Posts Uploaded By ਬੱਚਿਆਂ ਦੀਆਂ ਕਹਾਣੀਆਂ

Sub Categories

ਬੱਸ ਭਰੀ ਹੋਈ ਸੀ ਤੇ ਕਾਲਜ ਮੋਹਰੇ ਰੁਕੀ ਤਾਂ ਕਾਲਜ ਵਿਚ ਪੜਦੇ ਕਈ ਮੁੰਡੇ ਕੁੜੀਆਂ ਸਵਾਰ ਹੋ ਗਏ ….ਧੱਕੇ ਪੈਂਦੇ ਹੋਣ ਕਰਕੇ ਦੋ ਮੁੰਡਿਆਂ ਨੇ ਆਪਣੀਆਂ ਕਿਤਾਬਾਂ ਵਾਲੀ ਕਿੱਟ ਸੀਟ ਤੇ ਬੈਠੀਆਂ ਨਾਲ ਪੜਨ ਵਾਲਿਆਂ ਹਮਜਮਾਤਣਾ ਨੂੰ ਫੜਾ ਦਿਤੀ ਤੇ ਸੋਖੇ ਹੋ ਕੇ ਖੱੜ ਗਏ …ਅਗਲੇ ਇਕ ਦੋ ਅੱਡਿਆਂ ਤੇ ਕਾਫੀ ਸਵਾਰੀਆਂ ਉੱਤਰ ਗਈਆਂ ਤੇ ਤਕਰੀਬਨ ਖਾਲੀ ਹੋ ਚੁਕੀ ਬਸ ਵਿਚ ਸਿਰਫ ਕੁਛ ਬਜ਼ੁਰਗ ਬੰਦੇ ,ਮਾਈਆਂ ਤੇ ਕਾਲਜ ਦੇ ਮੁੰਡੇ ਕੁੜੀਆਂ ਰਹਿ ਗਏ … ਏਨੇ ਨੂੰ ਇਕ ਕੁੜੀ ਨਾਲ ਦੀ ਸੀਟ ਖਾਲੀ ਦੇਖ ਮੁੰਡਾ ਵੀ ਬਹਿ ਗਿਆ ਤੇ ਓਹਨੇ ਆਪਣੀ ਕਿੱਟ ਫੜ ਧੰਨਵਾਦ ਕਿਹਾ ਤੇ ਆਪਣੇ ਆਪ ਵਿਚ ਮਸਤ ਹੋ ਗਿਆ …ਦੋ ਬਾਬੇ ਪਿਛਿਓ ਇਹ ਸਭ ਦੇਖ ਉੱਚੀ ਉੱਚੀ ਗੱਲਾਂ ਕਰਨ ਲਗ ਪਏ “ਦੇਖ ਤਾ ਕਿਵੇਂ ਸੰਗ ਸ਼ਰਮ ਲਾਹੀ ਆ ,ਨਾ ਕੁੜੀ ਦੇ ਸਿਰ ਤੇ ਚੁੰਨੀ ਆ ਨਾ ਮੁੰਡੇ ਨੂੰ ਕੋਈ ਸ਼ਰਮ ਆ …ਹੋਰ ਸੀਟ ਨੀ ਦਿਸੀ ..ਓਥੇ ਹੀ ਬੈਠਣਾ ਸੀ ??” “ਤੈਨੂੰ ਕਿ ਪਤਾ ??ਇਹ ਕਿਤੇ ਪੜਨ ਆਉਂਦੇ ਆ ??ਹੁੰਦਾ ਕਿ ਆ ਇਹਨਾਂ ਦੇ ਪੱਲੇ ,ਆਹ ਚਾਰ ਕ ਕਿਤਾਬਾਂ ਚੁਕੀ ਫਿਰਦੇ ਹੁੰਦੇ ,ਖਬਰੇ ਪੱੜਦੇ ਵੀ ਆ ਕਿ ਨਹੀਂ…ਆਪਣੇ ਵੇਲੇ ਭਲੇ ਸੀ ..ਧੀ ਪੁੱਤ ਨੂੰ ਸੰਗ ਸ਼ਰਮ ਹੁੰਦੀ ਸੀ …ਹੁਣ ਕਿਥੇ ??” “ਹੁਣ ਤਾਂ ਬਸ ਆਸ਼ਕੀ ਰਹਿ ਗਈ ਆ ਪੱਲੇ ਇਹਨਾਂ ਦੇ ..ਬਸ ਓਹ ਜਿਨੀ ਮਰਜੀ ਕਰਾ ਲੋ ”
ਓਹਨਾ ਦਾ ਹੋਰ ਵਾਰਤਾਲਾਪ ਚਲਦਾ ਰਹਿਣਾ ਸੀ ਜੇਕਰ ਕੁੜੀ ਓਹਨਾ ਨੂੰ ਖੜੀ ਹੋ ਕੇ ਨਾ ਟੋਕਦੀ … “ਇਕ ਮਿੰਟ ਬਾਬਾ ਜੀ …ਹੁਣ ਹੋਰ ਨਾ ਕੁਛ ਕਿਹੋ ..ਪਹਿਲਾ ਮੇਰੀ ਵੀ ਸੁਣ ਲੋ …ਤੁਸੀਂ ਬਹੁਤ ਸਮੇ ਤੋਂ ਬੋਲ ਰਹੇ ਤੇ ਅਸੀਂ ਸੁਣ ਰਹੇ …ਪਹਿਲੀ ਗੱਲ ,ਸੰਗ ਸ਼ਰਮ ਤੇ ਇੱਜਤ ਦਿਲ ਚ ਹੋਣੀ ਚਾਹੀਦੀ ..ਹਰ ਕੁੜੀ ਜੋ ਸਿਰ ਢਕ ਕੇ ਰੱਖਦੀ ,ਜਰੂਰੀ ਨੀ ਸਾਧਣੀ ਆ ਤੇ ਮੇਰੇ ਨਾਲ ਮੇਰੀ ਕਲਾਸ ਵਿਚ ਪੜਨ ਵਾਲਾ ,ਜੇ ਮੇਰੇ ਨਾਲ ਬੱਸ ਵਿਚ ਬਹਿ ਵੀ ਗਿਆ ਤਾ ਕਿ ਹੋ ਗਿਆ …ਕਿ ਸਿਰਫ ਆਸ਼ਕ ਮਸ਼ੂਕ ਹੀ ਬੈਠ ਸਕਦੇ ??ਕਿ ਮੁੰਡੇ ਕੁੜੀ ਦਾ ਸਾਫ ਸੁਥਰੀ ਦੋਸਤੀ ਦਾ ਰਿਸ਼ਤਾ ਨੀ ਹੋ ਸਕਦਾ ??ਕਿਉਂ ਇਸ ਰਿਸ਼ਤੇ ਦੀ ਸਫਾਈ ਦੇਣ ਲਈ ਉਸ ਉਤੇ ਭੈਣ ਭਰਾ ਹੋਣ ਦਾ ਠਪਾ ਲਾਉਣਾ ਜਰੂਰੀ ਆ ??” ਹੁਣ ਮੁੰਡੇ ਦੀ ਵਾਰੀ ਸੀ “ਨਾਲੇ ਕਿਹੜੇ ਭਲੇ ਵੇਲਿਆਂ ਦੀਆ ਗੱਲਾਂ ਕਰਦੇ ਹੋ ਤੁਸੀਂ ??ਕਿ ਤੁਹਾਡੇ ਵੇਲੇ ਨੀ ਰਿਸ਼ਤਿਆਂ ਦੀਆ ਮਰਿਆਦਾ ਟੁੱਟਦੀਆਂ ਸੀ ??ਉਹ ਗੱਲ ਵੱਖਰੀ ਸੀ ਕਿ ਗੱਲ ਬਾਹਰ ਨੀ ਸੀ ਆਉਣ ਦਿਤੀ ਜਾਂਦੀ …ਸਾਡੇ ਸਮੇ ਦੀਆ ਬੁਰਿਆਈਆ ਤਾ ਬਹੁਤ ਦਿਖਦੀਆਂ ਹਨ ,ਇਹ ਦਸੋ ਕਿ ਤੁਸੀਂ ਆਪਣੇ ਵਕ਼ਤ ਦੀਆਂ ਕਿੰਨੀਆ ਕ ਬੁਰਾਈਆਂ ਖਤਮ ਕਰ ਸਕੇ ਆ ??ਦਾਜ ਦੀ ਸੱਮਸਿਆ ,ਵਿਆਹ ਵੇਲੇ ਵਾਧੂ ਦੇ ਖਰਚੇ ,ਸ਼ਰਾਬ ਤੇ ਹੋਰ ਨਸ਼ੇ ਵਰਤਣੇ ,ਜਾਤ ਪਾਤ ,ਕੁੜੀਆਂ ਨੂੰ ਨਾਜਾਇਜ ਡਰਾ ਕੇ ਰੱਖਣਾ ,ਘਰ ਦੀ ਜਨਾਨੀ ਨੂੰ ਪੈਰ ਦੀ ਜੁੱਤੀ ਸਮਝਣਾ ਤੇ ਜਦੋ ਦਿਲ ਕੀਤਾ ਜਾਨਵਰਾਂ ਵਾਂਗੂ ਕੁੱਟ ਸਿਟਣਾ…ਬਿਨਾ ਵਜਾ ਜਿਦਾਂ ਪੁਗਾਉਣੀਆਂ ,ਦਸੋ ਇਹ ਸਾਡੀ ਪੀੜੀ ਦੇ ਕੰਮ ਆ ??ਨਹੀਂ ਜੀ ,ਪਿੱਛੇ ਤੋਂ ਹੀ ਚਲਦੇ ਆਏ ਆ ਜੀ ….. ਰੱਬ ਨੂੰ ਬਹੁਤ ਮੰਨਦੇ ਆ ਨਾ ਤੁਸੀਂ ,ਗੁਰੂਆਂ ਪੀਰਾਂ ਨੂੰ ਵੀ ਮੰਨਦੇ ਹੋ ਪਰ ਜਾਤ ਪਾਤ ਨੂੰ ਸਭ ਤੋਂ ਵੱਧ ਤੁਸੀਂ ਘੁੱਟ ਕੇ ਫੜਿਆ ਹੋਇਆ ਆ ….ਜੇ ਕੋਈ ਬੋਲੇ ਤਾ ਫਿਰ ਤੁਹਾਡਾ ਹੰਕਾਰ ਤੁਹਾਨੂੰ ਟਿਕਣ ਨੀ ਦਿੰਦਾ ਆਖੇ ਅਸੀਂ ਸਿਆਣੇ ਆਂ ਤੇ ਜੁਰਤ ਕਿਦਾਂ ਪੈ ਗਈ
ਸਾਡੇ ਮੋਹਰੇ ਬੋਲਣ ਦੀ,ਭਾਵੇ ਅਗਲਾ ਆਪਣੀ ਜਗਾ ਸਹੀ ਹੋਵੇ … ਮਾਫ ਕਰਨਾ ,ਕਲੀਨ ਚਿੱਟ ਜੋਗੇ ਤਾ ਤੁਸੀਂ ਵੀ ਨੀ ਬਾਬਿਓ ”
ਏਨੀਆਂ ਖਰੀਆਂ ਖਰੀਆਂ ਸੁਣ ਬਾਬਿਆਂ ਦਾ ਮੂੰਹ ਉੱਤਰ ਗਿਆ ਤੇ ਸਾਰੀ ਬਸ ਵਿਚ ਇਕ ਦਮ ਸ਼ਾਂਤੀ ਪਸਰ ਗਈ …

...
...

ਜੈਲਾ ਮੰਜੇ ਤੇ ਪਿਆ ਡੂੰਘੀ ਚਿੰਤਾ ਵਿੱਚ ਸੀ। ਪਹਿਲਾਂ ਭਲਾਂ ਉਸਨੇ ਕਦੇ ਪੈਗ ਨਹੀਂ ਲਾਇਆ ਸੀ ਪਰ ਪਿਛਲੇ ਦਸਾਂ ਦਿਨਾਂ ਤੋਂ ਉਹ ਲਗਾਤਾਰ ਦੋ-ਤਿੰਨ ਪੈਗ ਲਾ ਲੈਂਦਾ ਸੀ। ਉਸਦੇ ਇਸ ਵਿਵਹਾਰ ਤੋਂ ਆਂਢ-ਗੁਆਂਢ ਭਲੀ-ਭਾਤੀਂ ਜਾਣੂ ਸੀ ਕਿਉਂਕਿ ਉਸਦਾ ਪੁੱਤਰ ਮਿੰਦਾ ਨਸ਼ੇ ਵਾਲੀ ਮੰਡੀਰ ਨਾਲ ਰਲ ਕੇ ਚਿੱਟਾ ਲਾਉਣ ਲੱਗ ਪਿਆ ਸੀ। ਹਰ ਵਕਤ ਉਹ ਨਸ਼ੇ ਵਿੱਚ ਟੁੱਲ ਤੇ ਕਿਤੇ ਨਸ਼ੇ ਦੀ ਤੋਟ ਕਾਰਨ ਤੜਫੜਾਉਂਦਾ ਰਹਿੰਦਾ ਸੀ। ਇਹੀ ਗੱਲ ਜੈਲੇ ਵਰਗੇ ਸਿਰੜੀ ਬੰਦੇ ਨੂੰ ਅੰਦਰੋਂ-ਅੰਦਰੀਂ ਖਾਈ ਜਾ ਰਹੀ ਸੀ ਕਿ ਮੈਂ ਮਹਿਜ ਤਿੰਨ ਕਿੱਲਿਆਂ ਦੀ ਖੇਤੀ ਤੇ ਮਿਹਨਤ ਕਰਕੇ ਪਰਿਵਾਰ ਨੂੰ ਪਾਲਿਆ ਸੀ। ਮੇਰੇ ਵਿੱਚ ਕਿਹੜੀ ਊਣਤਾਈ ਰਹਿ ਗਈ ਕਿ ਰੱਬ ਨੇ ਮੈਨੂੰ ਇਹ ਸਜਾ ਦਿੱਤੀ। ਭਾਵੇਂ ਕਿ ਜੈਲੇ ਨੇ ਆਪਣੀ ਧੀ ਕੰਮੋ ਨੂੰ ਸਰਕਾਰੀ ਸਕੂਲ ਵਿੱਚ ਪੜਨੇ ਪਾਇਆ ਸੀ ਪਰ ਮਿੰਦੇ ਨੂੰ ਗੁਆਂਢੀ ਪਿੰਡ ਦੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਦਵਾਇਆ ਸੀ।ਜੈਲੇ ਦਾ ਖਿਆਲ ਸੀ ਕਿ ਆਪ ਤਾਂ ਸਾਰੀ ਉਮਰ ਉਹ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ ਪਰ ਆਪਣੇ ਪੁੱਤਰ ਨੂੰ ਪੜਾ ਕੇ ਕਿਸੇ ਰੁਜਗਾਰ ਜੋਗਾ ਕਰ ਦੇਵੇ। ਮਿੰਦੇ ਦੀ ਪੜਾਈ ਵਾਲਾ ਕੰਮ ਭਾਵੇਂ ਉਸਤੋਂ ਵਿਤੇ ਬਾਹਰਾ ਸੀ ਪਰ ਉਸਨੇ ਔਖਾ ਹੋ ਕੇ ਆਪਣੇ ਬੱਚੇ ਦੇ ਭਵਿੱਖ ਲਈ ਕੁਝ ਕਰਜਾ ਹੋਰ ਚੁੱਕ ਲਿਆ ਸੀ। ਉਸਦੀ ਧੀ ਕੰਮੋ ਪੜਾਈ ਵਿੱਚ ਹੁਸ਼ਿਆਰ ਸੀ ਤੇ ਹੁਣ ਉਹ ਗਿਆਰਵੀਂ ਜਮਾਤ ਵਿੱਚ ਹੋ ਗਈ ਸੀ। ਅਤਿ ਦਰਜੇ ਦੀ ਉਹ ਸਿਆਣੀ ਸੀ ਤੇ ਮਿਹਨਤੀ ਸੀ ਆਪਣੀ ਮਾਂ ਵਾਂਗ। ਜੈਲੇ ਦੀ ਪਤਨੀ ਪਰਿਵਾਰ ਦੇ ਗੁਜਾਰੇ ਲਈ ਸਿਲਾਈ ਕਢਾਈ ਦਾ ਕੰਮ ਕਰ ਲੈਂਦੀ ਸੀ ਤੇ ਨਾਲ ਹੀ ਕੰਮੋ ਨੂੰ ਵੀ ਲਾ ਛੱਢਦੀ। ਜੈਲੇ ਦੀ ਪਤਨੀ ਭਾਵੇਂ ਉਸਨੂੰ ਬਥੇਰੇ ਦਿਲਾਸੇ ਦਿੰਦੀ ਪਰ ਹੁਣ ਉਹ ਦਿਲ ਢਾਅ ਚੁੱਕਿਆ ਸੀ ਕਿਉਂਕਿ ਮਿੰਦੇ ਦੀ ਇਸ ਹਰਕਤ ਨੇ ਉਸਨੂੰ ਅਸਲੋਂ ਹਾਉਲਾ ਕਰ ਦਿੱਤਾ ਸੀ। ਕਦੇ ਸਮਾਂ ਸੀ ਜਦੋਂ ਉਹ ਮਿੰਦੇ ਨੂੰ ਛੋਟੇ ਹੁੰਦੇ ਨੂੰ ਚੌੜ ਵਿੱਚ ਸ਼ੇਰ ਪੁੱਤ,ਸ਼ੇਰ ਪੁੱਤ ਕਹਿੰਦਾ ਥੱਕਦਾ ਨਹੀਂ ਸੀ , ਉਸਨੂੰ ਆਸ ਸੀ ਕਿ ਮਿੰਦਾ ਵੱਡਾ ਹੋ ਕੇ ਉਸਦੀ ਗਰੀਬੀ ਦੇ ਦਿਨ ਕੱਟ ਦੇਵੇਗਾ ਤੇ ਉਸਦੇ ਬੁਢਾਪੇ ਦਾ ਸਹਾਰਾ ਬਣੇਗਾ। ਹੁਣ ਉਸਨੂੰ ਕੋਈ ਆਸ ਉਮੀਦ ਨਹੀਂ ਰਹਿ ਗਈ ਸੀ ਤੇ ਉਹ ਖੇਤ ਵੱਲ ਗੇੜਾ ਵੀ ਘੱਟ ਹੀ ਮਾਰਦਾ ਸੀ ਕਿਉਂਕਿ ਮਿੰਦੇ ਨੇ ਸਾਰੇ ਪਿੰਡ ਵਿੱਚ ਉਸਦੀ ਬਦਨਾਮੀ ਕਰਾ ਦਿੱਤੀ ਸੀ। ਲੋਕ ਉਸ ਵੱਲ ਤਰਸ ਦੀ ਨਿਗਾ ਨਾਲ ਦੇਖਦੇ ਸਨ। ਅੱਜ ਜੈਲਾ ਜਿਆਦੇ ਹੀ ਮਾਯੂਸ ਸੀ ਤੇ ਉਸਨੇ ਸਵੇਰੇ ਰੋਟੀ ਵੀ ਚੰਗੀ ਤਰਾਂ ਨਹੀਂ ਖਾਧੀ ਸੀ। ਉਂਞ ਤਾਂ ਉਸਦੀ ਪਤਨੀ ਵੀ ਪੁੱਤਰ ਦੇ ਭੈੜੇ ਹਾਲ ਤੋਂ ਅਤਿ ਦੀ ਦੁਖੀ ਪਰ ਇਸ ਨਿਰਾਸ਼ਾ ਨੂੰ ਉਸਨੇ ਪਰਿਵਾਰ ਸਾਹਮਣੇ ਪਰਗਟ ਨਹੀਂ ਕੀਤਾ ਸੀ। ਕੰਮੋ ਆਪਣੇ ਭਰਾ ਨੂੰ ਬੜਾ ਸਮਝਾਉਂਦੀ ਪਰ ਉਹ ਸਮਝਦਾ ਨਹੀਂ ਸੀ ਕਿਉਂਕਿ ਇਹ ਉਸਦੀ ਨਸ-ਨਸ ਵਿੱਚ ਰਚ ਚੁੱਕਿਆ ਸੀ। ਕੰਮੋ ਵੀਰ ਨਾਲੋਂ ਆਪਣੇ ਪਿਤਾ ਦੀ ਹਾਲਤ ਤੇ ਚਿੰਤਤ ਸੀ ਕਿਉਂਕਿ ਉਸਨੇ ਆਪਣੇ ਪਿਤਾ ਨੂੰ ਕਦੇ ਵੀ ਐਨਾ ਹਾਰਿਆ ਹੋਇਆ ਨਹੀਂ ਦੇਖਿਆ ਸੀ। ਕੰਮੋ ਆਥਣ ਦੀ ਰੋਟੀ ਆਪਣੀ ਮਾਂ ਤੋਂ ਫੜਕੇ ਥਾਲ ਵਿੱਚ ਆਪ ਲੈ ਕੇ ਗਈ ਤਾਂ ਜੈਲਾ ਕੱਚ ਦੇ ਗਿਲਾਸ ਚੁੱਕਣ ਹੀ ਲੱਗਿਆ ਸੀ ਤਾਂ ਕੰਮੋ ਨੇ ਰੋਕਦਿਆਂ ਕਿਹਾ ਕਿ ਪਿਤਾ ਜੀ , ਤੇਰਾ ਸ਼ੇਰ ਪੁੱਤ ਆ ਗਿਆ , ਰੋਟੀ ਖਾ ਲਓ। ਜੈਲਾ ਇਕਦਮ ਝੰਜੋੜਿਆ ਗਿਆ ਤੇ ਉਸਨੂੰ ਪੱਕਾ ਯਕੀਨ ਹੋ ਗਿਆ ਕਿ ਵਾਕਈ ਉਸਦਾ ਇੱਕ ਸ਼ੇਰ ਪੁੱਤ ਹਾਲੇ ਜਿਉਂਦਾ ਹੈ ਤੇ ਉਸਨੇ ਸਰਾਬ ਵਾਲਾ ਗਿਲਾਸ ਵਗਾਹ ਕੇ ਪਰਾਂ ਮਾਰਿਆ ਤੇ ਆਪਣੀ ਧੀ ਕੰਮੋ ਨੂੰ ਆਪਣੇ ਗਲ ਨਾਲ ਲਾ ਲਿਆ।
ਸਰਬਜੀਤ ਸਿੰਘ ਜਿਉਣ ਵਾਲਾ, ਫ਼ਰੀਦਕੋਟ
ਮੋਬਾਈਲ – 9464412761

...
...

ਅੰਮ੍ਰਿਤਸਰ ਵਿੱਚ ਅਲੀ ਮੁਹੰਮਦ ਦੀ ਮੁਨਿਆਰੀ ਦੀ ਦੁਕਾਨ ਸੀ। ਬੇਸ਼ਕ ਛੋਟੀ ਸੀ, ਪਰ ਉਸ ਵਿੱਚ ਹਰ ਪ੍ਰਕਾਰ ਦਾ ਸੌਦਾ ਸੀ। ਉਸ ਨੇ ਉਸ ਨੂੰ ਇਸ ਤਰੀਕੇ ਨਾਲ ਰਖਿਆ ਹੋਇਆ ਸੀ ਕਿ ਉਹ ਉਪਰ ਤੀਕਰ ਭਰੀ ਹੋਈ ਮਹਿਸੂਸ ਨਹੀਂ ਸੀ ਹੁੰਦੀ।
ਅੰਮ੍ਰਿਤਸਰ ਵਿੱਚ ਦੂਸਰੇ ਦੁਕਾਨਦਾਰ ਬਲੈਕ ਕਰਦੇ ਸਨ। ਪਰੰਤੂ ਅਲੀ ਮੁਹੰਮਦ ਠੀਕ ਭਾਅ ਨਾਲ ਸੌਦਾ ਵੇਚਿਆ ਕਰਦਾ ਸੀ। ਇਹੋ ਕਾਰਨ ਸੀ ਕਿ ਲੋਕ ਦੂਰ ਦੂਰ ਤੋਂ ਉਸ ਕੋਲ ਆਇਆ ਕਰਦੇ ਸਨ। ਅਤੇ ਆਪਣੀ ਲੋੜ ਅਨੁਸਾਰ ਚੀਜ਼ਾਂ ਖਰੀਦਿਆ ਕਰਦੇ ਸਨ।
ਉਹ ਧਾਰਮਕ ਰੁਚੀਆਂ ਦਾ ਬੰਦਾ ਸੀ। ਅਧਿੱਕ ਮੁਨਾਫ਼ਾ ਲੈਣਾ ਉਸ ਲਈ ਪਾਪ ਸੀ। ਇਕੱਲੀ ਜਾਨ ਸੀ, ਉਸ ਲਈ ਉਚਿਤ ਲਾਭ ਹੀ ਕਾਫ਼ੀ ਸੀ। ਉਹ ਸਾਰਾ ਦਿਨ ਦੁਕਾਨ ਉਪਰ ਬੈਠਾ ਰਹਿੰਦਾ। ਗਾਹਕਾਂ ਦੀ ਭੀੜ ਲੱਗੀ ਰਹਿੰਦੀ। ਉਸ ਨੂੰ ਕਦੇ ਕਦੇ ਦੁੱਖ ਵੀ ਹੁੰਦਾ ਜਦ ਉਹ ਕਿਸੇ ਗਾਹਕ ਨੂੰ ਸਨਲਾਈਟ ਦੀ ਇੱਕ ਟਿੱਕੀ ਨਾ ਦੇ ਸਕਦਾ ਜਾਂ ਕੈਲੀਫੋਰਨੀਯਨ ਤੇਲ ਦੀ ਬੋਤਲ, ਕਿਉਂਕਿ ਇਹ ਵਸਤੂਆਂ ਉਸ ਨੂੰ ਘਟ ਗਿਣਤੀ ਵਿੱਚ ਮਿਲਦੀਆਂ ਸਨ।
ਬਲੈਕ ਨਾ ਕਰਦਾ ਹੋਇਆ ਵੀ ਉਹ ਪ੍ਰਸੰਨ ਸੀ। ਉਸ ਨੇ ਦੋ ਹਜ਼ਾਰ ਰੁਪਏ ਬਚਾ ਕੇ ਰੱਖੇ ਹੋਏ ਸਨ। ਜਵਾਨ ਸੀ ਇੱਕ ਦਿਨ ਦੁਕਾਨ ਉੱਪਰ ਬੈਠੇ ਬੈਠੇ ਉਸ ਨੇ ਸੋਚਿਆ ਕਿ ਹੁਣ ਸ਼ਾਦੀ ਕਰ ਲੈਣੀ ਚਾਹੀਦੀ ਹੈ-ਬੁਰੇ ਬੁਰੇ ਖਿਆਲ ਦਿਮਾਗ਼ ਵਿੱਚ ਆਉਂਦੇ ਸਨ। ਸ਼ਾਦੀ ਕਰ ਲਵਾਂ ਤਾਂ ਜ਼ਿੰਦਗੀ ਵਿੱਚ ਸਵਾਦ ਆ ਜਾਵੇਗਾ। ਬਾਲ-ਬੱਚੇ ਹੋਣਗੇ ਤਾਂ ਉਨ੍ਹਾਂ ਦੇ ਪਾਲਣ-ਪੋਸਣ ਲਈ ਮੈਂ ਹੋਰ ਜ਼ਿਆਦਾ ਕਮਾਉਣ ਦੀ ਕੋਸ਼ਿਸ਼ ਕਰਾਂਗਾ। ਉਸ ਦੇ ਮਾਂ-ਬਾਪ ਨੂੰ ਗੁਜ਼ਰਿਆਂ ਬਹੁਤ ਸਮਾਂ ਲੰਘ ਚੁੱਕਿਆ ਸੀ। ਉਸ ਦਾ ਭਾਈ ਭੈਣ ਕੋਈ ਨਹੀਂ ਸੀ। ਉਹ ਬਿਲਕੁਲ ਇਕੱਲਾ ਸੀ। ਸ਼ੁਰੂ ਸ਼ੁਰੂ ਵਿੱਚ ਜਦੋਂ ਕਿ ਉਹ ਦਸ ਸਾਲ ਦਾ ਸੀ, ਉਸਨੇ ਅਖ਼ਬਾਰ ਵੇਚਣੇ ਸ਼ੁਰੂ ਕਰ ਦਿੱਤੇ। ਉਸ ਤੋਂ ਪਿਛੋਂ ਖੋਮਚਾ ਲਾਇਆ, ਕੁਲਫੀਆਂ ਵੇਚੀਆਂ। ਜਦ ਉਸ ਦੇ ਕੋਲ ਇੱਕ ਹਜ਼ਾਰ ਰੁਪਿਆ ਹੋ ਗਿਆ ਤਾਂ ਉਸ ਨੇ ਇਕ ਛੋਟੀ ਜਿਹੀ ਦੁਕਾਨ ਕਿਰਾਏ ਉੱਪਰ ਲੈ ਲਈ ਅਤੇ ਮਨਿਆਰੀ ਦਾ ਸਾਮਾਨ ਖਰੀਦ ਕੇ ਬੈਠ ਗਿਆ।
ਆਦਮੀ ਈਮਾਨਦਾਰ ਸੀ। ਉਸ ਦੀ ਦੁਕਾਨ ਥੋੜੇ ਹੀ ਸਮੇਂ ਵਿੱਚ ਚਲ ਪਈ। ਜਿਥੋਂ ਤੀਕਰ ਆਮਦਨੀ ਦਾ ਸੰਬੰਧ ਸੀ ਉਹ ਉਸ ਤੋਂ ਬੇਫ਼ਿਕਰ ਸੀ। ਪਰੰਤੂ ਉਹ ਚਾਹੁੰਦਾ ਸੀ ਕਿ ਉਹ ਆਪਣਾ ਘਰ-ਘਾਟ ਬਣਾਵੇ। ਉਸ ਦੀ ਵਹੁਟੀ ਹੋਵੇ, ਬੱਚੇ ਹੋਣ ਅਤੇ ਉਨ੍ਹਾਂ ਲਈ ਵਧ ਤੋਂ ਵਧ ਕਮਾਉਣ ਦੀ ਕੋਸ਼ਿਸ਼ ਕਰੇ। ਇਸੇ ਲਈ ਉਸ ਦੀ ਜ਼ਿੰਦਗੀ ਮਕਾਨਕੀ ਜਿਹਾ ਰੂਪ ਧਾਰਨ ਕਰ ਗਈ ਸੀ। ਸਵੇਰੇ ਉਹ ਦੁਕਾਨ ਖੋਲ੍ਹਦਾ, ਗਾਹਕ ਆਉਂਦੇ, ਉਨ੍ਹਾਂ ਨੂੰ ਸੌਦਾ ਦਿੰਦਾ, ਸ਼ਾਮ ਨੂੰ ਹੱਟੀ ਵਧਾਉਂਦਾ ਅਤੇ ਇੱਕ ਛੋਟੀ ਜਿਹੀ ਕੋਠੜੀ ਵਿੱਚ ਜੋ ਉਸ ਨੇ ਸ਼ਰੀਫਪੁਰੇ ਵਿੱਚ ਲਈ ਹੋਈ ਸੀ, ਸੌਂ ਜਾਂਦਾ। ਗੰਜੇ ਦਾ ਢਾਬਾ ਸੀ। ਉਸ ਵਿੱਚ ਉਹ ਰੋਟੀ ਖਾਇਆ ਕਰਦਾ ਸੀ, ਉਹ ਵੀ ਸਿਰਫ਼ ਇਕੋ ਵਾਰੀ। ਸਵੇਰੇ ਹਾਜ਼ਰੀ ਉਹ ਜੈਮਲ ਸਿੰਘ ਦੇ ਕਟੜੇ ਵਿੱਚ ਸ਼ਾਝੇ ਹਲਵਾਈ ਦੀ ਦੁਕਾਨ ਉਪਰ ਕਰਦਾ। ਫਿਰ ਉਹ ਹੱਟੀ ਖੋਲ੍ਹਦਾ ਅਤੇ ਤਰਕਾਲਾਂ ਤੀਕਰ ਉਹ ਆਪਣੀ ਗੱਦੀ ਉੱਪਰ ਬੈਠਾ ਰਹਿੰਦਾ। ਉਸ ਵਿੱਚ ਵਿਆਹ ਦੀ ਇੱਛਾ ਅੰਗੜਾਈਆਂ ਲੈ ਰਹੀ ਸੀ, ਪਰੰਤੂ ਸਵਾਲ ਇਹ ਸੀ ਕਿ ਇਸ ਮਾਮਲੇ ਵਿੱਚ ਉਸ ਦੀ ਸਹਾਇਤਾ ਕੌਣ ਕਰੇ। ਅੰਮ੍ਰਿਤਸਰ ਵਿੱਚ ਉਸ ਦਾ ਯਾਰ-ਮਿੱਤਰ ਵੀ ਨਹੀਂ ਸੀ, ਜੋ ਉਸ ਲਈ ਯਤਨ ਕਰਦਾ।
ਉਹ ਬਹੁਤ ਪਰੇਸ਼ਾਨ ਸੀ। ਸ਼ਰੀਫਪੁਰੇ ਦੀ ਕੋਠੜੀ ਵਿੱਚ ਰਾਤ ਨੂੰ ਸੌਣ ਵੇਲੇ ਉਹ ਕਿੰਨੀ ਵਾਰ ਰੋਇਆ ਕਿ ਉਸ ਦੇ ਮਾਂ-ਪਿਉ ਇੰਨੀ ਛੇਤੀ ਮਰ ਗਏ। ਉਨ੍ਹਾਂ ਨੂੰ ਹੋਰ ਕੁਝ ਨਹੀਂ ਤਾਂ ਇਸ ਕੰਮ ਲਈ ਜ਼ਰੂਰ ਜਿਊਂਦਾ ਰਹਿਣਾ ਚਾਹੀਦਾ ਸੀ ਕਿ ਉਹ ਉਸ ਦੇ ਵਿਆਹ ਦਾ ਇੰਤਜ਼ਾਮ ਕਰ ਜਾਂਦੇ।
ਉਸ ਦੀ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਉਹ ਵਿਆਹ ਕਿਵੇਂ ਕਰਾਵੇ। ਉਹ ਬਹੁਤ ਦੇਰ ਤੀਕਰ ਸੋਚਦਾ ਰਿਹਾ। ਉਸ ਹੱਟੀ ਵਿਚੋਂ ਉਸ ਦੇ ਕੋਲ ਤਿੰਨ ਹਜ਼ਾਰ ਰੁਪਏ ਜਮ੍ਹਾਂ ਹੋ ਗਏ ਸੀ। ਉਸ ਨੇ ਇਕ ਛੋਟੇ ਜਿਹੇ ਘਰ ਨੂੰ ਜੋ ਅੱਛਾ ਖਾਸਾ ਸੀ ਕਿਰਾਏ ਉਪਰ ਲੈ ਲਿਆ, ਪਰੰਤੂ ਰਹਿੰਦਾ ਉਹ ਸ਼ਰੀਫ਼ਪੁਰੇ ਵਿੱਚ ਹੀ ਸੀ।
ਇਕ ਦਿਨ ਉਸ ਨੇ ਇਕ ਅਖ਼ਬਾਰ ਵਿੱਚ ਇੱਕ ਇਸ਼ਤਿਹਾਰ ਵੇਖਿਆ ਜਿਸ ਵਿੱਚ ਇਹ ਲਿਖਿਆ ਹੋਇਆ ਸੀ ਕਿ ਵਿਆਹ ਕਰਵਾਉਣ ਦੇ ਚਾਹਵਾਨ ਸਾਡੇ ਨਾਲ ਗੱਲਬਾਤ ਕਰਨ। ਬੀ. ਏ. ਪਾਸ, ਲੇਡੀ ਡਾਕਟਰ, ਹਰ ਕਿਸਮ ਦੇ ਰਿਸ਼ਤੇ ਸੰਭਵ ਹਨ, ਚਿੱਠੀ-ਪੱਤਰ ਕਰੋ ਜਾਂ ਆਪ ਆ ਕੇ ਮਿਲੋ।
ਐਤਵਾਰ ਨੂੰ ਉਹ ਦੁਕਾਨ ਨਹੀਂ ਖੋਲ੍ਹਦਾ ਸੀ। ਉਸ ਦਿਨ ਉਹ ਉਸ ਸਿਰਨਾਮੇ ਉਪਰ ਗਿਆ ਅਤੇ ਉਸ ਦੀ ਮੁਲਾਕਾਤ ਇੱਕ ਦਾੜੀ ਵਾਲੇ ਬਜ਼ੁਰਗ ਨਾਲ ਹੋਈ। ਅਲੀ ਮੁਹੰਮਦ ਨੇ ਆਪਣੀ ਗੱਲ ਕਹੀ। ਦਾੜ੍ਹੀ ਵਾਲੇ ਬਜ਼ੁਰਗ ਨੇ ਮੇਜ਼ ਦੀ ਦਰਾਜ ਖੋਲ੍ਹ ਕੇ ਬੀਹ ਜਾਂ ਪੱਚੀ ਤਸਵੀਰਾਂ ਕੱਢੀਆਂ ਅਤੇ ਉਸ ਨੂੰ ਇੱਕ ਇੱਕ ਕਰ ਕੇ ਵਿਖਾਈ ਕਿ ਉਹ ਉਨ੍ਹਾਂ ਵਿਚੋਂ ਕੋਈ ਪਸੰਦ ਕਰ ਲਵੇ। ਇਕ ਮੁਟਿਆਰ ਦੀ ਤਸਵੀਰ ਅਲੀ ਮੁਹੰਮਦ ਨੂੰ ਪਸੰਦ ਆ ਗਈ। ਛੋਟੀ ਉਮਰ ਦੀ ਹੋਰ ਸੁਹਣੀ ਸੀ। ਉਸ ਨੇ ਵਿਆਹ ਕਰਵਾਉਣ ਵਾਲੇ ਏਜੰਟ ਨੂੰ ਆਖਿਆ: ”ਜਨਾਬ! ਇਹ ਕੁੜੀ ਮੈਨੂੰ ਬਹੁਤ ਪਸੰਦ ਹੈ।”
ਏਜੰਟ ਮੁਸਕਰਾਇਆ,”ਤੂੰ ਇੱਕ ਹੀਰਾ ਚੁਣ ਲਿਆ ਹੈ।” ਅਲੀ ਮੁਹੰਮਦ ਨੂੰ ਇਸ ਤਰ੍ਹਾਂ ਲਗਿਆ ਕਿ ਉਹ ਲੜਕੀ ਉਸ ਦੀ ਬਗਲ ਵਿੱਚ ਹੈ। ਉਸ ਨੇ ਗਿੜਗਿੜਾਨਾ ਸ਼ੁਰੂ ਕਰ ਦਿੱਤਾ,”ਬਸ ਜਨਾਬ। ਹੁਣ ਤੁਸੀਂਂ ਗੱਲਬਾਤ ਪੱਕੀ ਕਰ ਲਓ।” ਏਜੰਟ ਸੰਜੀਦਾ ਹੋ ਗਿਆ,”ਦੇਖੋ ਬੇਟਾ। ਇਹ ਕੁੜੀ ਜੋ ਤੂੰ ਚੁਣੀ ਹੈ, ਸੁੰਦਰ ਹੋਣ ਤੋਂ ਸਿਵਾਇ ਇਕ ਬਹੁਤ ਵਡੇ ਖਾਨਦਾਨ ਨਾਲ ਸੰਬੰਧ ਰੱਖਦੀ ਹੈ, ਪਰੰਤੂ ਮੈਂ ਤੇਰੇ ਕੋਲੋਂ ਜ਼ਿਆਦਾ ਫ਼ੀਸ ਨਹੀਂ ਲਵਾਂਗਾ।”
”ਆਪ ਦੀ ਮਿਹਰਬਾਨੀ। ਮੈਂ ਮੁਹਤਾਜ ਮੁੰਡਾ ਹਾਂ। ਜੋ ਤੁਸੀਂ ਮੇਰਾ ਇਹ ਕੰਮ ਕਰ ਦਿਓ ਤਾਂ ਆਪ ਨੂੰ ਸਾਰੀ ਉਮਰ ਆਪਣਾ ਬਾਪ ਸਮਝਾਂਗਾ।”
ਏਜੰਟ ਦੇ ਮੁੱਛਾਂ ਭਰੇ ਬੁੱਲ੍ਹਾਂ ਉੱਪਰ ਫੇਰ ਮੁਸਕਰਾਹਟ ਆ ਗਈ।,”ਜਿਉਂਦੇ ਰਹੋ, ਮੈਂ ਤੇਰੇ ਕੋਲੋਂ ਸਿਰਫ਼ ਤਿੰਨ ਸੌ ਰੁਪਏ ਫ਼ੀਸ ਦੇ ਲਵਾਂਗਾ।”
ਅਲੀ ਮੁਹੰਮਦ ਨੇ ਬੜੇ ਸ਼ਰਧਾ ਪੂਰਵਕ ਢੰਗ ਨਾਲ ਕਿਹਾ ;’ਜਨਾਬ ਦਾ ਬਹੁਤ ਬਹੁਤ ਸ਼ੁਕਰੀਆ,ਮੈਨੂੰ ਮਨਜ਼ੂਰ ਹੈ।”
ਇਹ ਕਹਿ ਕੇ ਉਸ ਨੇ ਜੇਬ ‘ਚੋਂ ਤਿੰਨ ਨੋਟ ਸੌ ਸੌ ਰੁਪਏ ਦੇ ਕੱਢੇ ਅਤੇ ਉਸ ਬੁੱਢੇ ਮਨੁੱਖ ਨੂੰ ਦੇ ਦਿੱਤੇ।
ਮਿਤੀ ਵੀ ਨੀਯਤ ਕੀਤੀ ਗਈ, ਨਿਕਾਹ ਹੋਇਆ, ਵਿਦਾ ਵੀ ਹੋ ਗਈ। ਅਲੀ ਮੁਹੰਮਦ ਨੇ ਜੋ ਛੋਟਾ ਜਿਹਾ ਮਕਾਨ ਕਿਰਾਏ ਉੱਪਰ ਲੈ ਲਿਆ, ਹੁਣ ਸਜਿਆ ਹੋਇਆ ਸੀ।ਉਹ ਬੜੇ ਚਾਅ ਨਾਲ ਉਸ ਵਿੱਚ ਆਪਣੀ ਨਵ-ਵਿਆਹੀ ਵਹੁਟੀ ਲੈ ਕੇ ਆਇਆ।
ਪਹਿਲੀ ਰਾਤ ਦਾ ਹਾਲ ਪਤਾ ਨਹੀਂ ਕਿ ਉਸ ਦਾ ਦਿਲ ਕਿਸ ਪ੍ਰਕਾਰ ਦਾ ਸੀ, ਪਰੰਤੂ ਜਦੋਂ ਉਸ ਨੇ ਨਵ-ਵਿਆਹੀ ਵਹੁਟੀ ਦਾ ਘੁੰਡ ਆਪਣੇ ਕੰਬਦੇ ਹੋਏ ਹੱਥਾਂ ਨਾਲ ਉਠਾਇਆ ਤਾਂ ਉਸ ਨੂੰ ਚੱਕਰ ਜਿਹਾ ਆ ਗਿਆ।
ਬਹੁਤ ਹੀ ਭੱਦੀ ਜਿਹੀ ਇਸਤਰੀ ਸੀ। ਇਹ ਗੱਲ ਪ੍ਰਤੱਖ ਹੈ ਕਿ ਉਸ ਬਿਰਧ ਆਦਮੀ ਨੇ ਉਸ ਦੇ ਨਾਲ ਧੋਖਾ ਕੀਤਾ ਸੀ। ਅਲੀ ਮੁਹੰਮਦ ਲੜਖੜਾਉਂਦਾ ਕਮਰੇ ਚੋਂ ਬਾਹਰ ਨਿਕਲ ਗਿਆ ਅਤੇ ਸ਼ਰੀਫਪੁਰੇ ਜਾ ਕੇ ਆਪਣੀ ਕੋਠੜੀ ਵਿੱਚ ਦੇਰ ਤੀਕਰ ਸੋਚਦਾ ਰਿਹਾ। ਜਾ ਕੇਆਪਣੀ ਕੋਠੜੀ ਵਿੱਚ ਦੇਰ ਤੀਕਰ ਸੋਚਦਾ ਰਿਹਾ। ਇਹ ਹੋਇਆ ਕੀ ਹੈ, ਉਸ ਦੀ ਸਮਝ ਵਿੱਚ ਕੁਝ ਵੀ ਨਾ ਆਇਆ।
ਉਸ ਨੇ ਆਪਣੀ ਦੁਕਾਨ ਖੋਲ੍ਹੀ,ਦੋ ਹਜ਼ਾਰ ਰੁਪਏ ਉਹ ਉਸੇ ਰਾਤ ਨੂੰ ਆਪਣੀ ਵਹੁਟੀ ਦਾ ਮੁੱਲ ਦੇ ਚੁੱਕਿਆ ਸੀ ਅਤੇ ਤਿੰਨ ਸੌ ਰੁਪਏ ਉਸ ਬੁੱਢੇ ਏਜੰਟ ਨੂੰ ਜਾ ਚੁੱਕੇ ਸਨ। ਹੁਣ ਉਸ ਦੇ ਕੋਲ ਕੇਵਲ ਸੱਤ ਸੌ ਰੁਪਏ ਸਨ। ਉਹ ਇਤਨਾ ਦੁਖੀ ਹੋ ਗਿਆ ਸੀ ਕਿ ਉਸ ਨੇ ਸੋਚਿਆ ਕਿ ਉਹ ਸ਼ਹਿਰ ਹੀ ਛੱਡ ਦੇਵੇ। ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਸੋਚਦਾ ਰਿਹਾ। ਇਹ ਹੋਇਆ ਕੀ ਹੈ? ਉਸ ਦੀ ਸਮਝ ਵਿੱਚ ਕੁਝ ਵੀ ਨਾ ਆਇਆ। ਅਖ਼ੀਰ ਨੂੰ ਉਸ ਨੇ ਫੈਸਲਾ ਕਰ ਹੀ ਲਿਆ।
ਸਵੇਰੇ ਦਸ ਬਜੇ ਉਸ ਨੇ ਆਪਣੀ ਦੁਕਾਨ ਇੱਕ ਆਦਮੀ ਨੂੰ ਪੰਜ ਹਜ਼ਾਰ ਰੁਪਏ ਵਿੱਚ ਅਰਥਾਤ ਐਵੇਂ ਦੋ ਭਾਅ ਵਿੱਚ ਵੇਚ ਦਿੱਤੀ ਅਤੇ ਟਿਕਟ ਲੈ ਕੇ ਲਾਹੌਰ ਚਲਿਆ ਗਿਆ। ਲਾਹੌਰ ਜਾਂਦੇ ਹੋਏ ਗਲੀ ਵਿੱਚ ਕਿਸੇ ਜੇਬ ਕਤਰੇ ਨੇ ਬੜੀ ਸਫ਼ਾਈ ਨਾਲ ਉਸ ਦੇ ਸਾਰੇ ਰੁਪਏ ਕੱਢ ਲਏ। ਉਹ ਬਹੁਤ ਪਰੇਸ਼ਾਨ ਹੋਇਆ, ਪਰੰਤੂ ਉਸ ਨੇ ਸੋਚਿਆ ਸ਼ਾਇਦ ਖ਼ੁਦਾ ਨੂੰ ਇਹੋ ਮਨਜ਼ੂਰ ਸੀ।
ਲਾਹੌਰ ਪਹੁੰਚਿਆ ਤਾਂ ਉਸ ਦੀ ਦੂਸਰੀ ਜੇਬ ਵਿੱਚ ਜੇ ਕਤਰੀ ਨਹੀਂ ਗਈ ਸੀ। ਸਿਰਫ਼ ਦਸ ਰੁਪਏ ਗਿਆਰਾਂ ਆਨੇ ਸੀ। ਇਸ ਨਾਲ ਉਸ ਨੇ ਕੁਝ ਦਿਨ ਗੁਜ਼ਾਰਾ ਕੀਤਾ ਪਰੰਤੂ ਪਿਛੋਂ ਭੁੱਖਿਆਂ ਮਰਨ ਤੀਕਰ ਦੀ ਨੌਬਤ ਆ ਗਈ।
ਇਸ ਵਿਚਕਾਰ ਉਸ ਨੇ ਕਿਤੇ ਨਾ ਕਿਤੇ ਨੌਕਰੀ ਕਰ ਲੈਣ ਦੀ ਕੋਸ਼ਿਸ਼ ਕੀਤੀ, ਪਰੰਤੂ ਅਸਫ਼ਲ ਰਿਹਾ। ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਆਤਮ-ਹੱਤਿਆ ਦਾ ਇਰਾਦਾ ਧਾਰ ਲਿਆ, ਪਰੰਤੂ ਉਸ ਵਿੱਚ ਇਤਨੀ ਹਿੰਮਤ ਨਹੀਂ ਸੀ। ਫਿਰ ਵੀ ਉਹ ਇੱਕ ਰਾਤ ਨੂੰ ਰੇਲ ਦੀ ਪਟੜੀ ਉਪਰ ਲੇਟ ਗਿਆ। ਗੱਡੀ ਆ ਰਹੀ ਸੀ। ਪਰੰਤੂ ਕਾਂਟਾ ਬਦਲਿਆ ਅਤੇ ਉਹ ਦੂਸਰੀ ਲਾਈਨ ਉੱਪਰ ਚਲੀ ਗਈ। ਕਿਉਂਕਿ ਉਸ ਨੇ ਉਧਰ ਹੀ ਜਾਣਾ ਸੀ।
ਉਸ ਨੇ ਸੋਚਿਆ ਕਿ ਮੌਤ ਵੀ ਧੋਖਾ ਦੇ ਜਾਂਦੀ ਹੈ। ਇਸ ਲਈ ਉਸ ਨੇ ਆਤਮ-ਹੱਤਿਆ ਦਾ ਵਿਚਾਰ ਛੱਡ ਦਿੱਤਾ ਤੇ ਹਲਦੀ ਅਤੇ ਮਿਰਚਾਂ ਪੀਸਨੇ ਵਾਲੀ ਇੱਕ ਚੱਕੀ ਉੱਪਰ ਬੀਹ ਰੁਪਏ ਮਹੀਨੇ ਉੱਪਰ ਨੌਕਰੀ ਕਰ ਲਈ।
ਉਥੇ ਉਸ ਨੂੰ ਪਹਿਲੇ ਹੀ ਦਿਨ ਮਹਿਸੂਸ ਹੋ ਗਿਆ ਕਿ ਦੁਨੀਆਂ ਧੋਖਾ ਹੀ ਧੋਖਾ ਹੈ। ਹਲਦੀ ਵਿੱਚ ਪੀਲੀ ਮਿੱਟੀ ਦੀ ਮਿਲਾਵਟ ਕੀਤੀ ਜਾਂਦੀ ਸੀ ਅਤੇ ਮਿਰਚਾਂ ਵਿੱਚ ਲਾਲ ਇੱਟਾਂ ਦੀ। ਦੋ ਸਾਲ ਤੀਕਰ ਉਸ ਚੱਕੀ ਉਪਰ ਕੰਮ ਕਰਦਾ ਰਿਹਾ। ਉਸ ਦਾ ਮਾਲਕ ਘੱਟ ਤੋਂ ਘੱਟ ਸੱਤ ਸੌ ਰੁਪਿਆ ਕਮਾਉਂਦਾ ਸੀ। ਉਸ ਦੇ ਦਰਮਿਆਨ ਅਲੀ ਮੁਹੰਮਦ ਨੇ ਪੰਜ ਸੌ ਰੁਪਏ ਕਮਾ ਕੇ ਰੱਖ ਲਏ। ਇੱਕ ਦਿਨ ਉਸ ਨੇ ਸੋਚਿਆ ਕਿ ਜਦ ਸਾਰੀ ਦੁਨੀਆਂ ਵਿੱਚ ਧੋਖਾ ਹੀ ਧੋਖਾ ਹੈ ਤਾਂ ਉਹ ਵੀ ਕਿਉਂ ਨਾ ਧੋਖਾ ਦੇ।
ਇਸ ਲਈ ਉਸ ਨੇ ਇੱਕ ਅਲੱਗ ਚੱਕੀ ਖੜੀ ਕਰ ਦਿੱਤੀ ਅਤੇ ਉਸ ਨੇ ਹਲਦੀ ਅਤੇ ਮਿਰਚਾਂ ਵਿੱਚ ਮਿਲਾਵਟ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਦੀ ਆਮਦਨੀ ਕਾਫ਼ੀ ਚੰਗੀ ਸੀ। ਉਸ ਨੂੰ ਸ਼ਾਦੀ ਦਾ ਕਈ ਬਾਰ ਖ਼ਿਆਲ ਆਇਆ ਪਰੰਤੂ ਜਦੋਂ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਪਹਿਲੀ ਰਾਤ ਦਾ ਨਕਸ਼ਾ ਆਇਆ ਤਾਂ ਉਹ ਕੰਬ ਜਿਹਾ ਗਿਆ।
ਅਲੀ ਮੁਹੰਮਦ ਖ਼ੁਸ਼ ਸੀ। ਉਸ ਨੇ ਧੋਖਾ-ਧੜੀ ਪੂਰੀ ਤਰ੍ਹਾਂ ਸਿੱਖ ਲਈ ਸੀ। ਉਸ ਨੂੰ ਹੁਣ ਇਸ ਦੇ ਸਾਰੇ ਗੁਰ ਮਾਲੂਮ ਹੋ ਗਏ ਸੀ। ਇੱਕ ਮਣ ਲਾਲ ਮਿਰਚ ਵਿੱਚ ਕਿੰਨੀਆਂ ਇੱਟਾਂ ਪੀਸਣੀਆਂ ਚਾਹੀਦੀਆਂ ਹਨ, ਹਲਦੀ ਵਿੱਚ ਕਿੰਨੀ ਪੀਲੀ ਮਿੱਟੀ ਪਾਉਣੀ ਚਾਹੀਦੀ ਹੈ ਅਤੇ ਫਿਰ ਤੋਲ ਦਾ ਹਿਸਾਬ, ਇਹ ਉਸ ਨੂੰ ਹੁਣ ਚੰਗੀ ਤਰ੍ਹਾਂ ਪਤਾ ਸੀ।
ਪਰੰਤੂ ਇਕ ਦਿਨ ਉਸ ਦੀ ਢੱਕੀ ਉਪਰ ਛਾਪਾ ਪਿਆ। ਹਲਦੀ ਅਤੇ ਮਿਰਚਾਂ ਦੇ ਨਮੂਨੇ ਬੋਤਲਾਂ ਵਿੱਚ ਪਾ ਕੇ ਮੂੰਹ ਬੰਦ ਕੀਤੇ ਗਏ ਅਤੇ ਜਦੋਂ ਕੈਮੀਕਲ ਐਗਜ਼ਾਮਿਨਰ ਦੀ ਰਿਪੋਰਟ ਆਈ ਕਿ ਉਸ ਵਿੱਚ ਮਿਲਾਵਟ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਸ ਦਾ ਲਾਹੌਰ ਵਿੱਚ ਕੌਣ ਸੀ ਜੋ ਉਸ ਦੀ ਜ਼ਮਾਨਤ ਦਿੰਦਾ। ਕਈ ਦਿਨ ਹਵਾਲਾਤ ਵਿੱਚ ਬੰਦ ਰਿਹਾ। ਆਖ਼ਰ ਮੁਕੱਦਮਾ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸ ਨੂੰ ਤਿੰਨ ਸੌ ਰੁਪਏ ਜੁਰਮਾਨਾ ਅਤੇ ਇਕ ਮਹੀਨੇ ਦੀ ਸਖ਼ਤ ਸਜ਼ਾ ਹੋਈ। ਜੁਰਮਾਨਾ ਉਸ ਨੇ ਅਦਾ ਕਰ ਦਿੱਤਾ, ਪਰੰਤੂ ਇੱਕ ਮਹੀਨੇ ਦੀ ਕਰੜੀ ਸਜ਼ਾ ਉਸ ਨੂੰ ਭੁਗਤਣੀ ਹੀ ਪਈ। ਇਹ ਇੱਕ ਮਹੀਨਾ ਉਸ ਦੀ ਜ਼ਿੰਦਗੀ ਵਿੱਚ ਕਾਫ਼ੀ ਕਰੜਾ ਅਤੇ ਕਠਨ ਸੀ। ਇਸ ਦਰਮਿਆਨ ਅਕਸਰ ਉਹ ਸੋਚਿਆ ਕਰਦਾ ਸੀ ਕਿ ਉਸ ਨੇ ਬੇਈਮਾਨੀ ਕਿਉਂ ਕੀਤੀ ਜਦੋਂ ਉਸ ਨੇ ਆਪਣੀ ਜ਼ਿੰਦਗੀ ਦਾ ਇਹ ਅਸੂਲ ਬਣਾਇਆ ਸੀ ਕਿ ਉਹ ਕਦੇ ਵੀ ਧੋਖਾ-ਧੜੀ ਨਹੀਂ ਕਰੇਗਾ।
ਫਿਰ ਉਹ ਸੋਚਦਾ ਕਿ ਉਸ ਨੂੰ ਆਪਣੀ ਜ਼ਿੰਦਗੀ ਖ਼ਤਮ ਕਰ ਲੈਣੀ ਚਾਹੀਦੀ ਹੈ। ਇਸ ਲਈ ਕਿ ਉਹ ਇਧਰ ਦਾ ਰਿਹਾ ਨਾ ਉਧਰ ਦਾ ਕਿਉਂਕਿ ਉਸ ਦਾ ਚਰਿੱਤਰ ਠੀਕ ਨਹੀਂ। ਚੰਗਾ ਇਹੀ ਹੈ ਕਿ ਉਹ ਮਰ ਜਾਏ ਤਾਂ ਕਿ ਫਿਰ ਉਹ ਕੋਈ ਬੁਰਿਆਈ ਨਾ ਕਰ ਸਕੇ।
ਜਦੋਂ ਉਹ ਜੇਲ੍ਹ ਤੋਂ ਬਾਹਰ ਨਿਕਲਿਆ ਤਾਂ ਉਹ ਮਜ਼ਬੂਤ ਇਰਾਦਾ ਕਰ ਚੁੱਕਿਆ ਸੀ ਕਿ ਉਹ ਆਤਮ-ਹੱਤਿਆ ਕਰੇਗਾ ਤਾਂ ਕਿ ਸਾਰਾ ਝੰਜਟ ਹੀ ਖ਼ਤਮ ਹੋਵੇ। ਇਸ ਲਈ ਉਸ ਨੇ ਸੱਤ ਦਿਨ ਮਜ਼ਦੂਰੀ ਕੀਤੀ ਅਤੇ ਦੋ, ਤਿੰਨ ਰੁਪਏ ਆਪਣਾ ਪੇਟ ਕੱਟ ਕੱਟ ਕੇ ਜਮ੍ਹਾਂ ਕੀਤੇ। ਇਸ ਤੋਂ ਪਿਛੋਂ ਉਸ ਨੇ ਸੋਚਿਆ, ਕਿਸ ਪ੍ਰਕਾਰ ਦਾ ਜ਼ਹਿਰ ਕਾਰਆਮਦ ਹੋ ਸਕਦਾ ਹੈ। ਉਸ ਨੇ ਕੇਵਲ ਇਕੋ ਜ਼ਹਿਰ ਦਾ ਨਾਮ ਸੁਣਿਆ ਸੀ ਜੋ ਬੜਾ ਖ਼ਤਰਨਾਕ ਹੁੰਦਾ ਹੈ ਅਤੇ ਉਹ ਕੀ ਸੰਖੀਆ। ਪਰੰਤੂ ਉਹ ਸੰਖੀਆਂ ਕਿਥੋਂ ਮਿਲਦਾ?
ਉਸ ਨੇ ਬਹੁਤ ਕੋਸ਼ਿਸ਼ ਕੀਤੀ, ਆਖ਼ਰ ਉਸ ਨੂੰ ਇੱਕ ਦੁਕਾਨ ਤੋਂ ਸੰਖੀਆਂ ਮਿਲ ਗਿਆ। ਉਸ ਨੇ ਸ਼ਾਮ ਦੀ ਨਮਾਜ਼ ਪੜ੍ਹੀ ਅਤੇ ਪ੍ਰਮਾਤਮਾ ਤੋਂ ਆਪਣੇ ਗੁਨਾਹਾਂ ਦੀ ਖਿਮਾ ਮੰਗੀ ਕਿ ਉਹ ਹਲਦੀ ਅਤੇ ਮਿਰਚਾਂ ਵਿੱਚ ਮਿਲਾਵਟ ਕਰਦਾ ਰਿਹਾ। ਫਿਰ ਰਾਤ ਨੂੰ ਉਸ ਨੇ ਸੰਖੀਆ ਖਾਇਆ ਅਤੇ ਫੁਟ-ਪਾਥ ਉਪਰ ਸੌਂ ਗਿਆ।
ਉਸ ਨੇ ਸੁਣਿਆ ਸੀ ਕਿ ਸੰਖੀਆ ਖਾਣ ਵਾਲੇ ਦੇ ਮੂੰਹ ਤੋਂ ਝੱਗ ਨਿਕਲਦੀ ਹੈ, ਸਰੀਰ ਆਕੜ ਜਾਂਦਾ ਹੈ ਅਤੇ ਬੜੀ ਹੀ ਤਕਲੀਫ਼ ਹੁੰਦੀ ਹੈ। ਪਰੰਤੂ ਉਸ ਨੂੰ ਕੁਝ ਵੀ ਨਾ ਹੋਇਆ। ਸਾਰੀ ਰਾਤ ਉਹ ਆਪਣੀ ਮੌਤ ਦਾ ਇੰਤਜ਼ਾਰ ਕਰਦਾ ਰਿਹਾ ਪਰੰਤੂ ਉਹ ਨਾ ਆਈ।
ਸਵੇਰੇ ਉਠ ਕੇ ਉਹ ਉਸੇ ਦੁਕਾਨਦਾਰ ਦੇ ਕੋਲ ਗਿਆ ਜਿਸ ਤੋਂ ਉਸ ਨੇ ਸੰਖੀਆ ਖਰੀਦਿਆ ਸੀ ਅਤੇ ਉਸ ਤੋਂ ਪੁੱਛਿਆ-”ਭਾਈ ਸਾਹਿਬ। ਇਹ ਤੂੰ ਮੈਨੂੰ ਕੈਸਾ ਸੰਖੀਆ ਦਿੱਤਾ ਕਿ ਮੈਂ ਹੁਣ ਤੀਕਰ ਨਹੀਂ ਮਰਿਆ?”
ਦੁਕਾਨਦਾਰ ਨੇ ਆਹ ਭਰ ਕੇ ਬੜੇ ਦੁੱਖ ਭਰੇ ਲਹਿਜੇ ਵਿੱਚ ਕਿਹਾ,’ਕੀ ਕਹਾਂ ਮੇਰੇ ਭਾਈ,ਅੱਜ ਕਲ੍ਹ ਹਰ ਚੀਜ਼ ਨਕਲੀ ਹੁੰਦੀ ਹੈ-ਹਾਂ ਉਸ ਵਿੱਚ ਮਿਲਾਵਟ ਹੁੰਦੀ ਹੈ।’

ਸਆਦਤ ਹਸਨ ਮੰਟੋ
(ਅਨੁਵਾਦ: ਪ੍ਰੋ. ਗੁਰਮੇਲ ਸਿੰਘ)

...
...

ਗੋਪਾਲ ਕਿਸ਼ਨ ਜੀ ਇਕ ਰਿਟਾਇਰ ਅਧਿਆਪਕ ਹਨ, ਸਵੇਰੇ 10 ਵਜੇ ਬਿਲਕੁਲ ਠੀਕ ਠਾਕ ਲੱਗ ਰਹੇ ਸਨ, ਸ਼ਾਮ ਹੁੰਦੇ-ਹੁੰਦੇ ਤੇਜ ਬੁਖਾਰ ਦੇ ਨਾਲ ਨਾਲ ਉਹ ਸਾਰੇ ਲੱਛਣ ਦਿਖਾਈ ਦੇਣ ਲੱਗ ਪਏ ਜੋ ਇਕ ਕਰੋਨਾ ਪਾਜੀਟਿਵ ਮਰੀਜ ਵਿਚ ਦਿਖਾਈ ਦਿੰਦੇ ਹਨ!
ਪਰਿਵਾਰ ਵਾਲਿਆਂ ਦੇ ਚਿਹਰੇ ਤੇ ਖ਼ੌਫ਼ ਸਾਫ ਸਾਫ ਦਿਖਾਈ ਦੇ ਰਿਹਾ ਸੀ, ਉਹਨਾਂ ਦਾ ਮੰਜਾ ਘਰ ਦੇ ਬਾਹਰ ਵਾਲੇ ਕਮਰੇ ਵਿਚ ਰੱਖ ਦਿੱਤਾ ਗਿਆ, ਜਿਸ ਵਿਚ ਇਕ ਪਾਲਤੂ ਕੁੱਤੇ “ਮਾਰਸ਼ਲ” ਨੂੰ ਰੱਖਿਆ ਗਿਆ ਸੀ। ਗੋਪਾਲ ਕਿਸ਼ਨ ਜੀ ਕੁਝ ਸਾਲ ਪਹਿਲਾਂ ਇਕ ਜਖਮੀ ਕਤੂਰੇ ਨੂੰ ਸੜਕ ਤੋਂ ਚੱਕ ਲਿਆਏ ਸਨ, ਜਿਸਨੂੰ ਪਾਲ ਕੇ ਉਸ ਦਾ ਨਾਮ “ਮਾਰਸ਼ਲ” ਰੱਖ ਦਿੱਤਾ ਸੀ!
ਇਸ ਕਮਰੇ ਵਿਚ ਹੁਣ ਗੋਪਾਲ ਕਿਸ਼ਨ ਜੀ, ਇਕ ਮੰਜਾ ਤੇ ਉਨ੍ਹਾਂ ਦਾ ਪਿਆਰਾ ਕੁੱਤਾ ਮਾਰਸ਼ਲ ਹੈ ਦੋਵਾਂ ਨੂੰਹਾਂ ਪੁੱਤਾਂ ਨੇ ਗੋਪਾਲ ਜੀ ਤੋਂ ਦੂਰੀ ਬਣਾ ਲਈ ਤੇ ਆਪਣੇ ਬੱਚਿਆਂ ਨੂੰ ਵੀ ਗੋਪਾਲ ਕਿਸ਼ਨ ਜੀ ਕੋਲ ਨਾਂ ਜਾਣ ਦੇ ਨਿਰਦੇਸ਼ ਦੇ ਦਿੱਤੇ ਹਨ।
ਸਰਕਾਰ ਵਲੋਂ ਜਾਰੀ ਕੀਤੇ ਗਏ ਨੰਬਰ ਤੇ ਫੋਨ ਕਰਕੇ ਸੂਚਨਾ ਦੇ ਦਿੱਤੀ ਗਈ, ਖਬਰ ਪੂਰੇ ਮੁਹੱਲੇ ਵਿਚ ਫੈਲ ਚੁੱਕੀ ਸੀ ਪਰ ਮਿਲਣ ਕੋਈ ਨਹੀਂ ਆਇਆ,ਮੂੰਹ ਤੇ ਚੁੰਨੀ ਲਪੇਟੀ ਇਕ ਗੁਆਂਢ ਦੀ ਔਰਤ ਆਈ ਤੇ ਗੋਪਾਲ ਕਿਸ਼ਨ ਜੀ ਦੀ ਘਰਵਾਲੀ ਨੂੰ ਕਿਹਾ,” ਕੋਈ ਇਹਨਾਂ ਨੂੰ ਦੂਰੋਂ ਰੋਟੀ ਹੀ ਫੜਾ ਦਿਓ, ਉਹ ਹਸਪਤਾਲ ਵਾਲੇ ਇਹਨੂੰ ਭੁੱਖੇ ਨੂੰ ਹੀ ਲੈ ਜਾਣਗੇ ਚੱਕ ਕੇ “।
ਹੁਣ ਸਵਾਲ ਇਹ ਸੀ ਕਿ ਉਹਨਾਂ ਨੂੰ ਖਾਣਾ ਕੌਣ ਫੜਾਵੇ , ਨੂੰਹਾਂ ਨੇ ਖਾਣਾ ਗੋਪਾਲ ਜੀ ਦੀ ਘਰਵਾਲੀ ਨੂੰ ਫੜਾ ਦਿੱਤਾ, ਖਾਣਾ ਫੜਦੇ ਹੀ ਗੋਪਾਲ ਜੀ ਦੀ ਘਰਵਾਲੀ ਦੇ ਹੱਥ ਪੈਰ ਕੰਬਣ ਲੱਗ ਪਏ, ਮੰਨੋ ਪੈਰ ਜਿਵੇਂ ਕਿਸੇ ਨੇ ਖੁੰਡ ਨਾਲ ਬੰਨ੍ਹ ਦਿੱਤੇ ਗਏ ਹੋਣ।
ਐਨਾ ਦੇਖ ਕੇ ਗੁਆਂਢ ਤੋਂ ਆਈ ਬਜੁਰਗ ਔਰਤ ਬੋਲੀ,” ਤੇਰੇ ਹੀ ਘਰਵਾਲਾ ਆ, ਮੂੰਹ ਬੰਨ੍ਹ ਕੇ ਚਲੀ ਜਾਹ, ਦੂਰੋਂ ਹੀ ਖਾਣੇ ਦੀ ਪਲੇਟ ਸਰਕਾ ਦੇਵੀਂ, ਉਹ ਆਪਣੇ ਆਪ ਉਠ ਕੇ ਖਾ ਲਊਗਾ”। ਸਾਰੀ ਗੱਲਬਾਤ ਗੋਪਾਲ ਕਿਸ਼ਨ ਜੀ ਸੁਣ ਰਹੇ ਸਨ, ਉਹਨਾਂ ਦੀਆਂ ਅੱਖਾਂ ਭਰ ਆਈਆਂ ਸਨ, ਤੇ ਕੰਬਦੇ ਹੋਏ ਬੁੱਲਾਂ ਨਾਲ ਉਹਨਾਂ ਕਿਹਾ ਕਿ,” ਮੇਰੇ ਕੋਲ ਕੋਈ ਨਾ ਆਵੇ, ਮੈਨੂੰ ਭੁੱਖ ਵੀ ਨਹੀਂ ਹੈ”।
ਇਸੇ ਦੌਰਾਨ ਐਂਬੂਲੈਂਸ ਆ ਜਾਂਦੀ ਹੈ,ਤੇ ਗੋਪਾਲ ਕਿਸ਼ਨ ਜੀ ਨੂੰ ਐਂਬੂਲੈਂਸ ਵਿਚ ਬੈਠਣ ਲਈ ਕਿਹਾ ਜਾਂਦਾ ਹੈਂ, ਗੋਪਾਲ ਕਿਸ਼ਨ ਜੀ ਘਰ ਦੇ ਦਰਵਾਜ਼ੇ ਤੇ ਆ ਕੇ ਇਕ ਵਾਰੀ ਪਲਟ ਕੇ ਆਪਣੇ ਘਰ ਵੱਲ ਨੂੰ ਦੇਖਦੇ ਹਨ, ਪੋਤੀਆਂ ਪੋਤੇ ਫਸਟ ਫਲੋਰ ਦੀ ਖਿੜਕੀ ਵਿਚ ਮਾਸਕ ਲਗਾ ਕੇ ਖੜ੍ਹੇ ਹਨ ਤੇ ਆਪਣੇ ਦਾਦੇ ਨੂੰ ਵੇਖ ਰਹੇ ਹਨ ਉਹਨਾਂ ਬੱਚਿਆਂ ਦੇ ਪਿੱਛੇ ਹੀ ਚੁੰਨੀਆਂ ਨਾਲ ਸਿਰ ਢਕੀ ਗੋਪਾਲ ਕਿਸ਼ਨ ਜੀ ਦੀਆਂ ਨੂੰਹਾਂ ਵੀ ਦਿਖਾਈ ਦਿੰਦੀਆਂ ਹਨ, ਗਰਾਊਂਡ ਫਲੋਰ ਤੇ ਦੋਵੇਂ ਪੁੱਤ ਆਪਣੀ ਮਾਂ ਨਾਲ ਕਾਫ਼ੀ ਦੂਰ ਖੜੇ ਦਿਸਦੇ ਹਨ।
ਵਿਚਾਰਾਂ ਦਾ ਤੂਫਾਨ ਗੋਪਾਲ ਕਿਸ਼ਨ ਦੀ ਦੇ ਅੰਦਰ ਉਛਾਲੇ ਮਾਰ ਰਿਹਾ ਹੈ, ਉਹਨਾਂ ਦੀ ਪੋਤੀ ਨੇ ਉਹਨਾਂ ਵੱਲ ਦੇਖਦੇ ਹੋਏ ਹੱਥ ਹਿਲਾਉਂਦੀ ਨੇ Bye ਕਿਹਾ, ਇਕ ਪੱਲ ਤਾਂ ਉਨ੍ਹਾਂ ਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਦੀ ਜਿੰਦਗੀ ਨੇ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ ਹੋਵੇ”।
ਗੋਪਾਲ ਕਿਸ਼ਨ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵੱਗ ਤੁਰੇ, ਉਹਨਾਂ ਬੈਠ ਕੇ ਆਪਣੇ ਘਰ ਦੀ ਡਿਓੜੀ ਨੂੰ ਚੁੰਮਿਆ, ਤੇ ਐਂਬੂਲੈਂਸ ਵਿਚ ਬੈਠ ਗਏ। ਉਹਨਾਂ ਦੀ ਘਰਵਾਲੀ ਨੇ ਜਲਦੀ-ਜਲਦੀ ਪਾਣੀ ਦੀ ਬਾਲਟੀ ਭਰ ਕੇ ਉਸ ਡਿਓੜੀ ਤੇ ਮਾਰੀ, ਜਿਸਨੂੰ ਗੋਪਾਲ ਜੀ ਨੇ ਚੁੰਮ ਕੇ ਐਂਬੂਲੈਂਸ ਵਿਚ ਬੈਠੇ ਸਨ।
ਇਸਨੂੰ ਤਿਰਸਕਾਰ ਕਹੋ ਜਾਂ ਮਜਬੂਰੀ, ਲੇਕਿਨ ਇਹ ਦ੍ਰਿਸ਼ ਦੇਖ ਕੇ ਕੁੱਤਾ ਵੀ ਰੋ ਪਿਆ, ਤੇ ਉਹ ਉਸੇ ਐਂਬੂਲੈਂਸ ਦੇ ਪਿੱਛੇ ਦੌੜਨ ਲੱਗ ਪਿਆ, ਜਿਸ ਵਿਚ ਗੋਪਾਲ ਕਿਸ਼ਨ ਜੀ ਹਸਪਤਾਲ ਜਾ ਰਹੇ ਸਨ।
ਗੋਪਾਲ ਕਿਸ਼ਨ ਜੀ 14 ਦਿਨ ਹਸਪਤਾਲ ਦੇ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ, ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਸਨ, ਉਹਨਾਂ ਨੂੰ ਉਸੇ ਵੇਲੇ ਸਿਹਤਮੰਦ ਐਲਾਨ ਕੇ ਛੁੱਟੀ ਦੇ ਦਿੱਤੀ ਗਈ, ਜਦੋਂ ਉਹ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਤੇ ਬੈਠਾ ਆਪਣਾ ਕੁੱਤਾ “ਮਾਰਸ਼ਲ” ਦਿਖਾਈ ਦਿੱਤਾ, ਦੋਵੇਂ ਇਕ-ਦੂਜੇ ਨੂੰ ਚਿੰਬੜ ਗਏ ਹੰਝੂ ਸਾਰੇ ਬੰਨ੍ਹ ਤੋੜ ਕੇ ਵਗਣ ਲੱਗੇ।
ਜਦ ਤੱਕ ਉਨ੍ਹਾਂ ਦੇ ਦੋਵੇਂ ਮੁੰਡਿਆਂ ਦੀ ਲੰਬੀ ਗੱਡੀ ਉਨ੍ਹਾਂ ਨੂੰ ਲੈਣ ਪੁੱਜਦੀ, ਉਦੋਂ ਤੱਕ ਉਹ ਆਪਣੇ ਮਾਰਸ਼ਲ ਨੂੰ ਲੈ ਕੇ ਦੂਜੀ ਦਿਸ਼ਾ ਵਿਚ ਨਿਕਲ ਚੁੱਕੇ ਸਨ, ਉਸ ਤੋਂ ਬਾਅਦ ਉਹ ਕਦੀ ਦਿਖਾਈ ਨਹੀ ਦਿੱਤੇ, ਉਹਨਾਂ ਦੀ ਗੁਮਸ਼ੁਦਗੀ ਦੀ ਫੋਟੋ ਅਖਵਾਰ ਵਿਚ ਛਪੀ ਹੈ ਜਿਸ ਲਿਖਿਆ ਹੋਇਆ ਹੈ ਪਤਾ ਦੱਸਣ ਵਾਲੇ ਨੂੰ 40,000 ਇਨਾਮ ਦਿੱਤਾ ਜਾਵੇਗਾ।

ਪਤਾ ਨਹੀਂ ਮਿਲਣਗੇ ਜਾਂ ਨਹੀਂ……..
ਅਨੁਵਾਦਤ: ਬਲਜੀਤ ਸਿੰਘ

...
...

ਹਥੀਂ ਚੂੜਾ..ਸਿਰ ਤੇ ਗੋਟੇ ਵਾਲੀ ਚੁੰਨੀ ਦਾ ਲੰਮਾ ਸਾਰਾ ਘੁੰਡ..ਪੈਰੀ ਝਾਂਜਰਾਂ ਤੇ ਛਣ-ਛਣ ਕਰਦੀਆਂ ਪੰਜੇਬਾਂ..ਹੱਥਾਂ ਤੇ ਬੂਟੀਆਂ ਵਾਲੀ ਮਹਿੰਦੀ ਤੇ ਕਲੀਰੇ ਅਤੇ ਹੋਰ ਵੀ ਕਿੰਨਾ ਕੁਝ.. ਨਿੱਕੀ ਉਮਰੇ ਵਿਆਹ ਦਿੱਤੀ ਗਈ ਨੇ ਜਦੋਂ ਪਹਿਲੀ ਵਾਰ ਅਗਲੇ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਗ੍ਰਹਿਸਥ ਦਾ ਕੀ ਮਤਲਬ ਹੁੰਦਾ..ਉੱਕਾ ਹੀ ਪਤਾ ਨਹੀਂ ਸੀ..! ਪਹਿਲੀ ਵਾਰ ਇਹਨਾਂ ਨੇ ਘੁੰਡ ਚੁੱਕ ਗੱਲ ਕਰਨੀ ਚਾਹੀ ਤਾਂ ਛੇਤੀ ਨਾਲ ਹੱਥ ਛੁਡਾ ਪਰਾਂ ਨੁੱਕਰੇ ਲੱਗ ਗਈ..ਫੇਰ ਇਹਨਾਂ ਪਿਆਰ ਨਾਲ ਸੈਨਤ ਮਾਰ ਆਪਣੇ ਕੋਲ ਸੱਦ ਲਾਗੇ ਡੱਠੇ ਮੰਜੇ ਤੇ ਸਵਾਂ ਦਿੱਤਾ ਤੇ ਉੱਤੇ ਚਾਦਰ ਪਾ ਦਿੱਤੀ..! ਫੇਰ ਕੁਝ ਦਿਨਾਂ ਮਗਰੋਂ ਜਦੋਂ ਮਾੜਾ ਮੋਟਾ ਹਾਂ-ਹੁੰਗਾਰਾ ਜਿਹਾ ਭਰਨਾ ਸ਼ੁਰੂ ਕੀਤਾ ਤਾਂ ਇੱਕ ਦਿਨ ਸਾਗ ਚੀਰਦੀ ਦੇ ਕੋਲ ਆ ਕੇ ਪੁੱਛਣ ਲੱਗੇ ਕੇ ਕਿਤੇ ਬਾਹਰ ਵਾਂਢੇ ਜਾਣ ਨੂੰ ਜੀ ਕਰਦਾ ਏ ਤਾਂ ਦੱਸ?
ਮੇਰਾ ਚਾਚਾ ਫੌਜ ਵਿਚ ਸੀ..ਜਦੋਂ ਪਿੰਡ ਆਉਂਦਾ ਹਮੇਸ਼ਾਂ “ਡਲਹੌਜੀ” ਦੀਆਂ ਗੱਲਾਂ ਕਰਿਆ ਕਰਦਾ..ਪਤਾ ਨੀ ਉਸ ਦਿਨ ਕਿੱਦਾਂ ਚੇਤਾ ਆ ਗਿਆ ਤੇ ਮੂਹੋਂ ਆਪ ਮੁਹਾਰੇ ਹੀ ਨਿੱਕਲ ਗਿਆ..”ਹਾਂਜੀ ਡਲਹੌਜੀ ਜਾਣ ਨੂੰ ਬੜਾ ਜੀ ਕਰਦਾ”! ਇਹਨਾਂ ਅਗਲੇ ਦਿਨ ਪੁੱਛ ਲਿਆ ਪਰ ਬਾਪੂ ਬੇਬੇ ਹੁਰਾਂ ਨੇ ਸਾਫ ਨਾਂਹ ਕਰ ਦਿੱਤੀ..ਉਸ ਮਗਰੋਂ ਮੈਨੂੰ ਸਾਰਾ ਕੁਝ ਭੁੱਲ ਭੁਲਾ ਗਿਆ ਪਰ ਇਹਨਾਂ ਡਲਹੌਜੀ ਵਾਲੀ ਗੱਲ ਚੇਤੇ ਰੱਖੀ. ਫੇਰ ਇੱਕ ਦਿਨ ਘਰੇ ਟੀਵੀ ਲੈ ਆਂਦਾ ਗਿਆ.. ਚਿੱਤਰਹਾਰ..ਰੰਗੋਲੀ..ਸੰਦਲੀ ਪੈੜਾਂ..ਸ਼ਨਿਚਰਵਾਰ..ਐਤਵਾਰ ਨੂੰ ਕਦੇ ਕਦੇ ਆਉਂਦੀ ਪੰਜਾਬੀ ਫਿਲਮ..ਸਾਰਾ ਕੁਝ ਬੱਸ ਪਰਦੇ ਪਿੱਛੇ ਲੁਕ ਓਹਲੇ ਜਿਹੇ ਹੋ ਕੇ ਵੇਖਣਾ ਪੈਂਦਾ..ਸਾਰੇ ਜਾਣੇ ਕੱਠੇ ਜੂ ਬੈਠੇ ਵੇਖ ਰਹੇ ਹੁੰਦੇ..! ਫੇਰ ਕੁਝ ਅਰਸੇ ਮਗਰੋਂ ਬੇਬੇ ਬਾਪੂ ਜੀ ਅੱਗੜ ਪਿੱਛੜ ਹੀ ਜਹਾਨੋ ਤੁਰ ਗਏ.. ਕੁਝ ਮਹੀਨਿਆਂ ਮਗਰੋਂ ਪਿਛਲੇ ਪਿੰਡੋਂ ਵੀ ਸੁਨੇਹਾਂ ਆ ਗਿਆ..ਪਿਛਲੀ ਪੀੜੀ ਨਾਲ ਬੱਝੀ ਹੋਈ ਚਿਰੋਕਣੀ ਗੰਢ ਖੁਲ ਗਈ..! ਨਿਆਣੇ ਜੁਆਨ ਹੋਣ ਲੱਗੇ..ਜੁਮੇਵਾਰੀਆਂ ਵੱਧ ਗਈਆਂ..ਫੇਰ ਪਤਾ ਹੀ ਨਾ ਲੱਗਾ ਕਦੋਂ ਉਹ ਪੜਾਈਆਂ ਪੂਰੀਆਂ ਕਰ ਆਪੋ ਆਪਣੇ ਰਾਹ ਪੈ ਗਏ ਤੇ ਅਸੀਂ ਰਹਿ ਗਏ ਕੱਲੇ-ਕਾਰੇ..! ਸਾਰੀ ਦਿਹਾੜੀ ਬਸ ਗਲੀ ਵਿਚ ਬੈਠੇ ਬਾਹਰ ਖੇਡਦੇ ਜੁਆਕ ਵੇਖਦੇ ਰਹਿੰਦੇ..ਇਹਨਾਂ ਦੀ ਸਾਹ ਦੀ ਤਕਲੀਫ ਵੱਧ ਗਈ..ਡਾਕਟਰਾਂ ਸੁਵੇਰ ਦੀ ਸੈਰ ਬੰਦ ਕਰ ਦਿੱਤੀ..! ਇੱਕ ਦਿਨ ਅੱਧੀ ਰਾਤ ਨੂੰ ਜਾਗ ਖੁੱਲੀ ਤਾਂ ਦੇਖਿਆ ਕੱਲੇ ਬੈਠੇ ਟੀ.ਵੀ ਦੇਖ ਰਹੇ ਸਨ..ਇੱਕ ਫਿਲਮ ਵਿਚ ਡਲਹੌਜੀ ਸ਼ਹਿਰ ਦੀ ਸੈਰ ਕਰਵਾਈ ਜਾ ਰਹੀ ਸੀ..! ਅਗਲੇ ਦਿਨ ਪਤਾ ਨੀ ਕਿ ਸੁਝਿਆ..ਸਵਖਤੇ ਹੀ ਬਾਹਰ ਨਿੱਕਲ ਗਏ..ਵਾਪਿਸ ਮੁੜੇ ਤਾਂ ਹੱਥ ਵਿਚ ਕਾਗਜ ਦੇ ਦੋ “ਟੋਟੇ” ਸਨ.. ਪੁੱਛਿਆ ਤਾਂ ਆਖਣ ਲੱਗੇ ਤਿਆਰੀ ਖਿੱਚ ਲੈ ਸ੍ਰ੍ਦਾਰਨੀਏ ਬੱਸ..ਟੈਕਸੀ ਅੱਪੜ ਹੀ ਜਾਣੀ ਏ ਥੋੜੇ ਚਿਰ ਨੂੰ..ਆਪਾਂ ਡਲਹੌਜੀ ਨੂੰ ਨਿੱਕਲ ਜਾਣਾ..ਚਿਰਾਂ ਤੋਂ ਲਮਕਦੀ ਹੋਈ ਕੋਈ ਆਪਣੀ ਪੂਰਾਣੀ ਖਾਹਿਸ਼ ਪੁਗਾਉਣੀ ਏ..! ਥੋੜੇ ਚਿਰ ਮਗਰੋਂ ਚੰਡੀਗੜੋਂ ਤੁਰੀ ਟੈਕਸੀ ਹੋਸ਼ਿਆਰਪੁਰ ਹੁੰਦੀ ਹੋਈ ਡਲਹੌਜੀ ਵੱਲ ਨੂੰ ਵੱਧ ਰਹੀ ਸੀ..ਪੁੱਛ ਲਿਆ ਕੇ ਜੇ ਉੱਚੀਆਂ ਪਹਾੜੀਆਂ ਦੀ ਠੰਡ ਵਿਚ ਸਾਹ ਦੀ ਤਕਲੀਫ ਵੱਧ ਗਈ ਤਾਂ ਫੇਰ ਕੀ ਕਰਾਂਗੇ? ਮੇਰੇ ਸਿਰ ਹੇਠ ਆਪਣੀ ਬਾਂਹ ਦਿੰਦੇ ਹੋਏ ਆਖਣ ਲੱਗੇ ਕੇ “ਤੂੰ ਨਾਲ ਤੇ ਹੈਂ ਨਾ ਮੇਰੇ..
ਕੁਝ ਨਹੀਂ ਹੁੰਦਾ ਮੇਰੀ ਸਾਹਾਂ ਦੀ ਲੜੀ ਨੂੰ”
ਫੇਰ ਨਿਆਣਿਆਂ ਵੱਲੋਂ ਅਕਸਰ ਹੀ ਆਖ ਦਿੱਤੀ ਜਾਂਦੀ ਚੇਤੇ ਕਰ ਬੋਲ ਪਏ..”ਸ੍ਰ੍ਦਾਰਨੀਏ ਸਾਰੇ ਅਕਸਰ ਹੀ ਆਖ ਦਿੰਦੇ ਨੇ ਕੇ ਅਸੀਂ “ਬੁੱਢੇ” ਹੋ ਗਏ ਹਾਂ..ਕਮਲਿਆਂ ਨੂੰ ਕੌਣ ਸਮਝਾਵੇ ਕੇ ਬੁੱਢੇ “ਇਨਸਾਨ” ਹੁੰਦੇ ਨੇ ਨਾ ਕੇ ਓਹਨਾ ਦੇ “ਸੁਫ਼ਨੇ”
ਡਰਾਈਵਰ ਨੂੰ ਸਪੈਸ਼ਲ ਆਖ ਕੇ ਲਵਾਈ ਟੇਪ ਵਿਚ ਯਮਲੇ ਦਾ ਗਾਣਾ ਵੱਜ ਰਿਹਾ ਸੀ..”ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ..ਜੋ ਅੱਲੜਪੁਣੇ ਵਿਚ ਲਾਈਆਂ ਤੋੜ ਨਿਭਾਵੀਂ ਵੇ”

...
...

2018 ਚ ਮੇਰੇ ਚਾਚਾ ਜੀ ਨੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਯਾਦ ਚ ਪਿੰਡ ਦੇ ਕੁਝ ਪੜੇ ਲਿਖੇ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਚ ਖੂਨਦਾਨ ਕੈਂਪ ਲਗਾਇਆ। ਖੂਨ ਦਾਨ ਤੇ ਬਹੁਤ ਵਧੀਆ ਸੂਝਵਾਨ ਬੁਲਾਰਿਆਂ ਨੇ ਖੂਨ ਦਾਨ ਦਾ ਮਹੱਤਵ ਦੱਸਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਤੇ ਲੱਗਪਗ 60 ਯੂਨਿਟ ਖੂਨ ਇਕੱਠਾ ਕਰਕੇ ਹੁਸ਼ਿਆਰਪੁਰ ਦੀ ਇੱਕ ਲੋਕ ਭਲਾਈ ਸੰਸਥਾ ਨੇ ਇਕੱਤਰ ਕਰਕੇ ਲੈ ਗਏ। ਉਸ ਸਮੇੰ ਉਹ ਪਹਿਲਾਂ ਕੈੰਪ ਸੀ ਸਾਡੇ ਪਿੰਡ ਚ ਜਿਸ ਚ ਲੱਗਪੱਗ ਸਾਡੇ ਪਰਿਵਾਰ ਦੇ 20 ਮੈੰਬਰਾਂ ਨੇ ਖੂਨਦਾਨ ਕੀਤਾ। ਹਾਲਾਂਕਿ ਮੇਰੇ ਚਾਚਾ ਪੇਸ਼ੇ ਵਜੋਂ ਮਾਸਟਰ ਸਨ ਅਤੇ ਲਾਗਲੇ ਪਿੰਡ ਹੀ ਸਕੂਲ ਚ ਪੜਾਉੰਦੇ ਸੀ। ਇਸਦੇ ਨਾਲ ਨਾਲ ਉਹ ਕਿਤਾਬ ਪੜ੍ਹਨ ਦੇ ਸ਼ੌਕੀਨ ਤੇ ਲੇਖਕ ਵੀ ਸਨ। ਉਹ ਹਮੇਸ਼ਾ ਹੀ ਸਮਾਜ ਨੂੰ ਬਦਲਣ ਲਈ ਤੱਤਪਰ ਰਹਿੰਦੇ ਸੀ। 2018 ਦੇ ਦਸੰਬਰ ਮਹੀਨੇ ਦੇ ਆਖਰੀ ਦਿਨ ਮੇਰੇ ਤਾਇਆ ਜੀ ਮੌਤ ਹੋ ਗਈ ਉਸ ਸਮੇਂ ਵੀ ਉਹ ਲੋਕ ਭਲਾਈ ਦੇ ਕੰਮਾਂ ਚ ਜੁਟੇ ਰਹੇ। ਉਹਨਾਂ ਨੇ ਸਮਾਜ ਨੂੰ ਸੇਧ ਦੇਣ ਲਈ ਵਿਆਹ ਤੱਕ ਨੀ ਕਰਾਇਆ ਤੇ ਜਦ ਵੀ ਕੋਈ ਫੌਨ ਆਉਣਾ ਕਿ ਖੂਨ ਦੀ ਲੋੜ ਹੈ ਤਾ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਸਨ। ਉਹ ਤਰਕਸ਼ੀਲ ਸਨ ਤੇ ਕਿਤਾਬਾਂ ਪੜ੍ਹਨਾ ਲਿਖਣਾ ਉਨ੍ਹਾਂ ਨੂੰ ਵਧੀਆ ਲੱਗਦਾ ਸੀ। ਉਹ ਲੋਕਾਂ ਨੂੰ ਅੰਧਵਿਸ਼ਵਾਸਾਂ ਤੋੰ ਹਟਾ ਕੇ ਵਿਗਿਆਨ ਨਾਲ ਜੋੜਨਾ ਚਾਹੁੰਦੇ ਸਨ।
2019 ਚ ਫੇਰ ਦੂਜਾ ਖੂਨਦਾਨ ਕੈੰਪ ਕਰਾਇਆ ਗਿਆ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਚੜ ਕੇ ਲੋਕਾਂ ਨੇ ਖੂਨਦਾਨ ਕੈਂਪ ਚ ਹਿੱਸਾ ਲਿਆ ਤੇ ਖੂਨਦਾਨ ਦੀ ਮਹੱਤਤਾ ਦੱਸੀ ਗਈ। ਖੂਨਦਾਨੀਆਂ ਨੂੰ ਪਿੰਡ ਦੀ ਕਮੇਟੀ ਤੇ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ। ਸਮਾਂ ਬੀਤਦਾ ਗਿਆ ਤੇ ਚਾਚਾ ਜੀ ਆਪਣੇ ਸਮਾਜਿਕ ਭਲਾਈ ਦੇ ਕਾਰਜ ਕਰਦੇ ਗਏ। ਦਸੰਬਰ ਮਹੀਨੇ ਵੱਡੇ ਦਿਨ ਦੀਆਂ ਛੁੱਟੀਆਂ ਦੌਰਾਨ ਉਹ ਆਪਣੇ ਮਿੱਤਰਾਂ ਨਾਲ ਤਲਵਾੜਾ ਡੈਮ ਘੁੰਮਣ ਗਏ। ਫੇਰ ਨਵੇਂ ਸਾਲ ਤੋੰ ਬਾਦ ਉਹ ਆਪਣੇ ਸਕੂਲ ਦੇ ਵਿੱਚ ਸੇਵਾ ਨਿਭਾ ਰਹੇ ਸਨ। ਫਰਵਰੀ ਦੇ ਇੱਕ ਦਿਨ ਅਚਾਨਕ ਸਕੂਲ ਚ ਉਨਾਂ ਦੀ ਛਾਤੀ ਚ ਦਰਦ ਹੋਈ ਤੇ ਉਹਨਾਂ ਨੂੰ ਹਸਪਤਾਲ ਲਿਜਾਂਦੇ ਸਮੇੰ ਹੀ ਉਨਾਂ ਦੀ ਮੌਤ ਹੋ ਗਈ। ਉਨਾਂ ਨੇ ਪਹਿਲਾਂ ਹੀ ਸਾਨੂੰ ਸਭ ਨੂੰ ਕਿਹਾ ਸੀ ਕਿ ਮੇਰੀ ਮੌਤ ਤੋੰ ਬਾਦ ਮੇਰੀਆਂ ਅੱਖਾਂ ਤੇ ਸਰੀਰ ਦਾਨ ਕੀਤਾ ਜਾਵੇ ਅਸੀਂ ਉਨਾਂ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਜੋ ਕਿ ਅੱਜ 2 ਇਨਸਾਨਾਂ ਦੀਆਂ ਜਿੰਦਗੀਆਂ ਰੁਸ਼ਨਾ ਰਹੀਆਂ ਨੇ ਤੇ ਉਨਾਂ ਸਰੀਰ ਰਿਸਰਚ ਲਈ ਲੁਧਿਆਣਾ ਦੇ ਸੀ ਐਮ ਸੀ ਹਸਪਤਾਲ ਚ ਦਾਨ ਕੀਤਾ ਗਿਆ। ਉਨਾਂ ਦੀ ਮੌਤ ਤੇ ਹਰ ਇੱਕ ਅੱਖ ਨਮ ਸੀ ਤੇ ਸਕੂਲ ਦੇ ਬੱਚੇ ਵੀ ਬਹੁਤ ਰੋਏ। ਉਹ ਸਮਾਜ ਨੂੰ ਪਰਿਵਾਰ ਦੇ ਨਜਰੀਏ ਨਾਲ ਦੇਖਦੇ ਸੀ ਉਨਾਂ ਨੇ ਆਪਣੀ ਜਿੰਦਗੀ ਚ 67 ਵਾਰ ਖੂਨਦਾਨ ਕੀਤਾ ਤੇ ਆਪਣੀ ਸਾਰੀ ਤਨਖਾਹ ਆਪਣਾ ਖਰਚਾ ਕੱਢ ਕੇ ਉਹਨਾਂ ਨੇ ਭੱਠੇ ਚ ਰਹਿੰਦੇ ਬੱਚਿਆਂ ਦੀ ਪੜ੍ਹਾਈ ਲੇਖੇ ਲਾ ਦਿੱਤੀ। ਉਨਾਂ ਦੀ ਉਮਰ ਸਿਰਫ 50 ਸਾਲ ਸੀ। ਉਨਾਂ ਦਾ ਗੂੜਾ ਮਿੱਤਰ ਜੋ ਕਿ ਹੁਣ ਕੈਨੇਡਾ ਚ ਇੱਕ ਪੰਜਾਬੀ ਟੀ ਵੀ ਚੈਨਲ ਦਾ ਉਘਾ ਬੁਲਾਰਾ ਹੈ ਉਸਨੇ ਵੀ ਕਾਫੀ ਦੁੱਖ ਜਤਾਇਆ। ਮੇਰੇ ਚਾਚਾ ਜੀ ਆਪਣੀ ਜਿੰਦਗੀ ਚ ਇੰਨੀ ਵਾਰ ਖੂਨਦਾਨ ਕੀਤਾ ਪਤਾ ਨੀ ਕਿੰਨੀਆਂ ਜਾਨਾਂ ਬਚਾਈਆਂ। ਜਿੱਥੇ ਅੱਜ ਕੱਲ ਸਰਕਾਰਾਂ ਪਿੱਛੇ ਲੱਗ ਲੋਕ ਹਿੰਦੂ ਮੁਸਲਿਮ ਸਿੱਖ ਆਪਣੀ ਦੰਗਿਆਂ ਚ ਲੋਕਾਂ ਦਾ ਖੂਨ ਵਹਾ ਰਹੇ ਨੇ ਉਥੇ ਹੀ ਮੇਰੇ ਚਾਚਾ ਜੀ ਵਰਗੇ ਮਹਾਨ ਖੂਨਦਾਨੀ ਸਮਾਜਿਕ ਏਕਤਾ ਨੂੰ ਧਰਮਾਂ ਤੋਂ ਉਪਰ ਉਠ ਕੇ ਕੰਮ ਕਰ ਰਹੇ ਨੇ ਕਿਉੱਕਿ ਇਨਸਾਨਾਂ ਦਾ ਖੂਨ ਇੱਕੋ ਜਿਹਾ ਹੀ ਹੁੰਦਾ ਹੈ ਉਹ ਜਾਤ ਜਾਂ ਧਰਮ ਦੇ ਨਾਂ ਤੇ ਅਲੱਗ ਅਲੱਗ ਨਹੀੰ ਹੁੰਦਾ। ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਆ ਕਿਉੰਕਿ ਕਿਸੇ ਦਾ ਖੂਨ ਵਹਾਉਣਾ ਤਾ ਸੌਖਾ ਹੈ ਪਰ ਖੂਨਦਾਨ ਕਰਨਾ ਇੱਕ ਪਵਿੱਤਰ ਕੰਮ ਹੈ ਜੋ ਕਿ ਸੂਰਮੇ ਹੀ ਕਰਦੇ ਨੇ।

Submitted By:- Navdeep Singh

...
...

ਪੁੱਤ,ਨੂੰਹ ਰਾਣੀ ਨੂੰ ਅੱਜ ਆਖ ਦੇਈਂ ਕਿ ਸੁਭਾ ਬੱਚਿਆਂ ਦੇ ਬਰੇਕਫਾਸਟ ਦੇ ਨਾਲ ਹੀ ਮੇਰਾ ਵੀ ਇੱਕ ਪਰੌਂਠਾ ਲਾਹ ਦੇਵੇ। ਮੇਰਾ ਤਾਂ ਦਵਾਈਆਂ ਨਾਲ ਅੰਦਰ ਹੀ ਭਰਿਆ ਪਿਆ ਹੈ,ਹੋਰ ਕੁਝ ਖਾਣ ਨੂੰ ਜੀਅ ਨਹੀਂ ਕਰਦਾ। ਉਂਞ ਤਾਂ ਮੈਂ ਕਹਿਣਾ ਨਹੀਂ ਸੀ ਪਰ ਅੱਜ ਐਤਵਾਰ ਹੋਣ ਕਰਕੇ ਮੈਂ ਕਿਹਾ ਕਿ ਚਲੋ,ਅੱਜ ਥੋੜੀ ਵਿਹਲ ਹੋਊ। ਨਾਲ ਹੀ ਰਸੋਈ ਵਿੱਚ ਕੰਮ ਕਰਦੀ ਵੀਰੋ ਨੇ ਆਪਣੀ ਸੱਸ ਬਸੰਤੀ ਨੂੰ ਕਿਹਾ ਕਿ ਮਾਤਾ ਜੀ,ਹੁਣ ਤੁਹਾਡੇ ਪਰੌਂਠੇ ਖਾਣ ਦੇ ਦਿਨ ਹਨ। ਡਾਕਟਰ ਨੇ ਤਾਂ ਪਹਿਲਾਂ ਹੀ ਤੈਨੂੰ ਭਾਰੀਆਂ ਚੀਜਾਂ ਖਾਣ ਤੋਂ ਵਰਜਿਆ ਹੈ ਤੇ ਨਾਲੇ ਮੇਰੇ ਕੋਲ ਛੁੱਟੀ ਵਾਲੇ ਦਿਨ ਤਾਂ ਬਹੁਤ ਕੰਮ ਹੁੰਦਾ ਹੈ। ਮੇਰੇ ਕੋਲ ਤਾਂ ਮਿੰਟ ਦੀ ਵਿਹਲ ਨਹੀਂ ਹੁੰਦੀ ਤੇ ਉੱਤੋਂ ਸਾਰਾ ਪਰਿਵਾਰ ਹੋਰ ਫੁਰਮਾਇਸ਼ਾਂ ਕਰੀ ਜਾਂਦਾ ਏ। ਹੁਣ ਛਿੰਦਾ ਆਪਣੀ ਪਤਨੀ ਦੇ ਕੁਸੈਲੇ ਬੋਲ ਸੁਣ ਕੇ ਦੁਚਿੱਤੀ ਵਿੱਚ ਪੈ ਗਿਆ ਕਿ ਉਹ ਆਪਣੀ ਪਤਨੀ ਨੂੰ ਕਿਵੇਂ ਸਮਝਾਵੇ ਕਿ ਭਲੀ ਲੋਕ, ਇੱਕ ਪਰੌਂਠਾ ਲਾਹੁੰਣ ਨਾਲ ਤੇਰਾ ਕੁਝ ਨਹੀਂ ਘੱਟਦਾ ਪਰ ਵੀਰੋ ਆਪਣੀ ਅੜੀ ਛੱਡਣ ਨੂੰ ਤਿਆਰ ਨਹੀਂ ਸੀ। ਫਿਰ ਛਿੰਦਾ ਹਾਰਿਆ ਹੋਰਿਆ ਆਪਣੀਆਂ ਨਮ ਅੱਖਾਂ ਲੈ ਕੇ ਆਪਣੀ ਮਾਂ ਨੂੰ ਕਹਿਣ ਲੱਗਾ, ਮਾਤਾ ਅੱਜ ਰਹਿਣ ਦੇ ਫੇਰ ਕਿਸੇ ਦਿਨ ਪਰੌਂਠਾ ਖਾਵਾਂਗੇ। ਬਸੰਤੀ ਆਪਣੇ ਛਿੰਦੇ ਪੁੱਤ ਨੂੰ ਕਹਿਣ ਲੱਗੀ ਪੁੱਤਾਂ,ਮੈਂ ਕਦੇ ਵੀ ਨਹੀਂ ਤੈਨੂੰ ਬਚਪਨ ਵੇਲੇ ਸਕੂਲ ਜਾਣ ਸਮੇਂ ਪਰੌਂਠੇ ਤੋਂ ਨਾਹ ਕੀਤੀ ਸੀ । ਪਰ ਮਾਤਾ ਜੀ,ਉਹ ਪਰੌਂਠੇ ਤੇਰੇ ਛਿੰਦੇ ਪੁੱਤ ਨੇ ਖਾਧੇ ਸੀ , ਤੇਰੀ ਨੂੰਹ ਰਾਣੀ ਵੀਰੋ ਨੇ ਨਹੀਂ। ਆਪਣੇ ਪੁੱਤ ਦੇ ਮੂੰਹੋਂ ਇਹ ਬੋਲ ਸੁਣ ਕੇ ਬਸੰਤੀ ਨੇ ਸਬਰ ਦਾ ਘੁੱਟ ਭਰ ਲਿਆ ਸੀ।
ਸਰਬਜੀਤ ਜਿਉਣ ਵਾਲਾ,ਫਰੀਦਕੋਟ
ਮੋਬਾਈਲ – 9464412761

...
...

ਕਹਿੰਦੇ ਨੇ ਲਿਖਣ ਵਾਲੇ ਨੂੰ ਕਲਮ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਆਪਣੀ ਕਮੀ ਨੂੰ ਲਿਖਣ ਲਈ ਵੀ ਸੱਚ ਦਾ ਹੀ ਪੱਲ੍ਹਾ ਫੜਨਾ ਚਾਹੀਦਾ ਹੈ। ਨਹੀਂ ਤਾਂ ਲਿਖਿਆ ਹੋਇਆ ਲੇਖ ਕਹਾਣੀ ਹੀ ਜਾਪਣ ਲੱਗਦਾ ਹੈ ਉਸ ਨਾਲ਼ ਕੋਈ ਸੇਧ ਨਹੀਂ ਮਿਲਦੀ। ਇਸ ਲਈ ਮੈਂ ਇਸ ਲੇਖ ਦੇ ਨਾਲ ਆਪਣੀ ਇੱਕ ਆਪਬੀਤੀ ਸਾਂਝੀ ਕਰਨ ਲੱਗੀ ਹਾਂ।
ਅਕਸਰ ਹੀ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਉਧਰ ਵੀ ਕਮੀਆਂ ਹੀ ਲਭਦੇ ਹਾਂ ਜੋ ਕਿ ਮਨੁੱਖ ਦਾ ਸਵਭਾਵ ਹੈ। ਇਹਾ ਜਿਹਾ ਹੀ ਮੇਰੇ ਨਾਲ ਵੀ ਵਾਪਰਿਆ। ਇੱਕ ਵਾਰ ਆਗਰਾ ਜਾਉਣ ਦਾ ਮੌਕ਼ਾ ਬਣਿਆ। ਅਸੀ ਪਹਿਲਾਂ ਗੁਰੂਦਵਾਰਾ ਮਾਈ ਥਾਣ ਸਾਹਿਬ ਪਹੁੰਚੇ, ਉਧਰ ਇਮਾਰਤ ਦੀ ਕਾਰਸੇਵਾ ਚਲ ਰਹੀ ਸੀ। ਫਿਰ ਵੀ ਪ੍ਰਬੰਧਕਾਂ ਨੇ ਸਾਨੂੰ ਠਹਿਰਣ ਲਈ ਇੱਕ ਕਮਰਾ ਖਾਲੀ ਕਰਵਾ ਕੇ ਦਿੱਤਾ। ਅਸੀਂ ਉਧਰ ਹੀ ਕੁਛ ਦੇਰ ਆਰਾਮ ਕੀਤਾ ਪਰ ਕਾਰਸੇਵਾ ਕਾਰਨ ਜੋ ਕਮਰਾ ਸਾਨੂੰ ਦਿੱਤਾ ਗਿਆ ਸੀ ਉਹ ਸਟੋਰ ਸੀ ਜਿਸ ਕਰਕੇ ਅਸੀਂ ਨਾਸ਼ੁਕਰੇ ਇਨਸਾਨ ਸੋਚਣ ਲਗੇ ਕਿ ਇਧਰ ਤਾਂ ਮੱਛਰ ਮੱਖੀ ਬਹੁਤ ਹੈ। ਕਿਸੀ ਤਰ੍ਹਾ ਅਸੀ ਤਿਆਰ ਹੋ ਕੇ ਗੁਰੂਦਵਾਰਾ ਗੁਰੂ ਕੇ ਤਾਲ ਸਾਹਿਬ ਪਹੁੰਚ ਗਏ। ਉਧਰ ਦੀ ਨਵੀਂ ਬਣੀ ਇਮਾਰਤ ਵਿਚ ਸਾਨੂੰ ਰਹਿਣ ਲਈ ਇੱਕ ਐ ਸੀ ਕਮਰਾ ਮਿਲ ਗਿਆ। ਅਸੀ ਗੁਰੂਦਵਾਰਾ ਮਾਈ ਥਾਣ ਸਾਹਿਬ ਤੋਂ ਆਪਣਾ ਸਮਾਨ ਚੁੱਕ ਗੁਰੂਦਵਾਰਾ ਗੁਰੂ ਕੇ ਤਾਲ ਸਾਹਿਬ ਲੇ ਆਉਂਦਾ।ਰਾਤ ਉਧਰ ਹੀ ਰਿਹਾਇਸ਼ ਕੀਤੀ । ਸਵੇਰੇ ਸਾਨੂੰ ਪੜੋਸੀਆਂ ਨੇ ਫੋਨ ਕਰਕੇ ਦੱਸਿਆ ਕਿ ਕਲ ਤੋਂ ਹੀ ਬਹੁਤ ਮੀਂਹ ਪੈਣ ਕਾਰਣ ਤੁਹਾਡੇ ਘਰ ਪਾਣੀ ਭਰ ਗਿਆ ਹੈ। ਸ਼ਾਮ ਦੀ ਟਰੇਨ ਤੋਂ ਜਦੋਂ ਰਾਤੀ ਘਰ ਪਰਤੇ ਤਾਂ ਘਰ ਵਿਚ ਉਹ ਗੰਦ ਖਿਲਾਰਾ ਪਿਆ ਸੀ ਜੋ ਅਸੀਂ ਸੋਚ ਵੀ ਨਹੀਂ ਸਕਦੇ ਸੀ। ਕਿਸੇ ਤਰ੍ਹਾਂ ਬਚੇਆਂ ਨੂੰ ਬੇਡ ਤੇ ਬਿਠਾ ਅਸੀਂ ਦੋਵਾਂ ਨੇ ਰਲ਼ ਕੇ ਰਾਤ ਇੱਕ ਵਜੇ ਤਕ ਘਰ ਸਾਫ ਕੀਤਾ। ਕਿੰਨੇ ਦਿਨਾਂ ਤੱਕ ਘਰੋਂ ਬਦਬੂ ਆਉਂਦੀ ਰਹੀ। ਗੁਰੂ ਸਾਹਿਬ ਨੇ ਸਾਨੂੰ ਚਿਤਾਰਿਆ ਕਿ ਗੁਰੂ ਦੇ ਸਥਾਨਾਂ ਵਿਚ ਕਮੀ ਨਹੀਂ ਲੱਭਣੀ ਚਾਹੀਦੀ। ਸਦਾ ਉਸ ਪ੍ਰਮੇਸ਼ਵਰ ਦੀ ਕਿਰਪਾ ਹੀ ਮੰਗਣੀ ਚਾਹੀਦੀ ਹੈ।ਉਸ ਅਕਾਲਪੁਰਖ ਦੇ ਗੁਣ ਹੀ ਗਾਉਣੇਂ ਚਾਹੀਦੇ ਹਨ।
ਗੁਰੂ ਘਰ ਜਾ ਕੇ ਜੋ ਵੀ ਰੁਖਾ ਮਿਸਾ ਮਿਲੇ ਜਿਸ ਤਰ੍ਹਾਂ ਦੀ ਵੀ ਰਿਹਾਇਸ਼ ਮਿਲੇ ਉਸ ਅਕਾਲਪੁਰਖ ਦਾ ਹੁਕਮ ਜਾਣ ਕੇ ਮੰਨ ਲੈਣਾਂ ਚਾਹੀਦਾ ਹੈ।

Submitted By:- ਸਤਨਾਮ ਕੌਰ

...
...

ਕਰੀਬ ਸੱਤ ਕੁ ਸਾਲ ਪਹਿਲਾਂ ਦੀ ਛੋਟੀ ਜਿਹੀ ਘਟਨਾ ਏ। ਮੈਂ ਕਾਫੀ ਬੁਰੇ ਦੌਰ ਚੋਂ ਗੁਜ਼ਰ ਰਿਹਾ ਸੀ , ਫਰਾਂਸ ਤੋਂ ਮੂਵ ਕਰਨ ਕਰਕੇ ਹਾਲੇ ਇੰਗਲੈਂਡ ਵਿੱਚ ਪੈਰ ਨਹੀ ਸਨ ਲੱਗੇ , ਮੌਸਮ ਦੀ ਤਬਦੀਲੀ, ਹਰ ਵੇਲੇ ਬੱਦਲਵਾਈ , ਉਦਾਸੀ ਭਰਿਆ ਮੌਸਮ , ਕਦੀ ਕਦੀ ਲੱਗਦਾ ਸੀ ਕਿ ਗਲਤ ਫੈਸਲਾ ਲੈ ਲਿਆ ਦੇਸ਼ ਬਦਲੀ ਕਰਕੇ , ਕੰਮ ਕਾਰ ਲਈ ਵਾਕਫ਼ੀਅਤ ਬਣਦਿਆਂ ਵਕਤ ਲੱਗਣਾ ਸੀ ਹਾਲੇ , ਖਸਤਾ ਹਾਲਤ ਕਿਰਾਏ ਦਾ ਮਕਾਨ , ਆਪਣਾ ਘਰ ਖਰੀਦਣ ਨੂੰ ਹੱਥ ਨਹੀ ਸੀ ਪੈ ਰਿਹਾ ਕਿੱਧਰੇ । ਘੋਰ ਨਿਰਾਸ਼ਾ ਦਾ ਆਲਮ ਸੀ ਏਸ ਵਕਤ । ਉੱਪਰੋਂ ਵਿਸ਼ਵ ਵਿਆਪੀ ਮੰਦੀ ਦਾ ਦੌਰ ਪੂਰੇ ਜੋਬਨ ਤੇ ਸੀ। ਆਖਰ ਮੈਂ ਹੌਲੀ ਹੌਲੀ ਕੰਮ ਸ਼ੁਰੂ ਕੀਤਾ ਤਾਂ ਬਿਜਲੀ ਦੀ ਟੈਸਟਿੰਗ ਦੇ ਮਾਮਲੇ ਚ ਇੱਕ ਦਿਨ ਬਰਮਿੰਘਮ ਦੇ ਦੂਜੇ ਪਾਸੇ , ਇੱਕ ਘਰ ਗਿਆ , ਓਸ ਘਰ ਵਿੱਚ ਇੱਕ ਇਕੱਲੀ ਗੋਰੀ ਬਜ਼ੁਰਗ ਔਰਤ ਰਹਿ ਰਹੀ ਸੀ , ਲਾਰੈਂਸ ਨਾਮ ਸੀ ਓਹਦਾ , ਵੀਲ੍ਹ ਚੇਅਰ ਨਾਲ ਤੁਰਦੀ ਸੀ । ਉਮਰ ਦੇ ਅੱਠ ਦਹਾਕੇ ਵੇਖ ਚੁੱਕੀ ਸੀ ਉਹ ਪਿਆਰੀ ਜਿਹੀ ਇਨਸਾਨ , ਗੋਰਾ ਨਿਸ਼ੋਹ ਰੰਗ, ਚਾਂਦੀ ਰੰਗੇ ਵਾਲ , ਨੀਲੀਆਂ ਬਲੌਰੀ ਅੱਖਾਂ । ਪਰ ਸੀ ਬੜੀ ਜ਼ਿੰਦਾ ਦਿਲ । ਏਸ ਹਾਲਤ ਵਿੱਚ ਵੀ ਇਕੱਲੀ ਜਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ । ਘਰ ਵਿੱਚ ਪੁਰਾਣਾ ਰੰਗਦਾਰ ਟੀਵੀ, ਰੇਡੀਓ ਸਲੀਕੇ ਨਾਲ ਸਜ਼ਾ ਕੇ ਰੱਖੇ ਹੋਏ ਸਨ ਉਹਨੇ , ਇੱਕ ਲੈਂਡਲਾਈਨ ਫ਼ੋਨ ਪਿਆ ਸੀ ਜਿਸਤੇ ਹਿੰਦਸੇ ਵੱਡੇ ਕਰਕੇ ਲਿਖੇ ਹੋਏ ਸਨ , ਵਰਤੋਂ ਚ ਆਸਾਨੀ ਲਈ । ਮੈਂ ਆਪਣਾ ਕੰਮ ਖਤਮ ਕੀਤਾ , ਤਾਂ ਉਸ ਨੇਕ ਔਰਤ ਨੇ ਮੈਨੂੰ ਸਰਸਰੀ ਚਾਹ ਕੌਫੀ ਦੀ ਸੁਲ੍ਹਾ ਮਾਰ ਲਈ , ਮੈਂ ਝਿਜਕਦੇ ਨੇ ਨਾਂਹ ਕਰ ਦਿੱਤੀ ਪਰ ਓਹਨੇ ਦੁਬਾਰਾ ਏਨੇ ਪੁਰ ਖ਼ਲੂਸ ਤਰੀਕੇ ਨਾਲ ਕਿਹਾ ਤਾਂ ਮੈ ਨਾਂਹ ਨਾ ਕਰ ਸਕਿਆ ।ਮੈਂ ਪਾਣੀ ਗਰਮ ਕਰਨ ਚ ਮੱਦਦ ਕਰ ਦਿੱਤੀ ਤੇ ਅਸਾਂ ਕੌਫੀ ਬਣਾ ਲਈ । ਬੈਠੇ ਬੈਠੇ ਅਸੀਂ ਉੰਨ ਦੇ ਪਿੰਨੇ ਵਾਂਗ ਉੱਧੜ ਗਏ । ਮੈ ਆਪਣਾ ਪਿਛੋਕੜ ਦੱਸਿਆ ਤੇ ਓਹਨੇ ਵੀ ਦੱਸਿਆ ਕਿ ਓਹਦਾ ਪਤੀ ਪੰਜ ਕੁ ਸਾਲ ਪਹਿਲਾਂ ਗੁਜ਼ਰ ਗਿਆ ਏ। ਦੋ ਬੇਟੀਆਂ ਸਨ, ਇੱਕ ਕੈਨੇਡਾ ਏ ਤੇ ਦੂਸਰੀ ਲੈਸਟਰ ਰਹਿੰਦੀ ਏ , ਏਥੋ ਅੱਸੀ ਕੁ ਕਿਲੋ ਮੀਟਰ ਦੂਰ । ਮੈਂ ਉਹਨੂੰ ਪੁੱਛਿਆ ਕਿ ਤੂੰ ਕਿਸੇ ਪਰਿਵਾਰ ਦੇ ਮੈਂਬਰ ਨਾਲ ਕਿਉਂ ਨਹੀ ਰਹਿੰਦੀ , ਕੀ ਮੁਸ਼ਕਿਲ ਨਹੀਂ ਇਵੇਂ ਜਿੰਦਗੀ ਬਸ਼ਰ ਕਰਨਾ ? ਤਾਂ ਓਹਨੇ ਬੜੀ ਜ਼ਿੰਦਾ-ਦਿਲੀ ਨਾਲ ਜਵਾਬ ਦਿੱਤਾ ,”ਨਹੀਂ, ਮੈ ਕਿਸੇ ਤੇ ਬੋਝ ਨਹੀ ਬਣਨਾ ਚਾਹੁੰਦੀ , ਮੈਨੂੰ ਲੱਗਦਾ ਏ ਕਿ ਮੈ ਖ਼ੁਦ ਨੂੰ ਸੰਭਾਲ਼ ਸਕਦੀ ਆਂ ਹਾਲੇ ਵੀ । ਘਰ ਦੇ ਬਾਹਰਲਾ ਰੈਂਪ, ਅੰਦਰਲੀਆਂ ਪੌੜੀਆਂ ਤੇ ਵੀ ਕੌਂਸਲ ਨੇ ਪ੍ਰਬੰਧ ਕੀਤਾ ਹੋਇਆ ਏ ਵੀਲ੍ਹ ਚੇਅਰ ਨੂੰ ਚੜ੍ਹਾਉਣ , ਲਾਹੁਣ ਲਈ । ਤੂੰ ਵੇਖ , ਮੇਰਾ ਘਰ ਲਗ ਭਗ ਸਾਫ ਸੁਥਰਾ ਏ , ਹਰ ਚੀਜ ਇੱਕ ਫੋਨ ਕਾਲ ਤੇ ਉਪਲੱਭਧ ਏ, ਫਿਰ ਮੈਂ ਬੋਝ ਕਿਉ ਬਣਾਂ , ਆ ਕੇ ਮਿਲ ਈ ਤਾ ਜਾਂਦੇ ਨੇ ਕਦੀ ਕਦਾਈਂ ਸਭ ”
ਤੇ ਮੈ ਵੇਖਿਆ , ਉਸਦੇ ਚਿਹਰੇ ਤੇ ਜਰਾ ਵੀ ਸ਼ਿਕਨ ਨਹੀਂ ਸੀ । ਪੁਰਾਣੇ ਘਰ ਨਾਲ ਮੋਹ ਸੀ ਉਹਦਾ , ਜੋ ਉਹਨੂੰ ਬੰਨ੍ਹ ਕੇ ਬਿਠਾਈ ਬੈਠਾ ਸੀ । ਸਭ ਦੀਵਾਰਾਂ ਪੁਰਾਣੀਆ ਫੋਟੋਆਂ ਨਾਲ ਭਰੀਆਂ ਸਨ , ਜਿੰਨ੍ਹਾੰ ਦੀ ਸਾਫ ਸਫਾਈ ਓਹਦੀ ਬੇਟੀ ਆ ਕੇ ਕਰਦੀ ਸੀ ਦੋ ਤਿੰਨ ਹਫਤੇ ਬਾਅਦ , ਤੇ ਜਿੱਥੋਂ ਤਿਕ ਹੱਥ ਅੱਪੜਦਾ ਸੀ ,ਓਹ ਖ਼ੁਦ ਸਾਫ ਸਫਾਈ ਕਰਦੀ ਸੀ ।
ਮੈਂ ਵੇਖਿਆ, ਉਹਦੇ ਨਾਲ ਗੱਲ ਕਰਕੇ ਮੇਰੀ ਉਦਾਸੀ ਹਰਨ ਹੋ ਗਈ ਸੀ , ਤਰੋਤਾਜਾ ਹੋ ਗਿਆ ਸੀ ਮੈਂ ਯਕਦਮ , ਨਵੇਂ ਉਤਸ਼ਾਹ ਨਾਲ ਭਰ ਗਿਆ ਮੈਂ , ਇਹ ਸੋਚ ਕੇ ਕਿ ਇੱਕ ਵੀਲ੍ਹ ਚੇਅਰ ਤੇ ਬੈਠਾ ਇਨਸਾਨ ਹਿੰਮਤ ਨਹੀਂ ਹਾਰਦਾ ਤਾਂ ਮੈਨੂ ਕੀ ਹੋਇਆ , ਮੈਂ ਤਾਂ ਚੰਗਾ ਭਲਾ ਪਿਆਂ ।
ਫਿਰ ਵੀ, ਮੈਂ ਉਹਦਾ ਇਕੱਲ੍ਹਾਪਨ ਵੇਖ ਮੈ ਥੋੜ੍ਹਾ ਭਾਵੁਕ ਹੋ ਗਿਆ ਜੋ ਉਹਨੇ ਵੀ ਭਾਂਪ ਲਿਆ , ਜਦ ਮੈੰ ਤੁਰਨ ਦੀ ਇਜਾਜਤ ਮੰਗੀ ਤਾਂ ਉਹਨੇ ਬੜੀ ਅਪਣੱਤ ਨਾਲ ਕਿਹਾ , ” ਤੂੰ ਬੜਾ ਚੰਗਾ ਏਂ ਮੇਰੇ ਬੱਚੇ , ਮੇਰਾ ਦਿਲ ਕਰਦਾ ਏ ਮੈਂ ਤੈਨੂੰ ਗਲ਼ੇ ਨਾਲ਼ ਲਾ ਲਵਾਂ ,”
ਤੇ ਪਤਾ ਈ ਨਾ ਲੱਗਾ , ਕਦੋ ਮੈ ਓਹਦੇ ਗੋਡੇ ਮੁੱਢ ਜਾ ਬੈਠਾ , ਓਹਦੀ ਨਿੱਘੀ ਗਲਵੱਕੜੀ ਨੇ ਮੈਨੂੰ ਮੇਰੀ ਅੱਠ ਹਜਾਰ ਕਿਲੋ ਮੀਟਰ ਦੂਰ ਬੈਠੀ ਮਾਂ ਕੋਲ ਪਹੁੰਚਾਅ ਦਿੱਤਾ । ਵਿਦਾਈ ਵਕਤ ਓਹਨੇ ਮੇਰਾ ਹੱਥ ਚੁੰਮਿਆ , ਅਸੀਸ ਦਿੱਤੀ , ਇੰਜ ਜਾਪਿਆ , ਜਿਵੇਂ ਸਕੀ ਮਾਂ ਨੇ ਥਾਪੜਾ ਦਿੱਤਾ ਹੋਵੇ ।
ਮੈਡਮ ਲਾਰੈਂਸ ਨਾਲ ਹੋਈ ਉਹ ਨਿੱਘੀ ਜਿਹੀ ਮੁਲਾਕਾਤ ਮੇਰੀ ਅਮਿੱਟ ਯਾਦ ਬਣ ਗਈ, ਅੱਜ ਵੀ ਓਸ ਜ਼ਿੰਦਾ-ਦਿਲ ਔਰਤ ਦਾ ਚੇਤਾ ਆਉਂਦਾ ਏ ਤਾਂ ਮਨ ਅਨੋਖੇ ਵਿਸਮਾਦ ਨਾਲ ਭਰ ਜਾਂਦਾ ਏ ।
ਤੇ ਇੱਕ ਗੱਲ ਹੋਰ, ਭਾਵਨਾਵਾਂ ਚ ਜਾਨ ਹੋਵੇ ਤਾਂ ਬੋਲੀ ਦੀ ਕਮਜ਼ੋਰੀ ਵੀ ਆੜੇ ਨਹੀ ਆਉਂਦੀ । ਛੋਟੇ ਮੋਟੇ ਸ਼ਬਦਾਂ ਦੇ ਭਾਵਅਰਥ ਖ਼ੁਦ ਬਖੁਦ ਈ ਸਮਝ ਆ ਜਾਂਦੇ ਨੇ । (ਤਸਵੀਰ ਕਾਲਪਨਿਕ ਏ)

ਦਵਿੰਦਰ ਸਿੰਘ ਜੌਹਲ

...
...

ਅੰਮ੍ਰਿਤਸਰ ਜ਼ਿਲ੍ਹੇ ਦੀ ਬਹੁਤ ਪੁਰਾਣੀ ਗੱਲ ਏ,ਇੱਕ ਬੰਦਾ ਆਪਣੀ ਭੈਣ ਦੇ ਸਹੁਰੇ ਗਿਆ , ਅਗਲਿਆਂ ਆਉ ਭਗਤ ਕੀਤੀ , ਦੇਸੀ ਮੁਰਗ਼ਾ ਬਣਾਇਆਂ , ਸ਼ਾਮ ਨੂੰ ਉਚੇਚੀ ਭੱਠੀ ਲਾ ਕੇ ਘਰ ਦੀ ਸਪੈਸ਼ਲ ਦਾਰੂ ਅੱਗੇ ਰੱਖੀ । ਓਹ ਬੰਦਾ ਖ਼ਾਨਦਾਨੀ ਮੁਖ਼ਬਰ ਸੀ, ਅੱਧੀ ਰਾਤ ਉੱਠ ਕੇ ਥਾਣੇ ਜਾ ਵੜਿਆ, ਸਕੇ ਭਣਵਈਏ ਦੀ ਭੱਠੀ ਫੜਾ ਦਿੱਤੀ ਭਲੇਮਾਣਸ ਨੇ ।
ਇੱਕ ਔਰਤ ਨੂੰ ਚੋਰੀ ਦੀ ਆਦਤ ਸੀ , ਆਪਣੀ ਧੀ ਨੂੰ ਮਿਲਣ ਗਈ ,ਚੋਰੀ ਦੀ ਆਦਤ ਉੱਸਲਵੱਟੇ ਲੈਣ ਲੱਗੀ ,ਹੋਰ ਨਾ ਕੁਝ ਸਰਿਆ ਤਾਂ ਅੱਧਾ ਕਿੱਲੋ ਵਾਲਾ ਵੱਟਾ ਚੁੱਕ ਕੇ ਨੇਫ਼ੇ ਚ ਟੰਗ ਲਿਆ , ਜਦੋਂ ਵਾਪਸ ਤੁਰਨ ਵੇਲੇ ਧੀ ਨੂੰ ਗਲ਼ੇ ਲੱਗ ਮਿਲਣ ਲੱਗੀ ਤਾਂ ਵੱਟਾ ਖਿਸਕ ਕੇ ਪੈਰਾਂ ਚ ਜਾ ਪਿਆ । ਧੀ ਨੇ ਹੈਰਾਨਗੀ ਨਾਲ ਪੁੱਛਿਆ ਕਿ ਮਾਂ ਮੇਰੇ ਘਰ ਵੀ ਚੋਰੀ ? ਮਾਂ ਨੇ ਛਿੱਥੀ ਪੈਂਦਿਆਂ ਜਵਾਬ ਦਿੱਤਾ ਕਿ ਲੈ ਧੀਏ, ਤੇਰੀ ਚੀਜ ਤੇਰੇ ਘਰ ਰਹਿਗੀ, ਮੇਰੀ ਹੁੜਕ ਮੱਠੀ ਹੋ ਗੀ।
ਬਜ਼ੁਰਗ ਗੱਲ ਸੁਣੌਂਦੇ ਹੁੰਦੇ ਸਨ ਕਿ ਪਿੰਡ ਦੇ ਇੱਕ ਅੜ੍ਹਬ ਜਿਹੇ ਬੰਦੇ ਨੂੰ ਗਾਹਲ ਕੱਢਣ ਦੀ ਆਦਤ ਸੀ , ਦੋ ਧੀਆਂ ਈ ਸਨ, ਪੁੱਤਰ ਨਹੀ ਸੀ ਕੋਈ। ਇੱਕ ਧੀ ਏਧਰ ਵਿਆਹ ਤੀ , ਪਰਾਹੁਣੇ ਨੂੰ ਘਰ ਜਵਾਈ ਬਣਾ ਲਿਆ , ਦੂਜੀ ਦਾ ਰਿਸ਼ਤਾ ਬਾਹਰ ਹੋਗਿਆ, ਸਿੰਘਾਪੁਰ । ਓਸ ਬੰਦੇ ਨੇ ਹੌਲੀ ਹੌਲੀ ਕੋਲ ਰਹਿੰਦੇ ਜਵਾਈ ਨੂੰ ਵੀ ਗਾਹਲਾਂ ਨਾਲ ਦਬੱਲਣਾ ਸ਼ੁਰੂ ਕਰ ਦਿੱਤਾ । ਇੱਕ ਵਾਰ ਸਿੰਘਾਪੁਰ ਵਾਲਾ ਧੀ ਜਵਾਈ ਮਿਲਣ ਆਏ ਤਾਂ ਰਾਤ ਨੂੰ ਬੈਠਿਆਂ ਏਧਰ ਵਾਲਾ ਜਵਾਈ ਫਟ ਪਿਆ ਕਿ ਬਾਪੂ ਨੂੰ ਸਮਝਾਓ, ਗਾਹਲ ਕੱਢਦਾ ਗੱਲ ਗੱਲ ਤੇ । ਬਾਹਰ ਵਾਲਾ ਜਵਾਈ ਸ਼ਹਿਰੀਆ ਟਾਈਪ ਸੀ ਵਿਚਾਰਾ, ਬੋਲਿਆ,” ਲੈ, ਮੈਂ ਤਾਂ ਕਦੀ ਗਾਲੀ ਕੱਢਦੇ ਨਹੀਂ ਸੁਣਿਆਂ ਹੈਗਾ ਭਾਪਾ ਜੀ ਨੂੰ, ਤੁਹਾਨੂੰ ਭੁਲੇਖਾ ਲੱਗਿਆ ਹੋਨਾ, ਏਹ ਗਾਲੀ ਨਹੀਂ ਕੱਢ ਸਕਦੇ ਹੈਗੇ “
ਬਾਪੂ ਬਾਹਰ ਵਾਲੇ ਜਵਾਈ ਨੂੰ ਮੁਖਾਤਿਬ ਹੋਇਆ,” ਤੂੰ ਮਾਮਾ ਮੇਰੇ ਕੋਲ ਈ ਨਹੀ ਰਿਹਾ , ਤੈਨੂੰ ਗਾਹਲਾਂ ਚਿੱਠੀ ਚ ਲਿਖਕੇ ਭੇਜਦਾ? “
ਖ਼ੈਰ , ਉਦਾਹਰਨਾਂ ਦਾ ਸਿਲਸਿਲਾ ਤਾਂ ਜਿੰਨਾ ਮਰਜ਼ੀ ਲੰਬਾ ਕਰ ਲਈਏ, ਪਰ ਵੇਖਣਾ ਏਹ ਬਣਦਾ ਏ ਕਿ ਕਿਤੇ ਅਸੀਂ ਵੀ ਕਿਸੇ ਅਜਿਹੀ ਬੁਰੀ ਆਦਤ ਦੇ ਸ਼ਿਕਾਰ ਤਾਂ ਨਹੀਂ ਜੋ ਸਾਨੂੰ ਪਤਾ ਈ ਨਾ ਹੋਵੇ ।

ਦਵਿੰਦਰ ਸਿੰਘ ਜੌਹਲ

...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)