“ਉਮਰ ਦਰਾਜ਼”
ਸਰਵਣ ਘਰੋਂ ਜਾਣ ਲੱਗਿਆ ਤਾਂ ਪਤਨੀ ਨੇ ਕਿਹਾ, “ਅੱਜ ਦਿਹਾੜੀ ਲੱਗ ਜਾਵੇ ਤਾਂ ਚੰਗਾ ਹੈ ਕਿਉਂਕਿ ਤਿੰਨ ਦਿਨ ਤਾਂ ਜਿਵੇਂ ਤਿਵੇਂ ਜੂਨ ਗੁਜ਼ਾਰਾ ਕਰਦੀ ਰਹੀ ਹਾਂ ਪਰ ਹੁਣ ਪੀਪਾ ਮੂਧਾ ਪਿਆ।ਮੁਫਤ ਮਿਲਦੀ ਸਰਕਾਰੀ ਕਣਕ ਵੀ ਕਦੋਂ ਦੀ ਖਤਮ ਹੋ ਗਈ। ” ਸਰਵਣ ਨੇ ਕੋਈ ਜੁਆਬ ਨਾ ਦਿੱਤਾ ਤੇ ਚੁੱਪ ਚਾਪ ਸਾਈਕਲ ਦੇ ਨਾਲ ਹੀ ਫਿਕਰਾਂ ਦੀ ਪੰਡ ਚੁੱਕ ਕੇ ਵਾਹੋ ਦਾਹੀ ਸਾਈਕਲ ਚਲਾਉਂਦਾ ਤਿੰਨ ਕਿਲੋਮੀਟਰ ਦੂਰ ਸ਼ਹਿਰ ਦੇ ਲੇਬਰ ਚੌਂਕ ਤੇ ਆ ਕੇ ਖੜ੍ਹਾ ਹੋ ਗਿਆ।
ਇੱਕ ਠੇਕੇਦਾਰ ਆਇਆ ਤੇ ਚੁਣ ਚੁਣ ਕੇ ਨੌਜਵਾਨ ਮਿਸਤਰੀ ਤੇ ਮਜ਼ਦੂਰ ਲੈ ਗਿਆ। ਸਰਵਣ ਦੋ ਵਾਰ ਅੱਗੇ ਵਧਿਆ ਪਰ ਠੇਕੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਪਿੱਛੇ ਹੋਣ ਨੂੰ ਕਿਹਾ। ਘਰੋਂ ਚੱਲਣ ਲੱਗਿਆ ਕਹੇ ਪਤਨੀ ਦੇ ਸ਼ਬਦ ਤੇ ਬੱਚਿਆਂ ਦੇ ਚਿਹਰੇ ਅੱਖਾਂ ਅੱਗੇ ਆਉਂਦਿਆਂ ਹੀ ਕਲੇਜਾ ਮੂੰਹ ਨੂੰ ਆਉਣ ਲੱਗਾ।ਉਹ ਸੋਚਾਂ ਵਿੱਚੋਂ ਉਦੋਂ ਬਾਹਰ ਨਿਕਲਿਆ ਜਦੋਂ ਲੇਬਰ ਚੌਂਕ ਦੀ ਘੜੀ ਨੇ ਨੌਂ ਵਜੇ ਦਾ ਅਲਾਰਮ ਵਜਾਇਆ। ਅਲਾਰਮ ਵੱਜਦੇ ਹੀ ਉਹਦੇ ਦਿਲ ਦੀ ਧੜਕਣ ਤੇਜ ਹੋ ਗਈ ਕਿ ਅੱਜ ਵੀ ਖਾਲੀ ਹੱਥ ਘਰ ਮੁੜਨਾ ਪਊ।
ਉਹ ਇਹਨਾਂ ਸੋਚਾਂ ਵਿੱਚ ਹੀ ਗੁੰਮ ਸੀ ਕਿ ਇੱਕ ਕਾਰ ਦੇ ਹਾਰਨ ਨੇ ਉਹਨੂੰ ਸੋਚਾਂ ਦੀ ਘੁੰਮਣਘੇਰੀ ਵਿੱਚੋਂ ਬਾਹਰ ਕੱਢਿਆ। ਕਾਰ ਵਾਲੇ ਨੇ ਕਾਰ ਵਿੱਚ ਬੈਠੇ ਹੀ ਸਿਰ ਬਾਹਰ ਕੱਢ ਕੇ ਪੁੱਛਿਆ, “ਕਿਉਂ ਬਈ...
ਚਲਣੈਂ, ਇੱਕ ਦਿਨ ਦੀ ਮਜ਼ਦੂਰੀ ਦਾ ਕੰਮ ਹੈ।ਸਰਵਣ ਨੇ ਫਟਾਫਟ ਕਿਹਾ, “ਹਾਂ ਜੀ–ਹਾਂ ਜੀ ਚੱਲਾਂਗਾ।ਵੈਸੇ ਤਾਂ ਉਹ ਰਾਜ ਮਿਸਤਰੀ ਸੀ ਪਰ ਸੋਚਿਆ ਕਿ ਚਲੋ ਜੋ ਕੰਮ ਮਿਲ ਰਿਹਾ, ਉਹ ਹੀ ਸਹੀ।ਬੱਚਿਆਂ ਨੂੰ ਭੁੱਖੇ ਤਾਂ ਨਹੀਂ ਸੌਣਾ ਪਏਗਾ।
ਹਾਂ ਬਈ,ਕੀ ਮਜ਼ਦੂਰੀ ਲਏਂਗਾ? “ਹਾਂ ਜੀ ਸਾਹਿਬ, ਮਜ਼ਦੂਰ ਦੀ ਦਿਹਾੜੀ ਤਾਂ ਪੰਜ ਸੌ ਹੈ। ਉਹ ਦੇਖੋ,ਲੇਬਰ ਚੌਂਕ ਦੇ ਬੋਰਡ ਤੇ ਲਿਖ ਕੇ ਲਾਇਆ ਹੋਇਆ ਹੈ। “ਸਰਵਣ ਨੇ ਕਿਹਾ।
ਸਾਹਿਬ ਮੂੰਹ ਵਿੰਗਾ ਕਰਦਾ ਬੋਲਿਆ, “ਉਹ ਤਾਂ ਠੀਕ ਹੈ ਪਰ ਤੂੰ ਹੈ ਤਾਂ ਉਮਰ ਦਰਾਜ਼। “ਨਹੀਂ ਸਾਹਿਬ ਜੀ,ਇਹ ਤਾਂ ਗਰੀਬੀ ਨੇ ਮਾਰ ਦਿੱਤਾ। ਮੈਂਨੂੰ ਤਾਂ ਅਜੇ ਚਾਲੀਵਾਂ ਲੱਗਿਆ। “ਸਰਵਣ ਨੇ ਕਿਹਾ।
ਅੱਛਾ,ਮੁੱਕਦੀ ਗੱਲ ਇਹ ਹੈ— ਚਾਰ ਸੌ ਵਿੱਚ ਚਲਣਾ ਤਾਂ ਵੇਖ ਲੈ।”
ਸਰਵਣ ਦੀ ਜੀਭ ਠਾਕੀ ਗਈ ਪਰ ਹਾਂ ਵਿੱਚ ਸਿਰ ਹਿਲਾਇਆ। ਕਾਰ ਬਾਬੂ ਆਪਣੀ ਜਿੱਤ ਤੇ ਧੌਣ ਅਕੜਾ ਕੇ ਕਾਰ ਚਲਾ ਰਿਹਾ ਸੀ ਤੇ ਸਰਵਣ ਗਰੀਬੀ ਤੇ ਲਾਚਾਰੀ ਦੇ ਬੋਝ ਥੱਲੇ ਦੱਬੀ ਧੌਣ ਝੁਕਾ ਕੇ ਕਾਰ ਦੇ ਪਿੱਛੇ ਪਿੱਛੇ ਸਾਈਕਲ ਘਸੀਟ ਰਿਹਾ ਸੀ।
ਕੈਲਾਸ਼ ਠਾਕੁਰ
ਨੰਗਲ ਟਾਊਨ ਸ਼ਿਪ।