More Punjabi Kahaniya  Posts
ਵੱਸਦੇ ਰਹੋ ਤੇ ਉੱਜੜ ਜਾਓ


ਅਖੀਰ ਕਨੇਡਾ ਅੱਪੜ ਹੀ ਗਈ..
ਇੰਝ ਲੱਗਾ ਸੁਫਨਿਆਂ ਦੇ ਦੇਸ਼ ਆ ਗਈ ਹੋਵਾਂ..ਹਰ ਚੀਜ ਸਾਫ ਸੁਥਰੀ..ਲਿਸ਼ਕਦੀ..ਗੋਰੇ ਗੋਰੀਆਂ..ਚਿੱਟੀ ਚਮੜੀ..ਜਿਹੜਾ ਕੁਝ ਕਦੀ ਫ਼ਿਲਮਾਂ ਦਾ ਸ਼ਿੰਗਾਰ ਹੋਇਆ ਕਰਦਾ ਸੀ..ਅੱਜ ਸਾਮਣੇ ਵਿਚਰ ਰਿਹਾ ਸੀ..!
ਇੱਕ ਹੋਰ ਖੁਸ਼ੀ ਸੀ..ਉਸ ਕਤਾਰ ਵਿਚ ਆਣ ਖਲੋਤੀ ਸਾਂ..ਜਿਸ ਵਿਚ ਪਹਿਲੋਂ ਖਲੋਤੇ ਹੋਏ ਅਕਸਰ ਅਰਸ਼ੋਂ ਉੱਤਰੇ ਲਗਿਆ ਕਰਦੇ..!
ਕਿਰਾਏ ਦੇ ਘਰ ਵਾਸਤੇ ਅਰਜੀ ਦਿੱਤੀ..
ਬਾਕੀਆਂ ਨਾਲੋਂ ਥੋੜਾ ਸਸਤਾ ਸੀ..ਮੈਂ ਅਤੇ ਇੱਕ ਹੋਰ ਮੁੰਡਾ..ਪੱਗ ਤੇ ਦਾਹੜੀ ਵਾਲਾ..ਮੈਂ ਅੰਦਰੋਂ ਅੰਦਰੀ ਨੱਕ ਬੁੱਲ ਵੱਟਣ ਲੱਗੀ..ਇਹ ਕਿਥੋਂ ਆ ਗਿਆ..ਮੇਰਾ ਬਣਦਾ ਕੰਮ ਵੀ ਖਰਾਬ ਕਰੂ..
ਅਖੀਰ ਗੱਲਬਾਤ ਮਗਰੋਂ ਮੈਨੂੰ ਕਮਰਾ ਮਿਲ ਗਿਆ..
ਕਨੇਡਾ ਵਿਚ ਨਾਂਹ ਵੀ ਬੜੇ ਸਭਿਅਕ ਤਰੀਕੇ ਨਾਲ ਕੀਤੀ ਜਾਂਦੀ..ਸੱਪ ਵੀ ਮਾਰ ਦਿੰਦੇ ਤੇ ਸੋਟੀ ਵੀ ਨਹੀਂ ਟੁੱਟਣ ਦਿੰਦੇ!
ਉਸਨੂੰ ਆਖਣ ਲੱਗੇ..ਜੇ ਆਹ ਕੁੜੀ ਵੱਲੋਂ ਨਾਂਹ ਹੋ ਗਈ ਤਾਂ ਫੇਰ ਕਾਲ ਕਰਾਂਗੇ..!
ਉਸ ਨੇ ਆਪਣਾ ਬੈਕ-ਪੈਕ ਚੁੱਕਿਆ ਤੇ ਚੁਪਚਾਪ ਚਲਿਆ ਗਿਆ..ਕੋਈ ਪ੍ਰਤੀਕਿਰਿਆ ਨਹੀਂ..ਕੋਈ ਅਫਸੋਸ ਨਹੀਂ..ਮਨ ਵਿਚ ਆਖਿਆ..ਇਹ ਤਾਂ ਮੁੰਡਾ ਏ ਆਪੇ ਲੱਭ ਹੀ ਲਊ..ਜਿਆਦਾ ਲੋੜ ਤਾਂ ਮੈਨੂੰ ਸੀ..!
ਫੇਰ ਲਾਗੇ ਹੀ ਇੱਕ ਆਪਣੇ ਸਟੋਰ ਤੇ ਨੌਕਰੀ ਮਿਲ ਗਈ..ਮੈਨੂੰ ਰਾਤੀ ਸਟੋਰ ਬੰਦ ਕਰ ਕੇ ਸਟੋਰ ਸਫਾਈ ਵਾਲਿਆਂ ਦੇ ਹਵਾਲੇ ਕਰ ਕੇ ਆਉਣਾ ਪੈਂਦਾ..!
ਮੈਂ ਓਥੋਂ ਜਾਂਦੀ ਤੇ ਉਹ ਸਫਾਈ ਕਰਨੀ ਸ਼ੁਰੂ ਕਰ ਦਿੰਦੇ..!
ਇੱਕ ਦਿਨ ਕੰਮ ਤੇ ਆਈ ਤਾਂ ਮਾਲਕ ਆਖਣ ਲੱਗਾ ਕੇ ਕੁਝ ਚੀਜਾਂ ਟੁੱਟ ਗਈਆਂ ਨੇ..ਸੀ ਸੀ ਟੀ ਵੀ ਉਸ ਖੂੰਝੇ ਨੂੰ ਚੰਗੀ ਤਰਾਂ ਕਵਰ ਨਹੀਂ ਕਰਦਾ..ਸਫਾਈ ਵਾਲਾ ਠੇਕੇਦਾਰ ਆਖਦਾ ਏ ਕੇ ਇਹ ਸਾਡੇ ਬੰਦਿਆਂ ਦਾ ਕੰਮ ਨਹੀਂ..ਸਮਾਨ ਕੀਮਤੀ ਸੀ..ਮੇਰੇ ਹੋਸ਼ ਉੱਡ ਗਏ..!
ਬਥੇਰੇ ਸਪਸ਼ਟੀਕਰਨ ਦਿੱਤੇ ਸਫਾਈਆਂ ਦਿੱਤੀਆਂ ਪਰ ਉਸ ਦੀ ਤਸੱਲੀ ਨਹੀਂ ਹੋਈ..
ਅਖੀਰ ਮੇਰੀ ਤਨਖਾਹ ਵਿਚੋਂ ਪੈਸੇ ਕੱਟ ਲਏ ਗਏ..ਨਵਾਂ ਦੇਸ਼ ਨਵੇਂ ਕਾਇਦੇ...

ਕਨੂੰਨ..ਮੈਂ ਰੱਬ ਦਾ ਭਾਣਾ ਮੰਨ ਸਭ ਕੁਝ ਸਹਿ ਲਿਆ..!
ਫੇਰ ਕੁਝ ਦਿਨ ਬਾਅਦ ਆਖਣ ਲੱਗਾ ਕੇ ਉਹ ਕੱਟੇ ਹੋਏ ਪੈਸੇ ਵਾਪਿਸ ਤੇਰੀ ਤਨਖਾਹ ਵਿਚ ਪਾ ਰਿਹਾ..
ਅਸਲ ਬੰਦੇ ਦਾ ਪਤਾ ਲੱਗ ਗਿਆ..ਆਪੇ ਆ ਗਿਆ ਅਖ਼ੇ ਮੈਥੋਂ ਟੁੱਟ ਗਿਆ ਸੀ..ਠੇਕੇਦਾਰ ਨੇ ਮਨਾ ਕੀਤਾ ਸੀ..!
ਮੈਂ ਉਸ ਮੁੰਡੇ ਦਾ ਹੁਲੀਆ ਪੁਛਿਆ..ਫੇਰ ਪਛਾਣ ਲਿਆ..ਇਹ ਤਾਂ ਓਹੀ ਸੀ..!
ਸੱਚ ਬੋਲਿਆ..ਨੌਕਰੀ ਗਈ..ਫੇਰ ਤੋਂ ਓਹੀ ਤਲਾਸ਼..ਖੱਜਲ ਖੁਵਾਰੀ..ਇੱਕ ਦਿਨ ਪਲਾਜ਼ੇ ਵਿਚ ਮਿਲ ਗਿਆ..
ਪੁੱਛਿਆ ਇੰਝ ਕਿਓਂ ਕੀਤਾ ਸੀ..ਪਹਿਲਾਂ ਗੱਲ ਟਾਲ ਗਿਆ..ਫੇਰ ਜ਼ੋਰ ਪਾਇਆ ਤੇ ਆਖਣ ਲੱਗਾ..ਮਾਂ ਬਾਪ ਨਿੱਕੇ ਹੁੰਦਿਆਂ ਤੋਂ ਹੈਨੀ ਨੇ..ਨਾਨਕਿਆਂ ਨੇ ਹੀ ਪਾਲਿਆ..ਇੱਕ ਤੇਰੀ ਕੂ ਉਮਰ ਦੀ ਨਿੱਕੀ ਭੈਣ ਏ..ਏਧਰ ਆਉਣ ਲੱਗਾ ਤਾਂ ਉਚੇਚਾ ਆਖਣ ਲੱਗੀ..ਵੀਰੇ ਇੱਕ ਕੰਮ ਕਰੀਂ..ਕਿਸੇ ਮੇਰੇ ਵਰਗੀ ਨਾਲ ਨਾ ਤੇ ਧੱਕਾ ਕਰੀਂ ਤੇ ਨਾ ਧੋਖਾ..ਬੱਸ ਅੱਜ ਤੱਕ ਉਸਦੀ ਗੱਲ ਪੱਲੇ ਬੰਨੀਂ ਏ..!

ਏਨੀ ਗੱਲ ਆਖ਼ ਤੁਰ ਗਿਆ..ਫੇਰ ਕਦੀ ਨਹੀਂ ਮਿਲਿਆ..

ਪਰ ਮੈਂ ਕਿੰਨਾ ਚਿਰ ਓਥੇ ਖਲੋਤੀ ਰਹੀ..ਬੁੱਤ ਬਣੀ..ਉਸ ਪੱਗਾਂ ਦਾਹੜੀਆਂ ਵਾਲੇ ਪੰਥ ਦੀ ਸਥਾਪਨਾ ਕਰਨ ਵਾਲੇ ਹੱਲ ਵਾਹੁੰਦੇ ਬਾਬੇ ਨਾਨਕ ਨੂੰ ਯਾਦ ਕਰਦੀ..ਜਿਸਨੇ ਕਿਸੇ ਵੇਲੇ ਆਖਿਆ ਸੀ “ਵੱਸਦੇ ਰਹੋ ਤੇ ਉੱਜੜ ਜਾਓ”..ਫੇਰ ਅਰਦਾਸ ਕੀਤੀ ਇਹ ਕੌਮ ਉੱਜੜਦੀ ਵੀ ਰਹੇ ਪਰ ਲੋਕਾਂ ਦੀ ਭਲਾਈ ਦੀ ਖਾਤਿਰ..ਤੇ ਹਰ ਭੈਣ ਆਪਣੇ ਜਹਾਜੇ ਚੜ੍ਹਦੇ ਵੀਰ ਦੇ ਕੰਨੀ ਇਹੋ ਗੱਲ ਵੀ ਜਰੂਰ ਹੀ ਪਾਉਂਦੀ ਰਹੇ..ਕੇ ਕਿਸੇ ਨਾਲ ਧੱਕਾ ਨਹੀਂ ਤੇ ਨਾ ਹੀ ਧੋਖਾ..ਅੱਜ ਤੱਕ ਸੁਖਾਂ ਮੰਗਦੀ ਹਾਂ ਉਹ ਜਿਥੇ ਵੀ ਹੋਵੇ ਚੜ੍ਹਦੀ ਕਲਾ ਵਿਚ ਹੋਵੇ!
(ਅਸਲ ਵਾਪਰੀ)

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

6 Comments on “ਵੱਸਦੇ ਰਹੋ ਤੇ ਉੱਜੜ ਜਾਓ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)