ਚਾਲੀ ਕੂ ਸਾਲ ਦੀ ਆਕਰਸ਼ਿਕ ਜਿਹੀ ਔਰਤ ਅਕਸਰ ਹੀ ਛੱਤ ਤੇ ਲੱਗੀ ਗਰਿੱਲ ਤੇ ਕੂਹਣੀਆਂ ਰੱਖ ਖਲੋਤੀ ਹੋਈ ਹੁੰਦੀ..ਮੈਨੂੰ ਲੰਘਦੇ ਨੂੰ ਵੇਖ ਹਮੇਸ਼ਾਂ ਮੁਸਕੁਰਾ ਪਿਆ ਕਰਦੀ..!
ਮੈਂ ਨਜਰਾਂ ਪਾਸੇ ਕਰ ਲਿਆ ਕਰਦਾ..ਫੇਰ ਅਗਾਂਹ ਜਾ ਕੇ ਪਰਤ ਕੇ ਵੇਖਦਾ ਉਸ ਦੀਆਂ ਨਜਰਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹੁੰਦੀਆਂ..!
ਉਸ ਦਿਨ ਮਗਰੋਂ ਕਿਸੇ ਜਿਗਿਆਸਾ ਵੱਸ ਓਸੇ ਗਲੀ ਵਿਚੋਂ ਦੀ ਲੰਘਣਾ ਮੇਰੀ ਰੁਟੀਨ ਜਿਹੀ ਬਣ ਗਿਆ..!
ਨਾਲ ਦੇ ਖਾਸ ਦੋਸਤਾਂ ਨਾਲ ਇਸ ਵਰਤਾਰੇ ਦਾ ਜਿਕਰ ਕਰਦਾ ਤਾਂ ਆਖਦੇ..ਜੇ ਦੱਸ ਪੰਦਰਾਂ ਸਾਲ ਵੱਡੀ ਏ ਤਾਂ ਫੇਰ ਕੀ ਹੋਇਆ..ਅੱਜ ਕੱਲ ਤਾਂ ਸਭ ਕੁਝ ਚੱਲਦਾ ਏ..!
ਇਸ ਮਗਰੋਂ ਮੈਂ ਵੀ ਨਿਯਮਿਤ ਤੌਰ ਤੇ ਓਥੋਂ ਦੀ ਲੰਘਣਾ ਸ਼ੁਰੂ ਕਰ ਦਿੱਤਾ..ਉਹ ਵੀ ਬਿਨਾ ਨਾਗਾ ਓਥੇ ਹੀ ਖਲੋਤੀ ਹੁੰਦੀ..!
ਇੱਕ ਦਿਨ ਉਸਨੇ ਮੈਨੂੰ ਵੇਖ ਇੱਕ ਵੇਰ ਫੇਰ ਗਰਿੱਲ ਉੱਤੇ ਸੁੱਕਣੇ ਪਾਇਆ ਤੌਲੀਆਂ ਭੁੰਜੇ ਸਿੱਟ ਦਿੱਤਾ..ਮੈਂ ਇਸਨੂੰ ਇੱਕ ਖਾਸ ਇਸ਼ਾਰਾ ਸਮਝ ਓਥੇ ਹੀ ਖਲੋ ਗਿਆ..ਏਧਰ ਓਧਰ ਵੇਖਿਆ..ਤੌਲੀਆਂ ਚੁੱਕਿਆ ਤੇ ਫੇਰ ਉਸ ਘਰ ਦਾ ਗੇਟ ਖੜਕਾ ਦਿੱਤਾ..!
ਘੜੀ ਕੂ ਮਗਰੋਂ ਉਸਨੇ ਹੱਸਦੀ ਹੋਈ ਨੇ ਮੇਰੇ ਹੱਥੋਂ ਤੌਲੀਆ ਫੜਿਆ ਤੇ ਗੇਟ ਬੰਦ ਲਿਆ..!
ਹੁਣ ਇਹ ਸਿਲਸਿਲਾ ਲਗਪਗ ਹਰ ਰੋਜ ਹੀ ਵਾਪਰਨਾ ਸ਼ੁਰੂ ਹੋ ਗਿਆ..!
ਮੈਨੂੰ ਵੇਖ ਉਹ ਤੌਲੀਆਂ ਹੇਠਾਂ ਸਿੱਟਦੀ..ਮੈਂ ਚੁੱਕਦਾ ਤੇ ਗੇਟ ਖੜਕਾ ਦਿੰਦਾ..ਘੜੀ ਕੂ ਮਗਰੋਂ ਉਹ ਗੇਟ ਖੋਲ੍ਹਦੀ ਤੇ ਤੌਲੀਆਂ ਫੜ ਹੱਸਦੀ ਹੋਈ ਫੇਰ ਅੰਦਰ ਵੜ ਜਾਇਆ ਕਰਦੀ..!
ਇੱਕ ਦਿਨ ਫੇਰ ਮੈਂ ਮਨ ਹੀ ਮਨ ਵਿਚ ਇੱਕ ਫੈਸਲਾ ਕਰ ਹੀ ਲਿਆ..!
ਫੇਰ ਜਦੋਂ ਓਹੀ ਵਰਤਾਰਾ ਫੇਰ ਵਾਪਰਿਆ ਤਾਂ ਇਸ ਵਾਰ ਮੈਂ ਗੇਟ ਖੜਕਾ ਕੇ ਇੰਤਜਾਰ ਨਹੀਂ ਕੀਤਾ ਸਗੋਂ ਛੇਤੀ ਨਾਲ ਗੇਟ ਖੋਹਲ ਅੰਦਰ ਵੜ ਗਿਆ..!
ਵੱਡੇ ਸਾਰੇ ਵੇਹੜੇ ਦੀ ਨੁੱਕਰ ਵਿਚ ਇੱਕ ਬਜ਼ੁਰਗ ਲੰਮੇ ਪਏ ਸਨ..
ਮੈਨੂੰ ਏਧਰ ਓਧਰ ਝਾਕਦੇ ਹੋਏ ਨੂੰ ਵੇਖ ਉੱਠ ਪਏ ਤੇ ਕੋਲ ਸੱਦ ਆਖਣ ਲੱਗੇ ਪੁੱਤਰ ਤੂੰ ਵੀ ਭੁਲੇਖਾ ਖਾ ਗਿਆ ਲੱਗਦਾ ਏਂ..!
ਇਸ ਤੋਂ ਪਹਿਲਾਂ ਕੇ ਕੋਈ ਹੋਰ ਗੱਲ ਤੇਰੇ ਦਿਮਾਗ ਵਿਚ ਘਰ ਕਰ ਜਾਵੇ..ਗੱਲ ਦੱਸ ਦੇਣਾ ਚਾਹੁੰਦਾ ਹਾਂ ਕੇ ਕਿਸੇ ਵੇਲੇ ਸਾਡਾ ਦਿੱਲੀ ਚੰਗਾ ਕਾਰੋਬਾਰ ਹੋਇਆ ਕਰਦਾ ਸੀ..ਫੇਰ ਜਿਸ ਦਿਨ ਇੰਦਰਾ ਮਰੀ ਇਹ ਮੇਰੀ ਵੱਡੀ ਧੀ ਦਸਾਂ ਕੂ ਸਾਲਾਂ ਦੀ ਹੋਵੇਗੀ..ਪਹਿਲੀ ਨਵੰਬਰ ਨੂੰ ਇਹ...
ਦੋਵੇਂ ਭੈਣ ਭਰਾ ਸਾਰਾ ਦਿਨ ਚੁਬਾਰੇ ਤੇ ਚੜ ਮੇਰੇ ਫੈਕਟਰੀ ਗਏ ਦੀ ਉਡੀਕ ਕਰਦੇ ਰਹੇ..!
ਪਰ ਮੇਰੇ ਘਰ ਅੱਪੜਨ ਤੋਂ ਪਹਿਲਾਂ ਹੀ ਚਾਰੇ ਪਾਸੇ ਵੱਡ-ਟੁੱਕ ਸ਼ੁਰੂ ਹੋ ਗਈ..
ਉਸ ਦਿਨ ਆਥਣ ਵੇਲੇ ਕੋਠੇ ਉੱਤੇ ਸੁੱਕਣੇ ਪਾਏ ਕੱਪੜੇ ਲਾਹੁੰਦੀ ਹੋਈ ਮੇਰੀ ਇਸ ਧੀ ਕੋਲੋਂ ਇੱਕ ਤੌਲੀਆਂ ਹੇਠਾਂ ਡਿੱਗ ਗਲੀ ਵਿਚ ਜਾ ਪਿਆ..!
ਪਤਾ ਲੱਗਣ ਤੇ ਜਦੋਂ ਇਸਦਾ ਨਿੱਕਾ ਭਰਾ ਓਹੀ ਡਿੱਗਿਆ ਹੋਇਆ ਤੌਲੀਆ ਫੜਨ ਬਾਹਰ ਗਲੀ ਵਿਚ ਨਿੱਕਲਿਆ ਤਾਂ ਇਹ ਕਮਲੀ ਮਗਰੋਂ ਵਾਜਾਂ ਮਾਰਦੀ ਹੀ ਰਹਿ ਗਈ..ਮੁੜ ਆ ਵੀਰੇ..ਬਾਹਰ ਉਹ ਖੋਲੋਤੇ ਨੇ..ਮਾਰ ਦੇਣਗੇ..!
ਪਰ ਉਹ ਫੇਰ ਕਦੇ ਵੀ ਵਾਪਿਸ ਨਹੀਂ ਮੁੜਿਆ..
ਇਸਨੂੰ ਖੁਦ ਨੂੰ ਵੀ ਨਾਲ ਦੇ ਸਿੰਧੀ ਪਰਿਵਾਰ ਨੇ ਤਿੰਨ ਦਿਨ ਆਪਣੇ ਘਰੇ ਲੁਕਾਈ ਰੱਖਿਆ..
ਮੁੜਕੇ ਚੌਥੇ ਦਿਨ ਜਦੋਂ ਬਾਹਰ ਗਲੀ ਵਿਚ ਸਵਾਹ ਦੀ ਢੇਰੀ ਬਣੇ ਆਪਣੇ ਨਿੱਕੇ ਵੀਰ ਦੇ ਸੜ ਚੁਕੇ ਵਜੂਦ ਅਤੇ ਬਾਂਹ ਦਾ ਕੜਾ ਵੇਖਿਆ ਤਾਂ ਇਹ ਵਾਕਿਆ ਹੀ ਕਮਲੀ ਹੋ ਗਈ..!
ਏਨੇ ਵਰ੍ਹਿਆਂ ਮਗਰੋਂ ਹੁਣ ਵੀ ਜਦੋਂ ਕੋਈ ਡਿੱਗਿਆ ਹੋਇਆ ਤੌਲੀਆ ਫੜਾਉਣ ਗੇਟ ਤੇ ਆਉਂਦਾ ਏ ਤਾਂ ਇਸਨੂੰ ਏਹੀ ਲੱਗਦਾ ਕੇ ਇਸਦਾ ਕਈ ਵਰੇ ਪਹਿਲਾਂ ਗਵਾਚ ਗਿਆ ਨਿੱਕਾ ਵੀਰ ਸ਼ਾਇਦ ਵਾਪਿਸ ਪਰਤ ਆਇਆ ਹੋਵੇ..!
ਚੜ੍ਹਦੀ ਉਮਰ ਦੀ ਸਿਖਰ ਤੇ ਅੱਪੜ ਜਵਾਨੀ ਦੇ ਸਤਵੇਂ ਆਸਮਾਨ ਤੇ ਉੱਡਦੇ ਰਹਿੰਦੇ ਨੂੰ ਸ਼ਾਇਦ ਅੱਜ ਪਹਿਲੀ ਵਾਰ ਇੰਝ ਮਹਿਸੂਸ ਹੋਇਆ ਕੇ ਕਾਸ਼ ਧਰਤੀ ਆਪਣਾ ਸੀਨਾ ਪਾੜ ਥੋੜਾ ਜਿਹਾ ਲਾਂਹਗਾ ਹੀ ਦੇ ਦੇਵੇ ਤਾਂ ਕੇ ਉਸ ਵਿਚ ਸਦਾ-ਸਦਾ ਲਈ ਸਮੋ ਜਾਵਾਂ ਕਿਓੰਕੇ ਮੇਰੇ ਹੱਥੋਂ ਤੌਲੀਆ ਫੜਦੀ ਹੋਈ ਉਹ ਅੱਜ ਬਿਲਕੁਲ ਵੀ ਹੱਸ ਨਹੀਂ ਸੀ ਰਹੀ ਸਗੋਂ ਉਸਦੀਆਂ ਅੱਖਾਂ ਵਿਚ ਪਹਿਲੀ ਵਾਰ ਮੋਟੇ ਮੋਟੇ ਹੰਜੂ ਸਨ..!
ਸੋ ਦੋਸਤੋ ਹਯਾਤੀ ਦੇ ਸਫ਼ਰ ਵਿਚ ਕੁਝ ਪੈਂਡੇ ਐਸੇ ਹੁੰਦੇ ਨੇ ਜਿਥੇ ਪੈਰ ਨਹੀਂ ਸਗੋਂ ਇਨਸਾਨ ਦੀ ਮਾਨਸਿਕਤਾ ਥੱਕ ਜਾਇਆ ਕਰਦੀ ਏ..ਅਤੇ ਕਈ ਵੇਰ ਖੁਦ ਦੀਆਂ ਨਜਰਾਂ ਵਿਚੋਂ ਡਿੱਗਿਆਂ ਇਨਸਾਨ ਭੋਏਂ ਤੇ ਨਹੀਂ ਸਗੋਂ ਐਸੀ ਡੂੰਘੀ ਸੁਰੰਗ ਵਿਚੋਂ ਜਾ ਡਿੱਗਦਾ ਜਿਸਦਾ ਥੱਲਾ ਹੁੰਦਾ ਹੀ ਨਹੀਂ..!
ਹਰਪ੍ਰੀਤ ਸਿੰਘ
Access our app on your mobile device for a better experience!