More Punjabi Kahaniya  Posts
ਅਡਰੈਸ


ਇਹ ਬਾਈ ਤੇਈ ਸਾਲ ਪੁਰਾਣੀ ਗੱਲ ਹੈ, ਅਸੀਂ ਨਵੇਂ ਨਵੇਂ ਇੰਗਲੈਂਡ ਆਏ ਸੀ, ਇਕ ਘਰ ਵਿੱਚ ਪੰਜ ਛੇ ਜਣੇ ਰਹਿੰਦੇ ਸੀ, ਉਦੋਂ ਕੰਮ ਬਹੁਤ ਹੁੰਦਾ ਸੀ, ਇਕ ਛੱਡਣਾ ਤਾਂ ਦੋ ਨੇ ਵਾਜ ਮਾਰਨੀ, ਮੈ ਪਹਿਲਾਂ ਲੇਬਰ ਦੀ ਵੈਨ ਚਲਾਈ ਤੇ ਫੇਰ ਟੈਕਸੀ ਸ਼ੁਰੂ ਕਰ ਦਿੱਤੀ, ਪੈਸੇ ਬਹੁਤ ਬਣਦੇ ਸੀ ਪਰ ਖਰਚ ਕੋਈ ਖ਼ਾਸ ਨਹੀਂ ਸੀ ਸੋ ਮਰਜ਼ੀ ਨਾਲ ਕੰਮ ਕਰਨਾ ਤੇ ਸਾਰਾ ਦਿਨ ਲੈਸਟਰ ਦੀਆਂ ਸੜਕਾਂ ਤੇ ਬੁੱਕਦੇ ਫਿਰਨਾ…ਚੰਗਾ ਖਾਣਾ ਮੰਦਾ ਬੋਲਣਾ, ਕੋਈ ਫਿਕਰ ਫਾਕਾ ਨੀ….. ਹੌਲੀ ਗਰੁਪ ਵੱਡਾ ਹੁੰਦਾ ਗਿਆ ਤੇ ‘ਬਦਮਾਸ਼ੀ’ ਵੀ ਵਧਦੀ ਗਈ, ਜਿਸ ਕਰਕੇ ਕਰੀ ਵੇਰ ਹਵਾਲਾਤ ਦੀ ਸੈਰ ਵੀ ਕੀਤੀ, ਖ਼ੈਰ ਸਾਡੇ ਰੋਅਬ ਤੋਂ ਪ੍ਰਭਾਵਿਤ ਹੋ ਕੇ ਕਈ ਨਵੇਂ ਮੁੰਡੇ ਹੋਰ ਜੁੜ ਗਏ ਜਿਨਾਂ ਵਿੱਚ ਦੋ ਮੁੰਡੇ ਸਨੀ ਤੇ ਰਾਣਾ ਵੀ ਸਨ… ਸਨੀ ਤਾਂ ਸੁਲਝਿਆ ਹੋਇਆ ਸੀ ਪਰ ਰਾਣਾ ਬਹੁਤ ਖੌਰੂ ਪਾਉਂਦਾ ਸੀ, ਹਰ ਕਿਸੇ ਨਾਲ ਸਿੰਗ ਫਸਾਈ ਰੱਖਦਾ ਸੀ… ਰੰਗ ਉਸਦਾ ਗੋਰਾ ਸੀ ਤੇ ਅੱਖਾਂ ਬਿੱਲੀਆਂ ਸਨ ਪਰ ਕੱਦ ਪੰਜ ਕੁ ਫੁੱਟ ਹੀ ਸੀ ਜਿਸ ਦਾ ਉਸਨੂੰ ਕੰਪਲੈਕਸ ਰਹਿੰਦਾ ਸੀ… ਇਕ ਠੱਗ ਕਿਸਮ ਦਾ ਬੰਦਾ ਕੱਚੇ ਮੁੰਡਿਆ ਤੋਂ ਪੱਕੇ ਕਰਵਾਉਣ ਦਾ ਲਾਲਚ ਦੇ ਕੇ ਪੌਂਡ ਝਾੜ ਲੈਂਦਾ ਸੀ ਤੇ ਪੈਸੇ ਵਾਪਸ ਮੰਗਣ ਤੇ ਪੁਲਸ ਕੋਲ ਫੜਵਾਉਣ ਦੀ ਧਮਕੀ ਦਿੰਦਾ ਸੀ ਤੇ ਕੱਚਾ ਬੰਦਾ ਡਰ ਕੇ ਚੁੱਪ ਕਰ ਜਾਂਦਾ ਸੀ, ਇਕ ਵੇਰ ਠੱਗ ਨੇ ਰਾਣੇ ਨੂੰ ਪੱਕਾ ਕਰਵਾਉਣ ਦਾ ਲਾਲਚ ਦੇ ਕੇ ਹਜ਼ਾਰ ਪੌਂਡ ਠੱਗ ਲਏ ਤੇ ਜਦ ਰਾਣੇ ਨੇ ਪੈਸੇ ਵਾਪਸ ਮੰਗਣ ਲਈ ਫ਼ੋਨ ਕੀਤਾ ਤਾਂ ਉਹ ਠੱਗ ਪੁਲਸ ਕੋਲ ਫੜਾਉਣ ਦੀ ਧਮਕੀ ਦੇਣ ਲੱਗਾ। ਬੱਸ ਫੇਰ ਕੀ ਸੀ, ਰਾਣਾ ਭੜਕ ਪਿਆ ਤੇ ਉਸ ਨੂੰ ਗੰਦੀਆਂ ਗਾਲਾਂ ਕੱਢਦੇ ਹੋਏ ਕਹਿਣ ਲਗਾ ਲਿੱਖ ਮੇਰਾ ਅਡਰੈਸ ਤੇ ਦਸ ਪੁਲਸ ਨੂੰ 123 ਟਵਾਈਕਰੌਸ ਸਟ੍ਰੀਟ ਲਿੱਖ ਹੁਣੇ ਲਿੱਖ, ਰਾਣੇ ਦੀ ਬੜਕ ਸੁਣ ਕੇ ਠੱਗ ਨੂੰ ਤ੍ਰੇਲੀਆਂ ਆ ਗਈਆਂ, ਉਸ ਠੱਗ ਨੇ ਮੈਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ ਕਿ ਰਾਣੇ ਨੇ ਮੈਨੂੰ ਗਾਲਾਂ ਕੱਢੀਆਂ ਕਿਓਕਿ ਉਹ ਮੇਰੇ ਕਰਕੇ ਉਸ ਨੂੰ ਜਾਣਦਾ ਸੀ, ਠੱਗ ਕਹਿਣ ਲੱਗਾ ਕਿ ਮੈ ਚਾਹਾਂ ਤਾਂ ਮੈ ਉਸ ਨੂੰ ਫੜਾ ਸਕਦਾ ਹਾਂ ਤਾਂ ਮੈ ਕਿਹਾ ਕਿ ਜੇ ਤੂੰ ਉਸਨੂੰ ਫੜਾ ਦਿੱਤਾ ਤਾਂ ਉਹ ਜ਼ਮਾਨਤ ਤੇ ਬਾਹਰ ਆ ਜਾਵੇਗਾ ਫੇਰ ਤੇਰਾ ਕੀ ਬਣੂ, ਮੁੱਕਦੀ ਗੱਲ ਉਸਨੇ ਰਾਣੇ ਦੇ ਪੈਸੇ ਵਾਪਸ ਕਰ ਦਿੱਤੇ, ਉਸ ਦਿਨ ਤੋਂ ਬਾਦ ਰਾਣੇ ਦੀ ਬੱਲੇ ਬੱਲੇ ਹੋ ਗਈ ਕਿਉਂਕਿ ਉਸ ਠੱਗ ਤੋਂ ਪੈਸੇ ਲੈਣ ਵਾਲਾ ਰਾਣਾ ਪਹਿਲਾਂ ਬੰਦਾ ਸੀ। ਉਸ ਨੇ ਅਪਣਾ ਵੱਖਰਾ ਗਰੁਪ ਬਣਾ ਲਿਆ ਤੇ ਹੋਰਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਜਦ ਉਹ ਕਿਸੇ ਨਾਲ ਫੇਸ ਟੂ ਫੇਸ ਝਗੜਦਾ ਦਾ ਅਪਣਾ ਘਰ ਦਾ ਫ਼ੋਨ ਨੰਬਰ ਬੋਲ ਕੇ ਕਹਿੰਦਾ ਕਿ ਜਦ ਮਰਜ਼ੀ ਫ਼ੋਨ ਕਰਕੇ ਟਾਈਮ ਰੱਖ ਲਿਓ ਤੇ ਜਦ ਕਿਸੇ ਨਾਲ ਫ਼ੋਨ ਤੇ ਬਹਿਸਦਾ ਤਾਂ ਪੂਰਾ ਦਹਾੜ ਕੇ ਬੋਲਦਾ ਲਿੱਖ ਮੇਰਾ ਅਡਰੈਸ 123 ਟਵਾਈਕਰੋਸ ਤਾਂ ਅਗਲਾ ਵੈਸੇ ਹੀ ਘਬਰਾ ਜਾਂਦਾ ਕਿਉਂਕਿ ਫੌਜੀਆਂ ਭਾਵ ਕੱਚੇ ਬੰਦਿਆਂ ਦੇ ਝਗੜੇ ਆਮ ਤੌਰ ਤੇ ਹੁੰਦੇ ਫੌਜੀਆਂ ਨਾਲ ਹੀ ਨੇ ਤੇ ਫ਼ੌਜੀ ਪੁਲਸ ਦੇ ਡਰੋ ਲ਼ੜਾਈ ਝਗੜੇ ਤੋਂ ਬਚਦੇ ਹੀ ਨੇ ਆਮਤੌਰ ਤੇ ਪਰ ਰਾਣਾ ਸਮਝਦਾ ਸੀ ਕਿ ਉਹ ਡਰਦੇ ਨੇ। ਇਕ ਵੇਰ ਅਸੀਂ ਗੁਰਦਵਾਰੇ ਗਏ ਤਾਂ ਪਾਰਕਿੰਗ ਵਿੱਚ ਇਕ ਲੋਕਲ ਬੋਈ (ਇੱਥੋਂ ਦਾ ਜੰਮਿਆ ਪੰਜਾਬੀ) ਨਾਲ ਕਿਸੇ ਗੱਲੋਂ ਬਹਿਸ ਪਿਆ, ਪਹਿਲਾਂ ਤਾਂ ਬੋਈ ਕਾਫ਼ੀ ਚੌੜਾ ਹੋਈ ਜਾਵੇ ਪਰ ਜਦ ਰਾਣੇ ਨੇ ਉਸ ਨੂੰ ਗਲਾਮੇ ਤੋਂ ਫੜ ਕੇ ਦੋ ਛੱਡੀਆਂ ਤਾਂ ਉਹ ਠੰਡਾ ਹੋ ਗਿਆ ਕਿਉਂਕਿ ਅਸੀਂ ਚਾਰ ਪੰਜ ਜਣੇ ਸੀ ਤੇ ਇਕੱਲਾ ਸੀ। ਉਹ ਕਹਿੰਦਾ ਮੈਨੂੰ ਕੱਲਾ ਦੇਖ ਕੇ ਰੋਅਬ ਪਾ ਰਹੇ ਹੋ ਤਾਂ ਰਾਣਾ ਅਪਣੇ ਘਰ ਦਾ ਲੈੰਡਲਾਈਨ ਨੰਬਰ 235335 ਬੋਲ ਕੇ ਕਹਿੰਦਾ ਜੇ ਆਹ ਗੱਲ ਆ ਤਾਂ ਫ਼ੋਨ ਕਰਕੇ ਟਾਈਮ ਰੱਖ ਲਈ ਤੇ ਲੈ ਆਵੀ ਜਿਸ ਨੂੰ ਲਿਆਉਣਾ( ਉਦੋਂ ਮੋਬਾਇਲ ਆਮ ਨਹੀਂ ਸੀ ਹੁੰਦੇ ) ਖ਼ੈਰ ਸਮਾਂ ਵਧੀਆ ਗੁਜ਼ਰ ਰਿਹਾ...

ਸੀ, ਇਕ ਵਾਰ ਮੈਨੂੰ ਸੁਨੇਹਾ ਮਿਲਿਆ ਕਿ ਸਨੀ ਤੇ ਰਾਣੇ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਤੇ ਉਹ ਦੋਵੇਂ ਹਸਪਤਾਲ ਐਮਰਜਂਸੀ ਵਿੱਚ ਨੇ… ਮੈ ਭੱਜਾ ਪਹਿਲਾਂ ਰੌਇਲ ਹਸਪਤਾਲ ਗਿਆ ( ਲੈਸਟਰ ਵਿੱਚ ਦੋ ਹਸਪਤਾਲ ਨੇ, ਰੋਇਲ ਤੇ ਜਨਰਲ) ਮੈ ਐਮਰਜਂਸੀ ਦੇ ਵੇਟਿੰਗ-ਰੂਮ ਵਿੱਚ ਨਿਗਾ ਮਾਰੀ ਤਾਂ ਉੱਥੇ 15/16 ਜਣੇ ਬੈਠੇ ਅਪਣੀ ਵਾਰੀ ਦੀ ਉਡੀਕ ਕਰ ਰਹੇ ਸਨ, ਇੱਥੇ ਹਸਪਤਾਲਾਂ ਵਿੱਚ ਜਿਹਨਾ ਨੂੰ ਜਾਨ ਦਾ ਖਤਰਾ ਨਾਂ ਹੋਵੇ ਉਹਨਾਂ ਨੂੰ ਹਸਪਤਾਲ ਵਿੱਚ ਕਈ ਕਈ ਘੰਟੇ ਵੇਟ ਕਰਨੀ ਪੈਂਦੀ ਹੈ। ਉੱਥੇ ਇਕ ਚੀਨਾ ਜਿਹਾ ਤੇ ਇਕ ਕਾਲਾ ਜਾਂ ਗੁਜਰਾਤੀ ਜਿਹਾ ਤੇ ਬਾਕੀ ਗੋਰੇ ਬੈਠੇ ਸਨ ਮੈ ਅੰਦਰ ਬੈਂਡਾਂ ਤੇ ਵੀ ਨਿਗਾ ਮਾਰੀ ਪਰ ਸਨੀ ਤੇ ਰਾਣਾ ਕਿਤੇ ਨਾ ਦਿਸੇ ਸੋ ਮੈ ਸੋਚਿਆ ਉਹ ਦੂਸਰੇ ਹਸਪਤਾਲ ਗਏ ਹੋਣਗੇ। ਜਿਉਂ ਹੀ ਮੈ ਉੱਥੋਂ ਨਿਕਲਣ ਲਗਾ ਤਾਂ ਕਿਸੇ ਨੇ ਬਹੁਤ ਹੀ ਬਰੀਕ ਤੇ ਮਰੀ ਜਿਹੀ ਅਵਾਜ਼ ਵਿੱਚ ਮੈਨੂੰ ਅਵਾਜ਼ ਮਾਰੀ ‘ਸੁੱਖੀ’ ਮੈ ਪਿੱਛੇ ਦੇਖਿਆ ਤਾਂ ਉਹੀ ਬੰਦੇ ਬੈਠੇ ਸੀ, ਮੈ ਵਾਪਸ ਅੰਦਰ ਕਮਰੇ ਵਿੱਚ ਨਿਗਾ ਮਾਰੀ ਤੇ ਪੂਰੇ ਧਿਆਨ ਨਾਲ ਦੇਖਿਆਂ ਪਰ ਉਹ ਦੋਵੇਂ ਕਿਤੇ ਨਜ਼ਰ ਨਾ ਆਏ ਮੈ ਸੋਚਿਆ ਕਿ ਮੈਨੂੰ ਭੁਲੇਖਾ ਲਗਾ ਹੋਣਾ ਤੇ ਮੈ ਬਾਹਰ ਜਾਣ ਲੱਗਾ ਤਾਂ ਉਸ ਚੀਨੇ ਜਿਹੇ ਬੰਦੇ ਨੇ ਮੇਰੀ ਬਾਂਹ ਫੜ ਲਈ ਮੈ ਕਿਹਾ ਯੈੱਸ ਤਾਂ ਹੋਲੀ ਜਿਹੇ ਕਹਿੰਦਾ ਮੈ ਰਾਣਾ …, ਉਹ ਤੇਰਾ ਭਲਾ ਹੋਜੇ, ਕਿਸੇ ਨੇ ਮੁੱਕੇ ਮਾਰ ਮਾਰ ਕੇ ਉਸ ਦੀਆਂ ਅੱਖਾਂ ਸੁਜਾ ਦਿੱਤੀਆਂ ਸਨ ਜੋ ਮਸਾਂ ਖੁਲ ਰਹੀਆਂ ਸਨ, ਮੈ ਕਿਹਾ ਸਨੀ ਕਿੱਥੇ ਤਾਂ ਉਸਨੇ ਨਾਲ ਬੈਠੇ ਬੰਦੇ ਵੱਲ ਇਸ਼ਾਰਾ ਕੀਤਾ ਜਿਸ ਨੂੰ ਮੈ ਕਾਲਾ ਸਮਝ ਰਿਹਾ ਸੀ ਉਸ ਦਾ ਵੀ ਉਹੀ ਹਾਲ ਸੀ, ਉਸਨੇ ਸਿਰ ਹਿਲਾ ਕੇ ਪੁਸ਼ਟੀ ਕੀਤੀ ਕਿ ਉਹੀ ਸਨੀ ਹੈ ਕਿਉਂਕਿ ਉਸ ਤੋਂ ਬੋਲਿਆਂ ਨਹੀਂ ਜਾ ਰਿਹਾ ਸੀ… ਨਰਸ ਉਹਨਾਂ ਉੱਥੇ ਆ ਕੇ ਹੀ ਦਵਾਈ ਦੇ ਗਈ ਸੀ, ਕਾਫ਼ੀ ਦੇਰ ਬਾਦ ਉਹਨਾਂ ਐਕਸਰੇ ਵਗੈਰਾ ਕਰ ਕੇ ਉਹਨਾਂ ਨੂੰ ਛੱਟੀ ਮਿਲੀ ਤੇ ਮੈ ਉਹਨਾਂ ਦੇ ਘਰ ਛੱਡਣ ਚਲਾ ਗਿਆ, ਉਸ ਵੇਲੇ ਤੱਕ ਸਨੀ ਦਾ ਸੋਜਾ ਕੁਝ ਘਟਿਆ ਤੇ ਉਹ ਹੌਲੀ ਹੌਲੀ ਬੋਲਣ ਲਗਾ। ਮੈ ਪੁੱਛਿਆ ਕੀ ਹੋ ਗਿਆ ਸੀ ਤਾਂ ਉਸਨੇ ਦੱਸਣਾ ਸ਼ੁਰੂ ਕੀਤਾ ਕਿ ਰਾਣੇ ਨੇ ਮਰਵਾ ਦਿੱਤਾ ਯਾਰ, ਜੋ ਉਸ ਦਿਨ ਗੁਰਦਵਾਰੇ ਬੋਈ ਨਾਲ ਝਗੜਾ ਹੋਇਆ ਸੀ ਤੇ ਰਾਣਾ ਅਪਣਾ ਨੰਬਰ ਛੱਡ ਆਇਆ ਸੀ ਉਸੇ ਦਾ ਫ਼ੋਨ ਆਇਆ ਸੀ, ਬਜਾਏ ਮਾਫ਼ੀ ਵਗੈਰਾ ਮੰਗਣ ਦੇ ਰਾਣੇ ਨੇ ਉਸ ਨੂੰ ਗਾਲਾਂ ਕੱਢੀਆਂ ਤੇ ਕਹਿੰਦਾ ਲਿੱਖ ਅਡਰੈਸ 123 ਟਵਾਈਕਰੌਸ ਸਟ੍ਰੀਟ ਤੇ ਉਸ ਨੇ ਲਿੱਖ ਲਿਆ ਤੇ ਅਪਣੇ ਨਾਲ ਤਿੰਨ ਚਾਰ ਬਾਡੀ ਬਿਲਡਰ ਜਿਹੇ ਲੈ ਕੇ ਆ ਗਿਆ, ਬੱਸ ਦੋ ਰਾਣੇ ਤੇ ਲੱਗ ਗਏ ਤੇ ਦੋ ਮੇਰੇ ਤੇ ਲੱਗ ਗਏ ਤੇ ਪੂਰੀ ਰੂਹ ਨਾਲ ਸਾਡੀ ਤੌਣੀ ਲਾਈ, ਹੋਰ ਤਾਂ ਹੋਰ ਜੱਸੀ ਤੇ ਬੱਬੂ ਵਿਚਾਰੇ ਨਾਈਟ ਲਾ ਕੇ ਅਪਣੇ ਬੈਂਡਾਂ ਚ ਸੁੱਤੇ ਪਏ ਸਨ ਉਹਨਾਂ ਨੇ ਉਹਨਾਂ ਦੋਵਾਂ ਨੂੰ ਬੈੱਡਾਂ ਵਿੱਚੋਂ ਕੱਢ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਜਿਨਾ ਨੂੰ ਉਸ ਬੋਈ ਨੇ ਇਹ ਕਹਿ ਕੇ ਛੁਡਵਾਇਆ ਕਿ ਇਹ ਨਾਲ ਨਹੀਂ ਸੀ ਕੋਈ ਪੱਗ ਵਾਲਾ (ਮਤਲਬ ਮੈ) ਸੀ, ਸਨੀ ਦੀ ਗੱਲ ਸੁਣ ਕੇ ਮੈਨੂੰ ਕਾਬਾਂ ਛਿੜ ਗਿਆ… ਮੈ ਪੁੱਛਿਆਂ ਜੱਸੀ ਤੇ ਬੱਬੂ ਕਿੱਥੇ ਨੇ ਤਾਂ ਕਹਿੰਦਾ ਕਿ ਉਹ ਤਾਂ ਅਪਣੇ ਕੱਪੜੇ ਚੁੱਕ ਕੇ ਪਤਾ ਨੀ ਕਿੱਧਰ ਦੌੜ ਗਏ ਕਹਿੰਦੇ ਸਾਡੇ ਤੋਂ ਨੀ ਰੋਜ਼ ਰੋਜ਼ ਕੁੱਟ ਖਾਧੀ ਜਾਣੀ ਮੁਫ਼ਤ ਵਿੱਚ, ਪਤਾ ਨੀ ਕਿਸ ਕਿਸ ਨੂੰ ਅਡਰੈਸ ਲਿਖਾਇਆ ਹੋਇਆ ਇਸ ਮਨਹੂਸ ਨੇ। ਇਸ ਸਾਰੀ ਵਾਰਤਾ ਦੌਰਾਨ ਰਾਣਾ ਨੀਵੀਂ ਪਾ ਕੇ ਬੈਠਾ ਰਿਹਾ ਤੇ ਮੈ ਵੀ ਉੱਥੇ ਜ਼ਿਆਦਾ ਦੇਰ ਰੁੱਕਣਾ ਮੁਨਾਸਬ ਨਾ ਸਮਝਿਆ ਤੇ ਖਿਸਕਣ ਦੀ ਕੀਤੀ।
ਸੁੱਖੀ ਸਮੁੰਦਰੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)