More Punjabi Kahaniya  Posts
ਆਬਾਦੀਆਂ ਤੇ ਬਰਬਾਦੀਆਂ


ਲਾਹੌਰੋਂ ਤੁਰੀ ਸਵਾਰੀ ਗੱਡੀ ਹੌਲੀ ਹੌਲੀ ਨਾਰੋਵਾਲ ਵੱਲ ਵਧਣ ਲੱਗੀ..ਪਰ ਕਿਸੇ ਵੇਲੇ ਮਹਾਰਾਜੇ ਰਣਜੀਤ ਸਿੰਘ,ਨਲੂਏ ਅਤੇ ਅਟਾਰੀ ਵਾਲੇ ਸਰਦਾਰਾਂ ਦੀ ਚੜਤ ਵਾਲਾ ਰਿਹਾ ਲਾਹੌਰ ਸ਼ਹਿਰ ਮੁੱਕਣ ਵਿਚ ਹੀ ਨਹੀਂ ਸੀ ਆ ਰਿਹਾ!
ਰੇਲ ਪਟੜੀ ਦੇ ਨਾਲ ਨਾਲ ਚੱਲਦੀ ਸੜਕ..ਬਿਲਕੁਲ ਅਮ੍ਰਿਤਸਰ ਸ਼ਹਿਰ ਵਰਗੀ ਭੀੜ..ਗੱਡੀਆਂ ਮੋਟਰਾਂ ਟਾਂਗਿਆਂ ਦਾ ਹੁਜੂਮ..ਜਿਹੜਾ ਵੀ ਕੋਲੋਂ ਲੰਘਦਾ ਸਲਾਮ ਕਰ ਕੇ ਲੰਘਦਾ!
ਸ਼ਾਹਦਰਾ ਬਾਗ ਟੇਸ਼ਨ ਤੋਂ ਇੱਕ ਬਾਬਾ ਜੀ ਆਣ ਚੜਿਆ..ਮੈਨੂੰ ਵੇਖ ਹੱਥ ਵਿਚ ਫੜਿਆ ਹੁੱਕਾ ਦੂਰ ਰੱਖ ਮੋਢੇ ਟੰਗੇ ਪਰਨੇ ਨਾਲ ਚੰਗੀ ਤਰਾਂ ਢੱਕ ਅਦਬ ਨਾਲ ਸੱਤ ਸ੍ਰੀ ਅਕਾਲ ਬੁਲਾ ਕੋਲ ਆਣ ਬੈਠਾ..!
ਆਖਣ ਲੱਗਾ ਬੜੇ ਅਰਸੇ ਬਾਅਦ ਕਿਸੇ ਪੱਗ ਵਾਲੇ ਦੇ ਦੀਦਾਰ ਹੋਏ ਨੇ..ਕਿਥੋਂ ਆਇਆ ਤੇ ਕਿਥੇ ਜਾਣਾ ਈ ਸਰਦਾਰਾ?
ਆਖਿਆ ਨਾਰੋਵਾਲ ਤੋਂ ਅਗਲਾ ਟੇਸ਼ਨ ਏ “ਦੋਮਾਲਾ”..ਬੱਸ ਪੁਰਖਿਆਂ ਦੀ ਮਿੱਟੀ ਦੀ ਛੋਹ ਵਾਲਾ ਉਹ ਪਿੰਡ ਵੇਖਣ ਜਾਣਾ..ਪਿਤਾ ਜੀ ਜਾਣ ਲੱਗਾ ਆਖ ਗਿਆ ਸੀ ਕੇ ਓਥੋਂ ਜਰੂਰ ਹੋ ਕੇ ਆਵੀਂ..ਅੱਗੋਂ ਮਾਸ਼ਾ-ਅੱਲਾ ਆਖ ਹੁੰਗਾਰਾ ਭਰੀ ਜਾ ਰਿਹਾ ਸੀ..!
ਕੋਟ ਮੂਲ ਚੰਦ ਟੇਸ਼ਨ ਤੋਂ ਥੋੜੀ ਦੂਰ ਚੜ੍ਹਦੇ ਪਾਸੇ ਦੂਰ ਇੱਕ ਉੱਚੀ ਬੁਰਜੀ ਵੱਲ ਇਸ਼ਾਰਾ ਕਰਦਾ ਆਖਣ ਲੱਗਾ ਇਥੋਂ ਬਾਡਰ ਸਿਰਫ ਦੋ ਕੂ ਕਿਲੋਮੀਟਰ ਏ..!
ਇਸੇ ਪਿੰਡੋਂ ਬਾਹਰਵਰ ਪਟੜੀ ਦੇ ਨਾਲ ਇੱਕ ਖੁੱਲੀ ਥਾਂ ਤੇ ਡੰਗਰਾਂ ਦਾ ਝੁੰਡ ਅਤੇ ਖੇਡਦੇ ਹੋਏ ਬੱਚਿਆਂ ਵੱਲ ਇਸ਼ਾਰਾ ਕਰਦਾ ਦੱਸਣ ਲੱਗਾ ਸਰਦਾਰਾ ਇਹ ਲੋਕ ਟੱਪਰਵਾਸੀ ਹੁੰਦੇ ਨੇ..ਇਹਨਾਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ..ਕੁਝ ਦਿਨ ਇੱਕ ਥਾ ਰਹਿ ਕੇ ਠਿਕਾਣਾ ਬਦਲ ਲੈਂਦੇ ਨੇ..ਪਰ ਜਿਥੇ ਵੀ ਠਿਕਾਣਾ ਕਰਦੇ ਓਥੇ ਮਾਲਕਾਂ ਦੀਆਂ ਸ਼ਰਤਾਂ ਤੇ ਜਿੰਦਗੀ ਬਸਰ ਕਰਨੀ ਪੈਂਦੀ ਏ..!
ਬਾਬੇ ਦੀ ਏਨੀ ਗੱਲ ਸੁਣ ਮੈਂ ਅਤੀਤ ਵਿਚ ਚਲਾ ਗਿਆ..ਪਹਿਲੀ ਸੰਸਾਰ ਜੰਗ..ਅੰਗਰੇਜਾਂ ਵੱਲੋਂ ਲੜਦਾ ਹੋਇਆ ਮੇਰਾ ਪੜਦਾਦਾ ਜੀ..ਫੇਰ ਦੂਜੀ ਸੰਸਾਰ ਜੰਗ ਵੇਲੇ ਕਿੰਨੇ ਵਰੇ ਜਾਪਾਨੀਆਂ ਦੀ ਕੈਦ ਵਿਚ ਰਿਹਾ ਮੇਰਾ ਦਾਦਾ ਜੀ..!
ਸੰਤਾਲੀ ਦੀ ਵੰਡ ਵੇਲੇ ਸਭ ਕੁਝ ਛੱਡ-ਛਡਾ ਏਧਰ ਆਉਣਾ ਪਿਆ..ਇਥੋਂ ਵਾਲੇ ਆਪਣਿਆਂ ਵੱਲੋਂ ਹੀ ਦਿੱਤਾ ਗਿਆ...

ਪਨਾਹੀ ਦਾ ਖਿਤਾਬ..!
ਫੇਰ ਆਸਾਮ ਦੇ ਜੰਗਲਾਂ ਵਿਚ ਘਿਰੇ ਇੱਕ ਰੇਲਵੇ ਟੇਸ਼ਨ ਤੇ ਨੌਕਰੀ ਕਰਦੇ ਮੇਰੇ ਪਿਤਾ ਜੀ..!
ਮੁੜਕੇ ਨਵੰਬਰ ਚੁਰਾਸੀ ਵੇਲੇ ਕਾਨਪੁਰ ਸ਼ਹਿਰ ਵੱਡੀ ਭੀੜ ਹੱਥ ਆਇਆ ਮੇਰਾ ਵੱਡਾ ਤਾਇਆ ਜੀ..!
ਫੇਰ ਸਭ ਕੁਝ ਛੱਡ ਛਡਾ ਕੇ ਪੰਜਾਬ ਵੱਲ ਮੋੜੀਆਂ ਮੁਹਾਰਾਂ ਤੇ ਫੇਰ ਰੂਪੋਸ਼ੀ ਮਗਰੋਂ ਸਦਾ ਲਈ ਗਾਇਬ ਹੋ ਗਿਆ ਮੇਰਾ ਵੱਡਾ ਵੀਰ!
ਮਗਰੋਂ ਘਰੇ ਪੈਂਦੇ ਪੁਲਸ ਦੇ ਛਾਪੇ ਤੇ ਫੇਰ ਚੋਰੀ ਛੁੱਪੇ ਸ਼ੁਰੂ ਹੋਇਆ ਮੇਰਾ ਯੂਰੋਪ ਦੇ ਕਿੰਨੇ ਸਾਰੇ ਮੁਲਖਾਂ ਦਾ ਸਫ਼ਰ..ਮਗਰੋਂ ਗੁਆਟੇਮਾਲਾ ਅਤੇ ਕੋਲੰਬੀਆ ਦੇ ਭਿਆਨਕ ਜੰਗਲ ਅਤੇ ਮੈਕਸੀਕੋ ਦੇ ਡਰੱਗ ਲਾਰਡ ਫੇਰ ਅਮਰੀਕਾ ਦੀ ਜੇਲ ਤੇ ਅਖੀਰ ਕਨੇਡਾ ਦਾ ਪਾਸਪੋਰਟ..!
ਮੇਰੇ ਚੇਹਰੇ ਤੇ ਆਈ ਜਾਂਦੇ ਕਿੰਨੇ ਸਾਰੇ ਅਜੀਬ ਜਿਹੇ ਹਾਵ ਭਾਵ ਵੇਖ ਆਖਣ ਲੱਗਾ ਸਰਦਾਰਾ ਅਸਾਂ ਤਰੱਕੀ ਤਾਂ ਭਾਵੇਂ ਤੁਹਾਥੋਂ ਥੋੜੀ ਘੱਟ ਹੀ ਕੀਤੀ ਪਰ ਮੁਲਖ ਆਪਣੇ ਵਿਚ ਬੈਠੇ ਹਾਂ..ਟੌਰ ਨਾਲ..ਪਰ ਨਾ ਅਹਿਲ ਲੀਡਰਸ਼ਿਪ ਕਰਕੇ ਤੁਸੀਂ ਖੁੰਝ ਗਏ..ਤਾਹੀਓਂ ਹੁਣ ਤੱਕ ਕਦੇ ਕਿਧਰੋਂ ਮਾਰਾਂ ਪੈਂਦੀਆਂ ਤੇ ਕਦੀ ਕਿਧਰੋਂ ਧੱਕੇ..ਅੱਲਾ ਕਾਇਦ-ਏ-ਆਜਮ ਨੂੰ ਜੰਨਤ ਨਸੀਬ ਕਰੇ..!
ਸਿਆਲਕੋਟ ਅੱਪੜ ਪੀ.ਸੀ.ਓ ਤੋਂ ਕਿਸੇ ਜਾਣਕਾਰ ਨੂੰ ਫੋਨ ਕੀਤਾ..ਅੱਗੋਂ ਆਖਣ ਲੱਗਾ ਕੌਣ ਬੋਲਦਾ?
ਆਪ ਮੁਹਾਰੇ ਹੀ ਮੂਹੋਂ ਨਿੱਕਲ ਗਿਆ..”ਕਿੰਨੇ ਵਰ੍ਹਿਆਂ ਤੋਂ ਠਿਕਾਣੇ ਬਦਲਦਾ ਕੋਟ ਮੂਲ ਚੰਦ ਟੇਸ਼ਨ ਵਾਲਾ ਟੱਪਰਵਾਸੀ”
ਆਖਣ ਲੱਗਾ ਭਾਈ ਜਾਨ ਮੈਂ ਸਮਝਿਆ ਨਹੀਂ..ਅੱਗਿਓਂ ਆਖਿਆ ਭਾਈ ਮੈਨੂੰ ਖੁਦ ਨੂੰ ਅੱਜ ਸਮਝ ਆਈ ਤੈਨੂੰ ਏਡੀ ਛੇਤੀ ਕਿੱਦਾਂ ਸਮਝਾ ਦਿਆਂ!
ਕਿੰਨੀ ਪਿੱਛੇ ਰਹਿ ਗਏ ਲਾਹੌਰ ਸ਼ਹਿਰ ਵਾਲੇ ਪਾਸਿਓਂ ਆਏ ਹਵਾ ਦੇ ਇੱਕ ਬੁੱਲੇ ਵਿੱਚ ਘੁਲੇ ਹੋਏ ਕੁਝ ਬੋਲ ਰੂਹ ਨੂੰ ਸ਼ਰਸ਼ਾਰ ਕਰ ਗਏ..”ਆਬਾਦੀਆਂ ਵੀ ਵੇਖੀਆਂ..ਬਰਬਾਦੀਆਂ ਵੀ ਵੇਖੀਆਂ..ਸ਼ੇਰੇ-ਪੰਜਾਬ ਦੀ ਮੜੀ ਪਈ ਸੀ ਆਖਦੀ..ਇਹਨਾਂ ਗੁਲਾਮਾਂ ਨੇ ਕਦੇ ਆਜ਼ਾਦੀਆਂ ਵੀ ਵੇਖੀਆਂ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)