More Punjabi Kahaniya  Posts
ਅਭੁਲ ਯਾਦਾਂ


ਅਭੁੱਲ ਯਾਦਾਂ 1

ਮੇਰਾ ਜਨਮ ਨਾਨਕੇ ਪਿੰਡ ਕਰਿਆਮ ਤਹਿਸੀਲ ਨਵਾਂ ਸ਼ਹਿਰ ਜਿਲਾ ਜਲੰਧਰ ਵਿੱਚ ਹੋਇਆ ਹੈ, ਪਰ ਮੇਰਾ ਬਚਪਨ ਦਾ ਮੁੱਢਲਾ ਸਮਾਂ ਜੰਤਾ ਫਾਰਮ ਨੇੜੇ ਪਿਹੋਵੇ (ਉਦੋ ਪੰਜਾਬ ਹੁਣ ਹਰਿਆਣਾ) ਵਿੱਚ ਬੀਤਿਆ।

ਮੈਨੂੰ ਯਾਦ ਉਥੇ ਕਲ੍ਹ ਕਲ੍ਹ ਕਰਦੀ ਚਲਦੀ ਸਾਂਝੀ ਬਿਜਲੀ ਨਾਲ ਚਲਣ ਵਾਲੀ ਪਾਣੀ ਦੀ ਮੋਟਰ ਦੀ, ਚੁਬਚੇ ਦੀਆ ਕੰਧਾਂ ਵਿੱਚੋਂ ਝਾਕਦੇ ਸਪਾ ਦੀ, ਮੋਟਰ ਦੇ ਔਲੂ ਕੰਢੇ ਬਤਖਾ ਦੇ ਆਂਡੇ ਦੇਣ ਦੀ, ਵਣ ਦੇ ਦਰੱਖਤ ਤੇ ਪਾਈਆਂ ਪੀਂਘਾ ਦੀ ਅਤੇ ਆਪਣੇ ਖੇਤਾਂ ਵਿੱਚ ਲੱਗੇ ਲਾਲ ਅਮਰੂਦਾਂ ਦੀ ਖੁਸ਼ਬੋ ਦੀ। ਮੈਨੂੰ ਯਾਦ ਹੈ ਠੰਢ ਵਿਚ ਜੰਮਦੇ ਖੜੇ ਪਾਣੀਆਂ ਦੀ।

ਮੈਨੂੰ ਯਾਦ ਹੈ ਨਹਿਰੋ (ਸੂਆ) ਪਾਰ ਇਕ ਦਿਨ ਗਏ ਸਰਕਾਰੀ ਸਕੂਲ ਦੀ ਅਤੇ ਸਵੇਰ ਵੇਲੇ ਦੀ ਪਰੇਅਰ ਨੂੰ ਵਿੱਚੇ ਛੱਡਕੇ, ਬਿਨਾਂ ਕਿਸੇ ਨੂੰ ਦੱਸਿਆ ਵਾਪਸ ਘਰ ਭਜ ਆਉਣ ਦੀ, ਨੇੜਲੇ ਪਿੰਡ (2 ਨੰਬਰ) ਰਹਿੰਦੇ ਰਿਸ਼ਤੇਦਾਰ ਬਾਪੂ ਦੀ।

ਫਿਰ ਪੰਜਾਬ ਵਿੱਚੋਂ ਹਰਿਆਣਾ ਉਗ ਪਿਆ ਤੇ ਮੇਰੇ ਬਚਪਨ ਦਾ ਅੱਗਲਾ ਸਮਾਂ ਤਲਵਣ ਨੇੜੇ ਇਕ ਰੇਤਲ ਜਮੀਨ ਵਾਲੇ ਪਿੰਡ ਵਿੱਚ ਬੀਤਿਆ, ਇੱਥੇ ਦਾ ਮੈਨੂੰ ਯਾਦ ਹੈ ਹਲਟ ਚੋਂ ਬੋਲਦਾ ਨਾਲ ਪਾਣੀ ਕੱਢਣ ਦਾ, ਰੇਤਲੀ ਜ਼ਮੀਨ ਤੇ ਦੋ ਚਾਰ ਵਾਰ ਹਥ ਮਾਰਨ ਤੇ ਪਾਣੀ ਆ ਜਾਣ ਦਾ, ਹਿਰਨਾਂ ਦੀਆਂ ਡਾਰਾਂ ਦੀਆਂ ਡਾਰਾਂ ਦੇ ਘੁੰਮਣ ਦੀਆਂ।

ਮੈਨੂੰ ਯਾਦ ਹੈ ਇਕ ਸ਼ਾਮ ਮੇਰਾ ਤੇ ਮੇਰੀ ਭੂਆ ਦੇ ਮੁੰਡੇ ਮੋਹਨ ਸਿੰਘ ਦਾ ਸਲੇਡੇ ਦੇ ਨਾਲ ਟਾਕਰਾ ਹੋਣ ਦਾ।

ਮੈਨੂੰ ਯਾਦ ਹੈ ਸੂਏ ਪਾਰ ਸਰਕਾਰੀ ਸਕੂਲ ਜਾਣ ਦਾ ਤੇ ਉਥੇ ਸਾਡੇ ਕਦ ਦੀ ਲੰਬਾਈ ਦੇਖਕੇ ਮਾਸਟਰ ਵਲੋ ਉਮਰ ਦੇ ਅੰਦਾਜਾ ਲਾਉਣ ਦਾ।

ਮੈਨੂੰ ਯਾਦ ਹੈ ਇਕ ਦਿਨ ਸਕੂਲ ਤੋ ਛੁੱਟੀ ਤੋ ਬਾਅਦ ਘਰ ਵਾਪਸ ਆਉਂਦੇ ਸਮੇਂ ਮੇਰੇ ਭੂਆ ਦੇ ਮੁੰਡੇ ਮੋਹਨ ਸਿੰਘ ਨੇ ਇਕ ਮਿਸਤਰੀ ਨੂੰ ਕਿਹਾ ਕਿ ਮੇਰੇ ਕੋਲ 3 ਪੈਸੇ (ਟਕਾ) ਦਾ ਸਿੱਕਾ ਹੈ ਉਸਨੂੰ ਕਟ ਕੇ ਦੋ ਟੁਕੜੇ ਕਰ ਦਿਉ, ਮਿਸਤਰੀ ਨੇ ਜਕਾ ਤਕਾ ਤੋ ਬਾਅਦ ਇਸਦੇ ਦੋ ਟੁਕੜੇ ਕਰ ਦਿੱਤੇ।

ਮੈਨੂੰ ਯਾਦ ਹੈ ਇਥੇ ਜਮੀਨ ਵਿੱਚੋ ਕੁਦਰਤੀ ਖੁੰਬਾਂ ਦੇ ਉਗਣ ਦੀ, ਖੁੰਬਾਂ ਬਦਲੇ ਸ਼ਹਿਰੋ ਦੀਵਾਲੀ ਦੇ ਪਟਾਕੇ ਲੈਣ ਦੀਆਂ ਅਤੇ ਨੂਰਮਹਿਲ ਲੱਗਦੇ ਵਿਸਾਖੀ ਦੇ ਮੇਲੇ ਤੋ ਬਾਅਦ ਬੋਲਦਾ ਦੁਆਰਾ ਬੈਮੂਹਾਰੇ ਗੱਡੇ ਨੂੰ ਭਜਾਉਣ ਦਾ।

ਮੈਨੂੰ ਯਾਦ ਹੈ ਇਸਤੋਂ ਬਾਅਦ ਸਾਡਾ ਪਿੰਡ ਭੁਲਾਰਾਈ ਵਿੱਚ ਆਉਣ ਦਾ ਤੇ 1971 ਦੀ ਹੋਈ ਲੜਾਈ ਦੀ ਜਿਸ ਵਿੱਚ ਭਾਰਤ ਦੀ ਮਦਦ ਲਈ ਰੂਸ ਵਲੋ ਭੇਜੇ ਬਾਂਦਰਾ ਦੀ ਸੈਨਾ ਦਾ, ਬਿਜਲੀ ਦੇ ਵੱਡੇ ਵੱਡੇ ਖੰਭਿਆਂ ਦੇ ਲੱਗਣ ਦਾਂ ਅਤੇ ਦੂਸਰੀ ਕਲਾਸ ਤਕ ਇਥੋਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਦਾ।

ਮੈਨੂੰ ਯਾਦ ਹੈ ਫਿਰ ਨਾਨਕੇ ਪਿੰਡ ਕਰਿਆਮ ਤੀਸਰੀ ਤੋ ਪੰਜਵੀਂ ਤਕ ਸਰਕਾਰੀ ਸਕੂਲ ਵਿੱਚ ਪੜ੍ਹਨ ਦਾ, ਖੂਹੀ ਤੇ ਲੱਗਦੇ ਮੇਲੇ ਦਾ, ਮੇਲੇ ਵਿੱਚ ਲਗੀਆ ਦੁਕਾਨਾ ਦਾ ਜਿਸਦੇ ਧੂੰਏ ਨਾਲ ਮਖਿਆਲ ਦੇ ਛਿੜਨ ਦਾ। ਮੈਨੂੰ ਯਾਦ ਹੈ ਸਭ ਨੂੰ ਹੱਥਾਂ ਪੈਰਾਂ ਦੇ ਪੈ ਜਾਣ ਦਾ, ਫਿਰ ਧੂੰਣੀ ਲਗਾ ਕੇ ਧੂੰਆ ਕਰਕੇ ਮਖਿਆਲ ਤੋ ਨਿਜਾਤ ਪਾਉਣ ਦਾ। ਸਾਈਕਲ ਦੇ ਟਾਇਰ ਨੂੰ ਲੋਹੇ ਦੀ ਤਾਰ ਨਾਲ ਸੜਕਾਂ ਲਈ ਘੁੰਮਾਉਦੇ ਫਿਰਨਾ, ਨਾ ਥਕਣਾ ਨਾ ਅਕਣਾ। ਚੀਚੋ ਚੀਚ ਕਚੇਰੀਆ ਦੋ ਤੇਰੀਆਂ ਦੋ ਮੇਰੀਆਂ, ਲੁਕਣ ਮੀਟੀ ਖੇਡ ਖੇਡਣੀ, ਪਿੱਠੂ ਗਰਮ ਆਦਿ ਖੇਡਾਂ ਖੇਡਣੀਆ।

ਮੈਨੂੰ ਯਾਦ ਹੈ ਮੇਰੇ ਮਾਮੇ ਦੇ ਮੁੰਡੇ ਦੇ ਛੱਪੜ ਵਿਚ ਡੁੱਬਣ ਦਾ ਤੇ ਮੇਰੇ ਪਿਤਾ ਕਾਮਰੇਡ ਗੁਰਮੇਜ ਸਿੰਘ ਦੁਆਰਾ ਉਸ ਨੂੰ ਬਚਾਉਣ ਦਾ।

ਮੈਨੂੰ ਯਾਦ ਹੈ ਪਿੰਡ ਕਰਿਆਮ ਦੀਆਂ ਉੱਚੀਆਂ ਉੱਚੀਆਂ ਘਾਟੀਆਂ ਦੀ, ਜਿਸਦੇ ਉੱਪਰ ਵਸਦੇ ਸਿਰੜੀ ਲੋਕਾਂ ਦੀ ਜੋ ਘਾਟੀ ਤੋ ਡਿੱਗਣ ਤੋਂ ਕਦੇ ਨਹੀਂ ਘਬਰਾਉਦੇ, ਇਹ ਉਨ੍ਹਾਂ ਦੇ ਵਿਸ਼ਵਾਸ ਦੀ ਜਿੱਤ ਹੀ ਹੈ ਕਿ ਕਦੇ ਮਾੜਾ ਹਾਦਸਾ ਨਹੀਂ ਵਾਪਰਿਆ। ਮੈਨੂੰ ਯਾਦ ਹੈ ਇਸ ਘਾਟੀ ਵਿੱਚ ਪਾਏ ਤੋਤਿਆ ਅਤੇ ਗਟਾਰਾ ਦੇ ਆਲਣਿਆ ਦੀ, ਜਿਸ ਵਿੱਚ ਇਹ ਪੰਛੀ ਬੇਖੋਫ  ਸਦੀਆਂ ਤੋਂ ਰਹਿ ਰਹੇ ਹਨ।

ਮੈਨੂੰ ਯਾਦ ਹੈ ਮਾਈ ਹੱਸੀ ਕਰਿਆਮ ਤੇ ਲੱਗਦੇ ਮੇਲੇ ਦਾ, ਜਿਸ ਵਿੱਚ ਪਿੰਡਾਂ ਦੇ ਪਿੰਡਾਂ ਦੇ ਲੋਕਾ ਦਾ ਭਾਰੀ ਇਕੱਠ ਦੀ।

ਮੈਨੂੰ ਯਾਦ ਹੈ ਨਾਲ ਲਗਦੇ ਸ਼ਹਿਰ ਨਵਾਂ ਸ਼ਹਿਰ ਵਿਚ ਨਾਨੀ ਨਾਲ ਦੁਸ਼ਿਹਰੇ ਮੇਲਾ ਦੇਖਣ ਦਾ, ਜਿਥੋਂ ਪੀਪਣੀ ਵਾਲੇ ਬਾਜੇ ਖਰੀਦਣ ਦਾ ਤੇ ਘਰ ਤਕ ਪੈਦਲ ਬਾਜੇ ਵਜਾਉਂਦੇ ਆਉਣ ਦਾ।

ਮੈਨੂੰ ਯਾਦ ਹੈ ਪਿੰਡ ਕਰਿਆਮ ਦੇ ਸ਼੍ਰੀ ਮਹਿੰਗਾ ਰਾਮ ਸਰਪੰਚ ਦੁਆਰਾ ਰੋੜਿਆਂ ਨਾਲ ਬਣਾਈ ਸੜਕ ਦਾ ਤੇ ਉਸ ਸੜਕ ਦੇ ਰੋੜਿਆਂ ਨਾਲ ਪੈਰਾਂ ਨੂੰ ਠੋਕਰਾਂ ਵੱਜਣ ਦਾ ਅਤੇ ਪੈਰਾਂ ਦੀਆਂ ਉਗਲੀਆ ਦੇ ਨੌਹਾ ਦੇ ਖਰਾਬ ਹੋਣ ਦਾ।

ਮੈਨੂੰ ਯਾਦ ਹੈ ਨਕਸਲੀ ਲਹਿਰ ਦੇ ਜੋਰ ਫੜਨ ਦਾ ਅਤੇ ਇਸ ਲਹਿਰ ਦੇ ਖਤਮ ਹੋਣ ਦਾ, ਕਿੰਨੀਆਂ ਜਿੰਦਗੀਆ ਦਾ ਘਾਣ ਜਾਇਜ ਨਾਜਾਇਜ ਇਸ ਲਹਿਰ ਕਰਕੇ ਹੋਣ ਦਾ।

ਮੈਨੂੰ ਯਾਦ ਹੈ ਛੇਵੀਂ ਤੋ ਦਸਵੀਂ ਤੱਕ ਕਾਨਿਆ ਦੀਆ ਬਣੀਆ ਛੰਨਾ ਵਾਲੇ ਦੋਆਬਾ ਸਿੱਖ ਨੈਸ਼ਨਲ ਹਾਈ ਸਕੂਲ, ਨਵਾਂ ਸਹਿਰ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਪੜ੍ਹਨ ਦਾ, ਮੇਰੇ ਦੁਆਰਾ ਇਸ ਸਕੂਲ ਦੀ ਅਤੇ ਮੇਰੀ ਮੇਹਨਤ ਸਦਕਾ ਵਜ਼ੀਫਾ ਜਿੱਤਣ ਦਾ, ਅਤੇ ਇਸ ਸਕੂਲ ਦੇ ਸਖਤ ਡਿਸਪਲਿਨ ਦਾ।

ਅਭੁੱਲ ਯਾਦਾਂ 2

ਜਦੋਂ ਮੈਂ ਡੀਜ਼ਲ ਰੇਲ ਆਧੁਨਿਕੀਕਰਨ ਕਾਰਖਾਨਾ, ਪਟਿਆਲਾ ਵਿੱਚ ਡਿਊਟੀ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਅਤੇ ਮੇਰੇ ਰੂਮ ਪਾਰਟਨਰ ਨੂੰ ਰੇਲਵੇ ਕੁਆਰਟਰ ਨੰਬਰ 1697 ਟਾਈਪ 2 ਅਲਾਟ ਹੋਇਆ ਸੀ। ਇਹ ਕੁਆਰਟਰ ਕੋਨੇ ਵਿੱਚ ਸੀ।

ਇਸਦੇ ਨਾਲ ਲਗਦੇ ਖੇਤਾ ਵਿੱਚ ਇਕ ਬਿਜਲੀ ਨਾਲ ਚਲਣ ਵਾਲੀ ਪਾਣੀ ਦੀ ਮੋਟਰ ਸੀ ਜੋ ਕਿ ਆਮਤੌਰ ਤੇ ਚਲਦੀ ਰਹਿੰਦੀ ਸੀ, ਅਸੀਂ ਤੇ ਨੇੜੇ ਰਹਿੰਦੇ ਕਲੋਨੀ ਵਾਸੀ ਇਸ ਮੋਟਰ ਦਾ ਠੰਡਾ...

ਪਾਣੀ ਆਮਤੌਰ ਤੇ ਵਰਤਦੇ ਸੀ।

ਸਾਡੇ ਕੁਆਰਟਰ ਦੇ ਪਿਛਲੇ ਪਾਸੇ ਤੋਂ ਦੀ ਗੁਰੂ ਨਾਨਕ ਨਗਰ ਨੂੰ ਰਸਤਾ ਸੀ, ਖੇਤਾਂ ਦਾ ਮਾਲਕ ਸਾਡੇ ਕੋਲ ਕਈ ਵਾਰ ਆ ਕੇ ਬੈਠ ਜਾਂਦਾ ਸੀ ਅਤੇ ਗਪਾ ਸਪਾ ਮਾਰ ਕੇ ਸਾਡਾ ਤੇ ਆਪਣਾ ਮਨੋਰੰਜਨ ਕਰਦਾਂ ਰਹਿੰਦਾ ਸੀ। ਕਦੀ ਕਦੀ ਅਸੀਂ ਤਾਸ਼ ਵੀ ਖੇਡ ਲੈਂਦੇ ਸੀ।

ਆਮ ਤੋਰ ਤੇ ਖੇਤ ਮਾਲਕ ਆਪਣਾ ਚੇਤਕ ਸਕੂਟਰ ਸਾਡੇ ਕੁਆਰਟਰ ਦੇ ਬਰਾਮਦੇ ਵਿੱਚ ਖੜਾ ਕਰ ਦਿੰਦਾ ਸੀ। ਉਨ੍ਹਾਂ ਦਿਨਾਂ ਵਿਚ ਸਕੂਟਰ ਕਿਸੇ ਕਿਸੇ ਕੋਲ ਹੁੰਦਾ ਸੀ। ਇਕ ਦਿਨ ਅਸੀਂ ਮੋਟਰ ਤੇ ਬੈਠੇ ਸੀ ਕਿ ਇਕ ਆਦਮੀ ਸਾਡੇ ਘਰ ਦੇ ਅੱਗੇ ਦੀ ਸਕੂਟਰ ਤੇ ਸਵਾਰ ਹੋ ਕੇ ਲੰਘਿਆ। ਖੇਤ ਦੇ ਮਾਲਕ ਨੇ ਸਾਨੂੰ ਕਿਹਾ ਕਿ ਇਹ ਸਕੂਟਰ ਮੇਰੇ ਸਕੂਟਰ ਵਰਗਾ ਹੀ ਲੱਗਦਾ ਹੈ।

ਸ਼ਾਮ ਨੂੰ ਘਰ ਜਾਣ ਵੇਲੇ ਖੇਤ ਮਾਲਕ ਨੇ ਸਕੂਟਰ ਤੇ ਜਾਣ ਲਈ ਦੇਖਿਆ ਤਾਂ ਉਸਦਾ ਸਕੂਟਰ ਨਦਾਰਦ ਸੀ। ਇਸ ਤਰ੍ਹਾਂ ਚੋਰ ਸ਼ਰੇਆਮ ਚੋਰੀ ਕਰ ਕੇ ਨੋ ਦੋ ਗਿਆਰਾਂ ਹੋ ਗਿਆ ਸੀ, ਕੋਈ ਕੁੱਝ ਨਹੀਂ ਕਰ ਸਕਿਆ।

ਅਭੁੱਲ ਯਾਦਾਂ 3

ਸਾਡੇ ਦਾਦਾ ਜੀ ਸਰਦਾਰ ਕਿਸ਼ਨ ਸਿੰਘ ਨੂੰ ਸਰਕਾਰੀ ਨਿਜੂਲਲੈਡ ਜ਼ਮੀਨ ਜੋ ਕਿ ਪਿੰਡ ਖਲਵਾੜਾ ਵਿੱਚ ਬੇ ਅਬਾਦ ਪਈ ਸੀ, ਦੀ ਸਰਕਾਰ ਵਲੋਂ ਅਲਾਟਮੈਂਟ ਕਰ ਦਿੱਤੀ ਗਈ।

ਸਾਡੇ ਹੋਰ ਕਈ ਰਿਸ਼ਤੇਦਾਰ ਨੂੰ ਵੀ ਨਿਜੂਲਲੈਡ ਜ਼ਮੀਨ ਸਰਕਾਰ ਵਲੋਂ ਅਲਾਟਮੈਂਟ ਕਰ ਦਿੱਤੀ ਗਈ ਸੀ। ਜ਼ਮੀਨ ਕਲਰ ਵਾਲੀ ਸੀ, ਕੋਈ ਫਸਲ ਉਗਾਉਣੀ ਮੁਸ਼ਕਲ ਸੀ। ਸਾਰਿਆਂ ਨੇ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ।

ਜੇ ਕਦੀ ਮੀਂਹ ਪੈ ਜਾਂਦਾ ਤਾ ਸੜਕ ਅਤੇ ਘਰਾਂ ਵਿੱਚ ਚਿੱਕੜ ਹੋ ਜਾਣਾ। ਨਾਲ ਲਗਦੀ ਕੈਲ (ਡਰੈਨ) ਵਿੱਚ ਪਾਣੀ ਆ ਜਾਣਾ ਅਤੇ ਹੜ੍ਹ ਦੀ ਸਥਿਤੀ ਬਣ ਜਾਣੀ।

ਇਕ ਮੀਂਹ ਵਾਲੀ ਸ਼ਾਮ ਨੂੰ ਮੀਂਹ ਦਾ ਪਾਣੀ ਇੰਨਾ ਜਿਆਦਾ ਵਧ ਗਿਆ ਕਿ ਹੜ੍ਹ ਦੀ ਸਥਿਤੀ ਬਣ ਗਈ, ਸਾਨੂੰ ਇਕ ਉੱਚੇ ਟਿੱਬੇ ਤੇ ਆਸਰਾ ਲੈਣਾ ਪਿਆ, ਹੜ੍ਹ ਦੇ ਪਾਣੀ ਵਿੱਚ ਕਈਆਂ ਦੇ ਮੰਜੇ, ਸੁਹਾਗੇ ਆਦਿ ਰੁੜਦੇ ਦੇਖੇ ਗਏ।

ਹੜ੍ਹ ਦੇ ਪਾਣੀ ਵਿੱਚ ਵਡੀਆ ਵਡੀਆ ਮਛੀਆ ਰੁੜਕੇ ਆ ਗਈਆਂ, ਲੋਕਾਂ ਨੇ ਗਡਾਸਿਆ ਨਾਲ ਮੱਛੀਆ ਦਾ ਸ਼ਿਕਾਰ ਕਰਕੇ, ਕਈਆ ਨੇ ਜਾਲ ਲਾ ਕੇ ਮੱਛੀਆ ਦਾ ਸ਼ਿਕਾਰ ਕਰਕੇ ਸ਼ਾਮ ਨੂੰ ਮੱਛੀਆ ਦਾ ਮੀਟ ਖਾਧਾ ਤੇ ਕਈਆ ਨੇ ਮੱਛੀ ਦੇ ਪਕੌੜੇ ਬਣਾ ਕੇ ਖਾਧੇ।

ਫਿਰ ਸਰਕਾਰ ਨੇ ਕੈਲ ਨੂੰ ਡੂੰਘਾ ਕਰ ਦਿੱਤਾ ਗਿਆ, ਜਿਸ ਨਾਲ ਦੁਆਰਾ ਹੜ੍ਹ ਦੀ ਸਥਿਤੀ ਕਦੀ ਨਹੀਂ ਬਣੀ।
ਬੇ-ਆਬਾਦ ਜਮੀਨ ਨੂੰ ਪੱਧਰਾ ਕਰ ਕੇ ਜਿਪਸ਼ਮ ਪਾ ਕੇ, ਢਿੰਜਣ ਦੀ ਖੇਤੀ ਕਰਕੇ ਅਬਾਦ ਕਰ ਲਿਆ ਗਿਆ।

ਸਾਡਾ ਘਰ ਇਕ ਕਨਾਲ ਵਿੱਚ ਫੈਲਿਆ ਹੋਇਆ ਸੀ, ਘਰ ਦੇ ਇਕ ਪਾਸੇ ਜਾਮਣ ਦਾ ਬਹੁਤ ਵੱਡਾ ਇਕ ਦਰਖਤ ਸੀ, ਜਿਸਦੀਆ ਜਾਮਣਾ ਬਹੁਤ ਸਵਾਦ ਤੇ ਮੋਟੀਆਂ ਸਨ, ਸਾਰੇ ਇਸ ਜਾਮਣ ਦੇ ਦਰਖਤ ਥਲੇ ਦੁਪਿਹਰ ਨੂੰ ਰੈਸਟ ਕਰਦੇ ਤੇ ਜਾਮਣਾ ਖਾਂਦੇ।

ਦੁਪਹਿਰ ਨੂੰ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਤਾਸ ਖੇਡਦੇ, ਉਨਾਂ ਦਿਨਾਂ ਵਿੱਚ ਮਨੋਰੰਜਨ ਦਾ ਸਾਧਨ ਹੋਰ ਕੋਈ ਨਹੀਂ ਸੀ।

ਅਭੁੱਲ ਯਾਦਾਂ 4

ਜਦੋਂ ਪੰਚਾਇਤ ਇਲੈਕਸ਼ਨ ਵਿੱਚ ਸਾਡੀ ਡਿਊਟੀ ਲਾਈ ਗਈ, ਦੇਖਿਆ ਗਿਆ ਅਸੀਂ 2 ਬੂਥਾਂ ਤੇ ਵੋਟਾਂ ਪਵਾਉਣੀਆ ਸਨ। ਇਸ ਲਈ ਦੋ ਟੀਮਾਂ ਤਿਆਰ ਕੀਤੀਆਂ ਗਈਆਂ ਸਨ, ਇਕ ਟੀਮ ਦੇ ਚਾਰ ਮੈਂਬਰ ਮੇਰੇ ਸਮੇਤ ਰੇਲਵੇ ਕਰਮਚਾਰੀ ਸਨ ਅਤੇ ਦੂਸਰੀ ਟੀਮ ਵਿੱਚ ਤਿੰਨ ਮੈਂਬਰ ਰੇਲਵੇ ਦੇ ਅਤੇ ਇਕ ਬੈਂਕ ਕਰਮਚਾਰੀ ਸੀ।

ਇਨ੍ਹਾਂ ਵੋਟਾਂ ਦੀ ਗਿਣਤੀ ਦਾ ਰਿਜਲਟ ਮੇਰੇ ਦੁਆਰਾ ਸ਼ਾਮ ਨੂੰ ਵੋਟਾਂ ਤੋ ਬਾਅਦ ਕੱਢਿਆ ਜਾਣਾਂ ਸੀ ।

ਵੋਟਾ ਵਾਲੇ ਦਿਨ ਤੋ ਇਕ ਦਿਨ ਪਹਿਲਾਂ ਸਾਨੂੰ ਵੋਟਾਂ ਵਾਲੀ ਸਮੱਗਰੀ ਸਮੇਤ ਸਾਨੂੰ ਉਸ ਰੂਟ ਵਾਲੀਆ ਪਾਰਟੀਆਂ ਨਾਲ ਟਰੱਕ ਵਿਚ ਰਵਾਨਾ ਕਰ ਦਿੱਤਾ ਗਿਆ।
ਸਾਡੀਆਂ ਦੋਵਾਂ ਟੀਮਾਂ ਨੂੰ ਉਤਾਰਨ ਤੋਂ ਬਾਅਦ ਟਰੱਕ ਅੱਗੇ ਚਲਾ ਗਿਆ, ਅਸੀਂ ਇਸ ਪਿੰਡ ਜੱਸੋਵਾਲ ਜੋ ਕਿ ਭਾਖੜਾ ਨਹਿਰ ਕਿਨਾਰੇ ਵਸਿਆ ਹੋਇਆ ਹੈ।

ਅਸੀਂ ਇਥੇ ਸਿਰਫ ਇੱਕ ਪੰਚਾਇਤ ਮੈਂਬਰ ਲਈ ਵੋਟਾਂ ਪਵਾਉਣੀਆ ਅਤੇ ਰਿਜਲਟ ਕੱਢਣਾ ਸੀ। ਸ਼ਾਮ ਨੂੰ ਪਿੰਡ ਪਹੁੰਚਣ ਤੇ ਕਾਫੀ ਆਉ ਭਗਤ ਹੋਈ, ਅਤੇ ਸਾਡੇ ਠਹਿਰਨ ਅਤੇ ਵੋਟਾਂ ਪਵਾਉਣ ਦਾ ਪ੍ਰਬੰਧ ਸਰਕਾਰੀ ਸਕੂਲ ਵਿੱਚ ਕੀਤਾ ਹੋਇਆ ਸੀ।

ਸਾਨੂੰ ਜਾਣਕਾਰੀ ਦਿੱਤੀ ਗਈ ਕਿ ਪਿੰਡ ਇਸ ਇਲੈਕਸ਼ਨ ਲਈ ਸਰਬਸੰਮਤੀ ਹੋ ਗਈ ਹੈ ਅਤੇ ਅਸੀਂ ਵੋਟਾਂ ਨਹੀਂ ਪਵਾਉਣੀਆ ਹਨ, ਸਾਨੂੰ ਇਹ ਸੁਣਕੇ ਰਾਹਤ ਮਿਲੀ, ਕਿਉਂਕਿ ਪੰਚਾਇਤ ਇਲੈਕਸ਼ਨ ਵਿੱਚ ਆਮਤੌਰ ਤੇ ਲੜਾਈ ਝਗੜੇ ਦੀ ਗਜਾਇਸ਼ ਰਹਿੰਦੀ ਹੈ।

ਰਾਤ ਪੂਰੀ ਸੇਵਾ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ, ਰੋਟੀ ਪਾਣੀ ਖਾਣ ਤੋ ਬਾਅਦ ਅਸੀਂ ਸੋ ਗਏ। ਦੂਸਰੇ ਦਿਨ ਸਵੇਰੇ ਅਸੀਂ ਵੋਟਾ ਪਵਾਉਣ ਲਈ ਆਪਣੀ ਪੂਰੀ ਤਿਆਰੀ ਕਰ ਲਈ ਸੀ। ਸਮੇਂ ਸਿਰ ਪੋਲਿੰਗ ਏਜੰਟ ਪਹੁੰਚ ਗਏ ਸਨ, ਉਨਾਂ ਦੀ ਹਾਜਰੀ ਵਿਚ ਬਕਸੇ ਸੀਲ ਕਰ ਦਿੱਤੇ ਗਏ ਸਨ।

ਸਾਡਾ ਸੇਵਾ ਪਾਣੀ ਚਲਦਾ ਰਿਹਾ ਪਰ ਵੋਟ ਪਾਉਣ ਲਈ ਕੋਈ ਨਹੀਂ ਆਇਆਂ। ਸ਼ਾਮ ਨੂੰ ਵੋਟਾਂ ਪਾਉਣ ਦਾ ਸਮਾਂ ਖਤਮ ਹੋਣ ਤੇ ਨਿਯਮਾਂ ਅਨੁਸਾਰ ਵੋਟਾਂ ਦੀ ਗਿਣਤੀ ਬਕਸੇ ਖੋਲ ਕੇ ਕੀਤੀ ਗਈ ਅਤੇ ਰਿਜਲਟ ਘੋਸ਼ਿਤ ਕਰ ਦਿੱਤਾ ਗਿਆ ਜਿਸ ਅਨੁਸਾਰ ਦੋਵਾਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਜੀਰੋ ਵੋਟ ਪਈ ਸੀ।

ਪਿੰਡ ਵਾਲਿਆਂ ਵਿੱਚ ਖੁਸ਼ੀ ਦਾ ਮਾਹੌਲ ਸੀ, ਉਹ ਸਾਨੂੰ ਆਪਣੀਆਂ ਨਿੱਜੀ ਕਾਰਾ ਵਿੱਚ ਸਮਾਨ ਜਮਾਂ ਕਰਵਾਉਣ ਵਾਲੇ ਸਥਾਨ ਤੇ ਛੱਡਕੇ ਗਏ ਅਤੇ ਸਾਡਾ ਮਿਲਵਰਤਨ ਲਈ ਧੰਨਵਾਦ ਕਰਕੇ ਗਏ।

ਬਲਵਿੰਦਰਜੀਤ ਸਿੰਘ ਅਹੀਰ
🐇

...
...



Related Posts

Leave a Reply

Your email address will not be published. Required fields are marked *

2 Comments on “ਅਭੁਲ ਯਾਦਾਂ”

  • ਕਹਾਣੀ ਤੁਹਾਡੀ ਬਹੁਤ ਵੱਧਿਅਾ ਅਾ ਜੀ। ਮੈ ਤੁਹਾਡੇ ਨਾਨਕੇ ਪਿੰਡ ਦੇ ਲਾਗੋ ਦਾ ਵਾਸੀ ਹਾ ਜੀ। ਮੈ ਕਰਿਅਾਮ ਪਿੰਡ ਵਿੱਚੋ ਹਰਰੋਜ ਹੀ ਲੱਘ ਕੇ ਅਾਪਣੇ ਕੰਮ ਤੇ ਪਹੁੰਚਦਾ ਹਾ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)