ਜਦੋਂ ਰੂਪਾਂ ਦੇ ਘਰ ਤੀਜੀ ਕੁੜੀ ਨੇ ਜਨਮ ਲਿਆ ਤਾਂ ਸਾਰਾ ਪਰਿਵਾਰ ਫੀਮੇਲ ਸੁਣ ਰੋਣ ਲੱਗ ਪਿਆ ਸੀ .. ਉਮੀਦ ਪੁੱਤ ਦੇ ਜਨਮ ਲੈਣ ਦੀ ਸੀ ..ਪਰ ਉਮੀਦ ਦੇ ਉਲਟ ਸਾਰਿਆਂ ਨੂੰ ਬਰਦਾਸ਼ਿਤ ਕਰਨਾ ਬਹੁਤ ਔਖਾ ਹੋ ਗਿਆ ਸੀ … ।
ਰੂਪਾਂ ਨੇ ਕੁੜੀ ਨੂੰ ਮੱਥੇ ਨਾ ਲਾਉਣ ਲਈ ਨਰਸਾਂ ਨੂੰ ਕਹਿ ਦਿੱਤਾ ਸੀ ।
ਸਾਰੇ ਪਰਿਵਾਰ ਨੇ ਰਲ ਕੇ ਜੁਗਤ ਬਣਾਈ ਕੇ ਆਪਾਂ ਰਾਤ ਨੂੰ ਹੀ ਬਿਨ੍ਹਾ ਡਿਸਚਾਰਜ ਲਏ ਚਲੇ ਜਾਈਏ .. ਉਦੋਂ ਆਧਾਰ ਕਾਰਡ ਵੇਖ ਡਲਿਵਰੀ ਨਹੀਂ ਹੁੰਦੀ ਸੀ .. ਉਹਨਾਂ ਜੁਗਤ ਅਨੁਸਾਰ ਠੀਕ ਉਸੇ ਤਰਾਂ ਕੀਤਾ .. ਨਵ ਜੰਮੀ ਕੁੜੀ ਨੂੰ ਹਸਪਤਾਲ ਛੱਡ ਸਾਰੇ ਉੱਥੋਂ ਭੱਜ ਗਏ .. ਸਵੇਰ ਹੋਣ ਸਾਰ ਪੇਸ਼ੈਟ ਗਾਇਬ ਦਾ ਹਸਪਤਾਲ ਵਿੱਚ ਰੌਲਾ ਪੈ ਗਿਆ ਅਤੇ ਕੁੜੀ ਨੂੰ ਛੱਡ ਜਾਣ ਦੀ ਖਬਰ ਮਾਪਿਆਂ ਨੂੰ ਲਾਹਨਤਾਂ ਪਾ ਰਹੀ ਸੀ .. ਅੰਤ ਡਾਕਟਰਾਂ ਨੇ ਐਡਰੈਸ ਪਤਾ ਕਰ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ .. ਘਰ ਕੋਈ ਬਹੁਤੀ ਗਰੀਬੀ ਵੀ ਨਹੀਂ ਸੀ .. ।
ਜਦੋਂ ਡਾਕਟਰਾਂ ਦੀ ਟੀਮ ਨੇ ਕੁੜੀ ਨੂੰ ਛੱਡ ਕੇ ਭੱਜ ਜਾਂਣ ਦੀ ਵਜ਼ਾ ਪੁੱਛੀ ਤਾਂ , ਮਾਂ ਨੇ ਦੱਸਿਆ ਕੇ ਮੈਂ ਐਨੀ ਕਬੀਲਦਾਰੀ ਦਾ ਬੋਂਝ ਨਹੀਂ ਸੰਭਾਲ ਸਕਦੀ .. ਜੇ ਇਹ ਕੁੜੀ ਕਿਸੇ ਲੋੜਵੰਦ ਨੂੰ ਦੇ ਦਿਓ ਤਾਂ ਚੰਗਾ ਹੈ , ਜਾਂ ਅਨਾਥ ਆਸ਼ਰਮ ਭੇਜ ਦਿਓ .. ਮੈਂ ਨਹੀਂ ਰੱਖ ਸਕਦੀ , ਕਹਿ ਸੁਰਖ਼ਰੂ ਹੋ ਗਈ ਸੀ ..।
ਪਤਾ ਨਹੀਂ , ਉਸ ਔਰਤ ਉੱਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦਾ ਪਰੈਸ਼ਰ ਸੀ ਜਾਂ ਅੰਦਰੋਂ ਦੁਖੀ ਟੁੱਟੀ ਹੋਈ ਔਰਤ ਸੀ , ਪਰ ਉਸ ਨੇ ਬੱਚੀ ਨੂੰ ਸਵੀਕਾਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ ।
ਡਾਕਟਰਾਂ ਦੇ ਲੱਂਖ ਸਮਝਾਉਣ ਦੇ ਬਾਵਜੂਦ ਵੀ ਉਹ ਇੱਕੋ ਜ਼ਿੱਦ ਤੇ ਅਟਕੀ ਰਹੀ .. ।
ਵਾਪਿਸ ਆ ਕੇ ਇੱਕ ਡਾ: ਨੇ ਉਸ ਬੱਚੀ ਨੂੰ ਆਪਣੇ ਕੋਲ ਰੱਖ ਲਿਆ .. . ਉਸ ਦਾ ਸਾਰਾ ਖਰਚਾ ਚੁੱਕਣ ਤੇ ਆਪਂਣੇ ਘਰੇ ਰੱਖ ਲੈਣ ਦੀ ਜਿੰਮੇਵਾਰੀ ਚੁੱਕ ਲਈ ।
ਸਟਾਫ ਅਤੇ ਡਾਕਟਰਾਂ ਨੇ ਰਲ ਮਿਲ ਉਸ ਬੱਚੀ ਨੂੰ ਬਹੁਤ ਸੰਭਾਲਿਆ ਅਤੇ ਬੇਹੱਦ ਪਿਆਰ ਦਿੱਤਾ ।
ਉਹ ਕੁੜੀ ਜਿਸ ਦੀ ਮਾਂ ਨੇ ਜਨਮ ਤਾਂ ਦਿੱਤਾ ਸੀ ਪਰ ਇੱਕ ਵਾਰ ਤੱਕਿਆ ਤੱਕ ਨਹੀਂ ਸੀ .. ਬਹੁਤ ਲੋੜੀਦੀ ਬਣ ਗਈ ਸੀ .. ਉਸਦਾ ਨਾਮ “ਤਕਦੀਰ “ਰੱਖਿਆ ਗਿਆ ।
ਸ਼ਾਹੀ ਸਹੂਲਤਾਂ ਵਿੱਚ ਪਲ ਰਹੀ ਤਕਦੀਰ ਨੂੰ .. ਰੋਜ਼ ਨਵੇਂ ਗਿਫਟ ਮਿਲਦੇ ..ਸਾਰਾ ਸਟਾਫ ਉਸ ਨੂੰ ਚੁੱਕੀ ਫਿਰਦਾ .. ।
ਇਸੇ ਤਰਾਂ ਇੱਕ ਸਾਲ ਬੀਤ ਗਿਆ .. ਉਸ ਦਾ ਜਨਮ ਦਿਨ ਸ਼ਾਹੀ ਠਾਠ ਨਾਲ ਮਨਾਇਆ ਗਿਆ .. ।
“ਕਹਿੰਦੇ ਹਨ , ਜੇ ਮਾਂ ਮਰ ਜਾਵੇ ਤਾਂ ਰੱਬ ਬੱਚਿਆਂ ਦੀ ਰਖਵਾਲੀ ਲਈ ਕਿਸੇ ਨਾ ਕਿਸੇ ਰੂਪ ਵਿੱਚ ਆਪ ਆ ਬਹੁੜਦਾ ਹੈ...
.. “
ਜਿਸ ਡਾ: ਨੇ ਉਸ ਨੂੰ ਆਪਣੇ ਘਰ ਰੱਖਿਆ ਸੀ .. ਉਸ ਨੇ ਰਾਤ ਨੂੰ “ਤਕਦੀਰ “ਦੇ ਜਨਮ ਦਿਨ ਦੀ ਆਪਣੇ ਦੋਸਤਾਂ ਨਾਲ ਇੱਕ ਪਾਰਟੀ ਰੱਖੀ .. ਜਿਸ ਵਿੱਚ ਸ਼ਹਿਰ ਦੇ ਨਾਮੀ ਅਫਸਰ ਸੱਦੇ ਗਏ .. ਜਿਹਨਾਂ ਵਿੱਚ ਇੱਕ ਮਿਲਟਰੀ ਅਫਸਰ ਤੇ ਉਸ ਦੀ ਪਤਨੀ ਵੀ ਹਾਜ਼ਰੀ ਭਰ ਰਹੇ ਸਨ .. ਜਦੋਂ ਮਿਲਟਰੀ ਅਫਸਰ ਨੂੰ “ਤਕਦੀਰ “ਦੇ ਬਾਰੇ ਅਸਲੀਅਤ ਪਤਾ ਲੱਗੀ ਤਾਂ ਉਹ ਹੈਰਾਨ ਹੋਂਇਆ ,ਕਿਸੇ ਉਮੀਦ ਨਾਲ ਖੁਸ਼ ਹੋ ਗਿਆ .. ।
ਜਦੋਂ ਰਾਤ ਨੂੰ ਖੂਬ ਆਨੰਦ ਮਸਤੀ ਵਿੱਚ ਪਾਰਟੀ ਖਤਮ ਹੋਈ ਤਾਂ ਉਹ ਮਿਲਟਰੀ ਅਫਸਰ ਡਾ: ਦਾ ਹੱਥ ਫੜ ਇੱਕ ਗੱਲ ਮਨਵਾਉਣ ਲਈ ਰਾਜ਼ੀ ਕਰਨ ਲੱਗਾ .. ਡਾ: ਨੇ ਵਾਰ ਵਾਰ ਗੱਲ ਪੁੱਛਣੀ ਚਾਹੀ ਤਾਂ ਉਸ ਅਫਸਰ ਨੇ ਕਿਹਾ ਕੇ ,”ਪਹਿਲਾਂ ਮੇਰੀ ਗੱਲ ਮੰਨਣ ਲਈ ਰਾਜ਼ੀ ਹੋਵੋ ਤਾਂ ਗੱਲ ਤੁਹਾਡੇ ਨਾਲ ਖੋਲ਼ਾਂਗਾ .. ਪਰ ਵਾਅਦਾ ਕਰੋ ਕੇ ਕਦੇ ਨਾਂਹ ਨਹੀਂ ਕਰੋਗੇ .. ਫਿਰ ਦੱਸਾਂਗਾ .”
ਲੰਬੀ ਕਸ਼ਮਕਸ਼ ਤੋਂ ਬਾਅਦ ਡਾ: ਦੋਸਤੀ ਦੀ ਲਾਜ ਰੱਖਦੇ ਹੋਏ ਕਹਿਣ ਲੱਗਾ , “ਦੋਸਤਾ ! ਤੇਰੇ ਲਈ ਜਾਨ ਵੀ ਹਾਜ਼ਿਰ ਹੈ , ਦੱਸ ਕੀ ਮੰਗਦਾ ..?”
“ਅੱਜ ਤੇਰੀ ਮੰਗ ਮੇਰੀ ਧੀ “ਤਕਦੀਰ “ ਦੇ ਨਾਮ ਹੈ ….!!”
ਉਸ ਅਫਸਰ ਨੇ ਖ਼ੁਸ਼ੀ ਦੇ ਰੌਂਅ ਵਿੱਚ ਡਾ ਦਾ ਹੱਥ ਫੜ ਜਦੋਂ “ਤਕਦੀਰ ਚਾਹੀਦੀ ਹੈ “ਕਿਹਾ ਤਾਂ , ਡੂੰਘੀ ਚੁੱਪ ਛਾ ਗਈ ..ਇਹ ਸੁਣ ਡਾ: ਸੁੰਨ ਹੋ ਗਿਆ …ਉਸ ਦੀਆਂ ਅੱਖਾਂ ਵਿੱਚ ਕੀਤੇ ਵਾਅਦੇ ਮੁਤਾਬਿਕ ਇਸ ਮੁਸ਼ਕਿਲ ਫੈਸਲੇ ਦੇ ਹੰਝੂ ਸਨ ਤੇ ਮਿਲਟਰੀ ਅਫਸਰ ਦੇ ਹੱਥਾਂ ਵਿੱਚ ਮੁੱਦਤਾਂ ਤੋਂ ਬੁਝੀ ਆਸ ਦੀ ਜਾਗੀ ਕਿਰਨ “ਤਕਦੀਰ “ਸੀ
ਰਾਤੋ-ਰਾਤ “ਤਕਦੀਰ ਦੀ ਤਕਦੀਰ “ ਨੇ ਅਸਮਾਨ ਛੂਹ ਲਿਆ ਸੀ .. ।
ਜਿਸ ਨੰਨ੍ਹੀ ਨੂੰ ਮਾਂ ਨੇ ਤੱਕਣ ਤੋਂ ਵੀ ਨਾਂਹ ਕਰ ਦਿੱਤੀ ਸੀ ..ਅੱਜ ਉਸ ਬੱਚੀ ਨੂੰ ਮਾਪਿਆਂ ਦਾ ਨਿੱਘ ਦੇਣ ਲਈ ਕਈ ਮਾਪੇ ਕਬੂਲ ਰਹੇ ਸਨ ।
ਉਸ ਮਿਲਟਰੀ ਅਫਸਰ ਦੇ ਘਰ ਕੋਂਈ ਬੱਚਾ ਨਹੀਂ ਸੀ …ਉਸ ਨੇ “ਤਕਦੀਰ “ਨੂੰ ਅਡੌਪਟ ਕਰ ਲਿਆ ਸੀ .. ਅਗਲੀ ਸਵੇਰ “ਤਕਦੀਰ “ਨੂੰ ਲੈ ਕੇ ਆਪਣੀ ਪਤਨੀ ਸਮੇਤ ਦਿੱਲੀ ਨੂੰ ਰਵਾਨਾ ਹੋ ਗਿਆ ।
“ ਕਈ ਔਰਤਾਂ ਮਾਂ ਬਣਨ ਦਾ ਹੱਕ ਤਾਂ ਰੱਖਦੀਆਂ ਹਨ , ਪਰ ਮਾਂ ਦਾ ਰੁਤਬਾ ਸੰਭਾਲਣ ਦਾ ਫਰਜ਼ ਨਹੀਂ ਅਦਾ ਕਰਦੀਆਂ .. !!”
“ਅਸੀਂ ਖੁਦ ਨੂੰ ਖੁਦਾ ਸਮਝਦੇ ਹਾਂ , ਕੁੱਲ ਕਾਇਨਾਤ ਦੀ “ਤਕਦੀਰ “ ਉਸ ਖੁਦਾ ਦੇ ਹੱਥ ਹੈ .. ਇਹ ਭੁੱਲੇ ਬੈਠੇ ਹਾਂ ਹਾਂ … !! “
“ਰਾਜਵਿੰਦਰ ਕੌਰ “
Sachin Rattu
Very good you story I want to tell you my life real story if you write you will cry