ਮਿੰਨੀ ਕਹਾਣੀ
ਸਕੂਨ
“ਮੈਨੂੰ ਇੱਕ ਗੱਲ ਦੱਸ ਯਾਰ , ਭਾਬੀ ਏਨੀ ਸੋਹਣੀ ਆਂ । ਹਰ ਕੰਮ ‘ਚ ਵੀ ਨਿਪੁੰਨ ਤੇ ਫੇਰ ਵੀ ਤੂੰ ਆ ਦੂਜੀਆਂ ਜ਼ਨਾਨੀਆਂ ਨਾਲ ਗੱਲਾਂ ਕਿਉਂ ਕਰਦਾ ਰਹਿੰਦਾ ਹੈ ?” ਸ਼ਾਮ ਦੀ ਸੈਰ ਕਰਦੇ ਹੋਏ ਵਿਪਨ ਨੇ ਆਖ਼ਿਰ ਆਪਣੇ ਬਚਪਨ ਦੇ ਦੋਸਤ ਰਾਜੂ ਨੂੰ ਪੁੱਛ ਹੀ ਲਿਆ।
“ਬਸ ਯਾਰ ! ਇਨ੍ਹਾਂ ਨਾਲ ਗੱਲ ਕਰਕੇ ਮਨ ਨੂੰ ਸਕੂਨ ਜਿਹਾ ਮਿਲ ਜਾਂਦਾ , ਹੋਰ ਤਾਂ ਕੁਝ ਨਹੀਂ । ਦਫ਼ਤਰ ਤੋਂ ਥੱਕੇ- ਟੁੱਟੇ ਆਈਦਾ ਤੇ ਘਰ ਵੜਦਿਆਂ ਹੀ ਉਹੀ ਕਿਚ -ਕਿਚ।
ਤੇਰੀ ਭਾਬੀ ਕੋਈ ਨਾ ਕੋਈ ਕਲੇਸ਼ ਪਾਈ ਹੀ ਰੱਖਦੀ । ਕਦੀ ਇਹ ਖ਼ਤਮ, ਕਦੀ ਉਹ ਖ਼ਤਮ…. ਕਦੀ ਬੱਚੇ ਦੀ ਕਾਪੀ ਚਾਹੀਦੀ… ਕਿਤਾਬ ਚਾਹੀਦੀ… ਕਦੀ ਇਹ ਟੁੱਟ ਗਿਆ …ਕਦੀ ਉਹ ਟੁੱਟ ਗਿਆ । ਸਿਆਪਾ !
ਹੁਣ ਤਾਂ ਤੇਰੀ ਭਾਬੀ ਮੋਟੀ ਵੀ ਕਿੰਨੀ ਹੋਈ ਪਈ । ਬਸ ਮੇਰਾ ਨਹੀਂ ਉਸ ਦੇ ਕੋਲ ਬੈਠਣ ਨੂੰ ਦਿਲ ਕਰਦਾ। ਨਿਰੀ ਸਿਰ ਪੀੜ ਲੱਗਦੀ ਉਹ ਮੈਨੂੰ ।”
“ਯਾਰ ਸੁਣ ਮੇਰੀ ਗੱਲ, ਤੂੰ ਵੀ ਮੇਰਾ ਬਚਪਨ ਦਾ ਦੋਸਤ ਤੇ ਤੈਨੂੰ ਪਤਾ ਭਾਬੀ ਨੂੰ ਵੀ ਆਪਣੀ ਭੈਣ ਮੰਨਦਾ ।ਤੈਨੂੰ ਪਤਾ ਜਦ ਭਾਬੀ ਨਵੀਂ ਵਿਆਹੀ ਆਈ ਸੀ ਤਾਂ ਪਤਲੀ ਜਿਹੀ ਕਿੱਡੀ ਸੋਹਣੀ ਲੱਗਦੀ ਹੁੰਦੀ ਸੀ । ਪਰ ਬੱਚਿਆਂ ਦੇ ਜਨਮ ਤੋਂ ਬਾਅਦ ਉਹਦਾ ਸਰੀਰ ਭਰ ਗਿਆ...
। ਕਦੇ ਸੋਚਿਆ ਕਿ ਉਸ ਨੇ ਤੈਨੂੰ ਦੋ ਪੁੱਤਰ ਦੇਣ ਪਿੱਛੇ ਆਪਣਾ ਸਰੀਰ ਗਵਾ ਲਿਆ।”
” ਨਾਲੇ ਸੁਣ ਮੇਰੀ ਗੱਲ ,ਜੇਕਰ ਘਰ ਵਿੱਚ ਕੁਝ ਮੁੱਕਿਆ ਜਾਂ ਕੋਈ ਸਮੱਸਿਆ ਹੈ ਤਾਂ ਉਹ ਤੈਨੂੰ ਹੀ ਕਹੇਗੀ ਕਿ ਲੋਕਾਂ ਨੂੰ ਕਹੇਗੀ।”
” ਓ ਛੱਡ ਯਾਰ , ਤੂੰ ਵੀ ਉਹਦੇ ਵਾਂਗ ਹੀ ਕਿਚਕਿਚ ਕਰਨ ਲੱਗ ਪਿਐ ।”
“ਅੱਛਾ ਚੱਲ ਮੈਨੂੰ ਇਹ ਤਾਂ ਦੱਸ ਜਿਨ੍ਹਾਂ ਨਾਲ ਤੂੰ ਗੱਲ ਕਰਦਾ ਉਹ ਕੁਆਰੀਆਂ ਜਾਂ ਵਿਆਹੀਆਂ ?”
“ਓ ਯਾਰ ਵਿਆਹੀਆਂ ।” ਰਾਜੂ ਛਿੱਥਾ ਪੈਂਦਾ ਹੋਇਆ ਬੋਲਿਆ।
“ਅੱਛਾ ਹੁਣ ਤੂੰ ਗੁੱਸਾ ਨਾ ਕਰੀਂ । ਤੈਨੂੰ ਵੀ ਪਤਾ ਹੈ ਕਿ ਤੂੰ ਭਾਬੀ ਨਾਲ ਬਿਲਕੁਲ ਵੀ ਸਮਾਂ ਨਹੀਂ ਬਿਤਾਉਂਦਾ । ਤੂੰ ਕਦੇ ਸੋਚਿਆ ਕਿ ਜੇ ਭਾਬੀ ਵੀ ਤੇਰੇ ਵਾਂਗੂੰ ਹੀ ਮਨ ਦਾ ਸਕੂਨ ਲੱਭਣ ਲਈ ਬਾਹਰ ਦੇ ਬੰਦਿਆਂ ਨਾਲ ਗੱਲਾਂ -ਬਾਤਾਂ ਕਰਨ ਲੱਗ ਜਾਏ
ਫੇਰ ?”
ਵਿਪਨ ਦੇ ਇੰਨਾ ਕਹਿੰਦੇ ਹੀ ਰਾਜੂ ਇਕ ਦਮ ਠਠੰਬਰ ਗਿਆ ਤੇ ਉਸ ਨੂੰ ਟੇਢੀ ਨਜ਼ਰ ਨਾਲ ਤੱਕਦਿਆਂ ਉਸ ਨੇ ਨਜ਼ਰਾਂ ਝੁਕਾ ਲਈਆਂ ਤੇ ਇੱਕ ਦਮ ਗੰਭੀਰ ਸੋਚ ਵਿਚ ਡੁੱਬ ਗਿਆ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ।
ਜਗਪਿੰਦਰ ਸਿੰਘ
ਬਹੁਤ ਵਧੀਆ ਜੀ 👍✍🏼✍🏼✍🏼✍🏼🍂🍂