More Punjabi Kahaniya  Posts
ਤੇਰਾ ਮੇਰਾ ਕੀ ਰਿਸ਼ਤਾ?


ਤੇਰਾ ਮੇਰਾ ਕੀ ਰਿਸ਼ਤਾ?
=============
(ਰੱਖੜੀ ‘ਤੇ ਵਿਸ਼ੇਸ਼)
ਬਚਪਨ ਤੋਂ ਹੀ ਮੇਰੀ ਮਾਂ ਰੱਖੜੀ ਵਾਲੇ ਦਿਨ ਮੇਰੇ ਗੁੱਟ ਤੇ ਰੱਖੜੀ ਬੰਨ੍ਹਦੀ ਆਈ ਹੈ। ਜਦ ਮੈਂ ਛੋਟਾ ਸੀ, ਤਾਂ ਮੈਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਸੀ ਆਈ। ਪਰ ਜਦ ਵੱਡਾ ਹੋਇਆ ਤਾਂ ਇਸ ਗੱਲ ਨੇ ਮੇਰੇ ਮਨ ਵਿੱਚ ਇੱਕ ਵੱਡੇ ਸਵਾਲ ਦਾ ਰੂਪ ਧਾਰ ਲਿਆ। ਜਦ ਵੀ ਰੱਖੜੀ ਵਾਲਾ ਦਿਨ ਆਉਣਾ, ਮੇਰੀ ਮਾਂ ਨੇ ਬਹਾਨੇ ਨਾਲ ਮੇਰੇ ਰੱਖੜੀ ਬੰਨ੍ਹ ਦੇਣੀ। ਭਾਵੇਂ ਮੇਰੇ ਮਨ ਵਿੱਚ ਸਵਾਲਾਂ ਦੀ ਸੁਨਾਮੀ ਆਈ ਹੁੰਦੀ, ਪਰ ਮੈਂ ਕਦੇ ਆਪਣੀ ਮਾਂ ਨੂੰ ਅੱਗੋਂ ਸਵਾਲ ਨਾ ਕਰਦਾ ਕਿ ਉਹ ਮੇਰੇ ਰੱਖੜੀ ਕਿਉਂ ਬੰਨ੍ਹਦੀ ਹੈ। ਮੇਰੀ ਮਾਂ ਨੇ ਮੇਰੇ ਮਾਮੇ ਦੇ ਵੀ ਰੱਖੜੀ ਬੰਨ੍ਹਣ ਜਾਣਾ। ਮੈਂ ਹਮੇਸ਼ਾ ਨਾਲ ਜਾਣਾ ਅਤੇ ਜਦ ਮਾਂ ਮੇਰੇ ਮਾਮੇ ਨੂੰ ਰੱਖੜੀ ਬੰਨ੍ਹ ਰਹੀ ਹੁੰਦੀ ਤਾਂ ਮੇਰੇ ਮਨ ਵਿੱਚ ਫਿਰ ਉਹੀ ਸਵਾਲ ਕਿ ਜਦ ਮਾਂ ਦਾ ਆਪਣਾ ਭਰਾ ਹੈ ਤਾਂ ਮਾਂ ਮੇਰੇ ਰੱਖੜੀ ਕਿਉਂ ਬੰਨ੍ਹਦੀ ਹੈ? ਕਾਲਜ ਪੜ੍ਹਦੇ ਤੋਂ ਜਦ ਮੇਰੇ ਤੋਂ ਨਾ ਰਿਹਾ ਗਿਆ ਤਾਂ ਮੈਂ ਇੱਕ ਦਿਨ ਮਾਂ ਨੂੰ ਇਹ ਸਵਾਲ ਕਰ ਹੀ ਲਿਆ। ਪਹਿਲਾਂ ਤਾਂ ਮਾਂ ਨੇ ਮੇਰੀ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਜਦ ਉਹਨੂੰ ਇਹ ਗੱਲ ਸਮਝ ਆ ਗਈ ਕਿ ਇਹ ਸਵਾਲ ਮੇਰੇ ਮਨ ਵਿੱਚ ਵਾਵਰੋਲੇ ਦਾ ਰੂਪ ਧਾਰਨ ਕਰ ਚੁੱਕਿਆ ਹੈ, ਤਾਂ ਉਹਨੇ ਮੈਨੂੰ ਆਪਣੇ ਕੋਲ ਬਿਠਾ ਕੇ ਭਰੇ ਮਨ ਨਾਲ ਦੱਸਿਆ।
ਉਹਨੇ ਅੱਖਾਂ ਭਰ ਕੇ ਗੱਲ ਦੱਸਣੀ ਸ਼ੁਰੂ ਕੀਤੀ ਕਿ ਮੇਰਾ ਕੋਈ ਸੱਕਾ ਮਾਮਾ ਨਹੀਂ। ਮੇਰੀ ਮਾਂ ਅਤੇ ਮੇਰੀ ਮਾਸੀ ਦੋ ਭੈਣਾਂ ਹੀ ਸਨ। ਮੇਰੇ ਨਾਨਾ-ਨਾਨੀ ਜੀ ਨੇ ਮੇਰੀ ਮਾਸੀ ਤੋਂ ਉਨ੍ਹਾਂ ਦਾ ਵੱਡਾ ਮੁੰਡਾ ਗੋਦ ਲਿਆ, ਜਿਸ ਨੂੰ ਮੈਂ ‘ਮਾਮਾ’ ਕਹਿੰਦਾ ਹਾਂ। ਜਦ ਮੇਰੀ ਵੱਡੀ ਭੈਣ ਦਾ ਜਨਮ ਹੋਇਆ ਤਾਂ ਕਿਸੇ ਰਿਸ਼ਤੇਦਾਰ ਨੇ ਮੇਰੀ ਮਾਂ ਨੂੰ ਮਿਹਣਾ ਮਾਰ ਦਿੱਤਾ, ”ਤੇਰੇ ਘਰ ਤਾਂ ਕੁੜੀਆਂ ਹੀ ਜੰਮਣਗੀਆਂ। ਨਾ ਤੇਰੇ ਮਾਂ-ਪਿਓ ਕੋਲ ਮੁੰਡਾ ਸੀ ਤੇ ਨਾ ਤੇਰੇ ਮੁੰਡਾ ਹੋਣਾ।” ਮੇਰੇ ਨਾਨਾ ਜੀ ਇਹ ਦੁੱਖ ਨਾ ਸਹਾਰ ਸਕੇ ਤੇ ਸੁਰਗ ਸਿਧਾਰ ਗਏ। ਮੇਰੇ ਨਾਨੀ ਜੀ ਤੋਂ ਪਹਿਲਾਂ ਹੀ ਮੇਰੀ ਮਾਸੀ ਜੀ ਵੀ...

ਅਕਾਲ ਚਲਾਣਾ ਕਰ ਗਏ। ਜਦ ਮੇਰਾ ਜਨਮ ਹੋਇਆ, ਤਾਂ ਮੇਰੀ ਮਾਂ ਦੇ ਦੱਸਣ ਅਨੁਸਾਰ ਮੇਰੀ ਮਾਂ ਅਤੇ ਮੇਰੇ ਨਾਨੀ ਜੀ ਨੂੰ ਯਕੀਨ ਹੀ ਨਾ ਹੋਇਆ ਕਿ ਉਨ੍ਹਾਂ ਘਰ ਵੀ ਮੁੰਡਾ ਹੋਇਆ ਹੈ। ਮੇਰੀ ਨਾਨੀ ਮੇਰੀ ਮਾਂ ਨੂੰ ਅਤੇ ਮੇਰੀ ਮਾਂ ਮੇਰੀ ਨਾਨੀ ਨੂੰ ਵਾਰ-ਵਾਰ ਇਹੀ ਪੁੱਛਣ, ”ਸੱਚੀਂ ਮੁੰਡਾ ਈ ਹੋਇਐ ਨਾ?” ਇਸ ਤੋਂ ਅਗਾਂਹ ਨਾ ਮਾਂ ਤੋਂ ਦੱਸਿਆ ਗਿਆ ਤੇ ਨਾ ਮੇਰੇ ਵਿੱਚ ਕੋਈ ਸਵਾਲ ਕਰਨ ਦੀ ਹਿੰਮਤ ਰਹੀ।
ਮੈਂ ਆਪਣੀ ਮਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਬਹੁਤ ਰੋਇਆ। ਉਸ ਦਿਨ ਅਸੀਂ ਦੋਵੇਂ ਬਹੁਤ ਦੇਰ ਤੱਕ ਰੋਂਦੇ ਰਹੇ। ਮੈਂ ਉਸ ਦਿਨ ਮਨ ਵਿੱਚ ਇਹ ਤਹੀਆ ਕਰ ਲਿਆ ਕਿ ਜਿੰਨਾਂ ਚਿਰ ਜਿਉਂਦਾ ਰਿਹਾ, ਆਪਣੀ ਮਾਂ ਨੂੰ ਉਸਦੇ ਭਰਾ ਨਾ ਹੋਣ ਦਾ ਅਹਿਸਾਸ ਨਹੀਂ ਹੋਣ ਦੇਵਾਂਗਾ। ਸ਼ਾਇਦ, ਇਹ ਉਹ ਮੋਹ ਦੀ ਤੰਦ ਹੀ ਹੈ ਕਿ ਮੈਂ ਮਾਂ ਦੇ ਛੋਟੇ ਭਰਾ ਵਾਂਗ ਹੀ ਉਸਦਾ ਸਾਥ ਨਿਭਾ ਰਿਹਾ ਹਾਂ। ਮਾਂ ਨੇ ਜਿੰਨਾਂ ਵੀ ਜ਼ਿੰਦਗੀ ਵਿੱਚ ਸੰਘਰਸ਼ ਦੇਖਿਆ, ਮੈਂ ਉਸ ਵਿੱਚ ਇੱਕ ਭਰਾ ਵਾਂਗ ਸ਼ਾਮਲ ਰਿਹਾ। ਜਦ ਮਾਂ ਨੇ ਹੱਡ-ਤੋੜਵੀਂ ਮਿਹਨਤ ਕਰਨੀ, ਤਾਂ ਮੈਂ ਮੇਰੇ ਵਿੱਤ ਅਨੁਸਾਰ ਉਸ ਦਾ ਸਾਥ ਦੇਣਾ। ਜਦ ਅਸੀਂ ਘਰ ਬਣਾਇਆ ਤਾਂ ਮੇਰੀ ਮਾਂ ਨੇ ਆਪ ਇੱਕ ਮਜ਼ਦੂਰ ਜਿੰਨਾਂ ਕੰਮ ਕੀਤਾ ਤੇ ਮੈਂ ਵੀ ਸਕੂਲ ਤੋਂ ਆਉਂਦਿਆਂ ਹੀ ਮਾਂ ਨਾਲ ਕੰਮ ਵਿੱਚ ਜੁੱਟ ਜਾਣਾ ਅਤੇ ਬਣਦਾ ਸਹਿਯੋਗ ਦੇਣਾ। ਘਰ ਦੇ ਹਾਲਾਤ ਜਿਹੋ-ਜਿਹੇ ਮਰਜ਼ੀ ਰਹੇ, ਮੈਂ ਮਾਂ ਦਾ ਲੜ ਕਦੇ ਨਾ ਛੱਡਿਆ। ਅੱਜ ਵੀ ਮੇਰੀ ਮਾਂ ਨਾਲ ਮੇਰੇ ਪਿਆਰ ਦਾ ਰੂਪ ਭਰਾਵਾਂ ਵਾਲਾ ਹੀ ਹੈ। ਮੇਰੀ ਮਾਂ ਨਾਲ ਮੇਰਾ ਇਹ ਵਾਅਦਾ ਹੈ ਕਿ ਰਹਿੰਦੀ ਦੁਨੀਆ ਤੱਕ ਇਸ ਰਿਸ਼ਤੇ ਨੂੰ ਕਾਇਮ ਰੱਖਾਂਗਾ।
ਭਾਈ ਜੇਕਰ ਨਹੀਂ ਤੇਰਾ ਤਾਂ, ਪੁੱਤ ਤਾਂ ਤੇਰੇ ਕੋਲ ਨੀਂ ਮਾਏ,
ਪੁੱਤ ਨੂੰ ਹੀ ਤੂੰ ਭਾਈ ਮੰਨ ਕੇ, ਦਿਲ ਦੀਆਂ ਰਮਜ਼ਾਂ ਫ਼ੋਲ ਨੀਂ ਮਾਏ।
ਲੇਖਕ:
ਅਭੀਜੀਤ ਅਬੋਹਰ
+91-95-929-00-486
+91-89-478-000-86

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)