ਜਦੋਂ ਛੋਟੇ ਹੁੰਦੇ ਸੀ ਤਾਂ ਸਾਂਝੇ ਪ੍ਰੀਵਾਰ ਚ ਜਦੋਂ ਕੋਈ ਵੱਡਾ,ਦੂਜਿਆਂ ਨਾਲ ਰੁੱਸ ਜਾਂਦਾ ਤਾਂ ਉਸਨੂੰ ਮਨਾਉਂਦਿਆਂ ਕਈ ਦਿਨ ਲੱਗ ਜਾਂਦੇ!!ਕਈ ਵਾਰ ਤਾਂ ਕਈ ਸਾਲ ਨਿਕਲ ਜਾਂਦੇ,ਸ਼ਰੀਕੇ ਦਾ ਗੁੱਸਾ ਮਨ ਚ ਲੈਕੇ ਉਡੀਕਦੇ ਰਹਿੰਦੇ ਕਿ ਕੋਈ ਨਾ ਆਉਣ ਦਿਓ,ਇਹਨਾਂ ਘਰ ਕੋਈ ਵਿਆਹ ਸ਼ਾਦੀ …..ਚੰਗੀ ਤਰ੍ਹਾਂ ਰੁੱਸ ਕੇ ਦਸਣਾ!!ਜਦੋਂ ਵਿਆਹ ਸ਼ਾਦੀ ਨੇੜੇ ਆ ਜਾਂਦਾ ਤਾਂ ਜਾਣ ਬੁਝ ਕੇ ਰਸਤਾ ਬਦਲ ਕੇ ਲੰਘ ਜਾਣਾ ਤਾਂਕਿ ਦੂਜੇ ਨੂੰ ਯਾਦ ਆ ਜਾਵੇ ਕਿ ਇਹ ਰੁੱਸੇ ਹੋਏ ਨੇ!!
ਫ਼ਿਰ ਵਿਆਹ ਤੋਂ ਦੋ ਦਿਨ ਪਹਿਲਾਂ ਮਨਾਉਣ ਦੀ ਕਵਾਇਦ ਸ਼ੁਰੂ ਹੋ ਜਾਂਦੀ!!ਪਿੰਡ ਚ ਦੋ ਤਿੰਨ ਦਿਨ ਪਹਿਲਾਂ ਹੀ ਖਾਣਾ,ਵਿਆਹ ਵਾਲੇ ਘਰ ਹੁੰਦਾ ਸੀ!!ਜਿਵੇਂ ਜਿਵੇਂ ਸੁਨੇਹਾ ਆਉਣਾ,ਰੁੱਸੇ ਹੋਇਆਂ ਨੇ ਚੁੱਲ੍ਹੇ ਚ ਅੱਗ ਬਾਲ ਕੇ ਧੂੰਆਂ ਉਚਾ ਉਠਾ ਕੇ ਆਪਣੇ “ਗੁੱਸੇ” ਦੀ ਉਚਾਈ ਬਾਰੇ ਅਗਲੇ ਨੂੰ ਦਸਣਾ!!ਸਾਡੇ ਘਰਾਂ ਚ ਵੀ ਇਓਂ ਚਲਦਾ ਹੁੰਦਾ ਸੀ,,ਜਦੋਂ ਕੋਈ ਪ੍ਰੋਗ੍ਰਾਮ ਆਉਣਾ,ਕੋਈ ਨਾ ਕੋਈ ਪੁਰਾਣੀ ਗੰਢ ਖੋਲ੍ਹ ਕੇ ਪਾ ਦੇਣਾ ਖਿਲਾਰਾ,ਅਖੇ ਫਲਾਂ ਸਮੇਂ ਸਾਨੂੰ ਇਓਂ ਕਿਹਾ ਸੀ!!ਫ਼ਿਰ ਇੱਕ ਵਾਰ ਦੋ ਵਾਰ ਤੇ ਤਿੰਨ ਤਿੰਨ ਵਾਰ ਵੀ ਮਨਾਉਣ ਤੇ ਆਉਣਾ ਨਾ!!ਉਦੋਂ ਤੱਕ ਪ੍ਰਾਹੁਣੇ ਤੇ ਸਾਂਝੇ ਰਿਸ਼ਤੇਦਾਰ ਆਉਣ ਲਗਣੇ ਤਾਂ ਘਰ ਵਾਲੇ ਨੇ ਓਹਨਾਂ ਨੂੰ ਨਾਲ ਲੈਕੇ ਮਨਾਉਣ ਜਾਣਾ!!ਸਾਡੇ ਘਰਾਂ ਚ ਸਾਡੇ ਚਾਚਾ ਤੇ ਤਾਇਆ ਜੀ ਦੀਆਂ ਦੋ ਵਿਆਹੀਆਂ ਲੜਕੀਆਂ ਮਨਾਉਣ ਦਾ ਆਖਰੀ ਰਾਉਂਡ ਪੂਰਾ ਕਰਦੀਆਂ!!ਓਹਨਾਂ ਜਾਕੇ,ਉਚੇ ਧੂੰਏਂ ਵਾਲਾ ਚੁਲ੍ਹਾ ਲੱਤ ਮਾਰਕੇ ਸਾਰੇ ਵਿਹੜੇ ਚ ਖਿਲਾਰ ਦੇਣਾ ਤੇ ਫੜਲੋ ਫੜਲੋ ਹੋ ਜਾਣੀ!!ਬਸ ਧੀਆਂ ਧਿਆਣੀਆਂ ਨੂੰ ਕੌਣ ਨਾਂਹ ਕਰੇ,ਸਾਰਿਆਂ ਖੁਰਨ ਖੁਰਨ ਕਰਦੇ ਅੱਗੇ ਪਿਛੇ ਵਿਆਹ ਵਾਲੇ ਘਰ ਜਾਕੇ ਇਕੱਠੇ ਖਾਣਾ ਪੀਣਾ ਤੇ ਨਾਚ ਗਾਣਾ ਕਰਨਾ!!
ਪਰ ਦੇਖੀਦਾ ਸੀ ਕਿ ਅਜਿਹੇ ਮੋਹ ਮੁਹੱਬਤ ਭਰੇ ਰੋਸੇ ਚ ਵੀ ਲੋਕਾਂ ਦਾ ਅੰਤਾਂ ਦਾ ਮੋਹ ਹੁੰਦਾ ਸੀ,ਪਤਾ ਨਹੀਂ ਇੰਨਾ ਲੰਬਾ ਸਮਾਂ ਇੱਕ ਦੂਜੇ ਬਿਨਾਂ ਕਿਵੇਂ ਕਢਦੇ ਸੀ,ਇਹ ਓਹਨਾਂ ਦੇ ਦਿਲ ਹੀ ਜਾਣਦੇ ਸਨ!!ਹੁਣ ਤਾਂ ਲੋਕਾਂ ਚ ਸਹਿਣਸ਼ੀਲਤਾ ਨਹੀਂ ਰਹੀ,ਛੋਟੀ ਛੋਟੀ ਗੱਲ ਤੋਂ ਗੋਲੀ ਬਾਰੀ ਤੇ ਕਤਲੋਗਾਰਤ ਤੇ ਉਤਰ ਆਓਂਦੇ ਨੇ ਲੋਕ!!ਦੁੱਖ ਦੀ ਗੱਲ ਇਹ ਹੈ ਕਿ ਜੇਕਰ ਅਸੀਂ ਦੂਜਿਆਂ ਨਾਲ ਲਗਾਤਾਰ ਅਜਿਹਾ ਗ਼ੈਰਸਮਾਜਿਕ ਵਿਵਹਾਰ ਕਰਦੇ ਹਾਂ ਤਾਂ ਇਹੋ ਸਾਡਾ ਚਰਿਤ੍ਰ ਬਣ ਜਾਂਦਾ ਹੈ!!ਇੱਕ ਦਿਨ ਭਸਮਾਸੁਰ ਵਾੰਗ ਆਪਣਾ ਘਰ ਵੀ ਫੂਕਣ ਲਗਿਆਂ ਜ਼ਿਆਦਾ ਸਮਾਂ ਨਹੀਂ ਲਗਦਾ!!
ਅਜਿਹੇ ਬੇਸਬਰੇ ਸੁਭਾਵਾਂ ਪਿਛੇ ਸਾਡੇ ਇਕੱਲੇ ਹੋ ਰਹੇ ਪ੍ਰੀਵਾਰ ਤੇ...
ਓਹਨਾਂ ਚ ਪ੍ਰਾਈਵੇਸੀ ਦੀ ਲਾਲਸਾ ਮੁਖ ਹਨ!!ਜਦੋਂ ਸਾਂਝੇ ਤੇ ਵੱਡੇ ਪ੍ਰੀਵਾਰ ਹੁੰਦੇ ਸਨ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਇੱਕ ਦੂਜੇ ਨੂੰ ਬਰਦਾਸ਼ਤ ਕਰਨ,ਸਪੇਸ ਦੇਣ,ਤੇ ਸਿੱਖਣ ਸਿਖਾਉਣ ਦੇ ਮੌਕੇ ਲੱਗ ਜਾਂਦੇ ਸਨ!!ਵਧੇਰੇ ਸਮਾਜਿਕ ਸੁਰਖਿਆ ਹੁੰਦੀ ਸੀ ਤੇ ਰਿਸ਼ਤਿਆਂ ਦੀ ਬਾਂਡਿੰਗ ਪੀੜ੍ਹੀਆਂ ਤੱਕ ਬਣੀ ਰਹਿੰਦੀ ਸੀ!!ਪ੍ਰੀਵਾਰ ਵੱਡੇ ਤੇ ਖਿਲਾਰੇ ਛੋਟੇ ਸਨ!!ਹੁਣ ਉਲਟ ਹੋ ਗਿਆ ਪ੍ਰੀਵਾਰ ਛੋਟੇ ਤੇ ਖਿਲਾਰੇ ਵੱਡੇ ਹੋ ਗਏ ਨੇ!!ਹਰ ਮੈਂਬਰ ਦਾ ਆਪਣਾ ਕਮਰਾ,ਆਪਣਾ ਬਾਥਰੂਮ ਤੇ ਮੋਬਾਈਲ ਬਸ ਇਹਦੇ ਚ ਸਿਮਟ ਕੇ ਰਹਿ ਗਏ ਸਭ ਰਿਸ਼ਤੇ!!ਘਰ ਆਇਆ ਪ੍ਰਾਹੁਣਾ ਦੋ ਘੰਟੇ ਵੱਧ ਰਹਿ ਜਾਵੇ ਤਾਂ ਬੱਚੇ,ਮਾਪਿਆਂ ਨੂੰ ਇਸ਼ਾਰਾ ਕਰਕੇ ਪੁੱਛਣ ਲਗਦੇ,’ਕਦੋਂ ਜਾਵੇਗਾ ਇਹ’….ਉਹ ਕਹਿੰਦਾ ਮੈਂ ਕਮਰਾ ਸ਼ੇਅਰ ਨਹੀਂ ਕਰਨਾ,ਉਹ ਕਹਿੰਦਾ ਮੈਂ ਨਹੀਂ ਕਰਨਾ!!
ਇਸੇ ਇੱਕਲੇਪਣ ਦੀ ਆਦਤ ਹੰਢਾ ਚੁੱਕੇ ਬੱਚਿਆਂ ਦੇ ਜਦੋਂ ਵਿਆਹ ਸ਼ਾਦੀ ਹੋ ਜਾਂਦੇ ਹਨ ਤਾਂ ਓਹਨਾਂ ਦਾ ਪੱਕਾ ਪਕਾਇਆ ਵਿਵਹਾਰ ਪਤੀ ਪਤਨੀ ਨੂੰ ਵੀ ਕੁਦਰਤੀ ਰਿਸ਼ਤਾ ਪ੍ਰਦਾਨ ਨਹੀਂ ਕਰ ਸਕਦਾ!!ਆਪੋ ਆਪਣੀ ਕਮਾਈ ਤੇ ਆਪਣੇ ਖਰਚੇ,ਆਪਣੇ ਆਪਣੇ ਰਿਸ਼ਤੇਦਾਰ ਤੇ ਛੱਤ ਸਾਂਝੀ!!ਅਜਿਹੇ ਵਿਆਹ,ਇਸੇ ਕਰਕੇ ਜ਼ਿਆਦਾ ਦੇਰ ਨਹੀਂ ਚਲਦੇ ਤੇ ਕਲੇਸ਼ ਪਾਉਣ ਲਈ ਕਈ ਹੋਰ ਰਿਸ਼ਤਿਆਂ ਨੂੰ ਬਦਨਾਮ ਕਰਦੇ ਇਹ ਲੋਕ!!ਅਸਲ ਚ ਵਿਆਹ ਦੀ ਸੰਸਥਾ ਇੱਕ ਅਜਿਹਾ ਸਹਿਣਸ਼ੀਲਤਾ ਭਰਿਆ ਕਿਰਦਾਰ ਹੈ ਜਿਸ ਵਿੱਚ ਕੁਰਬਾਨੀਆਂ ਬਿਨਾਂ ਕੁਝ ਚਲ ਨਹੀਂ ਸਕਦਾ,ਇੱਕ ਦੂਜੇ ਨੂੰ ਗੁਣਾਂ ਔਗੁਣਾਂ ਦੀ ਪਰਖ ਕੀਤੇ ਬਿਨਾਂ ਅਉਣਾਓਣਾ ਹੁੰਦਾ ਹੈ!!
ਹੁਣ ਤਾਂ ਅਸੀਂ ਇਹਨਾਂ ਸੰਭਾਵਨਾਵਾਂ ਤੋਂ ਕਿਤੇ ਦੂਰ ਨਿਕਲ ਗਏ ਹਾਂ,,ਪਹਿਲਾਂ ਛੋਟੇ ਤੇ ਸਿੰਗਲ ਪ੍ਰੀਵਾਰ,ਉਹ ਵੀ ਇੱਕ ਹੋਰ ਦੇਸ਼ ਤੇ ਦੂਜਾ ਹੋਰ ਦੇਸ਼ ਚ ਬੈਠਾ,,,ਵਧੀਆ ਜ਼ਿੰਦਗੀ ਜਿਉਣ ਦੇ ਲਾਲਚ ਵਿੱਚ ਪਿਛਲਿਆਂ ਦੀ ਜ਼ਿੰਦਗੀ ਨੂੰ ਖਤਮ ਕਰਨ ਦੇ ਰਾਹ!!ਹੁਣ ਬੱਚਿਆਂ ਨੂੰ ਬਾਹਰ ਭੇਜ ਕੇ ਪਿਛੇ ਬਚੇ ਪਤੀ ਪਤਨੀ,ਮਸਾਂ ਮਸਾਂ ਇੱਕ ਦੂਜੇ ਦਾ ਪੋਸ਼ਣ ਕਰਕੇ ਕੀਮਤੀ ਤੇ ਔਖਾ ਸਮਾਂ ਕੱਢਣ ਦੇ ਰੌਂ ਚ ਹਨ!!ਉਹ ਚਾਹ ਕੇ ਵੀ ਇੱਕ ਦੂਜੇ ਨਾਲ ਰੁੱਸ ਕੇ ਕਿਸੇ ਮਨਾਉਣ ਵਾਲੇ ਦੀ ਉਡੀਕ ਜਿਹਾ ਰਿਸ੍ਕ ਨਹੀਂ ਲੈਣਾ ਚਾਹੁਣਗੇ!!ਜੇਕਰ ਜ਼ਿਆਦਾ ਦਿਲ ਕੀਤਾ ਤਾਂ ਬੈਂਡ ਵਾਜੇ ਵਾਲਿਆਂ ਵਾੰਗ,ਕਿਰਾਏ ਤੇ ਮਨਾਉਣ ਵਾਲੇ ਲਿਆਉਣੇ ਪਿਆ ਕਰਨਗੇ ਜੋ ਇਹ ਟਿਊਨ ਵਜਾਉਂਦੇ ਆਉਣਗੇ,”ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ,ਹੁਣ ਮੇਰਾ ਰੁੱਸਣ ਨੂੰ ਜੀਅ ਕਰਦਾ!!”
ਇੰਜੀ ਪ੍ਰੇਮ ਸਿੰਘ ਕਲੇਰ
9646113251