ਨਾ ਭੁੱਲਣਯੋਗ ਗੁਸਤਾਖ਼ੀ।
ਮੇਰਾ ਇਕ ਖਾਸ ਦੋਸਤ ਜੋ ਮੈਨੂੰ ਮੁੰਬਈ ਵਿੱਚ ਮਿਲਿਆ ਸੀ, ਜਦੋਂ ਅਸੀਂ ਮਰਚੈਂਟ ਨੇਵੀ ਵਿੱਚ ਨੌਕਰੀ ਲੱਭਣ ਲਈ ਧੱਕੇ ਖਾ ਰਹੇ ਸੀ। ਫਿਰ ਪਤਾ ਲੱਗਿਆ ਕਿ ਉਸਦਾ ਪਿੰਡ ਮੇਰੇ ਪਿੰਡ ਤੋਂ 10 ਕੁ ਕਿਲੋਮੀਟਰ ਦੂਰ ਹੀ ਸੀ, ਸਾਡੇ ਦੋਵਾਂ ਦੇ ਪਿੰਡਾਂ ਤੋਂ ਪੱਟੀ ਸ਼ਹਿਰ 5-6 ਕਿਲੋਮੀਟਰ ਸੀ।
ਕਾਫੀ ਗੱਲਾਂ ਤੇ ਵਿਚਾਰਾਂ ਦੀ ਸਹਿਮਤੀ ਹੋਣ ਕਰਕੇ ਥੋੜ੍ਹੇ ਸਮੇਂ ਵਿੱਚ ਹੀ ਸਾਡੀ ਚੰਗੀ ਸਾਂਝ ਪੈ ਗਈ,
ਅਸੀਂ ਇਕੱਠੇ ਹੀ ਨੌਕਰੀ ਲਈ ਕੰਪਨੀਆਂ ਦੇ ਦਫਤਰਾਂ ਵਿੱਚ ਧੱਕੇ ਖਾਂਦੇ, ਫਿਰ ਕਮਰੇ ਵਿੱਚ ਆ ਕੇ ਆਪੇ ਰੋਟੀ ਬਣਾਂਉਂਦੇ ਅਤੇ ਖਾਣ ਲੱਗਿਆਂ ਸਾਡੀ ਥਾਲੀ ਸਾਂਝੀ ਹੁੰਦੀ, ਬੇਸ਼ਕ ਕਮਰੇ ਵਿੱਚ ਹੋਰ ਵੀ ਮੁੰਡੇ ਰਹਿੰਦੇ ਸੀ ਤੇ ਸਾਰੇ ਹੀ ਚੰਗੇ ਦੋਸਤ ਸਨ, ਪਰ ਹਰ ਗੱਲ ਤੇ ਸਾਡੇ ਦੋਹਾਂ ਦੇ ਬਿਆਨ ਇਕ ਹੀ ਹੁੰਦੇ ।
ਸਮਾਂ ਬੀਤਿਆ ਤੇ ਇਕ ਵਾਰ ਜਦ ਅਸੀਂ ਦੋਵੇਂ ਛੁੱਟੀ ਆਏ ਹੋਏ ਸੀ ਤਾਂ ਉਸਦੇ ਘਰਦਿਆਂ ਨੇ ਉਸਦਾ ਵਿਆਹ ਧਰ ਦਿੱਤਾ, ਜਦ ਮੈਨੂੰ ਪਤਾ ਲੱਗਾ ਤਾਂ ਮੈਂ ਫੋਨ ਕੀਤਾ ਕਿ ਪਾਰਟੀ ਲੈਣੀ ਆਂ ਤੇਰੇ ਤੋਂ ਵਿਆਹ ਤੋਂ ਪਹਿਲਾਂ, ਆਪਾਂ ਬੋਤਲ ਖਾਲੀ ਕਰਨੀ ਆਂ ।
ਉਹ ਵੀ ਕਿਹੜਾ ਮਨ੍ਹਾਂ ਕਰਨ ਵਾਲਾ ਸੀ, ਕਹਿੰਦਾ ਹੋਰ ਦਸਾਂ ਦਿਨਾਂ ਨੂੰ ਮੇਰਾ ਵਿਆਹ ਹੈ ਜੇ ਆਉਣਾਂ ਤਾਂ ਅੱਜ ਹੀ ਸ਼ਾਮਾਂ ਨੂੰ ਆਜਾ ਪੱਟੀ ਮਿਲਦੇ ਹਾਂ।
ਅਸੀਂ ਪੱਟੀ ਸ਼ਹਿਰ ਵਿਚ ਜਾ ਮਿਲ ਬੈਠੇ ਤੇ ਸਚਮੁੱਚ ਹੀ ਅਸੀੌ ਦੋਹਾਂ ਨੇ ਬੋਤਲ ਖਾਲੀ ਕਰ ਦਿੱਤੀ।
ਹਨ੍ਹੇਰਾ ਹੋ ਗਿਆ ਸੀ ਮੈਂ ਕਿਹਾ ਤੂੰ ਆਪਣੇ ਪਿੰਡ ਜਾਹ ਮੈਂ ਆਪਣੇ ਪਰ ਉਹ ਅੱਗੋ ਬੋਲਿਆ “ਤੂੰ ਜਿਆਦਾ ਟੱਲੀ ਹੋ ਗਿਐਂ ਮੈਂ ਤੈਨੂੰ ਤੇਰੇ ਘਰ ਵਾੜ ਕੇ ਹੀ ਆਪਣੇ ਪਿੰਡ ਜਾਣਾ” !
ਮੈਂ ਬਥੇਰਾ ਸਮਝਾਇਆ ਪਰ ਉਹ ਨਾ ਮੰਨਿਆ, ਕਹਿੰਦਾ ਤੂੰ ਅੱਗੇ-ਅੱਗੇ ਚੱਲ ਮੈਂ ਪਿੱਛੇ ਆਉਨਾ, ਮੈਂ ਆਪਣੇ ਮੋਟਰਸਾਈਕਲ ਤੇ ਅੱਗੇ ਚੱਲ ਪਿਆ ਤੇ ਮੇਰੇ ਪਿੱਛੇ, ਉਸਦੇ ਪਿੱਛੇ ਆਉਂਦੇ ਬੁਲਟ...
ਮੋਟਰਸਾਈਕਲ ਦੀ ਆਵਾਜ਼ ਮੈਂਨੂੰ ਸੁਣ ਰਹੀ ਸੀ ।
ਜਦ ਸਾਡੇ ਕੈਰੋਂ ਪਿੰਡ ਕੋਲ ਪਹੁੰਚੇ ਤਾਂ ਸਾਹਮਣਿਉਂ ਆੳਂਦੀ ਇਕ ਤੇਜ਼ ਰਫਤਾਰ ਗੱਡੀ ਮੇਰੇ ਕੋਲ ਦੀ ਲੰਘੀ ਤੇ ਪਿੱਛੇ ਜਾ ਕੇ ਬਹੁਤ ਜ਼ੋਰਦਾਰ ਆਵਾਜ ਆਈ ਤੇ ਉਸਤੋਂ ਬਾਅਦ ਮੇਰੇ ਯਾਰ ਦੇ ਬੁਲਟ ਦੀ ਆਵਾਜ਼ ਬੰਦ ਹੋ ਗਈ ।
ਮੈਂ ਜਲਦੀ ਨਾਲ ਆਪਣਾ ਮੋਟਰਸਾਈਕਲ ਪਿੱਛੇ ਮੋੜਿਆ ਤੇ ਜਾ ਕੇ ਵੇਖਿਆ ਤਾਂ ਮੇਰਾ ਦੋਸਤ ਹੀ ਹਾਦਸੇ ਦਾ ਸ਼ਿਕਾਰ ਸੀ, ਪੱਟ ਦੀ ਹੱਡੀ ਟੁੱਟ ਕੇ ਪੈਂਟ ਪਾੜ ਕੇ ਬਾਹਰ ਨਿਕਲੀ ਹੋਈ ਸੀ।
ਮੈਂ ਤੁਰੰਤ ਆਪਣੇ ਪਿੰਡ ਦੇ ਦੋਸਤਾਂ ਨੂੰ ਫੋਨ ਕੀਤਾ ਤੇ ਅਸੀਂ ਉਸਨੂੰ ਤਰਨ ਤਾਰਨ ਹਸਪਤਾਲ ਲੈ ਗਏ, ਰੱਬ ਦਾ ਸ਼ੁਕਰ ਸੀ ਕਿ ਜਾਨ ਬਚ ਗਈ ।
ਪਰ ਉਸਤੋਂ 10 ਦਿਨ ਬਾਅਦ ਮੈਂ ਉਸਦੇ ਵਿਆਹ ਵਿੱਚ ਸ਼ਾਮਿਲ ਨਹੀਂ ਹੋਇਆ, ਮੈਂ ਜਾਣਦਾ ਸੀ ਕਿ ਜਦ ਉਸਦੇ ਵਿਆਹ ਦੀਆਂ ਸਭ ਰਸਮਾਂ ਵ੍ਹੀਲ ਚੇਅਰ ਤੇ ਹੋਣਗੀਆਂ ਤਾਂ ਉਥੇ ਸਭ ਲੋਕ ਮੈਨੂੰ ਨਫਰਤ ਭਰੀਆਂ ਨਿਗਾਹਾਂ ਨਾਲ ਵੇਖਣਗੇ ।
ਵਿਆਹ ਤੋਂ ਬਾਅਦ ਇਕ-ਦੋ ਵਾਰ ਹੀ ਉਸਦੇ ਘਰ ਗਿਆ ਪਰ ਉਸਦੀ ਮਾਂ ਦੀਆਂ ਨਜ਼ਰਾਂ ਵਿੱਚ ਮੈਂ ਆਪਣੇ ਲਈ ਉਲਾਂਭੇ ਹੀ ਦੇਖੇ, ਮੈਂ ਉਹਨਾਂ ਨਜ਼ਰਾਂ ਦਾ ਸਾਹਮਣਾ ਨਹੀਂ ਕਰ ਸਕਿਆ ਤੇ ਉਸਦੇ ਘਰ ਜਾਣਾ ਹੀ ਛੱਡ ਦਿੱਤਾ ।
ਹੁਣ ਨਾ ਚਾਹੁੰਦਿਆਂ ਹੋਇਆ ਵੀ ਅਸੀਂ ਭਰਾਵਾਂ ਵਰਗੇ ਯਾਰ ਇਕ ਦੂਜੇ ਤੋਂ ਪਿੱਛੇ ਹਟਦੇ ਜਾ ਰਹੇ ਹਾਂ ਕਿਉਂਕਿ ਉਸਦੇ ਪਰਿਵਾਰ ਦੀ ਨਫਰਤ ਦਾ ਮੇਰੇ ਕੋਲ ਕੋਈ ਹੱਲ ਨਹੀਂ ।
ਬਸ ਕਦੇ ਕਦੇ ਚੇਤੇ ਕਰ ਲੈਂਦਾ ਹਾਂ ਮੁੰਬਈ ਵਿੱਚ ਇਕੱਠਿਆਂ ਕੀਤਾ ਰੁਜ਼ਗਾਰ ਦਾ ਸੰਘਰਸ਼ ਅਤੇ ਇਕੋ ਥਾਲੀ ਵਿੱਚ ਖਾਧੀ ਰੋਟੀ।
ਉਮਰ ਭਰ ਉਸ ਗੁਸਤਾਖ਼ੀ ਦਾ ਪਛਤਾਵਾ ਰਹੇਗਾ ।