( ਭਾਈ ਜੱਟੂ ਜੀ )
ਸੂਬੇਦਾਰ ਅਬਦੁੱਲਾ ਖ਼ਾਨ ਪਹਿਲਾਂ ਹੀ ਗੁਰੂ ਜੀ ਦੀ ਦੁਆਬੇ ਵਿਖੇ ਹੋਂਦ ਤੋਂ ਤੰਗ ਸੀ , ਸੋ ਉਸ ਨੇ ਗੁਰੂ ਜੀ ਦੇ ਟਾਕਰੇ ਉੱਤੇ 4000 ਫ਼ੌਜ ਤਿਆਰ ਕਰਕੇ ਭੇਜ ਦਿੱਤੀ । ਇਲਾਕੇ ਦੇ ਫ਼ੌਜਦਾਰਾਂ ਨੂੰ ਵੀ ਫੌਜਾਂ ਤਿਆਰ ਰੱਖਣ ਦਾ ਹੁਕਮ ਦੇ ਦਿੱਤਾ । ਬੈਰਮ ਖ਼ਾਨ , ਮੁਹੰਮਦ ਖ਼ਾਨ , ਇਮਾਮ ਬਖ਼ਸ਼ , ਨੱਥੀ ਬਖ਼ਸ਼ , ਬਲਵੰਡ ਖ਼ਾਨ , ਚਰਾਗਦੀਨ , ਅਕਬਰ ਖ਼ਾਨ ਤੇ ਸ਼ੇਰ ਮੁਹੰਮਦ ਮੁਹਰੇ ਸਨ । ਸਾਰੀ ਫ਼ੌਜ ਅੱਠ ਥਾਵੇਂ ਵੰਡੀ ਹੋਈ ਸੀ । ਗੁਰੂ ਹਰਿਗੋਬਿੰਦ ਜੀ ਨੇ ਫ਼ੌਜ ਦੀ ਕਮਾਨ ਭਾਈ ਜੱਟੂ ਦੇ ਹੱਥ ਵਿਚ ਦਿੱਤੀ ਤੇ ਹਰ ਜਥੇ ਦਾ ਇਕ – ਇਕ ਜਥੇਦਾਰ ਵੀ ਥਾਪ ਦਿੱਤਾ । ਭਾਈ ਕਲਿਆਣਾ , ਭਾਈ ਕਾਲ਼ਾ , ਭਾਈ ਪਿਰਾਗਾ , ਭਾਈ ਮਥਰਾ , ਭਾਈ ਜਗਨਨਾਥ , ਭਾਈ ਜਗਨਾ , ਭਾਈ ਸਕਰੂ , ਭਾਈ ਜਤੀ ਮਲ , ਪਰਸ ਰਾਮ ਤੇ ਭਾਈ ਮਲੂਕਾ ਜਥਿਆਂ ਦੇ ਇੰਚਾਰਜ ਸਨ । ਸੂਰਮੇ ਮੌਰਾਂ ਵਾਂਗ ਪੈਲਾਂ ਪਾਉਂਦੇ ਸਨ ਤੇ ਵੈਰੀਆਂ ਵਿਚੋਂ ਕਾਇਰ ਸਿਆਲੇ ਵਿਚ ਸੱਪਾਂ ਦੀ ਨਿਆਈਂ ਲੁਕਦੇ ਫਿਰਦੇ ਸਨ । ਅਜਿਹਾ ਘਮਸਾਨ ਮਚਿਆ ਕਿ ਆਪਣੇ ਪਰਾਏ ਦੀ ਪਛਾਣ ਨਾ ਰਹੀ ! ਭਾਈ ਜੱਟੂ ਨੇ ਸਿੱਧਾ ਮੁਹੰਮਦ ਖ਼ਾਨ ਨੂੰ ਵੰਗਾਰਿਆ । ਮੁਹੰਮਦ ਖ਼ਾਨ ਨੇ ਪਹਿਲੇ ਤੀਰ ਨਾਲ ਹੀ ਭਾਈ ਜੱਟੂ ਜੀ ਦਾ ਘੋੜਾ ਥਾਂ ਮਾਰ ਲਿਆ । ਉਧਰੋਂ ਘੋੜੇ ਤੋਂ ਡਿਗਦਿਆਂ ਭਾਈ ਜੀ ਨੇ ਬੰਦੂਕ ਚਲਾਈ ਤੇ ਉਧਰੋਂ ਮੁਹੰਮਦ ਖ਼ਾਨ ਨੇ ਤੀਰ ਚਲਾਇਆ ਤੇ ਕੁਦਰਤ ਦਾ ਕਰਨਾ ਕਿ ਦੋਵੇਂ ਹੀ ਇਕੋ ਵੇਲੇ ਡਿੱਗੇ ਤੇ ਰਣ ਭੂਮੀ ਵਿਚ ਸਦਾ ਲਈ ਸ਼ਾਂਤ ਹੋ ਗਏ ।
( ਭਾਈ ਕਲਿਆਣਾ ਜੀ )
ਬੈਰਮ ਖ਼ਾਨ ਦੀ ਥਾਂ ਸੂਬੇਦਾਰ ਨੇ ਬਲਵੰਡ ਖ਼ਾਨ ਨੂੰ ਭੇਜਿਆ ਤੇ ਮਦਦ ਲਈ ਇਕ ਹੋਰ ਦਸਤਾ ਅਲੀ ਬਖ਼ਸ਼ ਦਾ ਵੀ ਦਿੱਤਾ । ਦੋਵਾਂ ਦਸਤਿਆਂ ਵਿਚ ਭਾਜੜ ਪੈ ਗਈ ਪਰ ਭਾਈ ਕਲਿਆਣਾ ਜੀ ਨੇ ਆਪਣੀ ਬੰਦੂਕ ਦੀ ਸੇਧ ਬਲਵੰਡ ਖ਼ਾਨ ਵੱਲ ਕਰਕੇ ਅਜਿਹਾ ਨਿਸ਼ਾਨਾ ਮਾਰਿਆ ਕਿ ਉਹ ਥਾਂ ਹੀ ਚਿੱਤ ਹੋ ਗਿਆ । ਅਲੀ ਬਖ਼ਸ਼ ਨੇ ਬਲਵੰਡ ਖ਼ਾਨ ਨੂੰ ਡਿੱਗਦੇ ਦੇਖ ਸਿੱਧਾ ਧਾਵਾ ਭਾਈ ਕਲਿਆਣਾ ਜੀ ਉੱਡੇ ਬੋਲ ਦਿੱਤਾ । ਭਾਈ ਕਲਿਆਣਾ ਜੀ ਨੇ ਲਗਾਤਾਰ ਤੀਰ ਛੱਡੇ ਤੇ ਤੀਰਾਂ ਦਾ ਭੱਥਾ ਖ਼ਾਲੀ ਹੋ ਗਿਆ । ਉਸ ਸਮੇਂ ਤਲਵਾਰ ਵਾਹੁਣੀ ਆਰੰਭੀ ਪਰ...
ਭਾਈ ਸਾਹਿਬ ਐਸੇ ਘੇਰੇ ਵਿਚ ਸਨ ਕਿ ਉਨ੍ਹਾਂ ਦਾ ਨਿਕਲਣਾ ਅਸੰਭਵ ਸੀ । ਉੱਥੇ ਲੜਦੇ ਲੜਦੇ ਸ਼ਹੀਦ ਹੋ ਗਏ !
(ਭਾਈ ਨਾਨੂੰ ਜੀ )
ਜਦ ਅਲੀ ਬਖ਼ਸ਼ ਨੇ ਸਭ ਤੋਂ ਧਿਆਨ ਛੱਡ ਕੇ ਚੜ੍ਹਾਈ ਗੁਰੂ ਹਰਿਗੋਬਿੰਦ ਜੀ ਵੱਲ ਕੀਤੀ ਤਾਂ ਅਲੀ ਬਖ਼ਸ਼ ਨੂੰ ਗੁਰੂ ਜੀ ਵੱਲ ਵਧਦਾ ਦੇਖ ਭਾਈ ਨਾਨੂੰ ਜੀ ਨੇ ਅਗਾਂਹ ਵੱਧ ਅਲੀ ਬਖ਼ਸ਼ ਨੂੰ ਰੋਕ ਲਿਆ । ਅਲੀ ਬਖ਼ਸ਼ ਨੇ ਭਾਈ ਜੀ ਨੂੰ ਗੋਲੀ ਦਾ ਨਿਸ਼ਾਨਾ ਬਣਾਉਣਾ ਚਾਹਿਆ ਪਰ ਉਸ ਦੇ ਐਸਾ ਕਰਨ ਤੋਂ ਪਹਿਲਾਂ ਹੀ ਭਾਈ ਜੀ ਨੇ ਤੀਰ ਚਲਾ ਅਲੀ ਬਖ਼ਸ਼ ਨੂੰ ਖ਼ਤਮ ਕਰ ਦਿੱਤਾ । ਭਾਈ ਨਾਨੂ ਸ਼ਬਦ ਵੇਧ ਤੀਰ ’ ਦੇ ਇਲਮ ਤੋਂ ਜਾਣੂ ਸਨ । ਜਿਸ ਥਾਂ ਤੋਂ ਆਵਾਜ਼ ਆਉਂਦੀ ਸੀ , ਤੀਰ ਚਲਾ ਕੇ ਆਵਾਜ਼ ਹੀ ਖ਼ਤਮ ਕਰ ਦਿੰਦੇ ਸਨ | ਅਲੀ ਬਖ਼ਸ਼ ਨੂੰ ਡਿੱਗਿਆ ਸੁਣ , ਅਮਾਮ ਬਖ਼ਸ਼ ਅੱਗੇ ਵਧਿਆ । ਅਜੇ ਉਹ ਹਿੱਲਿਆ ਹੀ ਸੀ ਕਿ ਭਾਈ ਨਾਨੂ ਜੀ ਨੇ ਦੋ ਧਾਰੇ ਖੰਡੇ ਨਾਲ ਉਸ ਦੀ ਇਕ ਬਾਂਹ ਉਡਾ ਦਿੱਤੀ ਪਰ ਉਸ ਨੇ ਸੱਜੇ ਹੱਥ ਨਾਲ ਇਕ ਐਸਾ ਵਾਰ ਕੀਤਾ ਕਿ ਭਾਈ ਨਾਨੂ ਜੀ ਵੀ ਥਾਂ ਹੀ ਸ਼ਹੀਦ ਹੋ ਗਏ ।
( ਭਾਈ ਸਕਤੂ ਜੀ ਤੇ ਭਾਈ ਪਰਸ ਰਾਮ ਜੀ )
ਭਾਈ ਪਰਸ ਰਾਮ ਤੇ ਭਾਈ ਸਕਤੂ ਜੀ ਨੇ ਜਦ ਜਥੇ ਦੀ ਕਮਾਨ ਸੰਭਾਲੀ ਤਾਂ ਮੁਗ਼ਲਾਂ ਨੂੰ ਕਹਿਣਾ ਹੀ ਪਿਆ , “ ਅਸੀਂ ਤਾਂ ਇਨ੍ਹਾਂ ਨੂੰ ਨਾਈ , ਛੀਬੇ ਤੋਂ ਬਰੂਟ ਹੀ ਸਮਝਦੇ ਸੀ ਪਰ ਇਹ ਤਾਂ ਯੋਧਿਆਂ ਦੀ ਸੈਨਾ ਨਿਕਲੀ । ਭਾਈ ਪਰਸ ਰਾਮ ਦੇ ਜਥੇ ਨੇ ਅੱਗੇ ਵੱਧ ਕੇ ਰੋਕਿਆ ਪਰ ਨਬੀ ਬਖ਼ਸ਼ ਦਾ ਤੀਰ ਭਾਈ ਸਾਹਿਬ ਨੂੰ ਘਾਇਲ ਕਰ ਗਿਆ । ਘਾਇਲ ਪਰਸ ਰਾਮ ਜੀ ਨੂੰ ਭਾਈ ਸਕਤੂ ਨੇ ਸਹਾਰਾ ਦਿੱਤਾ ਤੇ ਸੰਭਲ ਕੇ ਤਲਵਾਰ ਹੱਥ ਲੈ ਨਬੀ ਬਖ਼ਸ਼ ਉੱਤੇ ਭਰਵਾਂ ਵਾਰ ਕੀਤਾ ਤੇ ਉਹ ਥਾਂ ਹੀ ਚਿੱਤ ਹੋ ਗਿਆ । ਨਬੀ ਬਖ਼ਸ਼ ਨੂੰ ਡਿੱਗਦਾ ਦੇਖ ਫ਼ੌਜ ਨੇ ਭਾਈ ਰਕਰੂ ਤੇ ਭਾਈ ਪਰਸਰਾਮ ਜੀ ਨੂੰ ਥਾਂ ਹੀ ਸ਼ਹੀਦ ਕਰ ਦਿੱਤਾ ।