ਉਹ ਤਿੰਨ ਜਿਠਾਣੀਆਂ ਦੀ ਨਿੱਕੀ ਦਰਾਣੀ..
ਸੱਸ ਦੀ ਨਿੱਕੀ ਨੂੰਹ..ਵੱਡੀ ਜੇਠਾਣੀ ਨੇ ਆਪਣੀ ਮਾਸੀ ਦੀਆਂ ਦੋ ਕੁੜੀਆਂ ਦੇ ਰਿਸ਼ਤੇ ਆਪਣੇ ਦੋ ਨਿੱਕੇ ਦਿਓਰਾਂ ਵੱਲ ਕਰਵਾਏ!
ਵੱਡੀ ਧਿਰ ਬਣਾ ਕੇ ਨਿੱਕੀ ਕੱਲੀ ਕੋਲੋਂ ਦਬੱਲ ਕੇ ਕੰਮ ਲਿਆ ਜਾਂਦਾ..!
ਉਸ ਨਾਲ ਸਬੰਧਿਤ ਫੈਸਲੇ ਉਸਦੇ ਸਲਾਹ ਤੋਂ ਬਗੈਰ ਕਰ ਉਸ ਉੱਤੇ ਥੋਪੇ ਜਾਂਦੇ..!
ਸਭ ਤੋਂ ਪਹਿਲਾਂ ਉੱਠਦੀ ਤੇ ਸਭ ਤੋਂ ਮਗਰੋਂ ਸੋਇਆਂ ਕਰਦੀ..!
ਚੰਗੇ ਕੰਮ ਦੀ ਹਲਕੀ ਜਿਹੀ ਸਿਫਤ ਅਤੇ ਹਲਕੀ ਜਿਹੀ ਗਲਤੀ ਦੀ ਮੋਟੀ ਬੇਇੱਜਤੀ ਕੀਤੀ ਜਾਂਦੀ!
ਹਰ ਮਸਲੇ ਤੇ ਬਾਕੀ ਸਾਰੇ ਘਰ ਦਾ ਏੱਕਾ ਹੋ ਜਾਂਦਾ ਤੇ ਉਹ ਕੱਲੀ ਰਹਿ ਜਾਂਦੀ..!
ਰਿਸ਼ਤੇਦਾਰ ਸਾਕ ਬਰਾਦਰੀ ਵੀ ਤਕੜੀ ਧਿਰ ਵੱਲ ਹੁੰਦੀ..ਇੱਕ ਅੱਧਾ ਜੇ ਹਮਦਰਦੀ ਕਰਦਾ ਵੀ ਤਾਂ ਲੁਕ-ਚਿੱਪ ਕੇ!
ਫੇਰ ਉਹ ਮਜਬੂਰ ਹੋ ਮਾਪਿਆਂ ਅੱਗੇ ਦੁੱਖੜੇ ਫਰੋਲਦੀ..
ਉਹ ਅਗਲੇ ਹੀ ਦਿਨ ਮੁਜਰਿਮਾਂ ਵਾਂਙ ਪੱਲਾ ਫੜ ਹਾਜਿਰ ਹੁੰਦੇ..ਹਰੇਕ ਕੋਲ ਜਾਂਦੇ..
ਫੇਰ ਆਖਦੇ ਉਹ ਅੰਜਾਣੀ ਏ..ਤਜੁਰਬਾ ਘੱਟ ਏ..ਮਾੜੀ ਮੋਟੀ ਗਲਤੀ ਹੋ ਜਾਵੇ ਤਾਂ ਮੁਆਫ ਕਰ ਦੀਆ ਕਰੋ..!
ਵੱਡੀ ਧਿਰ ਅੰਦਰੋਂ-ਅੰਦਰ ਹੱਸਦੀ..ਫੇਰ ਬੇਪਰਵਾਹੀ ਜਿਹੀ ਨਾਲ ਆਖਦੀ..ਅੱਛਾ ਵਿਚਾਰ ਕਰਾਂਗੇ..
ਘੜੀ ਕੂ ਮਗਰੋਂ ਫੇਰ ਓਹੀ ਕੰਮ ਫੇਰ ਸ਼ੁਰੂ ਹੋ ਜਾਂਦਾ!
ਫੇਰ ਬੱਚੇ ਹੋਏ..
ਉਹ ਵੀ ਇਸੇ ਮਾਹੌਲ ਵਿਚ ਹੀ ਵੱਡੇ ਹੋਏ..
ਉਹ ਗੱਲ ਗੱਲ ਤੇ ਮਾਂ ਦੀ ਹੁੰਦੀ ਬੇਇੱਜਤੀ ਅਤੇ ਨਾਇਨਸਾਫੀ ਵੇਖਦੇ ਹੋਏ ਸਬਰ ਦਾ ਘੁੱਟ ਭਰ ਕੇ ਰਹਿ ਜਾਂਦੇ..!
ਨਿੱਕੇ ਹੁੰਦਿਆਂ ਸਭ ਕੁਝ ਸਹੀ ਗਏ ਪਰ ਵੱਡੇ ਹੋ ਕੇ ਮਾਂ ਦੀ ਹੱਕ ਦੀ ਗੱਲ ਕਰਨ ਲੱਗੇ..
ਫੇਰ ਤਾਏ ਤਾਈਆਂ ਗੁਸਤਾਖ ਬੱਚਿਆਂ ਦਾ ਲੇਬਲ ਲਾ ਦਿੱਤਾ!
ਫੇਰ ਇੱਕ ਦਿਨ ਅਕਸਰ ਹੀ ਘਰ ਦੀਆਂ ਕੰਧਾਂ ਅੰਦਰ ਕੈਦ ਹੋ ਕੇ ਰਹਿ ਜਾਂਦੇ ਹੌਕੇ ਹਾਵੇ ਬਾਕੀ ਪਿੰਡ ਤੱਕ ਵੀ ਜਾ ਅੱਪੜੇ..
ਤੇ ਫੇਰ ਨਿੱਕੀ ਨੂੰਹ ਦੇ ਹੱਕ ਵਿਚ ਇੱਕ ਲਹਿਰ ਜਿਹੀ ਬਣ ਗਈ..!
ਫੇਰ ਮਗਰੋਂ ਘਰ ਦੀ ਇੱਜਤ ਆਬਰੂ ਅਤੇ ਰੀਤੀ ਰਵਾਇਤਾਂ ਦੇ ਪਿੰਜਰੇ ਅੰਦਰ ਕੈਦ ਇਨਸਾਫ ਨਾਮ ਦਾ ਪੰਛੀ ਇੱਕ ਦਿਨ ਅਜਾਦ ਹੋਇਆ ਤੇ ਨਿੱਕੀ ਨੂੰਹ ਨੇ ਪਹਿਲੀ ਵਾਰ ਖੁੱਲੀ ਹਵਾ ਵਿਚ ਪਰਵਾਜ਼ ਭਰੀ!
ਆਪਣੇ ਪੰਜਾਬ ਸਿੰਘ ਦੀ ਕਹਾਣੀ ਵੀ ਨਿੱਕੀ ਨੂੰਹ ਨਾਲ ਮੇਲ ਖਾਂਦੀ ਏ..!
ਸਦੀਆਂ ਤੋਂ ਹੁੰਦੇ ਧੱਕਿਆ ਤਸ਼ੱਦਤਾਂ ਬੇਇਨਸਾਫੀਆਂ ਦੀ ਕਹਾਣੀ..ਅਸੀਂ ਸੰਘ ਪਾੜ ਪਾੜ ਆਖਦੇ ਰਹੇ ਅਜਾਦੀ...
ਦੀ ਲੜਾਈ ਵਿਚ ਸਭ ਤੋਂ ਵੱਧ ਹਿੱਸਾ ਸਾਡਾ ਏ..ਅਗਲੇ ਮੁਸ਼ਕੜੀਆਂ ਵਿਚ ਹੱਸਦੇ ਰਹੇ..
ਅਖ਼ੇ ਫੇਰ ਕੀ ਕਰੀਏ..ਕੋਈ ਸੱਦਣ ਥੋੜੀ ਗਿਆ ਸੀ ਤੁਹਾਨੂੰ ਕੇ ਆਓ ਕੁਰਬਾਨੀਆਂ ਦੇਵੋ..
ਹੱਥ ਬੰਨ ਦਿੱਲੀ ਦਰਬਾਰ ਵਿਚ ਪੇਸ਼ ਹੁੰਦੀ ਸਾਡੀ ਲੀਡਰਸ਼ਿਪ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ..ਅੱਜ ਵੀ ਸਟੇਜਾਂ ਤੇ ਘੜੰਮ ਚੌਧਰੀ ਬਣੇ ਸਿਰੇ ਦੇ ਗੱਦਾਰ ਆਮ ਹੀ ਵੇਖੇ ਜਾ ਸਕਦੇ!
ਸੌ ਹੱਥ ਰੱਸਾ ਸਿਰੇ ਤੇ ਗੰਢ..
ਆਕੜ ਨਾਲ ਤੁਰਦੇ ਹੋਏ ਅਜਾਦ ਫਿਜ਼ਾ ਵਿਚ ਸਾਹ ਲੈਣਾ ਏ ਤਾਂਂ ਇੱਕੋ ਇੱਕ ਰਾਹ ਬਚਿਆ ਏ..
ਵੱਡੇ ਘਰ ਦੀ ਨਿੱਕੀ ਨੂੰਹ ਵਾਂਙ ਘਰ ਦੇ ਗਲਿਆਰਿਆਂ ਵਿਚੋਂ ਨਿਕਲ ਆਪਣੀ ਗੱਲ ਬਾਕੀ ਦੇਸ਼ ਦੁਨੀਆ ਦੇ ਕੰਨਾਂ ਤੱਕ ਪੁਚਾਉਣੀ ਪੈਣੀ..
ਹਰੇਕ ਨੂੰ ਰੋਕ ਰੋਕ ਕੇ ਦੱਸਣਾ ਪੈਣਾ ਕੇ ਅਖੌਤੀ ਲੋਕਤੰਤਰ ਕੀ ਭਾਣਾ ਵਰਤ ਰਿਹਾ ਏ..
ਇਸ ਸਾਰੇ ਵਰਤਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਮਿੰਟ ਲਈ ਵੀ ਅੱਖਾਂ ਤੋਂ ਓਹਲੇ ਨਹੀਂ ਹੋਣ ਦੇਣਾ!
ਸ਼ਿਵ ਕੁਮਾਰ ਬਟਾਲਵੀ ਆਖਦਾ ਕੇ ਕਈ ਵਾਰ ਮੈਥੋਂ ਕਵਿਤਾ ਨਾ ਲਿਖੀ ਜਾਂਦੀ ਤਾਂ ਸਾਮਣੇ ਪਏ ਖਾਲੀ ਵਰਕੇ ਮੈਨੂੰ ਡਰਾਉਂਦੇ ਹੋਏ ਪ੍ਰਤੀਤ ਹੁੰਦੇ..ਇੰਝ ਲੱਗਦਾ ਹੁਣ ਮੈਥੋਂ ਕਦੀ ਵੀ ਕੁਝ ਲਿਖਿਆ ਨਹੀਂ ਜਾਣਾ..!
ਮੈਂ ਬੁਰੀ ਤਰਾਂ ਡਰ ਜਾਇਆ ਕਰਦਾ..
ਫੇਰ ਮੈਨੂੰ ਫੁਰਨਾ ਫੁਰਦਾ..ਮੈਂ ਕਾਪੀ ਦੇ ਪਹਿਲੇ ਤੇ ਆਖਰੀ ਪੰਨੇ ਤੇ ਵੱਡਾ ਸਾਰਾ “ਇੱਕ ਔਂਕਾਰ” ਵਾਹ ਦਿੰਦਾ..
ਮੇਰਾ ਡਰ ਉੱਡ ਪੁੱਡ ਜਾਇਆ ਕਰਦਾ..ਤੇ ਮਗਰੋਂ ਜ਼ਿਹਨ ਵਿਚੋਂ ਇੱਕ ਸੋਹਣੀ ਜਿਹੀ ਕਵਿਤਾ ਆਪ ਮੁਹਾਰੇ ਹੀ ਫੁੱਟ ਪਿਆ ਕਰਦੀ!
ਬ੍ਰਾਹਮਣਾਂ ਦੇ ਘਰੇ ਜੰਮਿਆਂ ਕਿੱਡੀ ਵੱਡੀ ਗੱਲ ਆਖ ਗਿਆ..!
ਤੇਰੇ ਨਾ ਦੀਆਂ ਉੱਚੀਆਂ ਪਾਲਕੀਆਂ ਤੇਰੀ ਸਦਾ ਸਦਾ ਜੈਕਾਰ ਹੋਵੇ..ਅਸੀਂ ਧਨ ਜੋੜੇ ਤੁਸੀਂ ਮਨ ਜੋੜੇ ਤੈਥੋਂ ਟੁੱਟ ਕੇ ਅਸੀਂ ਖੁਵਾਰ ਹੋਏ..!
ਵਾਕਿਆ ਹੀ ਜਿਸ ਦਿਨ ਉਸ ਤੋਂ ਟੁੱਟ ਗਏ ਬੁਰੀ ਤਰਾਂ ਖਵਾਰ ਹੋਵਾਂਗੇ!
ਭਰਪੂਰ ਸਿੰਘ ਬਲਬੀਰ ਆਪਣੇ ਹਰ ਭਾਸ਼ਣ ਵਿਚ ਆਖਿਆ ਕਰਦੇ..ਰਾਜ ਬਿਨਾ ਨਹੀਂ ਧਰਮ ਚਲੈ ਹੈ..ਧਰਮ ਬਿਨਾ ਸਬ ਦਲੈ ਮਲੈ ਹੈਂ
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੇ ਫਤਹਿ
ਹਰਪ੍ਰੀਤ ਸਿੰਘ ਜਵੰਦਾ