More Punjabi Kahaniya  Posts
ਚੋਰ ਅੱਖੀਏ


ਚੋਰ ਅੱਖੀਏ- (ਕਹਾਣੀ)
ਗੁਰਮਲਕੀਅਤ ਸਿੰਘ ਕਾਹਲੋਂ
ਦਿਵਾਲੀ ‘ਚ ਥੋੜੇ ਦਿਨ ਬਾਕੀ ਸਨ। ਕਿਸੇ ਨੇ ਬਾਹਰਲੇ ਦਰਵਾਜੇ ਤੋਂ ਘੰਟੀ ਦਾ ਸਵਿੱਚ ਨੱਪਿਆ। ਖਿੜਕੀ ਚੋਂ ਵੇਖਿਆ, ਰੱਦੀ ਵਾਲਾ ਸੀ। ਉਥੋਂ ਹੀ ਅਵਾਜ ਦਿਤੀ, “ਭਾਈ ਦੋ ਘੰਟੇ ਬਾਦ ਆ ਜਾਈਂ ਉਦੋਂ ਤਕ ਇਕੱਠੀ ਕਰ ਲਵਾਂਗਾ ਤੇ ਨਾਲ ਕਿਸੇ ਕਬਾੜ ਵਾਲੇ ਨੂੰ ਵੀ ਲੈ ਆਈਂ।“ ਦਫਤਰੋਂ ਉਸ ਦਿਨ ਛੁੱਟੀ ਸੀ। ਪਤਨੀ ਨੇ ਰੱਦੀ ਵਾਲੀ ਗਲ ਸੁਣ ਲਈ ਸੀ। ਗੈਸ ਉਤੇ ਉਬਲਦੀ ਚਾਹ ਛੱਡਕੇ, ਆਕੇ ਹੁੱਕਮ ਚਾੜਿਆ,
“ਜੇ ਰੱਦੀ ਤੇ ਹੋਰ ਸਫਾਈ ਕਰਨੀ ਹੈ ਤਾਂ ਨਹਾਉਣ ਤੋਂ ਪਹਿਲਾਂ ਕਰ ਲਓ।“ ਚਾਹ ਦੀਆਂ ਚੁਸਕੀਆਂ ਦੇ ਨਾਲ ਨਾਲ ਮੈਂ ਕੀਤੇ ਜਾਣ ਵਾਲੇ ਸਫਾਈ ਦੇ ਕੰਮ ਉਲੀਕਦਾ ਰਿਹਾ। ਇੰਨੇ ਨੂੰ ਹਾਕਰ ਵਲੋਂ ਗੇਟ ਦੇ ਉਪਰੋਂ ਵਗਾਹ ਮਾਰੇ ਅਖਬਾਰਾਂ ਦੇ ਬੰਡਲ ਦਾ ਖੜਕਾ ਸੁਣਿਆ। ਪਤਨੀ ਅਖਬਾਰਾਂ ਚੁੱਕ ਲਿਆਈ ਤੇ ਆਪਣੇ ਕਬਜੇ ਵਿਚ ਕਰ ਲਈਆਂ। ਉਸਨੂੰ ਲਗਦਾ ਸੀ ਕਿ ਜੇ ਮੈਂ ਅਖਬਾਰਾਂ ਲੈਕੇ ਬਹਿ ਗਿਆ ਤਾਂ ਸਫਾਈ ਵਾਲੀ ਗਲ ਫਿਰ ਭਲਕ ਤੇ ਪੈ ਜਾਊ।
ਅਜੇ ਚਾਹ ਮੁਕਾ ਕੇ ਕੱਪ ਮੇਜ ਤੇ ਰਖਿਆ ਈ ਸੀ ਕਿ ਅੱਖਾਂ ਮਲਦੇ ਮਲਦੇ ਆਏ ਪੋਤੇ ਨੇ ਜੱਫੀ ਪਾ ਲਈ। ਮੈਂ ਸਮਝਿਆ ਕਿ ਸ਼ਾਇਦ ਉਹ ਆਪਣੀ ਦਿਵਾਲੀ ਤੇ ਲੈਕੇ ਦੇਣ ਵਾਲੀ ਗੇਮ ਯਾਦ ਕਰਵਾਏਗਾ। ਮਿੰਟ ਕੁ ਲਾਡ ਦੁਲਾਰ ਕਰਵਾ ਕੇ ਉਸਨੇ ਜੋ ਕਿਹਾ, ਮੇਰੇ ਲਈ ਮਾਣ ਵਾਲੀ ਗਲ ਸੀ।
“ਦਾਦਾ ਜੀ ਮੈਂ ਵੀ ਸਫਾਈ ਕਰਾਊਂਗਾ ਤੁਹਾਡੇ ਨਾਲ।“ ਪੋਤੇ ਦੀ ਗਲ ਸੁਣਕੇ ਉਸਦੀ ਦਾਦੀ ਨੇ ਮਾਣ ਵਜੋਂ ਨੂੰਹ ਨੂੰ ਜੱਫੀ ਵਿਚ ਘੁੱਟ ਲਿਆ। ਪੋਤਰੇ ਦੀ ਗਲ ਕਿਸੇ ਮਾਣ ਨਾਲੋਂ ਘੱਟ ਵੀ ਨਹੀਂ ਸੀ।
ਅਸੀਂ ਦਾਦਾ ਪੋਤਾ ਸਫਾਈ ਵਿਚ ਰੁੱਝ ਗਏ। ਪਤਨੀ ਨੂੰ ਮੈਂ ਪਹਿਲਾਂ ਈ ਕਹਿ ਦਿਤਾ ਸੀ ਕਿ ਉਹ ਸਫਾਈ ਮੁੱਕਣ ਤਕ ਕੋਈ ਟੋਕਾ ਟਾਕੀ ਨਾ ਕਰੇ। ਕਿਸ ਕਿਸ ਚੀਜ ਨਾਲ ਕੀ ਸਲੂਕ ਕਰਨਾ ਉਸ ਬਾਰੇ ਸੋਚਕੇ ਈ ਅਸੀਂ ਮੈਦਾਨ ਵਿਚ ਕੁੱਦੇ ਸੀ। ਗੈਸ ਵਾਲੇ ਤਿੰਨੇ ਸਲੰਡਰ ਤਰਤੀਬ ਵਿਚ ਟਿਕਾ ਦਿਤੇ। ਗੱਤੇ ਦੇ ਖਾਲੀ ਡੱਬੇ, ਕੋਕ ਵਾਲੀਆਂ ਖਾਲੀ ਬੋਤਲਾਂ ਤੇ ਅਖਬਾਰਾਂ ਦੇ ਢੇਰ ਬਾਹਰਲੇ ਗੇਟ ਕੋਲ ਕਿਥੇ ਲਾਉਣੇ ਨੇ, ਮੈਂ ਪੋਤੇ ਨੂੰ ਸਮਝਾ ਦਿਤਾ। ਸੋਚਿਆ ਕਿ ਕਬਾੜ ਤੇ ਰੱਦੀ ਵਾਲੇ ਆਉਣਗੇ ਤਾਂ ਬਾਹਰੋਂ ਬਾਹਰ ਨਿਪਟਾ ਲਵਾਂਗੇ। ਉੱਦੜ ਦੁੱਗੜ ਪਈਆਂ ਅਖਬਾਰਾਂ ਦੇ ਬੰਡਲ ਬਣਾਉਂਦਿਆਂ ਮੇਰਾ ਧਿਆਨ ਇਕ ਅਖਬਾਰ ਦੀ ਉਘਾੜਕੇ ਛਾਪੀ ਗਈ ਖਬਰ ਉਤੇ ਪਈ। ਸਿਰਲੇਖ ਸੀ, “ਨਰਮਾ ਚੁਗਾਵੀ ਨਾਲ ਜਬਰਦਸਤੀ ਵਾਲਾ ਅਫਸਰ ਜੇਲ ‘ਚ ਵੇਖੇਗਾ ਪੰਜ ਦਿਵਾਲੀਆਂ।“ ਸਫਾਈ ਵਲੋਂ ਵਿਹਲੇ ਹੋਕੇ ਪੜਨ ਲਈ ਮੈਂ ਉਹ ਅਖਬਾਰ ਉਸ ਦਿਨ ਆਈਆਂ ਅਖਬਾਰਾਂ ਦੇ ਨਾਲ ਅੰਦਰ ਰਖ ਆਇਆ ਤੇ ਸਫਾਈ ਵਿਚ ਰੁੱਝ ਗਿਆ। ਘਰ ਦੀ ਉਸ ਨੁੱਕਰੇ ਪਿਆ ਸਾਰਾ ਕੁਝ ਸਾਫ ਕਰਕੇ ਤੇ ਲਗੇ ਜਾਲੇ ਲਾਹੇ ਅਤੇ ਪੋਚਾ ਲਾਕੇ ਉਹ ਥਾਂ ਚਮਕਣ ਲਾ ਦਿਤੀ। ਉਦੋਂ ਤਕ ਰੱਦੀ ਤੇ ਕਬਾੜ ਵਾਲੇ ਨਾਲ ਨਜਿੱਠ ਕੇ ਪੋਤੇ ਦੀ ਦਾਦੀ ਵਿਹਲੀ ਹੋ ਗਈ ਸੀ। ਕੀਤੀ ਸਫਾਈ ਵਿਖਾ ਕੇ ਅਸੀਂ ਉਸਦਾ ਮਨ ਖੁਸ਼ ਕਰ ਦਿਤਾ ਸੀ। ਦਾਦੀ ਨੇ ਰੱਦੀ ਵਾਲੇ ਸਾਰੇ ਪੈਸੇ ਪੋਤੇ ਦੇ ਹੱਥ ਫੜਾਉਂਦਿਆਂ ਕਿਹਾ, ਲੈ ਆਹ ਤੇਰੀ ਦਿਵਾਲੀ ਦੇ ਪਟਾਕਿਆਂ ਜੋਗੇ ਬਣ ਗਏ ਨੇ। ਪੋਤੇ ਨੂੰ ਉਤਸ਼ਾਹਤ ਕਰਨ ਦੀ ਉਸਦੀ ਗਲ ਮੈਨੂੰ ਵੀ ਚੰਗੀ ਲਗੀ। ਨਹਾਉਣ ਤੋਂ ਬਾਦ ਨਾਸ਼ਤਾ ਕਰਕੇ ਮੈਂ ਅਖਬਾਰਾਂ ਫੜ ਲਈਆਂ ਤੇ ਪੋਤਾ ਆਪਣੀ ਖੇਡੇ ਲਗ ਗਿਆ।
ਤਾਜੀਆਂ ਤੋਂ ਪਹਿਲਾਂ ਮੈਂ ਉਹੀ ਪੁਰਾਣੀ ਅਖਬਾਰ ਫੜੀ। ਖਬਰ ਵਿਚ ਲਿਖੇ ਮਾਲਵੇ ਦੇ ਉਸ ਪਿੰਡ ਦਾ ਨਾਂਅ ਪੜਕੇ ਉਡਣੇ ਸਿੱਖ ਦੇ ਜਿੰਦਗੀ ਤੇ ਬਣੀ ਫਿਲਮ ਮੇਰੇ ਚੇਤਿਆਂ ਵਿਚ ਘੁੰਮ ਗਈ। ਕੋਈ ਗਲ ਯਾਦ ਰਖਣ ਲਈ ਉਸਨੂੰ ਕਿਸੇ ਹੋਰ ਗਲ ਨਾਲ ਜੋੜ ਲੈਣਾ ਮੇਰੀ ਆਦਤ ਵੀ ਹੈ। ਚੇਤੇ ਕਰਨਾ ਸੌਖਾ ਹੋ ਜਾਂਦਾ। ਪਿੰਡ ਦੇ ਨਾਂਅ ਤੋਂ ਮੈਨੂੰ ਉਸੇ ਪਿੰਡ ਦਾ ਇਕ ਸੱਜਣ ਯਾਦ ਆ ਗਿਆ। ਮੈਨੂੰ ਲਗਣ ਲਗਾ ਕਿ ਖਬਰ ਵਾਲਾ ਅਫਸਰ ਉਹੀ ਹੋਊ ਜਿਸ ਬਾਰੇ ਉਸ ਬਾਊ ਜੀ ਨੇ ਇਕ ਵਾਰ ਉਦਾਹਰਣ ਵਜੋਂ ਗਲ ਸੁਣਾਈ ਸੀ। ਰੇਲ ਸਫਰ ਕਰਦਿਆਂ ਨਾਲ ਬੈਠੇ ਬਾਊ ਜੀ ਨੇ ਕਹਾਵਤ, “ਵਾਦੜੀਆਂ ਸਜਾਦੜੀਆਂ ਨਿਬਣ ਸਿਰਾਂ ਦੇ ਨਾਲ,” ਦੇ ਵਿਸਥਾਰ ਨੂੰ ਉਸ ਖਾਨਦਾਨ ਦੀਆਂ ਹਰਕਤਾਂ ਨਾਲ ਜੋੜ ਲਿਆ ਸੀ। ਮੇਰੇ ਮਨ ਵਿਚ ਤਸੱਲੀ ਕਰਨ ਦੀ ਖਾਹਸ਼ ਜਾਗ ਆਈ।ਕਈ ਸਾਲ ਪਹਿਲਾਂ ਮਿਲੇ ਉਹ ਬਾਊ ਜੀ ਅੱਖਾਂ ਮੂਹਰੇ ਆਣ ਖੜੋਏ। ਮੈਂ ਆਪਣੀ ਪੁਰਾਣੀ ਡਾਇਰੀ ਫਰੋਲੀ, ਬਾਊ ਜੀ ਦਾ ਨੰਬਰ ਲਭਕੇ ਡਾਇਲ ਕਰ ਲਿਆ। ਉਦੋਂ ਮੋਬਾਇਲਾਂ ਵਾਲੇ ਝੰਜਟਾਂ ਨੂੰ ਬਹੁਤੇ ਸਾਲ ਨਹੀਂ ਸੀ ਹੋਏ, ਤੇ ਕਾਲ ਸੁਣਨ ਦੇ ਵੀ ਪੈਸੇ ਲਗਦੇ ਹੁੰਦੇ ਸੀ। ਹੁਣ ਵਾਂਗ ਹਰ ਕਿਸੇ ਦੇ ਪਹੁੰਚ ਵਾਲਾ ਨਹੀਂ ਸੀ ਬਣਿਆ ਹਵਾ ਦੀਆਂ ਤਰੰਗਾਂ ਰਾਹੀਂ ਗਲ ਕਰਾਉਣ ਵਾਲਾ ਖਿਡੌਣਾ। ਉਂਜ ਸੁਣਿਆ ਜਾਣ ਲਗ ਪਿਆ ਸੀ ਕਿ ਅਗਲੇ ਸਾਲਾਂ ਵਿਚ ਇਹ ਖਿਡੌਣਾ ਕਈ ਰੂਪ ਵਟਾਕੇ ਖਲਕਤ ਉਤੇ ਕਾਬੂ ਪਾ ਲਏਗਾ।
ਪੰਜ ਸੱਤ ਵਾਰ ਡਾਇਲ ਕਰਨ ਤੇ ਉਸਦੇ ਘਰ ਵਜਦੀ ਘੰਟੀ ਦੀ ਅਵਾਜ ਮੈਨੂੰ ਸੁਣਨ ਲਗ ਪਈ। ਉਸਦੀ ਪਤਨੀ ਨੇ ਫੋਨ ਚੁਕਿਆ ਤੇ ਦਸਿਆ ਕਿ ਉਹ ਖੇਤਾਂ ਨੂੰ ਗਏ ਨੇ ਤੇ ਰੋਟੀ ਵੇਲੇ (ਦੁਪਹਿਰੇ) ਘਰ ਮੁੜਨਗੇ। ਮੇਰੇ ਲਈ ਉਡੀਕ ਭਾਰੀ ਹੋਣ ਲਗੀ। ਮੇਰੀ ਉੱਤਸੁਕਤਾ ਤਾਜੀਆਂ ਖਬਰਾਂ ਵਲੋ ਹਟਕੇ ਉਸ ਬੇਹੀ ਖਬਰ ਵਾਲੇ ਅਫਸਰ ਬਾਰੇ ਜਾਨਣ ਦੀ ਜਾਗੀ ਹੋਈ ਸੀ। ਬੜੇ ਔਖੇ ਕਢੇ ਤਿੰਨ ਘੰਟਿਆਂ ਬਾਦ ਮੈਂ ਫਿਰ ਡਾਇਲ ਕਰਨ ਲਗ ਪਿਆ। ਏਰੀਆ ਕੋਡ ਮਿਲਾਂਉਦੇ ਈ ਰੂਟ ਬਿਜੀ ਹੈ, ਸੁਣ ਸੁਣਕੇ ਮੇਰੇ ਕੰਨ ਦੁਖਣ ਲੱਗ ਪਏ। ਵੀਹ ਕੁ ਵਾਰ ਟਰਾਈ ਕਰਕੇ ਮੈਂ ਰਸੀਵਰ ਜੋਰ ਨਾਲ ਰੱਖਦੇ ਹੋਏ ਧਿਆਨ ਹੋਰ ਪਾਸੇ ਲਾਉਣ ਦੇ ਯਤਨ ਕਰਨ ਲੱਗਾ। ਕੰਧ ਤੇ ਲਗੀ ਦਾਦੀ ਦੀ ਫੋਟੋ ਤੋਂ ਯਾਦ ਆਇਆ। ਦਾਦੀ ਜੀ ਕਹਿੰਦੇ ਹੁੰਦੇ ਸੀ ਜਨਾਨੀਆਂ ਵਾਲੇ ਘਰ ਕਿਸੇ ਚੋਰ ਅੱਖੀਏ ਨੂੰ ਵਾੜਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਨਹੀਂ ਤਾਂ ਬਾਦ ਵਿਚ ਪਛਤਾਉਣਾ ਪੈਂਦਾ। ਚੋਰ ਅੱਖੀਏ ਸ਼ਬਦ ਮੈਂ ਦਾਦੀ ਤੋਂ ਬਾਦ ਉਸ ਮਾਲਵੇ ਵਾਲੇ ਬਾਊ ਜੀ ਦੇ ਮੂੰਹੋਂ ਦੂਜੀ ਵਾਰ ਸੁਣਿਆ ਸੀ। ਬਾਊ ਜੀ ਨਾਲ ਖਬਰ ਵਾਲੀ ਗਲ ਕਰਨ ਦੀ ਮੈਨੂੰ ਕਾਹਲੀ ਪੈ ਰਹੀ ਸੀ।
ਘੰਟੇ ਕੁ ਬਾਦ ਮੈਂ ਫਿਰ ਰਸੀਵਰ ਚੁੱਕਿਆ ਤੇ ਲਗਿਆ ਡਾਇਲ ਕਰਨ। ਉਦੋਂ ਤਕ ਤਾਂ ਨੰਬਰ ਯਾਦ ਨਹੀਂ ਸੀ ਕਰਨਾ ਪੈ ਰਿਹਾ। ਪੋਟਿਆਂ ਨੂੰ ਰਟ ਗਿਆ ਹੋਇਆ ਸੀ। ਅਗਿਓਂ ਆਈ ਅਵਾਜ਼ “ਬਾਈ ਜੀ ਕੌਣ ?” ਮੈਂ ਆਪਣਾਂ ਨਾਂਅ ਦਸਿਆ ਜੋ ਉਨ੍ਹਾਂ ਨੂੰ ਭੁੱਲ ਗਿਆ ਹੋਇਆ ਸੀ। ਰੇਲ ਗੱਡੀ ਵਾਲੀ ਆਪਣੀ ਮਿਲਣੀ ਯਾਦ ਕਰਾਈ ਤੇ ਦਸਿਆ ਕਿ ਕਿਸੇ ਬਾਰੇ ਇੰਜ ਦੀ ਗਲ ਹੋਈ ਸੀ।
“ਉਹ ਬੰਦਾ ਤਾਂ ਭਾਈ ਸਾਹਿਬ ਹੁਣ ਉਸ ਥਾਂ ਬੈਠਾ, ਜਿਥੇ ਉਸਨੂੰ ਕਈ ਸਾਲ ਪਹਿਲਾਂ ਹੋਣਾ ਚਾਹੀਦਾ ਸੀ।“ ਬਾਊ ਜੀ ਨੇ ਸਹਿਜ ਸੁਭਾਅ ਅੰਦਾਜ ਵਿਚ ਜਵਾਬ ਦਿਤਾ। ਮੈਨੂੰ ਵਿਸ਼ਵਾਸ਼ ਜਿਹਾ ਹੋ ਗਿਆ ਕਿ ਖਬਰ ਉਸੇ ਅਫਸਰ ਨਾਲ ਸਬੰਧਤ ਹੈ, ਜਿਸਨੂੰ ਬਾਊ ਜੀ ਚੋਰ ਅੱਖੀਆ ਕਹਿੰਦੇ ਸੀ। ਮੈਂ ਦਸਿਆ ਕਿ ਉਹ ਖਬਰ ਮੇਰੀ ਨਜਰੇ ਅੱਜ ਹੀ ਚੜੀ ਹੈ, ਇਸੇ ਕਰਕੇ ਫੋਨ ਕੀਤਾ ਤਾਂ ਕਿ ਉਸ ਦੀਆਂ ਭੁੱਲ ਗਈਆਂ ਹੋਰ ਕਰਤੂਤਾਂ ਤੇ ਜੇਲ ਵਾਲੀ ਗਲ ਜਾਣ ਲਵਾਂ।
“ਹਾਂ ਜੀ ਜੋ ਪੁੱਛਣਾ ਪੁੱਛੀ ਜਾਓ, ਜੋ ਮੈਨੂੰ ਪਤਾ ਹੈ, ਦਸੀ ਜਾਂਵਾਂਗਾ, ਜੇ ਇੰਨਾਂ ਦੇ ਖਾਨਦਾਨ ਦਾ ਮੁੱਢ ਫੜਨਾ ਤਾਂ ਵੀ ਮੇਰੇ ਕੋਲ ਹੁਣ ਟਾਈਮ ਹੈਗਾ।“ ਬਾਊ ਜੀ ਦੇ ਉੱਤਰ ਨੇ ਇਸ ਗਲੋਂ ਮੇਰੀ ਤਸੱਲੀ ਕਰਵਾ ਦਿੱਤੀ ਕਿ ਨਾ ਤਾਂ ਉਨ੍ਹਾਂ ਦਾ ਟਾਈਮ ਖਰਾਬ ਕਰ ਰਿਹਾਂ ਤੇ ਨਾ ਹੀ ਦੱਸਣ ਲਈ ਮਜਬੂਰ ਕਰ ਰਿਹਾਂ।
“ਬਹੁਤ ਬਹੁਤ ਧੰਨਵਾਦ ਬਾਊ ਜੀ, ਤੁਸੀਂ ਮੇਰਾ ਭਾਵ ਸਮਝ ਲਿਆ, ਅਸਲ ਵਿਚ ਇਹ ਖਬਰ ਅੱਜ ਪੁਰਾਣੀ ਅਖਬਾਰ ਵਿਚੋਂ ਮੇਰੀ ਨਜਰੀਂ ਪੈ ਗਈ। ਸੋਚਿਆ ਬਾਊ ਜੀ ਤੋਂ ਅਸਲ ਗਲ ਪਤਾ ਲੱਗੂ, ਅਖਬਾਰਾਂ ਵਿਚ ਤਾਂ ਗੱਲ ਨੂੰ ਘੁੰਮਾ ਫਿਰਾ ਕੇ ਲਿਖਿਆ ਹੁੰਦਾ? ਅੱਜ ਫਿਰ ਦੱਸ ਈ ਦਿਓ ਚੋਰ ਅੱਖੀਆਂ ਬਾਰੇ, ਮੇਰੇ ਪਾਠਕਾਂ ਨੂੰ ਵੀ ਪਤਾ ਲਗਜੇ ਕਿ ਕਿੰਜ ਕਿੰਜ ਦੇ ਲੋਕ ਵਸਦੇ ਨੇ ਸਾਡੇ ਇਰਦ ਗਿਰਦ।“ ਬਾਊ ਜੀ ਨੂੰ ਸਹਿਜ ਅਹਿਸਾਸ ਕਰਾਉਣ ਲਈ ਮੈਂ ਆਪਣੇ ਸਵਾਲ ਦਾ ਵਿਸਥਾਰ ਜੋੜ ਦਿੱਤਾ ।
“ਸੁਹਾਗਵੰਤੀ ਜਰਾ ਪਾਣੀ ਦਾ ਗਿਲਾਸ ਭਰਕੇ ਰੱਖ ਦੇਣਾ ਮੇਰੇ ਕੋਲ।“
ਉਨ੍ਹਾਂ ਆਪਣੀ ਪਤਨੀ ਨੂੰ ਕਿਹਾ। ਮੈਂ ਸਮਝ ਗਿਆ ਕਿ ਬਾਊ ਜੀ ਅਫਸਰ ਦੀ ਖਾਨਦਾਨੀ ਦੇ ਸਾਰੇ ਵਰਕੇ ਫਰੋਲ ਦੇਣ ਦੇ ਮੂਡ ਵਿਚ ਨੇ ਤਾਂ ਹੀ ਉਨ੍ਹਾਂ ਲੰਮੀ ਗਲਬਾਤ ਦੌਰਾਨ ਗਲੇ ਦੀ ਰਵਾਨਗੀ ਬਣਾਏ ਰਖਣ ਲਈ ਪਾਣੀ ਕੋਲ ਰਖਵਾ ਲਿਆ। ਇਧਰ ਮੈਂ ਵੀ ਆਪਣੀ ਪਤਨੀ ਨੂੰ ਕਹਿ ਦਿਤਾ ਕਿ ਕਿਸੇ ਨਾਲ ਜਰੂਰੀ ਗਲ ਕਰਨੀ ਐ। ਜਦ ਤਕ ਫੋਨ ਮੇਰੇ ਕੰਨ ਤੇ ਲੱਗਾ ਹੋਵੇ, ਚੁੱਪ ਰਹਿਣ ਦੀ ਕੋਸ਼ਿਸ਼ ਕਰਿਓ।
“ਲਓ ਬਾਈ ਜੀ, ਸੁਣੋ । ਇੰਨਾਂ ਦਾ ਦਾਦਾ ਦੋ ਭਰਾ ਸੀ। ਦਾਦਾ ਵਿਆਹਿਆ ਗਿਆ, ਪਰ ਛੋਟਾ ਛੜਾ ਰਹਿ ਗਿਆ। ਦਸੀਦਾ ਸੀ ਕਿ ਛੋਟਾ ਭਲਾ ਲੋਕ ਸੀ। ਉਦੋਂ ਅਜੇ ਪਾਕਿਸਤਾਨ ਨਈ ਸੀ ਬਣਿਆ। ਮੇਰੀ ਸੰਭਾਲ ਤੋਂ ਪਹਿਲਾਂ ਦੀਆਂ ਗਲਾਂ ਨੇ। ਦਸਦੇ ਸੀ ਕਿ ਸਾਡੇ ਪਿੰਡ ‘ਚ ਕਿਸੇ ਦੇ ਘਰ ਵਿਆਹ ਮੌਕੇ ਰਾਤ ਨੂੰ ਇੰਨਾਂ ਦਾ ਦਾਦਾ ਗਿੱਧੇ ‘ਚ ਜਨਾਨੀਆਂ ਦੇ ਨਾਲ ਨੱਚਣ ਲੱਗ ਪਿਆ। ਨਾਲ ਦੇ ਪਿੰਡ ਦੇ ਲੰਬੜਾਂ ਦੀ ਨੂੰਹ ਵੀ ਸੀ ਉਸੇ ਗਿੱਧੇ ਵਿਚ। ਬਾਂਹ ਉੱਚੀ ਕਰਕੇ ਬੋਲੀ ਪਾਉਂਦੀ ਨੂੰ ਅਫਸਰ ਦੇ ਦਾਦੇ ਨੇ ਕਲਾਵੇ ‘ਚ ਭਰ ਲਿਆ। ਉਸਦੀ ਸੱਸ ਉਥੇ ਈ ਸੀ। ਉਸਨੇ ਨੂੰਹ ਨੂੰ ਪਾਸੇ ਕਰਕੇ ਪਤਾ ਨਈਂ ਕੰਨ ‘ਚ ਕੀ ਫੂਕ ਮਾਰੀ। ਨੂੰਹ ਇੰਨਾਂ ਦੇ ਦਾਦੇ ਨੂੰ ਇਸ਼ਾਰਾ ਕਰਕੇ ਪਿੰਡੋਂ ਬਾਹਰ ਲੈ ਗਈ। ਥੋੜਾ ਪਿੱਛੇ ਪਿੱਛੇ ਸੱਸ ਚਲੇ ਗਈ। ਕਾਲੀ ਹਨੇਰੀ ਰਾਤ ਸੀ। ਸੱਸ ਭਰਿਆ ਹੋਇਆ ਰਿਵਾਲਵਰ ਕੋਲ ਰੱਖਦੀ ਹੁੰਦੀ ਸੀ। ਪਿੰਡ ਵਾਲਿਆਂ ਚਾਰ ਗੋਲੀਆਂ ਦਾ ਖੜਕਾ ਤਾਂ ਸੁਣਿਆ, ਪਰ ਵਿਆਹ ਵਾਲੇ ਘਰ ਆਤਸ਼ਬਾਜੀ ਸਮਝ ਕੇ ਗਲ ਆਈ ਗਈ ਹੋ ਗਈ। ਸੱਪ ਦੀ ਸਿਰੀ ਫੇਹਕੇ ਸੱਸ ਨੂੰਹ ਫਿਰ ਗਿੱਧੇ ‘ਚ ਆਣ ਵੜੀਆਂ। ਸਵੇਰੇ ਲੋਕ ਬਾਹਰ ਗਏ ਤਾਂ ਪਤਾ ਲਗਾ ਕਿ ਇੰਨਾਂ ਦਾ ਦਾਦਾ …..। ਪੁਲੀਸ ਆਈ ਤਾਂ ਦਰੋਗੇ ਨੇ ਲੰਬੜਾਂ ਦੇ ਘਰ ਬੈਠਿਆਂ ਉਨ੍ਹਾਂ ਦੀ ਅੱਖ ਚੋਂ ਕਾਤਲ ਪਛਾਣ ਲਿਆ ਸੀ, ਪਰ ਗੋਰੇ ਡਿਪਟੀ ਦੇ ਇਸ਼ਾਰੇ ਤੇ ਉਸਨੇ ਕੌਣ ਮਾਰ ਗਿਆ, ਦੀ ਜਾਂਚ ਵਾਲੀ ਫਾਈਲ ਖੂਹ ਖਾਤੇ ਪਾਕੇ ਬੰਦ ਕਰਵਾਤੀ। ਅਸਲ ਵਿਚ ਗੋਰੇ ਨੂੰ ਲੰਬੜ ਵਰਗਿਆਂ ਦੀ ਲੋੜ ਪਈ ਰਹਿੰਦੀ ਸੀ।
ਦਾਦੇ ਦੇ ਭੋਗ ਮੌਕੇ ਆਏ ਦਾਦੀ ਦੇ ਪੇਕਿਆਂ ਪਿੰਡ ਵਾਲਿਆਂ ਦੇ ਕਹਿਣ ਤੇ ਆਪਣੀ ਧੀ ਦੀ ਚਾਦਰ ਛੜੇ ਦਿਉਰ ਨਾਲ ਪਵਾ ਦਿਤੀ। ਉਦੋਂ ਇੰਜ ਦੇ ਰਿਵਾਜ ਹੁੰਦੇ ਸੀ। ਦਸਦੇ ਸੀ ਕਿ ਇੰਨਾਂ ਦੀ ਦਾਦੀ ਨੂੰ ਕਤਲ ਤੋਂ ਅਗਲੇ ਦਿਨ ਈ ਪਤਾ ਲਗ ਗਿਆ ਸੀ ਕਿ ਉਸਦਾ ਘਰ ਵਾਲਾ ਕਿਸ ਹੱਥੋਂ ਤੇ ਕਿਉਂ ਮਾਰਿਆ ਗਿਆ। ਜਨਾਨੀਆਂ ਵਿਚ ਬੈਠੀ ਬੈਠੀ ਸਹਿਬਨ ਬੋਲ ਦੇਂਦੀ ਹੁੰਦੀ ਸੀ। “ਮੈਂਨੂੰ ਤਾਂ ਪਹਿਲਾਂ ਈ ਪਤਾ ਸੀ ਉਸਦੇ ਚਾਲਿਆਂ ਦਾ। ਬਥੇਰਾ ਰੋਕਦੀ ਸੀ, ਪਰ ….।“
ਪਾਕਿਸਤਾਨ ਬਣਨ ਤੋਂ ਕੁਝ ਸਾਲ ਪਹਿਲਾਂ 19ਵੇਂ ਸਾਲ ‘ਚ ਇਸ ਅਫਸਰ ਦੇ ਪਿਉ ਦਾ ਵਿਆਹ ਹੋ ਗਿਆ। ਪਿਉ ਤੇ ਛੜੇ ਵਾਲੀ ਰਲਣ ਕਰਕੇ ਜਮੀਨ ਇੰਨਾਂ ਕੋਲ ਚੋਖੀ ਹੋਗੀ ਸੀ। ਜਮੀਨਾਂ ਮੂਹਰੇ ਲੋਕ ਔਗੁਣ ਵਿਸਾਰ ਕੇ ਰਿਸ਼ਤਾ ਕਰ ਦੇਂਦੇ ਸੀ। ਉਂਜ ਵੀ ਉਸ ਜਮਾਨੇ ਵਿਚ ਬਹੁਤੇ ਸਾਕ ਵਿਚੋਲੇ ਈ ਕਰਵਾ ਦਿਆ ਕਰਦੇ ਸੀ। ਮਾਂ ਵਲੋਂ ਰੋਕਣ ਦੇ ਬਾਵਜੂਦ ਪਿਉ ਵਾਲੀਆਂ ਕਰਤੂਤਾਂ ਵਿਆਹ ਤੋਂ ਪਹਿਲਾਂ ਈ ਕਰਨ ਲਗ ਪਿਆ ਸੀ ਇਸਦਾ ਪਿਉ। ਦੋ ਤਿੰਨ ਵਾਰ ਕਾਫੀ ਛਿੱਤਰ ਪ੍ਰੇਡ ਹੋਈ। ਦਸਦੇ ਸੀ ਕਿ ਇਕ ਵਾਰ ਤਾਂ ਕਈ ਦਿਨ ਉਸਦਾ ਮੂੰਹ ਸੁੱਜਾ ਰਿਹਾ ਸੀ। ਇਸ ਅਫਸਰ ਦੀ ਮਾਂ ਉਦੋਂ ਬਹੁਤੀ ਉਮਰ ਦੀ ਤਾਂ ਨਹੀਂ ਸੀ, ਪਰ ਉਸਨੂੰ ਵੀ ਆਪਣੀਸੱਸ ਵਾਂਗ ਸਾਰੀ ਸਮਝ ਸੀ। ਲੜ ਕੇ ਪੇਕੇ ਗਈ ਨੂੰ ਦੋ ਸਾਲ ਬਾਦ ਤਰਲੇ ਕਰਵਾ ਕੇ ਤੋਰਿਆ ਸੀ ਉਸਦੇ ਮਾਪਿਆਂ। ਸੁਣਦੇ ਸੀ ਕਿ ਬੜੇ ਅਣਖੀ ਸੀ ਅਫਸਰ ਦੇ ਨਾਨਕੇ।
ਉਦੋਂ ਤਕ ਮੈਨੂੰ ਪਿੰਡ ਵਿਚ ਵਾਪਰਦੇ ਚੰਦੇ ਮਾੜੇ ਵਿਚ ਰੁੱਚੀ ਲੈਣ ਦੀ ਜਾਗ ਲਗ ਗਈ ਸੀ। ਪਿੰਡ ਵਿਚ ਇੰਨਾਂ ਦੇ ਟੱਬਰ ਦੀ ਅੱਲ ਚੋਰ ਅੱਖੀਏ ਪੈ ਗਈ ਸੀ। ਮੈਂ ਆਪਣੀ ਮਾਂ ਨੂੰ ਚੋਰ ਅੱਖ ਦਾ ਮਤਲਬ ਪੁੱਛ ਲਿਆ। ਕਹਿੰਦੀ ਜਿਹੜਾ ਬੰਦਾ ਬਦਨੀਤ ਨਾਲ ਕਿਸੇ ਦੇ ਘਰ ਜਾਕੇ ਟੀਰੀ ਨਜਰੇ ਔਰਤਾਂ ਵਲ ਵੇਖੇ ਉਸਨੂੰ ਚੋਰ ਅੱਖੀਆ ਆਖਦੇ ਨੇ। ਸ਼ਾਇਦ ਮੇਰੀ ਮਾਂ ਨੂੰ ਗਲ ਚੰਗੀ ਤਰਾਂ ਸਮਝਾਉਣੀ ਨਹੀਂ ਸੀ ਆਈ, ਜਾਂ ਉਦੋਂ ਨਿਆਣਪੁਣੇ ਕਰਕੇ ਮੈਨੂੰ ਸਮਝ ਨਹੀਂ ਸੀ ਲਗੀ। ਪਰ...

ਦੁਨੀਆ ਵਿਚ ਵਿਚਰਦਿਆਂ ਇਸ ਭੇਦ ਦਾ ਪਤਾ ਲਗ ਗਿਆ। ਮੁਆਫ ਕਰਨਾ ਤੁਹਾਡੇ ਮਾਝੇ ਚੋਂ ਵੀ ਇੰਜ ਦੀਆਂ ਬਥੇਰੀਆਂ ਗਲਾਂ ਸੁਣੀਦੀਆਂ ਨੇ। ਗੰਦੇ ਖਾਨਦਾਨ ਵਾਲੇ ਤਾਂ ਇਹ ਮਾੜੀ ਆਦਤ ਕੈਨੇਡਾ, ਅਮਰੀਕਾ ਤੇ ਵਲੈਤ ਵੀ ਨਾਲ ਲਿਜਾਕੇ ਉਥੇ ਇਹੀ ਗੰਦ ਖਿਲਾਰਦੇ ਨੇ।
ਮੈਂ ਦਸਾਂ ਕੁ ਸਾਲਾਂ ਦਾ ਸੀ ਜਦ ਇਹ ਅਫਸਰ ਜੰਮਿਆ ਸੀ। ਮੈਨੂੰ ਚੰਗੀ ਤਰਾਂ ਯਾਦ ਹੈ, ਇਹ ਤਿੰਨ ਚਾਰ ਸਾਲਾਂ ਦਾ ਹੋਊ ਜਦ ਇਸਦੇ ਪਿਉ ਨੂੰ ਲਾਗਲੇ ਪਿੰਡੋਂ ਮੰਜੇ ਤੇ ਪਾਕੇ ਲਿਆਏ ਸੀ। ਦਸਦੇ ਸੀ ਕਿ ਉਹ ਉਥੇ ਆਪਣੇ ਪਿਉ ਵਰਗੀ ਹਰਕਤ ਕਰਦਾ ਫੜਿਆ ਗਿਆ ਸੀ। ਕੁੜੀ ਵਾਲਿਆਂ ਜਾਨੋ ਈ ਨਹੀਂ ਸੀ ਮਾਰਿਆ, ਹੱਡ ਪੈਰ ਭੰਨਣੋਂ ਕਸਰ ਨਹੀਂ ਸੀ ਛੱਡੀ। ਇਨ੍ਹਾਂ ਤਾਂ ਸ਼ਰਮ ਦੇ ਮਾਰਿਆਂ ਪੁਲੀਸ ਕੇਸ ਨਹੀਂ ਸੀ ਬਣਵਾਇਆ। ਪਰ ਟਲਿਆ ਉਹ ਬਾਦ ਵਿਚ ਨਹੀਂ ਸੀ। ਕਹਿੰਦੇ ਹੁੰਦੇ ਨੇ ਨਾ, ਸਿੱਧੀ ਕਰਨ ਲਈ ਵੰਜਲੀ ਵਿਚ ਪਾਈ ਕੁੱਤੇ ਦੀ ਪੂਛ ਦਾ ਡਿੰਗ 12 ਸਾਲਾਂ ਬਾਦ ਵੀ ਸਿੱਧਾ ਨਹੀਂ ਸੀ ਹੋਇਆ। ਖੈਰ, ਉਸਨੇ ਆਪਣੀ ਵਹੁੱਟੀ ਲਈ ਪਿੰਡ ਵਿਚ ਸਿਰ ਚੁੱਕ ਕੇ ਜਿਊਣ ਦਾ ਮੌਕਾ ਨਾ ਆਉਣ ਦਿਤਾ। ਹਾਂ, ਖੁੱਲੀ ਤੇ ਉਪਜਾਊ ਜਮੀਨ ਦੇ ਮਾਲਕ ਹੋਣ ਕਰਕੇ ਟੱਬਰ ਨੂੰ ਪੈਸੇ ਧੇਲੇ ਪੱਖੋਂ ਔਖਿਆਈ ਨਹੀਂ ਸੀ ਕਦੇ ਸੁਣੀ।
ਕਹਿੰਦੇ ਹੁੰਦੇ ਨੇ ਨਾ, ਬੰਦੇ ਦੀ ਕਮਾਈ ਚੰਗੇ ਜਾਂ ਮੰਦੇ, ਸਿਰਫ ਦੋ ਸਬਦਾਂ ਵਿਚ ਮਿਣੀ ਜਾਂਦੀ ਐ। “ਚੰਗਾ ਬੰਦਾ ਸੀ, ਰੱਬ ਹੋਰ ਚਾਰ ਸਾਲ ਦੇ ਦੇਂਦਾ ਜਾਂ ਚਲੋ ਧਰਤੀ ਤੋਂ ਭਾਰ ਹਲਕਾ ਹੋਇਆ।“ ਇਨਸਾਨ ਆਪਣੇ ਪਿੱਛੇ ਏਹੀ ਕੁਝ ਛਡਕੇ ਜਾਂਦਾ। ਤਾਂ ਹੀ ਤੇ ਅਰਥੀ ਨਾਲ ਜਾਂਦਿਆਂ ਰਾਮ ਨਾਮ ਸੱਤ ਹੈ ਬੋਲਕੇ ਯਾਦ ਕਰਾਇਆ ਜਾਂਦਾ ਕਿ ਐਹੀ ਕੁਝ ਐ, ਜੋ ਇਹ ਛਡ ਚਲਿਆ। ਪਰ ਅਸੀਂ ਲੋਕ ਉਹ ਗਲ ਸਸਕਾਰ ਤੋਂ ਮੁੜਦਿਆਂ ਈ ਵਿਸਾਰ ਦੇਨੇਂ ਆਂ। ਹੈ ਨਾ? ਮੈਂਨੂੰ ਲਗਿਆ ਜਿੰਵੇ ਬਾਊ ਜੀ ਨੇ ਝਟਕੇ ਦੇ ਰੂਪ ਵਿਚ ਮੈਨੂੰ ਵੀ ਅੰਦਰਝਾਤ ਦੀ ਚਿਤਾਵਨੀ ਦਿਤੀ ਹੋਵੇ ?
ਕੁਝ ਸੈਕੰਡ ਅਵਾਜ ਨਾ ਆਉਣ ਤੇ ਮੈਂ ਹੈਲੋ ਕਹਿਣ ਈ ਲਗਾ ਸੀ ਕਿ ਗੱਟ ਗੱਟ ਦੀ ਅਵਾਜ ਤੋਂ ਸਮਝ ਗਿਆ ਕਿ ਬਾਊ ਜੀ ਪਾਣੀ ਪੀ ਰਹੇ ਸੀ। ਗਲਾਸ ਰਖਦਿਆਂ ਈ ਅਵਾਜ ਆਈ,
“ਮਾਫ ਕਰਨਾ, ਤੁਹਾਡੇ ਸਵਾਲ ਤੇ ਆਵਾਂ। ਇਸ ਅਫਸਰ ਦੀਆਂ ਸ਼ਿਕਾਇਤਾਂ ਤਾਂ ਹਾਈ ਸਕੂਲੋਂ ਈ ਆਉਣ ਲਗ ਪਈਆਂ ਸੀ। ਮੈਂ ਉਦੋਂ ਨਾਲਦੇ ਪਿੰਡ ਵਾਲੇ ਪ੍ਰਾਇਮਰੀ ਸਕੂਲ ਪੜਾਉਂਦਾ ਸੀ। ਹੈਡਮਾਸਟਰ ਕਪਿਲ ਦੇਵ ਨੇ ਇਸਨੂੰ ਦੋ ਵਾਰ ਸਕੂਲੋਂ ਕੱਢਿਆ ਸੀ, ਪਰ ਇਸਦੀ ਮਾਂ ਦੇ ਤਰਲੇ ਹਰ ਕਿਸੇ ਨੂੰ ਪੰਘਰਾ ਲੈਂਦੇ ਸੀ। ਵਿਚਾਰੀ ਦਾ ਕਸੂਰ ਵੀ ਤੇ ਨਹੀਂ ਸੀ ਨਾ ਹੁੰਦਾ। ਧੀਆਂ ਧਿਆਣੀਆਂ ਨੂੰ ਕੀ ਪਤਾ ਹੁੰਦਾ, ਉਨ੍ਹਾਂ ਨੂੰ ਕਿਹੋ ਜਿਹਿਆਂ ਦੇ ਲੜ ਲਾਇਆ ਜਾ ਰਿਹਾ। ਦਸਵੀਂ ਕਰਕੇ ਇਹ ਮੋਟਰ ਮਕੈਨਿਕ ਕੋਰਸ ਕਰਨ ਲਈ ਆਈ ਟੀ ਆਈ ਦਾਖਲ ਹੋ ਗਿਆ ਤੇ ਸ਼ਹਿਰ ਵਿਚ ਹੋਰ ਮੁੰਡਿਆਂ ਨਾਲ ਰਹਿਣ ਲਗ ਪਿਆ। ਆਈ ਟੀ ਆਈ ਦੂਜੇ ਤੀਜੇ ਜਿਲੇ ‘ਚ ਹੋਣ ਕਰਕੇ ਇਸਦੀਆਂ ਉਥੇ ਵਾਲੀਆਂ ਹਰਕਤਾਂ ਦੀ ਖਬਰ ਪਿੰਡ ਇਕ ਦੋ ਵਾਰ ਆਈ। ਸੁਣਿਆ ਸੀ ਕਿ ਉਥੇ ਇਸਦੀ ਔਕਾਤ ਵਰਗਾ ਕੋਈ ਪਹਿਲਾਂ ਈ ਲਗਾ ਹੋਇਆ ਸੀ ਤੇ ਇਹ ਲੰਗੇ ਨੂੰ ਮੀਣਾ ਟੱਕਰ ਗਿਆ ਸੀ। ਦੋ ਸਾਲ ਇਸਦੀ ਮਾਂ ਨੂੰ ਕੁਝ ਸੁੱਖ ਦਾ ਸਾਹ ਆਇਆ ਸੀ। ਉਲਾਂਭੇ ਨਹੀਂ ਸੀ ਸੁਣਨੇ ਪੈਂਦੇ।
ਆਈ ਟੀ ਆਈ ਪਾਸ ਕਰਨ ਤੋਂ ਬਾਦ ਇਸਦੇ ਨਾਨਕਿਆਂ ਨੇ ਭੱਜ ਦੌੜ ਕਰਕੇ ਸਰਕਾਰੀ ਮਹਿਕਮੇਂ ਵਿਚ ਨੌਕਰੀ ਦਾ ਜੁਗਾੜ ਕਰਾ ਦਿਤਾ। ਉਂਜ ਵੀ ਇਸਦੇ ਵਰਗੇ ਬੰਦਿਆਂ ਵਿਚ ਜੁਗਾੜੂ ਸੋਚ ਕੁੱਟ ਕੁੱਟ ਕੇ ਭਰੀ ਹੋਈ ਹੁੰਦੀ ਆ। ਸੋ ਇਸਨੇ ਢਿਬਰੀ ਫਿੱਟ ਕਰ ਲਈ। ਭਰਤੀ ਤਾਂ ਇਸਦੀ ਤੀਜਾ ਦਰਜਾ ਸੀ, ਪਰ ਇਸਦੇ ਘਰਦੇ ਇਸਨੂੰ ਅਫਸਰ ਕਹਿਣ ਲਗ ਪਏ ਤੇ ਉਹੀ ਨਾਂਅ ਪੱਕ ਗਿਆ। ਹਾਂ, ਕਈ ਸਾਲਾਂ ਬਾਦ ਤਰੱਕੀ ਕਰਕੇ ਅਫਸਰ ਬਣ ਗਿਆ ਸੀ। ਇਸਦਾ ਮਹਿਕਮਾ ਉਹ ਜਿਥੇ ਸਾਰਾ ਅਮਲਾ ਫੈਲਾ ਮਰਦ ਈ ਹੁੰਦੈ ਨੇ। ਹੁਣ ਤਕ ਵੀ ਉਸ ਮਹਿਕਮੇ ਦੇ ਮੁੱਖ ਕੰਮ ਲਈ ਔਰਤਾਂ ਨੂੰ ਭਰਤੀ ਨਹੀਂ ਕੀਤਾ ਜਾਂਦਾ। ਘਰੋਂ ਚਾਰ ਜਿਲੇ ਦੂਰੀ ਪੋਸਟਿੰਗ ਹੋਣ ਦਾ ਇਸਨੂੰ ਫਾਇਦਾ ਹੋਇਆ ਕਿ ਉਥੇ ਇਸਦੇ ਪਿਛੋਕੜ ਤੋਂ ਕੋਈ ਜਾਣੂੰ ਨਹੀਂ ਸੀ। ਇਕ ਦਿਨ ਉਥੇ ਸੀਨੀਅਰ ਕਾਮੇ ਦੀ ਪਤਨੀ ਤੇ ਧੀ ਕਿਸੇ ਕੰਮ ਉਸਨੂੰ ਮਿਲਣ ਆਈਆਂ। ਚੋਰ ਅੱਖ ਝਾਕਦਿਆਂ ਇਸਨੂੰ ਤਾਂ ਚਾਅ ਚੜ ਗਿਆ। ਸਵਾਗਤ ਤੇ ਸੇਵਾ ਵਾਲਾ ਮਖੌਟਾ ਪਾਕੇ ਕੰਨਟੀਨ ਵਿਚ ਲੈ ਗਿਆ। ਸ਼ਰੀਫ ਜਿਹੇ ਉਸ ਸੀਨੀਅਰ ਨੂੰ ਇਸਨੇ ਪੈਸੇ ਨਾ ਦੇਣ ਦਿਤੇ। ਮੈਨੂੰ ਲਗਦਾ, ਇਸਦੇ ਮਨ ਵਿਚ ਤਾਂ ਲਾਟਰੀ ਨਿਕਲਣ ਵਰਗੇ ਲੱਡੂ ਫੁੱਟੇ ਹੋਣਗੇ ਉਸ ਦਿਨ। ਇਸਨੇ ਉਸ ਸੀਨੀਅਰ ਯਨੀ ਡੈਡੀ ਨਾਲ ਸਾਂਝ ਬਣਾਉਣੀ ਤੇ ਵਧਾਉਣੀ ਸ਼ੁਰੂ ਕਰਤੀ। ਸ਼ਹਿਰੋਂ ਕੁਝ ਮੀਲਾਂ ਤੇ ਉਸਦਾ ਪਿੰਡ ਸੀ। ਇਕ ਦਿਨ ਬਹਾਨਾ ਬਣਾਕੇ ਉਸਦੇ ਘਰ ਪਹੁੰਚ ਗਿਆ। ਇਸਦੀ ਸੋਚ ਭਾਂਵੇ ਗੰਦੀ ਸੀ, ਪਰ ਸ਼ਕਲੋਂ ਬਣਦਾ ਠਣਦਾ ਸੀ। ਆਉਣ ਜਾਣ ਦਾ ਮੁੱਢ ਬੱਝਦੇ ਈ ਹਫਤੇ ਦਸੀਂ ਦਿਨੀ ਡੈਡੀ ਦੇ ਘਰ ਗੇੜੇ ਵਜਣ ਲਗ ਪਏ। ਘਾਗ ਸ਼ਿਕਾਰੀ ਆਪਣੇ ਸ਼ਿਕਾਰ ਦੀ ਕਮਜੋਰੀ ਲੱਭ ਲੈਂਦੇ ਨੇ। ਇਸ ਵਲੋਂ ਪਹਿਲੇ ਦਿਨ ਤੋਂ ਸੁੱਟੀ ਜਾ ਰਹੀ ਕੁੰਡੀ ਹੋਲੀ ਹੋਲੀ ਭਾਰੀ ਹੋਣ ਲਗ ਪਈ । ਫਿਰ ਜੋ ਹੁੰਦਾ, ਤੁਸੀਂ ਜਾਣਦੇ ਈ ਓ, ਜਵਾਨੀ ਦਾ ਜੋਸ਼ ਤੇ ਅਹਿਸਾਸ ਬੱਚਿਆਂ ਤੋਂ ਕਿਹੋ ਜਿਹੀਆਂ ਗਲਤੀਆਂ ਕਰਵਾ ਲੈਂਦਾ।
ਸਾਲ ਕੁ ਬਾਦ ਜਦ ਉਸ ਕੁੜੀ ਤੋਂ ਮਨ ਭਰਨ ਲਗਾ ਤਾਂ ਬਹਾਨੇਬਾਜੀ ਸ਼ੁਰੂ ਹੋਗੀ। ਕੁੜੀ ਵਲੋਂ ਵਿਆਹ ਲਈ ਕਹਿਣ ਤੇ ਟਾਲਣ ਲਗ ਪਿਆ। ਉਸਦੇ ਪਿੰਡ ਖਲਾਰਾ ਤਾਂ ਪੈ ਗਿਆ ਹੋਇਆ ਸੀ। ਕੁੜੀ ਦਾ ਫੌਜੀ ਚਾਚਾ ਵੱਡੇ ਭਰਾ ਵਰਗਾ, “ਛੱਡੋ ਪਰੇ,” ਕਰਨ ਵਾਲਾ ਨਹੀਂ ਸੀ। ਪਿੰਡ ਵਿਚ ਉਸਨੂੰ ਧਾਕੜ ਵੀ ਕਹਿੰਦੇ ਸੀ। ਜੋ ਕਹਿੰਦਾ ਕਰਕੇ ਵਿਖਾ ਦਿੰਦਾ। ਉਸਦੇ ਇਕੋ ਦਬਕੇ ਮੂਹਰੇ ਇਸਨੇ ਹਥਿਆਰ ਸੁੱਟਕੇ ਵਿਆਹ ਲਈ ਹਾਂ ਕਰਤੀ ਤੇ ਉਸੇ ਮਹੀਨੇ ਵਿਆਹ ਹੋ ਗਿਆ। ਪਰ ਇਸਨੇ ਆਪਣੇ ਪਿਓ ਦਾ ਪੁੱਤਰ ਹੋਣ ਦੇ ਸਬੂਤ ਦੇਣੇ ਜਾਰੀ ਰਖੇ। ਵਿਆਹ ਤੋਂ ਛੇ ਕੁ ਮਹੀਨੇ ਬਾਦ ਲੜਕਾ ਹੋਇਆ ਤਾਂ ਲੋਕਾਂ ਨੂੰ ਪਤਾ ਲਗਾ ਕਿ ਚਾਚੇ ਦੇ ਦਬਕੇ ਮੂਹਰੇ ਇਸਦੀ ਪੈਂਟ ਕਿਉਂ ਗਿੱਲੀ ਹੋਈ ਸੀ। ਵਿਆਹ ਤੋਂ ਬਾਦ ਉਲਾਂਭੇ ਤਾਂ ਪਤਨੀ ਨੂੰ ਮਹੀਨੇ ਬਾਦ ਈ ਆਉਣ ਲਗ ਪਏ ਸਨ, ਪਰ ਉਹ ਵਿਚਾਰੀ ਆਪਣੇ ਪਿਓ ਵਰਗੀ, ਸਾਊ ਸੁਭਾਅ ਦੀ ਹੋਣ ਕਰਕੇ ਹਊ ਪਰੇ ਕਰ ਛਡਦੀ। ਕੁਝ ਆਪਣੇ ਖੂਨ (ਮੁੰਡੇ) ਦਾ ਮੋਹ ਤੇ ਕੁਝ ਲੋਕ ਲਾਜ ਕਰਕੇ ਇਸਨੇ ਔਖੇ ਸੌਖੇ ਦੋ ਢਾਈ ਸਾਲ ਉਸ ਨਾਲ ਕਢੇ। ਸ਼ਾਇਦ ਸਕੀਮਾਂ ਘੜਦਾ ਰਿਹਾ ਹੋਊ । ਇਕ ਦਿਨ ਦਫਤਰ ਖਬਰ ਪੁੱਜੀ ਕਿ ਇਸਦੀ ਵਹੁੱਟੀ ਦੀ ਮੌਤ ਹੋ ਗਈ ਐ। ਪੇਕੇ ਘਰ ਹੋਣ ਕਰਕੇ ਕਿਸੇ ਨੇ ਬਹੁਤਾ ਸ਼ੱਕ ਨਾ ਕੀਤਾ। ਸਭਨੇ ਕੁਦਰਤੀ ਮੌਤ ਸਮਝ ਕੇ ਗਲ ਆਈ ਗਈ ਕਰ ਦਿਤੀ। ਦੋ ਸਾਲਾਂ ਦਾ ਕਾਕਾ ਨਾਨੀ ਪਾਲਣ ਲਗ ਪਈ।
ਘੱਟ ਤਾਂ ਇਹ ਪਤਨੀ ਦੇ ਹੁੰਦਿਆ ਨਹੀਂ ਸੀ ਕਰਦਾ ਰਿਹਾ, ਪਰ ਵਿਆਹ ਵਾਲੇ ਪਿੰਜਰੇ ਚੋਂ ਅਜਾਦ ਹੋਕੇ ਸ਼ਿਕਾਰ ਨੂੰ ਜਾਲ ਵਿਚ ਫਸਾਉਣਾ ਉਸ ਲਈ ਸੌਖਾ ਹੋ ਗਿਆ। ਅਸੀਂ ਜਾਣਦੇ ਈ ਆਂ ਕਿ ਸਾਡੇ ਸਮਾਜਕ ਢਾਂਚੇ ਵਿਚਲਾ ਦਹੇਜ ਰੂਪੀ ਦੈਂਤ ਆਮ ਘਰਾਂ ਦੀਆਂ ਜਵਾਨ ਹੁੰਦੀਆਂ ਕੁੜੀਆਂ ਦੇ ਮਨਾਂ ਵਿਚ ਡਰਾਉਣਾ ਰੂਪ ਬਣਾਕੇ ਨਾਲੋ ਨਾਲ ਤੁਰਦਾ ਰਹਿੰਦਾ। ਕੁੜੀਆਂ ਦੇ ਮਨਾਂ ਵਿਚਲਾ ਉਹ ਡਰ ਇਹੋ ਜਿਹੇ ਸ਼ਿਕਾਰੀਆਂ ਨੂੰ ਬੜਾ ਰਾਸ ਆਉਂਦਾ। ਤਾਰੇ ਤੋੜ ਕੇ ਲਿਆ ਦੇਣ ਅਤੇ ਰਾਣੀ ਬਣਾਕੇ ਰਖਣ ਦੇ ਲਾਰਿਆਂ ਨਾਲ ਚਮਕਾਏ ਇੰਨਾਂ ਸ਼ਿਕਾਰੀਆਂ ਦੇ ਜਾਲ ਬਹੁਤੀਆਂ ਕੁੜੀਆਂ ਦੀਆਂ ਅੱਖਾਂ ਤੇ ਪੱਟੀ ਦਾ ਕੰਮ ਕਰਦੇ ਨੇ। ਉਨ੍ਹਾਂ ਵਿਚਾਰੀਆਂ ਨੂੰ ਅਸਲੀਅਤ ਉਦੋਂ ਸਮਝ ਆਉਂਦੀ ਐ, ਜਦ ਪਰਵਾਰ ਦੀ ਇੱਜਤ ਦਾ ਦਿਵਾਲਾ ਨਿਕਲ ਗਿਆ ਹੁੰਦਾ।
ਬਾਈ ਜੀ, ਇਸਦੇ ਖਲਾਰੇ ਈ ਐਨੇ ਨੇ ਕਿ ਗਲ ਛੇਤੀ ਮੁਕਾਉਣ ਵਾਲੀ ਗਲ ਦੇ ਵਿਚੋਂ ਈ ਕੋਈ ਨਵੀਂ ਗਲ ਵਾਜ ਮਾਰ ਲੈਂਦੀ ਐ। ਤਿੰਨ ਕੁ ਸਾਲ ਖੇਹਾਂ ਫੱਕ ਕੇ ਇਸਦੇ ਮਨ ਵਿਚ ਫਿਰ ਤੋਂ ਘਰ ਵਸਾਉਣ ਦਾ ਖਿਆਲ ਆਇਆ ਤਾਂ ਕਿਸੇ ਨੇ ਮਾਲਵੇ ਚੋਂ ਈ ਚੰਗੇ ਘਰ ਦੀ ਕੁਆਰੀ ਕੁੜੀ ਨਾਲ ਰਿਸ਼ਤਾ ਕਰਵਾ ਦਿਤਾ। ਸਮਾਜ ਵਿਚ ਬਥੇਰੇ ਭਲੇਮਾਣਸ ਮਾਪੇ ਹੁੰਦੇ ਈ ਨੇ ਜਿਹੜੇ ਆਪ ਚੰਗੇ ਹੋਣ ਕਰਕੇ ਹੋਰਾਂ ਉਤੇ ਸ਼ੱਕ ਨਹੀਂ ਕਰਦੇ। ਇਹ ਤਾਂ ਪਤਾ ਨਹੀਂ, ਉਨ੍ਹਾਂ ਕੋਲ ਇਸਨੇ ਕੀ ਕੀ ਕੁਫਰ ਤੋਲਿਆ ਹੋਊ। ਖੈਰ, ਵਿਆਹ ਹੋ ਗਿਆ ਤੇ ਇਹ ਉਸਨੂੰ ਡਿਊਟੀ ਵਾਲੇ ਸ਼ਹਿਰ ਲੈ ਗਿਆ। ਉਥੋਂ ਦਾ ਮੇਰਾ ਇਕ ਦੋਸਤ ਉਸੇ ਦਫਤਰ ਲਗਾ ਸੀ। ਉਹ ਦਸਦਾ ਸੀ ਕਿ ਦੂਜੇ ਵਿਆਹ ਬਾਦ ਵੀ ਇਸਦੇ ਵਿਹਾਰ ਵਿਚ ਫਰਕ ਨਾ ਪਿਆ। ਜਿਸ ਬੰਦੇ ਨਾਲ ਇਸਦੀ ਸਾਂਝ ਬਣਦੀ, ਉਸਦੇ ਘਰ ਜਰੂਰ ਜਾਂਦਾ। ਜੇ ਇਸਦੀ ਚੋਰ ਅੱਖ ਗਰਮ ਨਾ ਹੁੰਦੀ ਤਾਂ ਦੂਜੀ ਵਾਰ ਅਗਲੇ ਦੇ ਸੱਦਣ ਤੇ ਵੀ ਨਾਂਹ ਕਰ ਦੇਂਦਾ। ਥੋੜੇ ਸਾਲਾਂ ਬਾਦ ਦੂਜੀ ਪਤਨੀ ਨਾਲ ਅਣਬਣ ਹੋ ਗਈ ਤੇ ਕਈ ਸਾਲ ਅਦਾਲਤੀ ਕੇਸ ਤੋਂ ਬਾਦ ਤਲਾਕ ਹੋ ਗਿਆ। ਉਸ ਚੋਂ ਪੈਦਾ ਹੋਇਆ ਮੁੰਡਾ ਇਸਨੂੰ ਰਖਣਾ ਪਿਆ।
“ਭਾਈ ਸਾਹਿਬ ਸਮੇਂ ਦੇ ਦੌਰ ਨੇ ਪਲਟਾ ਖਾ ਲਿਆ ਹੋਇਆ। ਹੁਣ ਅਣਖਾਂ ਉਹ ਨਈਂ ਰਹੀਆਂ ਜੋ ਅਸੀਂ ਆਪਣੀ ਜਵਾਨੀ ਵੇਲੇ ਸੁਣਦੇ ਹੁੰਦੇ ਸੀ। ਬੇਸ਼ੱਕ ਪੰਜਾਬੀਆਂ ਨੇ ਅਜੇ ਇਥੇ ਲਾਲ ਬੱਤੀ ਖੇਤਰ ਤਾਂ ਨਹੀਂ ਬਣਨ ਦਿਤੇ, ਪਰ ਆਪਾਂ ਇਸ ਗਲੋਂ ਮੁਨਕਰ ਨਹੀਂ ਹੋ ਸਕਦੇ ਕਿ ਲੋੜਾਂ ਤੇ ਮਜਬੂਰੀਆਂ ਕਾਰਣ ਧੰਦੇ ਚ ਪੈਣ ਵਾਲੀਆਂ ਦੀ ਗਿਣਤੀ ਵਧ ਰਹੀ ਹੈ। ਵਿਦੇਸ਼ ਘੁੰਮ ਕੇ ਆਇਆਂ ਦੇ ਮੂੰਹੋ ਚਟਕਾਰੇ ਲਾ ਲਾਕੇ ਸਾਡੇ ਕੰਨਾਂ ਵਿਚ ਪਾਈਆਂ ਗੋਰੀਆਂ ਦੇ ਕਿਰਦਾਰ ਦੀਆਂ ਗੱਲਾਂ ਤਾਂ ਹੁਣ ਪਿਛੇ ਪੈਂਦੀਆਂ ਲੱਗਦੀਆਂ ਨੇ।“ ਮੈਨੂੰ ਲਗਿਆ ਜਿੰਵੇ ਅਜੋਕੇ ਹਾਲਾਤਾਂ ਵਿਚੋਂ ਉਪਜਿਆ ਬਾਊ ਜੀ ਦੇ ਮਨ ਦਾ ਦਰਦ ਛਲਕ ਪਿਆ ਹੋਏ।
ਦੂਜੀ ਪਤਨੀ ਤੋਂ ਬਾਦ ਇਸਨੇ ਆਪਣੀ ਬਦਲੀ ਪਿੰਡੋਂ ਨੇੜਲੇ ਸ਼ਹਿਰ ਵਾਲੇ ਦਫਤਰ ਕਰਵਾ ਲਈ। ਛੋਟੇ ਭਰਾ ਨਾਲ ਜਮੀਨ ਵੰਡਕੇ ਆਪ ਖੇਤੀ ਕਰਾਉਣ ਲਗ ਪਿਆ। ਪਹਿਲਾ ਮੁੰਡਾ ਵਿਆਹ ਲਿਆ, ਪਰ ਇਸਨੇ ਆਪਣੀ ਚੋਰ ਅੱਖ ਬੰਦ ਨਾ ਕੀਤੀ। ਆਂਢੀ ਗਵਾਂਢੀਆਂ ਦੀ ਅੱਖ ਤੋਂ ਬਚਣ ਲਈ ਆਪਣੇ ਵਾਸਤੇ ਖੇਤਾਂ ਵਿਚ ਛੋਟਾ ਜਿਹਾ ਘਰ ਬਣਾ ਲਿਆ। ਉਥੇ ਕਿਸੇ ਨੂੰ ਪਤਾ ਨਾ ਲਗਦਾ ਕਿ ਇਸਦੇ ਨਾਲ ਕੌਣ ਆਇਆ ਜਾਂ ਰਹਿੰਦਾ। ਕਹਿੰਦੇ ਨੇ ਨਾ ਬੁਰੇ ਕੰਮੀਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਇਸਦੇ ਨਾਲ ਵੀ ਦੋ ਕੁ ਸਾਲਾਂ ਬਾਦ ਇੰਜ ਹੋਣ ਲਗਾ। ਤਨਖਾਹ ਤਾਂ ਬਥੇਰੀ ਸੀ, ਪਰ ਜੇਬਾਂ ਵਿਚ ਪਏ ਬਿਗਾਨੇ ਹੱਥ ਕਿਥੇ ਛਡਦੇ ਨੇ ਕੁਝ। ਜਮੀਨ ਨੂੰ ਹੱਥ ਲਾ ਲਿਆ। ਅਜੇ ਪਹਿਲਾ ਸੌਦਾ ਕੀਤਾ ਸੀ, ਪੁੱਤਾਂ ਨੇ ਡਾਂਗ ਚੁੱਕ ਲਈ।
ਸ਼ਾਇਦ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ, ਵਾਲੀ ਕਹਾਵਤ ਇਸਦੇ ਸਿਰ ਦੇ ਉਪਰ ਉਪਰ ਲੰਘ ਜਾਂਦੀ ਹੋਵੇ। ਇਸਦੀ ਚੋਰ ਅੱਖ ਧੋਖਾ ਦੇਣ ਲਗ ਪਈ। ਉਸ ਦਿਨ ਇਸਦੀ ਛੁੱਟੀ ਸੀ। ਖੇਤਾਂ ਵਿਚ ਨਰਮਾ ਚੁੱਗਣ ਆਈਆਂ ਚੋਂ ਕਿਸੇ ਨੂੰ ਚਾਹ ਬਣਾਕੇ ਦੇਣ ਲਈ ਵਾਜ ਮਾਰੀ ਤੇ ਅੰਦਰ ਲਿਜਾ ਕੇ ਕਰਤੂਤ ਵਿਖਾਤੀ। ਕਹਿ ਲਓ, “ਦਹੀਂ ਦੇ ਭੁਲੇਖੇ ਨਰਮੇਂ ਦਾ ਬੁਰਕ ਭਰ ਲਿਆ।“ ਕਈ ਸਾਲਾਂ ਤੋਂ ਵਿੱਸ ਘੋਲਦੇ ਪਿੰਡ ਵਾਲਿਆਂ ਨੂੰ ਮਸੀਂ ਮੌਕਾ ਮਿਲਿਆ ਸੀ। ਪੁਲੀਸ ਨੂੰ ਸੰਭਾਲਣ ਦੇ ਯਤਨ ਤਾਂ ਇਸਨੇ ਬਥੇਰੇ ਕੀਤੇ, ਪਰ ਕੁੜੀ ਦਾ ਪਿਉ ਕਿਸੇ ਦਲਿਤ ਯੂਨੀਅਨ ਦਾ ਮੈਂਬਰ ਸੀ। ਠਾਣੇ ਮੂਹਰੇ ਲਗੇ ਧਰਨੇ ਨੇ ਇਸਦੇ ਹੱਥਕੜੀ ਲਵਾਤੀ। ਗਵਾਹੀਆਂ ਤੇ ਹੋਰ ਸਬੂਤ ਤਕੜੇ ਸੀ। ਸੁਣਦੇ ਸੀ ਕਿ ਜੱਜ ਕਾਫੀ ਇਨਸਾਫ ਪਸੰਦ ਹੈ। ਸੱਤ ਸਾਲ ਕੈਦ ਸੁਣਾਤੀ। ਅਪੀਲ ਵਾਲੇ ਵਕੀਲ ਨੇ ਪਹਿਲਾਂ ਈ ਕਹਿਤਾ ਕਿ ਜੱਜ ਨੇ ਫੈਸਲਾ ਲਿਖਦਿਆਂ ਲਿਹਾਜ ਦੀ ਗੁੰਜਾਇਸ਼ ਤੇ ਛੱਡੀ ਨਹੀਂ, ਜਮਾਨਤ ਦੀ ਉਮੀਦ ਨਾ ਰੱਖੀਂ। ਸਾਲ ਹੋਣ ਲਗਾ ਜੇਲ ਬੈਠੇ ਨੂੰ। ਤਿੰਨ ਚਾਰ ਸਾਲ ਤਾਂ ਅਜੇ ਉਥੇ ਕੱਟੂ। ਪੁੱਤ ਤਾਂ ਕਦੀ ਮੁਲਾਕਾਤ ਕਰਨ ਨਹੀਂ ਗਏ। ਨੌਕਰੀ ਵਾਲਿਆਂ ਫਾਰਗ ਕਰ ਦਿਤਾ ਹੋਇਆ। ਪੁੱਤਰਾਂ ਦਾ ਚੰਗਾ ਵਿਹਾਰ ਵੇਖਕੇ ਪਿੰਡ ਵਾਲਿਆਂ ਦਾ ਮਨ ਤਾਂ ਨਹੀਂ ਕਰਦਾ ਚੋਰ ਅੱਖੀਏ ਕਹਿਣ ਨੂੰ, ਪਰ ਤੁਸੀਂ ਜਾਣਦੇ ਓ ਕਿ ਪੱਕੀਆਂ ਹੋਈਆਂ ਅੱਲਾਂ ਲੋਕਾਂ ਦੇ ਮੂੰਹੋਂ ਲਹਿੰਦਿਆਂ ਲਹਿੰਦਿਆਂ ਪੀੜੀਆਂ ਲਗ ਜਾਂਦੀਆਂ ।“ ਮੇਰੇ ਸਵਾਲ ਦਾ ਜਵਾਬ ਪੂਰਾ ਕਰਕੇ ਬਾਊ ਜੀ ਨੇ ਚੰਗਾ ਜੀ, ਕਦੇ ਫਿਰ ਹੋਰ ਗਲਾਂ ਕਰਾਂਗੇ ਕਹਿੰਦਿਆਂ ਰਿਸੀਵਰ ਉਸਦੇ ਟਿਕਾਣੇ ਤੇ ਰੱਖ ਦਿਤਾ।
ਰਚਨਾ ਮਿਤੀ 22-01-2022 ਸੰਪਰਕ +16044427676

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)