ਸਵੇਰੇ ਪੰਜ ਵਜੇ ਤੋਂ ਮੇਰੀ ਭੱਜ ਦੌੜ ਸ਼ੁਰੂ ਹੁੰਦੀ।ਨਾਸ਼ਤੇ ਦੀ ਤਿਆਰੀ,ਸਭ ਨੂੰ ਵੇਲ਼ੇ ਸਿਰ ਉਠਾਉਣ ਦੀ ਜਿੰਮੇਵਾਰੀ,ਬੱਚਿਆਂ ਦੇ ਟਿਫ਼ਨ ਪੈਕ ਕਰਨੇ,ਘਰ ਦੀ ਸਾਫ਼ ਸਫ਼ਾਈ ਤੇ ਹੋਰ ਅਨੇਕਾਂ ਕੰਮ…ਜਿਵੇਂ ਮੈਨੂੰ ਹੀ ਉਡੀਕਦੇ।ਦੋ ਦੋ ਮਿੰਟ ਮਗਰੋੰ ਆਉਂਦੀਆਂ ਅਵਾਜ਼ਾਂ…ਮੰਮਾ!ਮੇਰਾ ਪੈੱਨ,ਮੰਮਾ! ਮੇਰਾ ਰੁਮਾਲ,ਮੇਰੇ ਬੂਟ,ਮੇਰੀ ਚੱਪਲ….।ਰੋਟੀ ਬਣ ਗਈ ਕਿ ਨਹੀਂ ?ਦਸਾਂ ਮਿੰਟਾਂ ‘ਚ ਜਾਣਾ ਮੈੱ…ਚਾਹ ਕਿੱਥੇ ?ਪਾਣੀ ਦਾ ਗਲਾਸ ਦੇ ਕੇ ਜਾਇਓ..।ਮੈਂ ਊਰੀ ਵਾਂਗ ਘੁੰਮਦੀ,ਚਾਰੇ ਪਾਸੇ ਭਜਦੀ ਰਹਿੰਦੀ ।ਭੱਜ ਭੱਜ ਸਭ ਨੂੰ ਤੋਰਦੀ।ਭੱਜਦੀ ਭੱਜਦੀ ਦੋ ਬੁਰਕੀਆਂ ਮੂੰਹ ‘ਚ ਸੁੱਟਦੀ ਤੇ ਏਨੇ ਚਿਰ ਨੂੰ ਮੇਰੇ ਦਫ਼ਤਰ ਦਾ ਸਮਾਂ ਹੋ ਜਾਂਦਾ।ਪਰਸ ਚੱਕਦੀ ਤੇ ਨਿਕਲ਼ ਜਾਂਦੀ ਦਫ਼ਤਰ ….।ਰੋਜ਼ ਏਹੀ ਕੁਝ ਹੁੰਦਾ।
ਦਫ਼ਤਰ ਤੋੰ ਵਾਪਸੀ ਤੇ ਫੇਰ ਘਰ ਦੇ ਅਨੇਕਾਂ ਕੰਮ ਮੇਰੀ ਰਾਹ ਤੱਕਦੇ ਹੁੰਦੇ।ਆ ਕੇ ਸਭ ਨੂੰ ਚਾਹ ਦੇਣੀ ਤੇ ਆਥਣ ਦੇ ਖਾਣੇ ਦੀ ਤਿਆਰੀ ਖਿੱਚਣੀ।ਏਨੇ ਨੂੰ ਅਵਾਜ਼ ਆਉਂਦੀ,”ਮੰਮਾ..ਕੀ ਬਣਿਆ ਅੱਜ?”
ਦੱਸਣ ਤੇ ਕਿਸੇ ਨਾ ਕਿਸੇ ਦਾ ਮੂੰਹ ਬਣ ਜਾਣਾ,”ਮੈਂ ਨੀੰ ਖਾਣਾ..।ਹੋਰ ਕੁਝ ਬਣਾ ਕੇ ਦਿਓ।”
“ਦੇਖ ਕਿਵੇਂ ਨਖਰੇ ਕਰਦੇ?ਮਿਲਦਾ ਨਾ ਸਭ ਕੁਝ..ਕਦੇ ਪੁੱਛ ਕੇ ਦੇਖਿਆ ਕਰੋ ,ਜਿਨ੍ਹਾਂ ਨੂੰ ਖਾਣ ਨੂੰ ਕੁਸ਼ ਨੀੰ ਮਿਲਦਾ।”
ਕਦੇ ਕਦੇ ਸਪੈਸ਼ਲ ਚੀਜ਼ ਬਣਾ ਦੇਣੀ ਤੇ ਕਦੇ ਕਹਿ ਦੇਣਾ ਕਿ ਇਵੇਂ ਹੀ ਸਾਰ ਲਵੋ।
ਕਦੇ ਕਦੇ ਤਾਂ ਮੈਨੂੰ ਸਾਰੇ ਬਾਦਸ਼ਾਹ ਲਗਦੇ,ਜਿਨ੍ਹਾਂ ਵਿੱਚ ਮੈਂ ਇੱਕ ਨੌਕਰਾਣੀ ਹੋਵਾਂ।ਮਜਾਲ ਹੈ ਕੋਈ ਕਿਸੇ ਕੰਮ ‘ਚ ਹੱਥ ਈ ਵਟਾ ਦੇਣ।ਆਪਣਾ ਆਪ ਮਸ਼ੀਨ ਜਾਪਣ ਲੱਗਿਆ ਮੈਨੂੰ …।
ਕਦੇ ਕਦੇ ਲਗਦਾ ,” ਕਿਧਰੇ ਭੱਜ ਹੀ ਜਾਵਾਂ।ਕਦੇ ਨਾ ਮੁੜਾਂ …ਫੇਰ ਈ ਪਤਾ ਲੱਗੂ ਮਹਾਰਾਜਿਆਂ ਦੇ ਟੱਬਰ ਨੂੰ…।”
ਕਰਦੇ ਕਰਾਉਂਦੇ ਹਫ਼ਤੇ ਦੀਆਂ ਛੁੱਟੀਆਂ ਆ ਗਈਆਂ ।ਅੱਕੀ ਤਾਂ ਮੈਂ ਪਹਿਲਾਂ ਹੀ ਪਈ ਸੀ।ਆਪਣਾ ਬੈਗ ਤਿਆਰ ਕਰ ਲਿਆ।
“ਕਿੱਧਰ ਦੀ ਤਿਆਰੀ ਆ?” ਪਤੀ ਨੇ ਪੁੱਛਿਆ ।
“ਹਫ਼ਤੇ ਦੀਆਂ ਛੁੱਟੀਆਂ ਨੇ..ਜੀਅ ਕਰਦਾ ਮਾਸੀ ਕੋਲ਼ ਹੀ ਜਾ ਆਵਾਂ।ਨਾਲ਼ੇ ਮੈਨੂੰ ਵੀ ਤਾਂ ਬਰੇਕ ਚਾਹੀਦੀ..।ਮਸ਼ੀਨ ਥੋੜ੍ਹੀ ਆਂ ਮੈਂ ?”
“ਚੱਲ ਜਾਇਆ..ਕੋਈ ਨੀੰ ਅਸੀਂ ਸਾਰ ਲਾਂ ਗੇ।ਕਿੰਨੇ ਦਿਨ ਲਾਏੰਗੀ?”
“ਹੂੰਅ….ਵੱਡੇ ਬਾਦਸ਼ਾਹ..ਸਾਰ ਲੈਣਗੇ, ਮੇਰੇ ਬਿਨ੍ਹਾਂ ..।” ਮੈਂ ਮਨ ਹੀ ਮਨ ਸੋਚਿਆ ਤੇ ਕਿਹਾ,
“ਹਫ਼ਤਾ..ਪੂਰਾ..।”
“ਚੰਗਾ…ਚੱਲ ਛੱਡ ਆਵਾਂ ਤੈਨੂੰ ਬੱਸ ਸਟੈੰਡ।”
ਤੇ ਬੱਸ ਵਿੱਚ ਬੈਠ ਕੇ ਤਾਂ ਮੇਰੀਆਂ ਸੋਚਾਂ ਨੂੰ ਖੰਭ ਲੱਗ ਗਏ,”ਕਿੰਨਾ ਨਜ਼ਾਰਾ ਆਊ..ਮਾਸੀ ਕੋਲ਼।ਮੁੱਦਤਾਂ ਹੋ ਗੀਆਂ..ਕਦੇ ਰੱਜ ਕੇ ਗੱਲਾਂ ਨੀੰ ਕੀਤੀਆਂ।”
ਮਾਸੀ ਤੇ ਮਾਸੀ ਦਾ ਪਰਿਵਾਰ ਮੇਰੇ ਆਉਣ ਨਾਲ਼ ਜਿਵੇਂ ਖਿੜ ਹੀ ਗਿਆ।ਚਿਰਾਂ ਮਗਰੋਂ ਜੁ ਆਈ ਸੀ।ਸਾਡੀਆਂ ਗੱਲਾਂ ਹੀ ਨਾ ਮੁੱਕਣ ‘ਚ ਆਉਣ!ਦੋ ਦਿਨ ਤੀਆਂ ਵਰਗੇ ਲੰਘੇ।
ਤੀਜੇ ਦਿਨ ਸੋਚਿਆ ਕਿ ਹਾਲ ਈ ਪੁੱਛ ਲਵਾਂ ਘਰ ਦਿਆਂ ਦਾ।ਫ਼ੋਨ ਲਾਇਆ…।
“ਹੈਲੋ..ਮੰਮਾ…”।ਓਧਰੋੰ ਧੀ ਦੀ ਅਵਾਜ਼ ਆਈ।
” ਹਾਂ ..ਰੀਤ!ਤੇਰੀ ਅਵਾਜ਼ ਨੂੰ ਕੀ ਹੋਇਆ ?ਸੁਸਤ ਜੀ ਕਾਹਤੋਂ ਲਗਦੀੰ?”
“ਮੰਮਾ…ਥੋਡੇ ਬਿਨ੍ਹਾਂ ਨੀੰਦ ਨੀੰ ਆਈ।ਨਾਲ਼ੇ ਮੇਰਾ ਗਲ਼ਾ ਖਰਾਬ ਹੋ ਗਿਆ।ਫਰਿੱਜ ‘ਚੋਂ ਬਰਫ਼ ਵਾਲ਼ਾ...
ਪਾਣੀ ਪੀ ਲਿਆ ਸੀ।”
ਮੇਰੇ ਤਾਂ ਕਾਲ਼ਜੇ ‘ਚੋਂ ਜਿਵੇਂ ਰੁੱਗ ਹੀ ਭਰਿਆ ਗਿਆ,” ਹਾਇ ਮੇਰੀ ਲਾਡਲੀ ਧੀ..ਮੈਂ ਤਾਂ ਹਮੇਸ਼ਾ ਇਹਨੂੰ ਪਾਣੀ ਰਲ਼ਾ ਕੇ ਦਿੰਨੀ ਆਂ..।”
“..ਤੇ ਵੀਰ ਕਿੱਥੇ ?”
“ਓਹ ਤਾਂ ਦਵਾਈ ਲੈ ਕੇ ਪਿਆ।ਕੱਲ ਹੋਟਲ ਦੀ ਸਬਜ਼ੀ ਖਾ ਕੇ ਓਹਦਾ ਢਿੱਡ ਦੁਖਣ ਲੱਗ ਪਿਆ..।”
ਦਿਲ ‘ਚੋਂ ਚੀਸ ਜਿਹੀ ਉੱਠੀ,” ਹਾਇ! ਮੇਰਾ ਲਾਡਲਾ..ਘਰੇ ਸਭ ਆਪ ਬਣਾ ਕਿ ਦਿੰਨੀ ਆਂ…ਬਾਹਰ ਦਾ ਕੁਝ ਘੱਟ ਈ ਖਵਾਇਆ ਓਹਨੂੰ ਕਦੇ..।”
ਫ਼ੋਨ ਬੰਦ ਕਰਕੇ ਮੈਂ ਆਪਣਾ ਸਮਾਨ ਬੈਗ ਵਿੱਚ ਪਾਉਣ ਲੱਗੀ ਤਾਂ ਮਾਸੀ ਨੇ ਕਿਹਾ,” ਤੂੰ ਤਾਂ ਪੁੱਤ ਤਿਆਰੀ ਖਿੱਚ ਲਈ ਲਗਦਾ।ਰੁਕ ਜਾਂਦੀ ਹੋਰ..।ਮਸਾਂ ਤਾਂ ਮਿਲਦੀ ਆਂ..।”
“ਨਾ ਮਾਸੀ…ਐਨੇ ਦਿਨ ਕਿੱਥੇ?” ਕਹਿ ਕੇ ਮੈਂ ਮਾਸੀ ਤੇ ਮਾਸੀ ਦੇ ਪਰਿਵਾਰ ਨੂੰ ਫ਼ਤਿਹ ਬੁਲਾ ਕੇ ਬੱਸ ਵਿੱਚ ਆ ਬੈਠੀ।ਜਿੰਨੀ ਕਾਹਲ਼ੀ ਜਾਣ ਦੀ ਸੀ,ਓਸ ਤੋਂ ਕਿਤੇ ਵੱਧ ਮੁੜਨ ਦੀ ਹੋ ਗਈ।
ਜਾ ਕੇ ਘੰਟੀ ਖੜਕਾਈ ਤਾਂ ਪਤੀਦੇਵ ਨੇ ਦਰਵਾਜਾ ਖੋਲਿਆ।
“ਆ ਵੀ ਗਈ….?” ਹੈਰਾਨੀ ਨਾਲ਼ ਕਹਿੰਦੇ ਹੋਏ ਆਪਣੀ ਖ਼ੁਸ਼ੀ ਛੁਪਾ ਨਾ ਸਕੇ।
ਦੋਵੇਂ ਬੱਚੇ ਗਲ਼ ਨੂੰ ਚਿੰਬੜ ਗਏ,ਜਿਵੇ ਮੁੱਦਤਾਂ ਮਗਰੋਂ ਆਪਣੇ ਆਲਣੇ ‘ਚ ਵਾਪਸ ਆਈ ਹੋਵਾਂ।
ਰੀਤ ਭੱਜ ਕੇ ਪਾਣੀ ਦਾ ਗਲਾਸ ਲੈ ਆਈ।ਮੈਂ ਵੀ ਹੈਰਾਨ ਕਿ ਅੱਜ ਸੂਰਜ ਕਿੱਧਰੋੰ ਚੜ੍ਹਿਆ ?
ਏਨੇ ਨੂੰ ਅਵੀ ਬੋਲਿਆ ,”ਮੰਮਾ ..ਮੈਂ ਆਪਣਾ ਟਿਫ਼ਨ ਆਪੇ ਪੈਕ ਕਰ ਲਿਆ ਕਰੂੰ ,ਨਾਲ਼ੇ ਬਿਨ੍ਹਾਂ ਕਹੇ ਨਹਾ ਲਿਆ ਕਰੂੰ..।”
ਮੈਂ ਹੱਸ ਕੇ ਓਹਨੂੰ ਬੁੱਕਲ਼ ‘ਚ ਲੈੱਦਿਆ ਕਿਹਾ ,” ਚੱਲ ਰਹਿਣ ਦੇ ਡਰਾਮੇ!ਮੈਨੂੰ ਕਾਹਨੂੰ ਪਤਾ ਤੇਰਾ?ਵੱਡਾ ਬਾਦਸ਼ਾਹ!”
“ਡਰਾਮੇ ਨੀਂ ..ਸਾਨੂੰ ਵੀ ਪਤਾ ਲੱਗ ਗਿਆ ਦੋ ਦਿਨਾਂ ‘ਚ ..।ਕਿੰਨਾ ਕੰਮ ਕਰਨਾ ਪੈੰਦਾ ਤੈਨੂੰ !” ਪਤੀਦੇਵ ਬੋਲੇ।
“ਹੋਵੋਗੇ ਤੁਸੀਂ ਬਾਦਸ਼ਾਹ! ਰਸੋਈ ਦੀ ਰਾਣੀ ਤਾਂ ਮੈਂ ਹੀ ਆਂ! ਕੀ ਹਾਲਤ ਕਰਤੀ ਮੇਰੀ ਰਸੋਈ ਦੀ?ਚਲੋ ਕੋਈ ਨੀੰ..ਕਦੇ ਕਦੇ ਇਜਾਜ਼ਤ ਦੇ ਦਿਆ ਕਰੂੰ ਥੋਨੂੰ ਵੀ ਮੇਰੇ ਰਾਜ ‘ਚ ਵੜਨ ਦੀ! ਚਲੋ ਫ਼ੇਰ ਕਾਫ਼ੀ ਬਣਾਓ ਮੇਰੇ ਲਈ..।”
ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ।ਅਵੀ ਤੇ ਰੀਤ ਵੀ ਰਸੋਈ ਵੱਲ ਦੌੜ ਗਏ,ਕਾਫ਼ੀ ਬਣਾਉਣ ਲਈ।
ਦੋ ਮਿੰਟ ਵੀ ਨਾ ਬੀਤੇ ਤੇ ਰਸੋਈ ‘ਚੋਂ ਅਵਾਜ਼ਾਂ ਆਉਣ ਲੱਗੀਆਂ…
“ਮੰਮਾ..ਖੰਡ ਕਿੰਨੇ ਚਮਚੇ ਪਾਉਣੀ?”
“ਮੰਮਾ..ਅਵੀ ਨੇ ਦੁੱਧ ਡੋਲਤਾ…”
“ਮੰਮਾ…ਕਾਫ਼ੀ ਆਲ਼ੇ ਮੱਗ ਕਿੱਥੇ ?”
“ਮੰਮਾ…ਮੰਮਾ…ਮੰਮਾ…।”
ਪਰ ਅੱਜ ਇਹ ਅਵਾਜ਼ਾਂ ਨੇ ਮੈਨੂੰ ਖਿਝਾਇਆ ਨਾ,ਸਗੋਂ ਪਿਆਰੀਆਂ ਲੱਗੀਆਂ।
..ਤੇ ਮੈਂ ਹੱਸਦੀ ਹੋਈ ਇਹ ਕਹਿੰਦੀ ਹੋਈ ਉੱਠੀ, ” ਚਲੋ ਨਿਕਲ਼ੋ ਏਥੋਂ….ਮੇਰੀ ਸਲਤਨਤ ਮੈਨੂੰ ਹੀ ਮੁਬਾਰਕ ! ਬੈਠੋ ਜਾ ਕੇ ਤੇ ਮੈਂ ਲਿਆਉਨੀ ਆਂ ਕਾਫ਼ੀ..।”
ਦੀਪ ਵਿਰਕ
ਜੁਲਾਈ 3, 2021