁਆਲੇ ਹੋ ਗਈ .. ਅਖੇ , “ਪੰਮੀਏ .. ਭਾਈ . !
ਸ਼ਹਿਰ ਬਜ਼ਾਰ ਆਵਦੇ ਸਹੁਰੇ ਨਾਲ ਨਾ ਮੁੜ ਕੇ ਜਾਂਈ .. ਐਵੇਂ ਲੋਕ ਗੱਲਾਂ ਕਰਨਗੇ …ਬਈ ਸਹੁਰੇ ਨਾਲ ਤੁਰੀ ਫਿਰਦੀ ਐ .. ਰੰਡੀ ਤੀਵੀਂ “
ਸੱਸ ਦੇ ਅੰਗ ਵਾਂਗ ਲੂਹਦੇ ਬੋਲ ਪੰਮੀ ਦਾ ਫਟਿਆਂ ਕਲ਼ੇਜਾ ..ਪਰ ਬੇਵੱਸੀ ਲਾਚਾਰੀ ਕਰਕੇ ਸਭ ਸਹਿਣ ਕਰਨ ਨੂੰ ਮਜਬੂਰ ਕਰ ਗਿਆ ..
ਜਦੋਂ ਕਦੇ ਪੰਮੀ ਦੇ ਸਹੁਰੇ ਘਰ ਕੋਈ ਪ੍ਰਾਹੁਣਾ ਆ ਜਾਂਦਾ ਤਾਂ ਪੰਮੀ ਦੀ ਸੱਸ ਪੰਮੀ ਦੇ ਮਗਰ-ਮਗਰ ਤੁਰੀ ਫਿਰਦੀ .. ਪੰਮੀ ਨੂੰ ਇਹ ਗੱਲਾਂ ਬਹੁਤ ਭੈੜੀਆਂ ਲੱਗਦੀਆਂ ਸਨ .. ਪਰ ਉਸਨੂੰ ਸਿਰ ਦਾ ਸਾਈ ਨਾ ਹੋਣ ਕਰਕੇ ਸਹਿਣ ਕਰਨੀਆਂ ਪੈਂਦੀਆਂ ਸਨ .. ਜਦੋਂ ਕਦੇ ਪੰਮੀ ਅਜਿਹੀਆਂ ਗੱਲਾਂ ਤੋਂ ਵਰਜਿਤ ਕਰਦੀ ਤਾਂ ਘਰੇ ਮਣਾਂ ਮੂੰਹੀਂ ਕਲੇਸ਼ ਪੈ ਜਾਂਦਾ .. ।
ਤਾਅਨੇ ਮਿਹਣਿਆਂ ਦੇ ਤੀਰ ਪੰਮੀ ਨੂੰ ਛਲਣੀ ਕਰ ਦਿੰਦੇ ..।
ਘਰ ਸਾਂਝਾ ਹੋਣ ਕਰਕੇ ਸਾਰੇ ਇਕੱਠੇ ਬਹਿ ਚਾਹ ਪੀਂਦੇ ਤਾਂ ਪੰਮੀ ਦੀ ਸੱਸ ਪੰਮੀ ਦੇ ਮੂੰਹ ਵੱਲ ਵੇਖਦੀ ਰਹਿੰਦੀ ਕਿ ਪੰਮੀ ਦਾ ਧਿਆਨ ਜੇਠ ਵੱਲ ਜਾਂਦਾਂ ਹੈ ਜਾਂ ਸਹੁਰੇ ਵੱਲ਼ ਵੇਖ ਰਹੀ ਹੈ ।
ਪੰਮੀ ਨੇ ਆਖੀਰ ਸਭ ਕੁਂਝ ਭਾਂਪਦਿਆਂ ਪਰਿਵਾਰ ਵਿੱਚ ਬਹਿਣਾ ਛੱਡ ਦਿੱਤਾ । ਜਦੋਂ ਕੋਈ ਪੰਮੀ ਦੇ ਚੁੱਪ ਰਹਿਣ ਦੀ ਵਜ਼੍ਹਾ ਪੁੱਛਦਾ ਤਾਂ ਜਠਾਣੀ ਅਤੇ ਸੱਸ ਇਕੱਲਤਾਂਖੋਰ੍ਹੀ .. ਚੰਦਰੀ .. ਕੁਲਹਿਣੀ ਦੱਸਦੀਆਂ ਆਪਣੇ ਕੀਤਿਆਂ ਤੇ ਪਰਦੇ ਪਾ ਲੈਂਦੀਆਂ ..।
ਜਦੋਂ ਜਗਰੂਪ ਦੀ ਭੂਆ ਮਿਲਣ ਆਈ ਤਾਂ ਪੰਮੀ ਨਾਲ ਗੱਲਾਂ ਬਾਂਤਾਂ ਕਰਦੀ ਰਹੀ .....

ਜਦੋਂ ਪੰਮੀ ਆਵਦੇ ਕਮਰੇ ਵਿੱਚ ਚਲੀ ਗਈ ਤਾਂ ਭੂਆ .. ਪੰਮੀ ਦੀ ਸੱਸ ਨਾਲ ਗੱਲਾਂ ਕਰਦੀ ਕਹਿ ਰਹਿ ਸੀ .. “ਭਾਬੀ ਧਿਆਨ ਰੱਖਿਆ ਕਰੋ .. “
”ਜਦੋਂ ਤੀਵੀਆਂ ਰੰਡੀਆਂ ਹੋ ਜਾਂਦੀਆਂ ਹਨ ..ਫਿਰ ਦੂਜੇ ਬੰਦਿਆਂ ਨੂੰ ਖਸਮ ਬਣਾ ਲੈਂਦੀਆਂ ਹਨ …ਤੂੰ ਹੀ ਭਾਬੀ ਆਵਦੇ ਵੱਡੇ ਪੁੱਤ ਅਤੇ ਬਾਈ ਨੂੰ ਰੋਟੀ ਫੜਾਇਆ ਕਰ …”
“ਕੀ ਪਤਾ ਹੁੰਦਾ , ਇਹਨਾਂ ਰੰਡੀਆਂ ਨੇ ਕੀਹਦਾ ਮੂੰਹ ਕਾਲਾ ਕਰ ਦੇਣਾ ਹੁੰਦਾ …. ਆਵਦੀ ਅੱਗ ਬੁਝਾਉਣ ਲਈ … ?”
ਨਾਲੇ ਸੱਚ ਭਾਬੀ ਤੇਰਾ ਪੋਤਰਾ ਵੱਡੇ ਦਾ ਮੁੰਡਾ ..ਸੁੱਖ ਨਾਲ ਜਵਾਨ ਆ …ਉਨੀਵੇ ਵਰ੍ਹੇ ‘ਚ ਹੋ ਗਿਆ …ਆਪਣਾ ਕਰਮ ਪੁੱਤ .. ਨੂੰ ਵੀ ਇਸ ਰੰਡੀ ਤੋੰ ਬਚਾਅ ਕੇ ਰੱਖਿਓ .. ! “
“ਬਥੇਰੀਆਂ ਚਾਚੀਆਂ ਨੇ ਜਵਾਨ ਮੁੰਡੇ ਵੱਸ ਚ ਕੀਤੇ ਹੁੰਦੇ ਐ … “
“ਪੂਰਨ ਭਗਤ ਨੂੰ ਵੀ ਤਾਂ ਮਰਵਾ ਹੀ ਦਿੱਤਾ ਸੀ …ਰਾਜੇ ਸਲਵਾਨ ਦੀ ਰਾਣੀ ਨੇ ..”
“ਮੈਨੂੰ ਤਾਂ ਭਾਬੀ ਬਲ੍ਹਾਈ ਡਰ ਲੱਗਦਾ .. ਕਿਤ੍ਹੇ ਇਹ ਰੰਡੀ ਕੋਈ ਨਵਾਂ ਚੰਦ ਨੇ ਚਾੜ੍ਹ ਦੇਵੇ .. “
ਪੰਮੀ ਆਵਦੇ ਕਮਰੇ ਵਿੱਚ ਪਈ ਭੂਆ ਦੇ ਦੋਗਲੇ ਚਿਹਰੇ ਹੇਠ ਛੁਪੇ ਸੱਚ ਨੂੰ ਸੁਣ ਰਹੀ ਸੀ …।
ਭਲਾ ਇਕੱਲਤਾ ਦਾ ਬੋਝ ਅਤੇ ਜਿੰਦਗੀ ਵਿੱਚ ਪਿਆ ਹਨ੍ਹੇਰ ਨੀਂਦਾਂ ਕਿੱਥੇ ਆਉਣ ਦਿੰਦਾ ..?
“ ਉੱਤੋਂ ਜ਼ਮਾਨੇ ਦੀ ਘਟੀਆ ਮਾਨਸਿਕਤਾ ਹਮਦਰਦੀ ਕਰਨ ਦੀ ਬਜਾਏ ਨਫਰਤ ਕਿਵੇਂ ਉਗਲਦੀ ਐ .. “ਅਕਸਰ ਪੰਮੀ ਸੋਚਦੀ.. !
“ਜਿੰਦਗੀ ਦੇ ਵਿਗੜੇ ਹਲਾਤਾ ਦਾ ਜੋੜ ਘਟਾਉ ਕਰਦਿਆਂ ਰਾਤਾਂ ਵੀ ਪਹਾੜਾਂ ਜਿੱਡੀਆਂ ਹੋ ਜਾਂਦੀਆਂ ਹਨ “
ਸਰਦੀ ਦੇ ਦਿਨ ਆ ਗਏ .. ਜਗਰੂਪ ਮਰੇ ਨੂੰ ਵੀ ਚਾਰ ਮਹੀਨੇ ਹੋ ਗਏ ਸਨ .. ਪੰਮੀ ਆਵਦੇ ਮੁੰਡੇ ਨੂੰ ਲੈ ਕੇ ਆਵਦੇ ਕਮਰੇ ਵਿੱਚ ਸੌਂ ਜਾਂਦੀ .. ਹੁਣ ਮੁੰਡਾ ਹੀ ਉਸਦਾ ਜਹਾਨ ਸੀ ਅਤੇ ਉਸ ਲਈ ਹੀ ਉਹ ਜਿਉਣਾ ਚਾਹੁੰਦੀ ਸੀ ।
ਪੰਮੀ ਦੇ ਸੱਸ ਸਹੁਰਾ ਪੰਮੀ ਦੇ ਕਮਰੇ ਦੇ ਮੂਹਰੇ ਮੰਜੇ ਡਾਹ ਕੇ ਸੌਂਦੇ…ਪੂਰੀ ਰਾਖੀ ਕਰਦੇ ।
ਇੱਕ ਦਿਨ ਪੰਮੀ ਰਾਤ ਨੂੰ ਬਾਥਰੂਮ ਜਾਣ ਲਈ ਉੱਠੀ ਤਾਂ ਅਚਾਨਕ ਪੰਮੀ ਦੀ ਸੱਸ ਦੀ ਅੱਖ ਖੁੱਲ੍ਹ ਗਈ .. ਤ੍ਰਬਕ ਕੇ ਉੱਠੀ ਅਤੇ ਵੇਖਿਆ ਪੰਮੀ ਆਵਦੇ ਬੈੱਡ ਤੇ ਨਹੀਂ ਸੀ .. ਤਾਂ ਸੱਸ ਰੌਲਾ ਪਾਉਣ ਲੱਗੀ .. ਵੇ ਜਗਰੂਪ ਦੇ ਬਾਪੂ .. ਵੇ ਪੰਮੀ ਨੀ ਦੀਂਹਦੀ .. ਉੱਠ ਵੇ ਵੇਖੀਏ ..!
ਪੰਮੀ ਨੇ ਬਾਥਰੂਮ ਮੂਹਰੇ ਸਾਰਾ ਟੱਬਰ ਇਕੱਠਾ ਹੋਇਆ ਖੜਾ ਵੇਖਿਆ ਤਾ ਪੰਮੀ ਬਹੁਤ ਦੁਖੀ ਹੋਂਈ .. ਜਦੋਂ ਪੰਮੀ ਨੇ ਇਕੱਂਠੇ ਹੋਣ ਦਾ ਕਾਰਨ ਪੁੱਛਿਆ ਤਾਂ ਸੱਸ ਕਹਿਣ ਲੱਗੀ ..” ਹਾਏ ਨੀ ਕੁੜੀਏ ..!”
“ਮੈਂ ਤਾਂ ਸੋਚਿਆ , ਚੰਦਰੀ ਕਰਗੀ ਮੂੰਹ ਕਾਲਾ ਸਾਡਾ .. ਭੱਜਗੀ ਕਿਸੇ ਗੈਰ ਨਾਲ … “
“ਇਕੱਲੀ ਨਾ ਰਾਤੇ ਬਰਾਤੇ ਉੱਠਿਆ ਕਰ …”
“ਜੇ ਰਾਤ ਨੂੰ ਤੂੰ ਬਾਥਰੂਮ ਜਾਣਾ ਹੋਵੇ ਤੂੰ ਸਾਨੂੰ ਨਾਲ ਲੈ ਕੇ ਜਾਇਆ ਕਰ । “
ਪੰਮੀ ਸਮਝ ਗਈ ਸੀ ਕਿ ਇਹਨਾਂ ਗੰਦੇ ਦਿਮਾਗਾਂ ਵਿੱਚ ਕੂੜ ਭਰਿਆ ਪਿਆ ਹੈ । ਉਹ ਇਸ ਕਰਕੇ ਪੰਮੀ ਦੀਆਂ ਗਤੀ ਵਿਧੀਆਂ ਤੇ ਨਜ਼ਰ ਰੱਖਦੇ ਹਨ ।
ਪੰਮੀ ਨੂੰ ਉਹਦਾ ਭਰਾ ਇੱਕ ਦਿਨ ਲੈਣ ਆ ਗਿਆ .. ਪੰਮੀ ਸੱਸ ਦੀ ਇਜਾਜਤ ਲੈ ਕੇ ਚਲੀ ਗਈ .. ਮਾਂ ਨਾਲ ਦੁੱਖ ਸੁੱਖ ਸਾਂਝੇ ਕੀਤੇ .. ਤਬਾਹਕੁੰਨ ਜਿੰਦਗੀ ਚਿਹਰੇ ਤੇ ਹਾਸੇ ਨਹੀਂ .. .. ਹਮੇਸਾਂ ਵਹਿੰਦੇ ਨੀਰ ਹੀ ਰੱਖਦੀ ਹੈ .. ਮਾਂ ਨਾਲ ਗੱਲਾਂ ਕਰਦਿਆਂ ਪੰਮੀ ਰੋ ਪਈ …ਭਤੀਜੇ ਦਾ ਅਗਲੇ ਦਿਨ ਜਨਮ ਦਿਨ ਸੀ .. ਜਦੋਂ ਕੇਕ ਕੱਟਿਆ ਤਾਂ ਪੰਮੀ ਦੀ ਭਰਜਾਈ ਨੇ ਰੌਲਾ ਪਾ ਲਿਆ ਕਿ ਮੇਰੇ ਪੁੱਤ ਦੇ ਜਨਮ ਦਿਨ ਉੱਤੇ ਇਸ ਕੁਲਹਿਣੀ ਨੇ ਮੂੰਹ ਜੁਠਾ ਕੇ ਬਦਸ਼ਗਨੀ ਕਰ ਦਿੱਤੀ ਹੈ… ਜਦੋਂ ਦੀ ਘਰੇ ਆਈ ਹੈ .. ਰੋਣਾ ਪਾਈ ਬੈਠੀ ਹੈ …”
ਪੰਮੀ ਸਭ ਕੁਝ ਮਨ ਵਿੱਚ ਸਮਾ ਕੇ ਸਹੁਰੇ ਘਰ ਪਰਤ ਆਈ ..
ਪੰਮੀ ਦੇ ਭਰਾ ਨੇ ਪੰਮੀ ਨੂੰ ਫੋਨ ਲੈ ਦਿੱਤਾ .. ਉਸਦੀ ਸੱਸ ਨੇ ਉਸ ਦਾ ਫੋਨ ਖੋਹ ਲਿਆ …”ਕਿ ਤੇਰਾ ਕੀ ਭਰੋਸਾ …ਤੂੰ ਫ਼ੋਨਾਂ ਤੇ ਬਾਹਰ ਸੰਬੰਧ ਬਣਾ ਲਵੇਂ .. ਸਾਡੀ ਇੱਜ਼ਤ ਨਿਲਾਮ ਕਰ ਦੇਵੇਂ ਰੰਡੀਏ ..!”
ਪੰਮੀ ਘਰ ਵਿੱਚ ਰਹਿੰਦੀ ਕਦੇ ਵੀ ਮਾੜੇ ਖਿਆਲ ਉਸਦੇ ਮਨ ਵਿੱਚ ਨਹੀਂ ਆਉਦੇ ਸਨ ..ਮਨ ਸਾਧ ਲਿਆ ਸੀ … ਪਰ ਚੁਫੇਰੇ ਦੀਆਂ ਘਟੀਆ ਔਰਤਾਂ ਉਸ ਨੂੰ ਬਹੁਤ ਗੁਨਾਹਗਾਰ ਸਮਝਦੀਆਂ ਸਨ ਜਿਵੇਂ ਰੱਬ ਦੀ ਕੀਤੀ ਨੂੰ ਭੁੱਲ ਗਈਆਂ ਹੋਣ ਅਤੇ ਪੰਮੀ ਨੇ ਖੋਟੀ ਕਿਸਮਤ ਆਪ ਲਿਖੀ ਹੋਵੇ ..ਜਾਂ ਜਗਰੂਪ ਨੂੰ ਪੰਮੀ ਨੇ ਮਾਰਿਆ ਹੋਵੇ …।
ਜੇ ਕਿਤ੍ਹੇ ਕੋਂਈ ਵਿਆਹ-ਸ਼ਾਦੀ ,ਸ਼ਗਨ ਵਿਹਾਰ ਹੁੰਦੇ ਤਾਂ ਪੰਮੀ ਨੂੰ ਪਹਿਲਾਂ ਹੀ ਤਾੜਨਾ ਕੀਤੀ ਜਾਂਦੀ ,”ਕਿ ਤੂੰ ਰਸਮਾਂ ਕਰਦੇ ਸਮੇਂ ਪਿੱਛੇ ਰਹਿਣਾ ਹੈ …ਵਿਆਹ ਵਾਲੇ ਜੋੜੇ ਦੇ ਮੱਥੇ ਨੀ ਲੱਗਣਾ …..ਕਿਉਂਕਿ ਤੇਰਾ ਸਿਰ ਨੰਗਾ ਤੂੰ ਰੰਡੀ ਹੈ ..ਹੁਣ ਤੂੰ ਸ਼ਗਨ ਨਹੀਂ ਕਰ ਸਕਦੀ …ਤੂੰ ਬਦਸ਼ਗਨੀ ਔਰਤ ਹੈ..,,!”
ਬੱਚਾ ਵੱਡਾ ਹੁੰਦਾ ਗਿਆ ..ਸਕੂਲ ਪੜ੍ਹਨ ਲਾਇਆ .. ਪੰਮੀ ਉਸਨੂੰ ਪੜਾਉਦੀ.. ਉਸਦਾ ਖਿਆਲ ਰੱਖਦੀ ..ਰੱਬ ਦਾ ਨਾਮ ਲੈਂਦੀ .. ਪੁੱਤ ਵਿੱਚੋਂ ਜਗਰੂਪ ਦੇ ਚਿਹਰੇ ਦੀ ਨੁਹਾਰ ਨੂੰ ਤੱਕਦੀ .. ਅੰਦਰੋਂ ਟੁੱਟੀ ਬਾਹਰੋਂ ਖਾਮੋਸ਼ ਔਕੜਾਂ ਭਰੇ ਸਫਰ ਤੇ ਤੁਰਦੀ
ਅਕਸਰ ਗੁਣਗੁਣਾਉਂਦੀ …
“ਜੇ ਹੁੰਦੀ ਕਿੱਧਰੇ ਬਸਤੀ ਰੱਬ ਮਾਰੀਆਂ ਰੰਡੀਆਂ ਦੀ…
ਤਾਂ ਜਾਹ ਬਹਿੰਦੀ ਉੱਥੇ ਮੈਂ ..,ਆਵਦੇ ਪੁੱਤ ਨਾਲ …..”
”ਬੇਫ਼ਿਕਰੀਆਂ ਵੱਸ ਲੈਂਦੀਆਂ ..ਇਹ ਖਸਮਾਂ ਵਾਲੀਆਂ …!!”
ਪੰਮੀ ਦਾ ਨਾਮ ਹੁਣ ਰੰਡੀ ਪੱਕ ਗਿਆ ਸੀ । ਆਂਡ-ਗੁਆਂਢ ਨੇੜੇ ਗਲੀਆਂ ਵਾਲੇ , ਰਿਸ਼ਤੇਦਾਰ ਸਾਰੇ ਪੰਮੀ ਉੱਤੇ ਬਾਜ਼ ਵਾਲੀ ਅੱਖ ਲਾਈ ਰੱਂਖਦੇ ਸਨ ਕਿੱਥੇ ਜਾਂਦੀ ਹੈ ਕੀਹਦੇ ਨਾਲ ਗੱਲ ਕਰਦੀ ਹੈ .. ਬਹੁਤੇ ਮਰਦ ਉਸ ਦੀ ਇਕੱਲਤਾ ਲਈ ਲਲਚਾਈਆਂ ਨਿਗਾਹ ਨਾਲ ਵੀ ਵੇਖਦੇ ਸਨ ..।
ਪੰਮੀ ਮਨ ਹੀ ਮਨ ਬਹੁਤ ਦੁਖੀ ਹੁੰਦੀ ਅਤੇ ਸੋਚਦੀ ਇਹ ਲੋਕ ਕਿੰਨੇ ਵਿਹਲੇ ਪਾਗਲ ਹਨ .. ?
ਕਿਵੇਂ ਮੇਰਾ ਜਿਉਣਾ ਹਰਾਮ ਕੀਤਾ ਹੈ .. ?
ਕਿਉਂ ਸਾਰਾ ਦਿਨ ਮੈਨੂੰ ਹੀ ਵਾਚਦੇ ਰਹਿੰਦੇ ਹਨ .. ਕੀ ਔਰਤ ਦੀ ਮਰਦ ਤੋਂ ਬਿਨ੍ਹਾਂ ਕੋਈ ਔਕਾਤ ਨਹੀਂ ..?
ਕੀ ਉਹ ਗੂੜੇ ਸੂਟ ਨਹੀਂ ਪਾ ਸਕਦੀ.. ਇਹ ਗੂੜ੍ਹੇ ਰੰਗ ਸੁਹਾਗਣਾਂ ਲਈ ਹੀ ਬਣੇ ਹਨ …?
ਇੱਕ ਦਿਨ ਪੰਮੀ ਦੇ ਸੁਫਨੇ ਵਿੱਚ ਜਗਰੂਪ ਆਇਆ ਤੇ ਹੰਝੂ ਪੂੰਝਦਾ ਕਹਿਣ ਲੱਗਾ ..,
“ਪੰਮੀਏ ..! ਕਾਹਤੋਂ ਰੋਂਦੀ ਰਹਿਨੀ ਐ ,
“ਮੈਂ ਕਿਹੜਾ ਦੂਰ ਗਿਆਂ ਕਿਤ੍ਹੇ …ਮੇਰੀ ਰੂਹ ਤਾਂ ਤੇਰੇ ਵਿੱਚ ਹੀ ਵੱਸਦੀ ਏ .. ਮਰਦ ਬਣ ਮਰਦ ..?”
“ਵੇਖ ਤੂੰ ਕੀ ਹਾਲ ਬਣਾ ਲਿਆ …ਰੋ ਰੋ ਕੇ ਆਵਦਾ ..”
ਤੇ ਪੰਮੀ ਕਹਿਣ ਲੱਗੀ .. “ ਰੂਪ ਮੈਂ ਤਾਂ ਮਰਦ ਹੀ ਬਣ ਕੇ ਜਿਉਦੀ ਹਾਂ , ਤੈਨੂੰ ਸੰਗ ਸਮਝਦੀ ਹਾਂ …ਪੁੱਤ ਪਾਲਦੀ ਹਾਂ …ਪਰ ਕਿੱਥੇ ਜਿਉਣ ਦਿੰਦੀਆਂ ਨੇ ਇਹ ਖਸਮਾਂ ਵਾਲੀਆਂ ..??”
“ਰਾਜਵਿੰਦਰ ਕੌਰ “

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)