More Punjabi Kahaniya  Posts
ਬੰਦ ਮੁੱਠੀ


ਬੰਦ ਮੁੱਠੀ
ਸਾਢੇ ਬਾਰਾਂ ਹੋ ਚੁੱਕੇ ਸਨ । ਬਿੰਦਰ ਘੜੀ ਮੁੜੀ ਮੋਬਾਈਲ ਫੋਨ ਕੱਢ ਸਮਾਂ ਦੇਖਦਾ ਤੇ ਚਲਦੀ ਮਸ਼ੀਨ ਤੋਂ ਰਤਾ ਕੁ ਟੇਢਾ ਹੋ ਸਾਹਮਣੇ ਕਮਰੇ ਦੇ ਦਰਵਾਜੇ ਦੇ ਸ਼ੀਸ਼ੇ ਥਾਣੀਂ ਅੰਦਰ ਨਿਗ੍ਹਾ ਮਾਰ ਲੈਂਦਾ। ਉਸਦੇ ਚਿਹਰੇ ਤੇ ਪਸਰ ਰਹੇ ਪ੍ਰੇਸ਼ਾਨੀ ਦੇ ਭਾਵ ਸਪਸ਼ਟ ਰੂਪ ‘ਚ ਕਿਸੇ ਡਾਹਢੀ ਫਿਕਰ ਦੀ ਤਸਦੀਕ ਕਰ ਰਹੇ ਸਨ। ਉਸਦਾ ਅਫਸਰ ਬਿਕਰਮਜੀਤ ਅਜੇ ਟੇਬਲ-ਟੈਨਿਸ ਖੇਡ ਕੇ ਪਰਤਿਆ ਨਹੀਂ ਸੀ ਤੇ ਬਿੰਦਰ ਨੂੰ ਉਸੇ ਦੀ ਉਡੀਕ ਸੀ।
ਐਤਵਾਰ ਹੋਣ ਕਾਰਨ ਬਹੁਤ ਘੱਟ ਗਿਣਤੀ ‘ਚ ਉਤਲੇ ਵਰਗ ਦਾ ਮਿੱਲ ਸਟਾਫ ਡਿਊਟੀ ਤੇ ਹੁੰਦਾ ਤੇ ਕੰਮ ਦਾ ਬਹੁਤਾ ਦਬਾਅ ਨਾ ਹੋਣ ਕਾਰਨ ਅਫਸਰ ਅਕਸਰ ਅਵੇਸਲੇ ਹੀ ਰਹਿੰਦੇ। ਦੁਪਹਿਰ ਦੇ ਖਾਣੇ ਲਈ ਮਿਲਦੇ ਇੱਕ ਘੰਟੇ ‘ਚ ਖਾਣਾ-ਪੀਣਾ ਮੁਕਾ ਅਕਸਰ ਕੁੱਝ ਸਟਾਫ ਕਰਮਚਾਰੀ ਮਿੱਲ ਦੀ ਹੱਦ ਅੰਦਰ ਬਣੇ ਬਗੀਚੇ ਵੱਲ ਘੁੰਮਣ ਨਿਕਲ ਜਾਂਦੇ, ਕੁੱਝ ਕੁ ਤਾਸ਼ ਖੇਡਣ ਜੁੰਡਲੀ ਬਣਾ ਬਹਿੰਦੇ, ਕੁੱਝ ਵਾਲੀਵਾਲ ਤੇ ਕੁੱਝ ਕੰਟੀਨ ਦੇ ਨਾਲ ਬਣੇ ਕਮਰੇ ‘ਚ ਟੇਬਲ-ਟੈਨਿਸ ਖੇਡਦੇ। ਪਰ ਐਤਵਾਰ ਨੂੰ ਇਹ ਇੱਕ ਘੰਟਾ ਬਦੋਬਦੀ ਦੋ ਘੰਟਿਆਂ ‘ਚ ਤਬਦੀਲ ਹੋ ਜਾਂਦਾ ਤੇ ਸਟਾਫ ਕਰਮਚਾਰੀ ਦੋ ਬਜੇ ਅਗਲੀ ਸ਼ਿਫਟ ਦੇ ਡਿਊਟੀ ਆਉਣ ਸਾਰ ਹੀ ਕੰਮ ਤੇ ਪਰਤਦੇ।
ਪਿਛਲੀ ਰਾਤ ਬਿੰਦਰ ਦੇ ਸ਼ਰੀਕੇ ‘ਚ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਈ ਸੀ ਤੇ ਅੱਜ ਉਸਨੂੰ ਦਾਗ ਦੇਣੇ ਸਨ। ਸੰਸਕਾਰ ਦੀ ਰਸਮ ‘ਚ ਹਾਜ਼ਿਰ ਹੋਣ ਲਈ ਬਿੰਦਰ ਨੂੰ ਚਿਰੋਕਣਾ ਘਰੋਂ ਫੋਨ ਆ ਚੁੱਕਾ ਸੀ ਤੇ ਪਾਸ ਲੈ ਕੇ ਘੰਟਾ ਪਹਿਲਾਂ ਘਰ ਪਰਤਣ ਦਾ ਉਹ ਵਾਅਦਾ ਵੀ ਕਰ ਚੁੱਕਾ ਸੀ। ਉਸਨੇ ਡਿਊਟੀ ਆਉਂਦੇ ਹੀ ਆਪਣੇ ਅਫਸਰ ਬਿਕਰਮਜੀਤ ਦੇ ਕੰਨੀ ਪਾਸ ਦੀ ਗੱਲ ਪਾ ਛੱਡੀ ਸੀ। ਪਰ ਬਿਕਰਮਜੀਤ, ਜਿਸਨੇ ਕਿ ਉਸਦੇ ਪਾਸ ਤੇ ਦਸਤਖ਼ਤ ਕਰਨੇ ਸਨ, ਅਜੇ ਤੀਕਣ ਟੈਨਿਸ ਖੇਡ ਕੇ ਮੁੜਿਆ ਨਹੀਂ ਸੀ ਤੇ ਬਿੰਦਰ ਦੀ ਬੇਚੈਨੀ ਇਸੇ ਲਈ ਵਧਦੀ ਜਾ ਰਹੀ ਸੀ ।
ਬਿਕਰਮਜੀਤ ਛੇ ਫੁੱਟ ਤੋਂ ਵੀ ਉਤਲੇ ਕੱਦ ਦਾ ਤਕੜੇ ਜੁੱਸੇ ਵਾਲਾ ਦਿਓ ਵਰਗਾ ਜਵਾਨ ਸੀ। ਇਸ ਨੌਕਰੀ ਤੋਂ ਪਹਿਲਾਂ ਉਹ ਫੌਜ ‘ਚ ਸੀ ਤੇ ਕਿਸੇ ਕਾਰਨ ਵੱਸ ਸਰਕਾਰੀ ਨੌਕਰੀ ਛੱਡ ਤਿੰਨ ਕੁ ਸਾਲ ਪਹਿਲਾਂ ਪਿੰਡ ਪਰਤ ਆਇਆ ਸੀ। ਪੜ੍ਹਿਆ ਲਿਖਿਆ ਵੀ ਸੀ ਤੇ ਭੋਇਂ ਵੀ ਵਾਹਵਾ, ਨੌਕਰੀ ਤੇ ਖੇਤੀ ਤੋਂ ਅਲਹਿਦਾ ਉਸਦੇ ਆਮਦਨ ਦੇ ਹੋਰ ਵੀ ਕਈ ਵਸੀਲੇ ਸਨ। ਸਵੇਰ ਤੋਂ ਲੈ ਕੇ ਟਿਕੀ ਰਾਤ ਤੱਕ ਉਸਦੀ ਅੱਡੀ ਭੁੰਜੇ ਨਾ ਲਗਦੀ। ਮਾਲਕ ਦੀ ਮਿਹਰ ਤੇ ਦਸਾਂ ਨਹੁੰਆਂ ਦੀ ਮਿਹਨਤ ਮਸ਼ੱਕਤ ਨੇ ਉਸਨੂੰ ਪਿੰਡ ਦੇ ਸਿਰਕੱਢ ਚੌਧਰੀਆਂ ਦੀ ਕਤਾਰ ‘ਚ ਲਿਆ ਖੜਾ ਕਰ ਦਿੱਤਾ ਸੀ।
ਪਰ ਜਿੱਥੇ ਉਹ ਐਡਾ ਸਿਰੜੀ-ਮਿਹਨਤੀ, ਚੁਸਤ-ਚਲਾਕ ਤੇ ਪੈਸੇ ਧੇਲੇ ਪੱਖੋਂ ਵਾਹਵਾ ਸੁਖਾਲਾ ਸੀ ਉਥੇ ਹੀ ਬੋਲ ਮਿਜਾਜ਼ ਪੱਖੋਂ ਰਤਾ ਕੁ ਖਰ੍ਹਵਾਂ ਤੇ ਕਸੈਲਾ ਸੀ। ਸਮਾਜਕ ਤਾਣੇ ‘ਚ ਉਤਲੇ ਪੌਡੇ ਤੇ ਹੋਣ ਕਾਰਨ ਜਾਤ ਦਾ ਹੰਕਾਰ ਤਾਂ ਸੀ ਹੀ; ਚੰਗੀ ਆਰਥਿਕ ਸਥਿਤੀ ਦਾ ਘਮੰਡ ਵੀ ਉਸਦੇ ਸਿਰ ਚੜ੍ਹ ਬੋਲਦਾ ਸੀ। ਦੂਜੇ ਬੰਦੇ ਨੂੰ ਹਮੇਸ਼ਾ ਇੱਕ ਦਰਜਾ ਛੋਟਾ ਸਮਝਣ ਦੀ ਉਸਦੀ ਆਦਤ ਨੇ ਅਨੇਕਾਂ ਗੁਣਾਂ ਦੇ ਹੁੰਦਿਆਂ ਸੁੰਦਿਆਂ ਵੀ ਉਸਨੂੰ ਆਮ ਲੋਕਾਂ ਦੇ ਮਨਾਂ ਤੋਂ ਹਮੇਸ਼ਾ ਇੱਕ ਵਕਫੇ ਤੇ ਖੜਿਆਂ ਰਖਿਆ। ਪਰ ਉਹ ਇਸ ਸਭ ਤੋਂ ਬੇਪਰਵਾਹ ਆਪਣੀ ਚਾਲੇ ਮਸਤ ਸੀ।
ਬਿੰਦਰ ਉਸਦੇ ਸੁਭਾਅ ਤੋਂ ਜਾਣੂ ਹੋਣ ਕਾਰਨ ਉਸਤੋਂ ਇੱਕ ਦੂਰੀ ਬਣਾਈ ਹੀ ਰੱਖਦਾ, ਜਿਵੇਂ ਬਾਕੀ ਜਿਆਦਾਤਰ ਉਸਦੇ ਸਾਥੀ ਕਰਦੇ। ਪਰ ਸੌ ਹੱਥ ਵਿੱਥ ਤੇ ਤੁਰਦੇ ਤੁਰਦੇ ਹੋਏ ਵੀ ਕਦੀ ਕਦਾਈਂ ਉਸਦੇ ਮੱਥੇ ਲੱਗਣ ਦੀ ਨੌਬਤ ਆ ਹੀ ਜਾਂਦੀ ਤੇ ਅਜਿਹੀ ਘੜੀ ਲੰਘਾਉਣੀ ਅੱਕ ਚੱਬਣ ਤੋਂ ਵੀ ਭੈੜੀ ਹੁੰਦੀ।
ਬਿੰਦਰ ਉਡੀਕਦਾ ਰਿਹਾ। ਸਮਾਂ ਲੰਘਦੇ ਲੰਘਦੇ ਕਿੰਨਾ ਹੀ ਲੰਘ ਗਿਆ, ਪਰ ਬਿਕਰਮਜੀਤ ਨਾ ਮੁੜਿਆ।
ਪੌਣੇ ਦੋ ਦਾ ਘੁੱਗੂ ਵੱਜਿਆ ਤੇ ਕੰਮੀਆਂ ਦੀ ਚਾਲ ਮੱਠੀ ਪੈਣੀ ਸ਼ੁਰੂ ਹੋ ਗਈ। ਦੋ ਬਜੇ ਸ਼ਿਫਟ ਮੁੱਕ ਜਾਣੀ ਸੀ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਆਪਣਾ ਸੰਦ-ਭਾਂਡਾ ਸਾਂਭ, ਅਲਮਾਰੀਆਂ ਨੂੰ ਜਿੰਦੇ-ਕੁੰਡੇ ਲਾਉਣੇ ਸਨ ਤੇ ਆਪਣੇ ਟਿਫ਼ਨ ਵੀ ਥਾਂ ਸਿਰ ਕਰਨੇ ਸਨ।
ਬੇਵਸੀ ‘ਚ ਮਨ ਮਸੋਸਦੇ ਹੋਏ ਬਿੰਦਰ ਉੱਠਿਆ ਤੇ ਆਪਣਾ ਸਮਾਨ ਚੁੱਕ ਆਪਣੀ ਅਲਮਾਰੀ ਵੱਲ ਵਧਿਆ। ਤੁਰੇ ਜਾਂਦੇ ਨੇ ਜਦ ਸਾਹਮਣੇ ਦਫਤਰ ਵੱਲ ਨਿਗ੍ਹਾ ਮਾਰੀ ਤਾਂ ਬਿਕਰਮਜੀਤ ਆਪਣੀ ਕੁਰਸੀ ਤੇ ਬੈਠਾ ਕਿਸੇ ਕੰਮ ‘ਚ ਮਸਰੂਫ਼ ਪਾਇਆ। ਦੇਖਦੇ ਸਾਰ ਉਸਦੀਆਂ ਅੱਖਾਂ ਚ ਇੱਕ ਲਾਲੀ ਗਾੜੀ ਹੋਣ ਲੱਗੀ। ਕਾਹਲੀ ਕਾਹਲੀ ਚ ਸਮਾਨ ਅਲਮਾਰੀ ਚ ਸੁੱਟ, ਜੰਦਰਾ ਮਾਰ ਉਹ ਸਿੱਧਾ ਬਿਕਰਮਜੀਤ ਦੇ ਦਫਤਰ ਨੂੰ ਵਧੀਆ।
“ਮੈਂ ਤੁਹਾਨੂੰ ਸਾਹਬ ਸਵੇਰੇ ਆਉਣਸਾਰ ਹੀ ਦੱਸਿਆ ਸੀ ਕਿ ਸਾਡੇ ਕੱਲ ਦੀ ਇੱਕ ਮੌਤ ਹੋਈ ਆ ਤੇ ਮੈਂ ਦੁਪਹਿਰੇ ਬਾਰਾਂ ਬਜੇ ਪਾਸ ਲੈ ਕੇ ਘਰ ਜਾਣਾ ਆ”, ਬਿੰਦਰ ਜਾਂਦਾ ਹੀ ਭਾਰੂ ਪੈਣ ਲੱਗਾ। ਇਹ ਇੱਕ ਵਾਕ ਬੋਲਣ ਲਈ ਉਸ ਤੁਰੇ ਆਉਂਦੇ ਨੇ ਕਈ ਦਫ਼ਾ ਮਨ ‘ਚ ਅਭਿਆਸ ਕੀਤਾ ਸੀ। ਬੋਲਣਾ ਹੋਰ ਵੀ ਕੁੱਝ ਸੀ, ਪਰ ਬਿਕਰਮਜੀਤ ਦੀ ਕੈੜ ਅੱਖ ਦੇਖਦੇ ਸਾਰ ਹੀ ਬਾਕੀ ਮਜਮੂਨ ਭੁੱਲ ਗਿਆ।
ਬਿਕਰਮਜੀਤ ਆਪਣੇ ਕੰਮ ‘ਚ ਬੁਰੀ ਤਰਾਂ ਖੁੱਭਾ ਸੀ। ਪਹਿਲਾ ਟੈਨਿਸ ‘ਚ ਉਸਦਾ ਅੱਜ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ, ਦੂਜਾ ਦੋ ਬਜੇ ਜਾਣ ਦੀ ਕਾਹਲ ‘ਚ ਇੱਕ ਰਿਪੋਰਟ ਉਹ ਗਲਤ ਬਣਾ ਬੈਠਾ ਸੀ ਤੇ ਉੱਤੋਂ ਬਿਨਾ ਸੱਦੇ ਬਲਾਏ ਬੰਦੇ ਦੀ ਆਮਦ ਨੇ ਉਸਦਾ ਅੰਦਰਲਾ ਦਿਓ ਹਲੂਣ ਕੇ ਜਗਾ ਲਿਆ ਸੀ।
“ਤੂੰ ਅੰਦਰ ਕੀਹਨੂੰ ਪੁੱਛ ਕੇ ਆਇਆ ? ਤੇਰੀ ਡਿਊਟੀ ਦੋ ਬਜੇ ਤੱਕ ਆ, ਦਸ ਮਿੰਟ ਪਹਿਲਾਂ ਤੂੰ ਕਿੱਦਾਂ ਛੱਡ ਆਇਆਂ..?”, ਬਿਕਰਮਜੀਤ ਦੀਆਂ ਤਿਉੜੀਆਂ ਗਹਿਰੀਆਂ ਹੋ ਗਈਆਂ।
“ਕੰਮ ਨਹੀ ਹੁੰਦਾ,ਘਰੋਂ ਈ ਨਾ ਆਇਆ ਕਰੋ। ਤੀਏ ਦਿਨ ਤੁਹਾਨੂੰ ਪਾਸ ਚਾਹੀਦਾ “, ਬਿਕਰਮਜੀਤ ਮੁੜ ਕਾਗਜਾਂ ਤੇ ਕਲਮ ਚਲਾਉਣ ਲੱਗਾ।
“ਤਾਂ ਹੋਰ ਕੌਣ ਕੰਮ ਕਰਦਾ ? ਐਨੀ ਪਰਡਕਸ਼ਨ ਕਿੱਦਾਂ ਹੁੰਦੀ ਫੇ ? ਨਾਲੇ ਮਿਲ ਮਹੀਨੇ ਚ ਦੋ ਪਾਸ ਮੰਜੂਰ ਕਰਦੀ ਐ, ਉਹ ਵੀ ਅਸੀਂ ਕਈ ਵਾਰੀ ਮਹੀਨਾ ਮਹੀਨਾ ਸੁੱਕਾ ਲੰਘਾ ਛੱਡੀਦਾ। ਨਾਲੇ ਜਦ ਤਹਾਨੂੰ ਆਉਂਦਿਆ ਹੀ ਮੈਂ ਦੱਸਿਆ ਸੀ, ਫੇਰ ਕਿੱਦਾਂ ਨ੍ਹੀ ਪਾਸ ਮਿਲ ਸਕਦਾ ?”, ਬਿੰਦਰ ਦੇ ਭਰਿਓ ਮਨ ਨੇ ਸਚਾਈ ਨੂੰ ਹੌਂਸਲੇ ਨਾਲ ਇੰਨ ਬਿੰਨ ਅੱਗੇ ਰੱਖਣ ਦੀ ਇੱਕ ਗੈਬੀ ਸ਼ਕਤੀ ਉਸ ਵਿੱਚ ਫੂਕ ਦਿੱਤੀ ਸੀ। ਉਸਨੂੰ ਆਪਣੇ ਤੇ ਹੈਰਾਨੀ ਵੀ ਹੋ ਰਹੀ ਸੀ। ਇਸ ਸ਼ਕਤੀ ਨੇ ਉਸਨੂੰ ਅੰਦਰੋਂ ਹੋਰ ਵੀ ਮਜਬੂਤ ਕਰ ਮੈਦਾਨ ਚ ਟਿਕਾਈ ਰੱਖਿਆ। ਬਿਕਰਮਜੀਤ ਨੀਝ ਲਾ ਉਸ ਵੱਲ ਵੇਖਣ ਲੱਗਾ ਜਿਵੇਂ ਪਹਿਲੀ ਵਾਰ ਉਸਦਾ ਮੂੰਹ ਦੇਖ ਰਿਹਾ ਹੋਵੇ ਤੇ ਬਿੰਦਰ ਨਿਰੰਤਰ ਵਰ੍ਹਦਾ ਰਿਹਾ।
“ਕਦੇ ਤੁਹਾਨੂੰ ਕੰਮ ਨੂੰ ਜਵਾਬ ਨ੍ਹੀ ਦਿੱਤਾ ਅਸੀਂ। ਜਿੱਥੇ ਕਿਹਾ, ਜਿਹੜੇ ਕੰਮ ਤੇ ਲਾਇਆ, ਚੁੱਪ ਕਰਕੇ ਡਿਊਟੀ ਕਰੀਦੀ ਆ। ਤੁਹਾਡੇ ਚਾਹ ਪਾਣੀ ਲਈ ਵੀ ਅਸੀਂ ਕੰਮ ਛੱਡ ਕੇ ਕੰਟੀਨ ਨੂੰ ਚਲੇ ਜਾਈਦਾ। ਕਈ ਵਾਰੀ ਬੰਦੇ ਪੂਰੇ ਵੀ ਨਹੀਂ ਹੋਣੇ, ਪਰ ਮਸ਼ੀਨ ਬੰਦ ਹੋਣ ਦੀ ਨੌਬਤ ਨ੍ਹੀ ਆਉਣ ਦਿੱਤੀ ਅਸੀਂ। ਰਾਤ ਨੂੰ ਤੁਸੀਂ ਜਦੋਂ ਇੱਧਰ ਉੱਧਰ ਹੋਕੇ ਸੁੱਤੇ ਹੁੰਨੇ ਓ, ਉਦੋਂ ਥੋਡੇ ਚੇਲਿਆਂ ਨਾਲੋਂ ਜਿਆਦੇ ਅਸੀਂ ਜਾਨ ਫੂਕਦੇ ਆ ਕੰਮ ਚ”,ਆਖਰੀ ਵਾਕ ਨੇ ਬਿੰਦਰ ਦਾ ਚਿਹਰਾ ਹੋਰ ਮਘਾ ਦਿੱਤਾ।
ਆਪਣੇ ਅਫਸਰ ਦੇ ਡਿਊਟੀ ਦੁਰਾਨ ਸੁੱਤੇ ਹੋਣ ਦਾ ਜ਼ਿਕਰ ਕਰਕੇ ਬਿੰਦਰ ਵੀ ਰਤਾ ਥਿੜਕਿਆ, ਪਰ ਸਚਾਈ ਨੇ ਉਸਨੂੰ ਥੱਮ ਕੇ ਰੱਖਿਆ। ਉਸਦਾ ਇੱਕ ਇੱਕ ਬੋਲ ਦਿਨ ਦੇ ਚਾਨਣ ਵਾਂਗ ਸੁਥਰਾ ਤੇ ਦਾਗਹੀਣ ਸੀ। ਆਪਣੇ ਮੂੰਹੋਂ ਕਿਸੇ ਬੋਲ ਦਾ ਉਸਨੂੰ ਭੋਰਾ ਪਛਤਾਵਾ ਨਹੀਂ ਸੀ।
ਬਿੰਦਰ ਦੇ ਅੰਤਲੇ ਬੋਲਾਂ ਨੇ ਬਿਕਰਮਜੀਤ ਦੇ ਫੋਕੇ ਮਾਣ ਤੇ ਗਹਿਰੀ ਚੋਟ ਕੀਤੀ। ਉਸਦਾ ਅੰਦਰ ਬੁਰੀ ਤਰਾਂ ਝੰਜੋੜਿਆ ਗਿਆ। ਰਾਤ ਦੀ ਡਿਊਟੀ ਦੁਰਾਨ ਉਹ ਸੌਂਦਾ ਹੈ, ਇਹ ਸਾਰਾ ਮਹਿਕਮਾ ਜਾਣਦਾ ਸੀ, ਸਾਰਾ ਪ੍ਰਬੰਧਕ ਬਲਾਕ ਜਾਣਦਾ ਸੀ, ਪਰ ਅੱਜ ਤੱਕ ਕਿਸੇ ਦਾ ਐਨਾ ਹੌਸਲਾ ਨਹੀਂ ਸੀ ਹੋਇਆ ਕਿ ਉਸ ਦੀ ਅੱਖ ਚ ਅੱਖ ਪਾ ਉਸਨੂੰ ਟੋਕ ਸਕੇ। ਮਿੱਲ ਦੇ ਅੰਦਰ ਤੇ ਮਿੱਲ ਦੇ ਬਾਹਰ ਉਹ ‘ਮਾਤੜ ਨਾਲ ਹਜਾਰਾਂ ਵਧੀਕੀਆਂ ਕਰਦਾ, ਫਜ਼ੂਲ ਤੰਗ-ਪ੍ਰੇਸ਼ਾਨ ਕਰਦਾ, ਪਰ ਉਸ ਖਿਲਾਫ ਆਵਾਜ਼ ਚੁੱਕਣ ਦਾ ਜੇਰਾ ਕਿਸੇ ਵਿੱਚ ਉੱਕਾ ਹੀ ਨਹੀਂ ਸੀ। ਉਸ ਮਦਮਸਤ ਹਾਥੀ ਤੁੱਲ, ਦਿਓ-ਆਕਾਰ ਅਫਸਰ ਨੂੰ ਆਪਣਾ ਨੰਗ ਜ਼ਾਹਿਰ ਹੋਣ ਤੇ ਸੱਤੀਂ ਕੱਪੜੀਂ ਅੱਗ ਲੱਗ ਗਈ। ਇੱਕ ਆਮ ਜਿਹਾ ਇਨਸਾਨ ਜੋ ਕਿ ਮਿੱਲ ਚ ਵੀ ਉਸਤੋਂ ਨੀਵੇਂ ਰੁਤਬੇ ਦਾ ਸੀ ਤੇ ਸਮਾਜਿਕ ਪੱਖੋਂ ਵੀ ਚੌਥੇ ਵਰਗ ਨਾਲ ਸਬੰਧਤ ਸੀ, ਉਸ ਅੜਬ ਚੌਧਰੀ ਨੂੰ ਮੂੰਹ ਤੇ ਲਾਹਣਤਾਂ ਪਾ ਰਿਹਾ ਸੀ, ਵੰਗਾਰ ਰਿਹਾ ਸੀ।
ਬਿਕਰਮਜੀਤ ਨੂੰ ਆਪਣੀ ਗਲਤੀ ਦੀ ਥਾਂ ਬਿੰਦਰ ਦਾ ਨੀਵਾਂ ਰੁਤਬਾ ਜਿਆਦੇ ਰੜਕਣ ਲੱਗਾ। ਬਿੰਦਰ ਦੇ ਸੱਚੇ, ਸੁਥਰੇ ਤੇ ਕੌੜੇ ਅਲਫਾਜ਼ ਉਸਨੂੰ ਗਾਲਾਂ ਵਾਂਗਰ ਚੋਟ ਕਰ ਰਹੇ ਸਨ। ਮੁੜ ਮੁੜ ਬਿੰਦਰ ਦਾ ਰੁਤਬਾ ਉਸਦੇ ਜ਼ਿਹਨ ਚ ਭੜਥੂ ਪਾਉਣ ਲੱਗੇ।
ਉਹ ਕੁਰਸੀ ਤੋਂ ਉੱਠ ਖੜਾ ਹੋਇਆ।
“ਤੁਸੀਂ ਲੋਕ ਆਪਣੀ ਔਕਾਤ ਚ ਰਿਹਾ ਕਰੋ। ਤੁਹਾਨੂੰ ਵਾਰ ਵਾਰ ਦੱਸਣ ਦੀ ਲੋੜ ਨਾ ਪਵੇ ਕਿ ਤੁਸੀਂ ਕੌਣ ਹੋ ਤੇ ਅਸੀ ਕੌਣ ਆਂ ! ਆਈ ਸਮਝ ! ਨਾਲੇ ਥੋਡਾ ਪਸੂਆਂ ਦਾ ਜੰਮਣ ਮਰਨ ਤਾਂ...

ਚਲਦਾ ਈ ਰਹਿਣਾ, ਬੰਦੇ ਦੇ ਪੁੱਤ ਬਣਕੇ ਕੰਮ ਕਰੋ ਢੰਗ ਨਾਲ, ਜੇ ਹੁੰਦਾ ਤਾਂ”,
ਬਿਕਰਮਜੀਤ ਨੇ ਆਪਣੇ ਅੰਦਰ ਦੀ ਕਾਲਖ ਨੂੰ ਗਿਣਵੇਂ ਮਿਣਵੇਂ ਸ਼ਬਦਾਂ ਚ ਲਪੇਟ ਬੱਝਵੀਂ ਤੇ ਡੂੰਘੀ ਸੱਟ ਮਾਰੀ। ਜਾਤੀ ਹੰਕਾਰ ਉਸਦੇ ਸਿਰ ਚੜ੍ਹ ਬੋਲ ਰਿਹਾ ਸੀ।
ਬਿਕਰਮਜੀਤ ਦਾ ਇੱਕ ਇੱਕ ਲਫ਼ਜ਼ ਉਸਨੂੰ ਸੁਣਨ ਸਾਰ ਸਪਸ਼ਟ ਸਮਝ ਆ ਗਿਆ। ਹੈਰਾਨੀ ਦੇ ਭਾਵ ਪਸਰਦੇ ਹੋਏ ਬੇਵਸੀ ਦੇ ਮਕੜਜਾਲ ਬਣ ਗਏ ਤੇ ਉਸਦੇ ਮੁਖੜੇ ਤੋਂ ਮਨਮੰਡਲ ਤੀਕਣ ਫੈਲ ਗਏ।
ਉਸਨੂੰ ਜ਼ਰਾ ਵੀ ਆਸ ਨਹੀਂ ਸੀ ਕਿ ਅਜਿਹਾ ਵਿਸ਼ਾ ਉੱਘੜ ਪਵੇਗਾ। ਪਰ ਹਰ ਵਾਰੀ ਵਿਸ਼ਾ ਇਹ ਹੀ ਕਿਉਂ ਉੱਘੜ ਪੈਂਦਾ-ਉਹ ਸੋਚਣ ਲੱਗਾ।
ਗੁਰੂਆਂ ਦੀ ਵਸਾਈ ਇਸ ਧਰਤੀ ਤੇ ਬਾਣੀ ਦੇ ਦੌਰ ਚ ਅਜੇ ਤੀਕਣ ਉਨ੍ਹਾਂ ਨੂੰ ਇਹ ਸਪਸ਼ਟ ਸਮਝਣ ਦੀ ਲੋੜ ਪੈਂਦੀ ਹੈ ਕਿ ਉਹ ਕੌਣ ਹਨ ਤੇ ਕਿੱਥੋਂ ਆਏ ਹਨ..ਆਖਰ ਕਿਉਂ ? ਅਸੀਂ ਜੰਗਲਾਂ ਕਬੀਲਿਆਂ ਤੋਂ ਉੱਠ, ਸਮਾਜਕ ਬੰਧਸ਼ਾਂ ਨਾਲ ਖਹਿੰਦੇ ਹੋਏ ਇਸ ਉਦਯੋਗਿਕ ਦੌਰ ਚ ਪੁੱਜੇ ਹਾਂ, ਜਿੱਥੇ ਦੂਜੇ ਧਰਮਾਂ, ਜਾਤਾਂ, ਨਸਲਾਂ ਵਾਲਿਆਂ ਨਾਲ ਮਿਲ ਪੂਰੀ ਤਾਣ ਨਾਲ ਮਿਹਨਤ ਕਰਕੇ ਸਮਾਜ ‘ਚ ਇੱਕ ਰੁਤਬਾ ਹਾਸਿਲ ਕੀਤਾ ਹੈ। ਆਖਰ ਅੱਜ ਵੀ ਸਾਨੂੰ “ਉਨ੍ਹਾਂ” ਐਨਕਾਂ ਨਾਲ ਕਿਉਂ ਦੇਖਿਆ ਜਾ ਰਿਹਾ ? ਕਿਉਂ ਅੱਜ ਵੀ ਸਾਨੂੰ ਬਿਨਾ ਕਾਰਣ ਬਿਨਾ ਪੁੱਛਿਆਂ ਇਹ ਦੱਸਿਆ ਜਾਂਦਾਂ ਕਿ ਅਸੀਂ ਅਛੂਤ ਹਾਂ ਤੇ ਸਮਾਜ ਚ ਸਾਡੀ ਥਾਂ ਕਿੱਥੇ ਹੈ।
ਬਿੰਦਰ ਨੂੰ ਆਪਣਾ ਆਪ ਹੌਲਾ ਹੁੰਦਾ ਜਾਪਿਆ। ਕਈ ਕਹੀਆਂ ਤੇ ਕਈ ਅਣਕਹੀਆਂ ਗੱਲਾਂ ਨੂੰ ਸਮੇਟ ਉਹ ਮਿੱਲ ਤੋਂ ਬਾਹਰ ਆਇਆ।
ਉਸਦੇ ਚਿਹਰੇ ਤੇ ਕਿਸੇ ਅਣਦਿਸਦੇ ਭੈਅ ਦੇ ਟਾਵੇਂ ਟਾਵੇਂ ਨਿਸ਼ਾਨ ਤਾਂ ਸਨ ਪਰ ਆਪਣੀ ਸਚਾਈ ਨੂੰ ਨਿਧੜਕ ਹੋਕੇ ਬੋਲਣ ਦਾ ਮਾਣ ਵੀ ਪਸਰਿਆ ਸੀ। ਸੱਚਾਈ ਦਾ ਇੱਕ ਕਣ ਉਸਨੂੰ ਚੁੱਪ-ਸ਼ਾਂਤ ਬੈਠਣ ਦੀ ਬਜਾਏ ਅਵਾਜ ਨੂੰ ਹੋਰ ਬੁਲੰਦ ਕਰਨ ਦਾ ਜਜ਼ਬਾ ਫੂਕ ਰਿਹਾ ਸੀ।
ਦੇਰ ਰਾਤ ਤੱਕ ਉਹ ਖੁੱਲੇ ਅੰਬਰ ਹੇਠ ਮੰਜੇ ਤੇ ਪਿਆ ਤਾਰਿਆਂ ਦੀ ਨਿੰਮੀ ਨਿੰਮੀ ਲੋਅ ‘ਚ ਆਪਣੇ ਅੰਤਰਮਨ ‘ਚ ਉੱਠਦੇ ਜਵਾਰਭਾਟੇ ਦੀਆਂ ਕਲਾਵਾਂ ਨੂੰ ਮਹਿਸੂਸ ਕਰ ਰਿਹਾ ਸੀ। ਸੂਰਮਤਾਈ ਦਾ ਇੱਕ ਕਿਣਕਾ ਜੋ ਚਿਰਾਂ ਤੋਂ ਆਪਣੀ ਹੋਂਦ ਜ਼ਾਹਰ ਕਰਨ ਲਈ ਉਸਦੇ ਅੰਦਰ ਤੜਪ ਰਿਹਾ ਸੀ ਅੱਜ ਪੂਰੇ ਤਾਣ ਨਾਲ ਉੱਘੜ ਕੇ ਜਬਰ ਦੇ ਮੂਹਰੇ ਡਟਿਆ ਖੜਿਆ। ਅੱਜ ਦੀ ਘਟਨਾ ਦੇ ਮਾਇਨੇ ਉਸ ਲਈ ਬਹੁਤ ਵਿਸ਼ਾਲ ਸਨ ਤੇ ਉਸਨੇ ਆਪਣਾ ਕਿਰਦਾਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਸੀ, ਪਰ ਫਿਰ ਵੀ ਕਿਤੇ ਘਟਾਅ ਰਹਿ ਗਿਆ ਜਾਪਿਆ, ਜਿਸਨੂੰ ਸਿਰੇ ਚੜਾਉਣ ਲਈ ਉਹ ਹੁਣ ਟਿਕ ਕੇ ਨਹੀਂ ਸੀ ਬੈਠ ਸਕਦਾ। ਬੰਦਾ ਹਿੰਮਤ ਨਾਲ ਕਿਸੇ ਵੀ ਕੰਮ ਪਿੱਛੇ ਪੈ ਜਵੇ, ਉੱਦਮ ਦੀ ਧੱਕ ਚੋਟੀ ਸਰ ਕਰਕੇ ਹੀ ਹਟਦੀ ਐ। ਜੇ ਪੁੱਟਣ ਨੂੰ ਹੱਥ ਪਾ ਹੀ ਲਿਆ ਤਾਂ ਜੜਾਂ ਤੀਕ ਪੁੱਟ ਦਵੀਂ-ਉਹ ਆਪਣੇ ਆਪ ਨੂੰ ਹੱਲਾਸ਼ੇਰੀ ਦਿੰਦਾ।
ਬਿੰਦਰ ਅਗਲੇ ਦਿਨ ਸੁਵੱਖਤੇ ਹੀ ਸਾਈਕਲ ਚੁੱਕ ਘਰੋਂ ਨਿਕਲ ਪਿਆ। ਦੋ ਕੁ ਘੰਟੇ ਪਿੱਛੋਂ ਪਰਤਿਆ ਤਾਂ ਉਸ ਦੀ ਜੇਬ ਵਿੱਚ ਕੁੱਝ ਕਾਗਜ਼ ਸਨ ਤੇ ਚਿਹਰੇ ਤੇ ਇੱਕ ਗੁੱਝੀ ਮੁਸਕਾਨ । ਅੱਜ ਬਿੰਦਰ ਡਿਊਟੀ ਤੇ ਚਿਰੋਕਣਾ ਪਹਿਲਾਂ ਹੀ ਪੁੱਜ ਗਿਆ ਸੀ। ਆਉਣ ਸਾਰ ਉਸਨੇ ਆਪਣੇ ਵਿਭਾਗ ਦੇ ਇੱਕ ਇੱਕ ਮਜਦੂਰ ਸਾਥੀ ਨਾਲ ਬੀਤੀ ਘਟਨਾ ਬਾਰੇ ਵਿਸਤਾਰ ਨਾਲ ਗੱਲ ਕੀਤੀ ਤੇ ਮਿਲ ਦੇ ਪ੍ਰਬੰਧਕਾਂ ਅੱਗੇ ਬਿਕਰਮਜੀਤ ਦੇ ਰਵਈਏ ਖਿਲਾਫ ਕਾਰਵਾਈ ਕਰਨ ਦੀ ਗੱਲ ਰੱਖੀ। ਉਸਦੇ ਹੱਥ ਇੱਕ ਲੰਮਾ ਪੱਤਰ ਵੀ ਸੀ ਜਿਸ ਵਿੱਚ ਬਿਕਰਮਜੀਤ ਦੀਆਂ ਵਧੀਕੀਆਂ ਤੇ ਜੋਰਾਵਰੀਆਂ ਬਾਬਤ ਇੱਕ ਇੱਕ ਫਿਕਰਾ ਪੂਰੀ ਤਫ਼ਸੀਲ ਨਾਲ ਦਰਜ ਕੀਤਾ ਹੋਇਆ ਸੀ। ਬਿਕਰਮਜੀਤ ਦੇ ਸੁਭਾਅ ਤੋਂ ਵਾਕਫ਼ ਤਾਂ ਸਾਰੇ ਹੀ ਸਨ ਤੇ ਪਿੱਛੋਂ ਸਾਰੇ ਚਾਹੁੰਦੇ ਵੀ ਸਨ ਕਿ ਇਸ ਨਾਢੂ ਖਾਂ ਦੀ ਆਕੜ-ਹੰਕਾਰ ਨੂੰ ਭੰਨ ਲੱਗੇ, ਪਰ ਉਸ ਖਿਲਾਫ ਸਰੇ-ਮੈਦਾਨ ਲੜਨ ਦਾ ਹੀਆ ਵੀ ਕਿਸੇ ਵਿੱਚ ਨਹੀਂ ਸੀ। ਪਰ ਬਿੰਦਰ ਅੱਜ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲਗ ਰਿਹਾ ਸੀ। ਇੱਕ ਦਿਨ ਵਿੱਚ ਹੀ ਉਹ ਤਪ ਕੇ ਕੁੰਦਨ ਬਣ ਗਿਆ ਸੀ। ਮਜ਼ਦੂਰ ਸਾਥੀਆਂ ਨਾਲ ਗੱਲ ਕਰਦੇ ਕਰਦੇ ਉਸਦਾ ਚਿਹਰਾ ਭਖ ਜਾਂਦਾ। ਕਦੇ ਉਹ ਦਸ਼ਮੇਸ਼ ਗੁਰੂ ਦਾ ਜ਼ਿਕਰ ਕਰਦਾ, ਕਦੇ ਗਾਂਧੀ ਦੇ ਸੰਘਰਸ਼ ਦੀ ਬਾਤ ਪਾਉਂਦਾ ਤੇ ਕਦੀ ਸੰਵਿਧਾਨ ਦੇ ਰਚਣਹਾਰੇ ਅੰਬੇਡਕਰ ਦੀ ਉਦਾਹਰਣ ਦਿੰਦਾ ਕਿ ਕਿਵੇਂ ਇਨ੍ਹਾਂ ਲੋਕਾਂ ਨੇ ਜ਼ਬਰ, ਜ਼ੁਲਮ ਤੇ ਸਮਾਜਿਕ ਨਾਬਰਾਬਰੀ ਵਿਰੁੱਧ ਡਾਹਢਿਆਂ ਨਾਲ ਮੱਥਾ ਲਾਇਆ । ਉਸਦੀ ਤਰਕਪੂਰਨ ਤੇ ਜੋਸ਼ੀਲੀ ਵਾਰਤਾ ਨੇ ਸਭ ਨੂੰ ਟੁੰਬਿਆ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਸ ਰੋਗ ਨੂੰ ਮਹਾਂਮਾਰੀ ਬਣਨ ਤੋਂ ਪਹਿਲਾਂ ਹੀ ਨਕੇਲ ਪਾਉਣੀ ਬਹੁਤ ਲਾਜ਼ਮੀ ਹੈ। ਉੱਚੇ ਤੇ ਨੀਵੇਂ ਦਾ ਫਰਕ ਜੋ ਅੱਜ ਵੀ ਕਈ ਖਿੱਤਿਆਂ, ਕਈ ਮਨਾਂ ਚ ਬਿਰਾਜਮਾਨ ਹੈ, ਇਸਨੂੰ ਜੜੋਂ ਪੁੱਟਣ ਲਈ ਇੱਕ ਲੋਕ ਲਹਿਰ ਦੀ ਹੋਂਦ ਸਭਨਾ ਨੇ ਮਹਿਸੂਸ ਕੀਤੀ । ਇੱਕ ਇੱਕ ਕਰਕੇ ਕਈਆਂ ਨੇ ਉਸਦੇ ਲਿਖੇ ਪੱਤਰ ਤੇ ਦਸਤਖ਼ਤ ਕਰ ਆਪੋ ਆਪਣੀ ਸਹਿਮਤੀ ਦਰਸਾਈ। ਪਤਾ ਲੱਗਣ ਤੇ ਮਿਲ ਦੀ ਯੂਨੀਅਨ ਵੀ ਹਰਕਤ ‘ਚ ਆਈ ਤੇ ਆਣ ਨਾਲ ਰਲ ਗਈ। ਯੋਧਿਆਂ ਨੂੰ ਇੱਕ ਬਹਾਦਰ ਜਰਨੈਲ, ਰਾਹ-ਦਸੇਰਾ ਟੱਕਰ ਪਿਆ ਸੀ। ਸਾਰਿਆਂ ਨੇ ਨਾਅਰਿਆਂ ਦੀ ਗੂੰਜ ‘ਚ ਇਕੱਠੇ ਹੋ ਮਿੱਲ ਦੇ ਪ੍ਰਬੰਧਕਾਂ ਅੱਗੇ ਸਾਰੀ ਗੱਲਬਾਤ ਰੱਖੀ ਤੇ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਉਤਲੇ ਦਰਜੇ ਦੇ ਕੁੱਝ ਮੈਨੇਜਰਾਂ ਦਾ ਬਿਕਰਮਜੀਤ ਨਾਲ ਖ਼ਾਸਾ ਨੇੜ ਸੀ, ਪਰ ਇਸ ਜਨ-ਸੈਲਾਬ ਅੱਗੇ ਉਹ ਕੁੱਝ ਨਾ ਕਰ ਸਕੇ ਤੇ ਮੂਕ ਦਰਸ਼ਕ ਬਣ ਤਮਾਸ਼ਾ ਦੇਖਣ ਤੱਕ ਹੀ ਸੀਮਤ ਰਹਿ ਗਏ। ਆਖਰ ਬਿਕਰਮਜੀਤ ਨੂੰ ਬੇਵੱਸ ਹੋ ਪ੍ਰਬੰਧਕਾਂ ਅੱਗੇ ਪੇਸ਼ ਹੋ ਕੇ ਲਿਖਤੀ ਰੂਪ ‘ਚ ਆਪਣੀ ਗਲਤੀ ਮੰਨਣੀ ਪਈ ਤੇ ਅਗਾਂਹ ਤੋਂ ਸੁਧਾਰ ਕਰਨ ਲਈ ਵਚਨਬੱਧਤਾ ਵੀ ਪ੍ਰਗਟਾਈ। ਮਜਦੂਰ ਵਰਗ ਦੇ ਜ਼ਿੰਦਾਬਾਦ ਮੁਰਦਾਬਾਦ ਦੇ ਨਾਅਰਿਆਂ ਨੇ ਮਿੱਲ ਦੀ ਫਿਜ਼ਾ ‘ਚ ਇੱਕ ਨਵਾਂ ਹੀ ਰੰਗ ਭਰ ਦਿੱਤਾ। ਜਨ-ਆਕ੍ਰੋਸ਼ ਨੂੰ ਮੱਠਾ ਨਾ ਪੈਂਦਾ ਦੇਖ ਬਿਕਰਮਜੀਤ ਨੂੰ ਆਖਰ ਜਨਤਾ ਮੂਹਰੇ ਪੇਸ਼ ਹੋ ਹੱਥ ਜੋੜ ਕੇ ਮੁਆਫੀ ਮੰਗਣੀ ਪਈ ਤੇ ਵਾਇਦਾ ਵੀ ਕੀਤਾ ਕਿ ਅਗਾਂਹ ਤੋਂ ਉਹ ਕਿਸੇ ਨਾਲ ਵੀ ਅਜਿਹਾ ਵਿਤਕਰਾ ਨਹੀਂ ਕਰੇਗਾ ।
ਪ੍ਰਬੰਧਕੀ ਬਲਾਕ ਤੋਂ ਮਿੱਲ ਦੇ ਮੁੱਖ ਦਰਵਾਜੇ ਤੱਕ ਮਜਦੂਰਾਂ ਦਾ ਇੱਕ ਵਿਸ਼ਾਲ ਇਕੱਠ ਜਿੱਤ ਦੀ ਖੁਸ਼ੀ ‘ਚ ਨਾਅਰੇ ਲਾਉਂਦਾ ਬਾਹਰ ਨਿਕਲਿਆ। ਮੁੱਖ ਦੁਆਰ ਦੇ ਮੂਹਰੇ ਖੁੱਲੀ ਥਾਂ ਚ ਤਿੰਨ ਕੁ ਸੌ ਬੰਦਿਆਂ ਦਾ ਇਕੱਠ ਸੀ ਤੇ ਬਿੰਦਰ ਇੱਕ ਸੂਝਵਾਨ ਨਿਧੜਕ ਜਰਨੈਲ ਵਾਂਗ ਸਾਰਿਆਂ ਨੂੰ ਸੰਬੋਧਨ ਕਰ ਰਿਹਾ ਸੀ।
“ਸਾਥੀਓ ! ਇਹ ਜਿੱਤ ਮੇਰੇ ‘ਕੱਲੇ ਦੀ ਨਹੀਂ, ਸਾਡੇ ਸਾਰਿਆਂ ਦੀ ਹੈ। ਸਮੇਂ ਸਮੇਂ ਤੇ ਸਮਾਜ ਦੇ ਠੇਕੇਦਾਰ ਆਪਣੀ ਸਹੂਲਤ ਤੇ ਅਰਾਮ ਮੁਤਾਬਕ ਵੰਡੀਆਂ ਪਾਉਂਦੇ ਰਹੇ ਹਨ ਤੇ ਇਨ੍ਹਾਂ ਵੰਡੀਆਂ ਦਾ ਸੰਤਾਪ ਸਭ ਤੋਂ ਜਿਆਦਾ ਅਸੀਂ ਗਰੀਬ- ਨਿਤਾਣੇ ਵਰਗ ਨੇਂ ਹੀ ਭੋਗਿਆ ਹੈ। ਅੱਜ ਸਮਾਂ ਬਦਲ ਚੁੱਕਾ ਹੈ ਪਰ ਜਾਬਰ ਅੱਜ ਵੀ ਕਿਤੇ ਨਾ ਕਿਤੇ ਮੌਜੂਦ ਹੈ ਤੇ ਮੌਕੇ ਦੀ ਭਾਲ ਚ ਰਹਿੰਦਾ ਹੈ। ਪਰ ਜਦੋ ਤੱਕ ਸਾਡਾ ਏਕਾ ਹੈ, ਸਾਡੇ ਏਕੇ ਚ ਨਿਰਛਲਤਾ, ਇਮਾਨਦਾਰੀ, ਸੂਝਬੂਝ ਤੇ ਸਿਆਣਪ ਹੈ, ਇਹ ਜਾਬਰ ਸਾਡਾ ਕੁੱਝ ਨਹੀਂ ਭੰਨ ਸਕਦੇ। ਸਾਡੇ ਗਰੀਬ ਲੋਕਾਂ ਦੀ, ਸਾਡੇ ਪਛੜੇ ਸਮਾਜ ਦੀ ਇਹ “ਬੰਦ ਮੁੱਠੀ” ਹੀ ਸਾਡੀ ਤਾਕਤ ਹੈ। ਦੇਖਿਓ ਕਿਤੇ ! ਕਿਸੇ ਛਲਾਵੇ ਚ ਆ ਇਸ ਮੁੱਠੀ ਨੂੰ ਖੋਲ ਨਾ ਬੈਠਿਓ। ਇਤਿਹਾਸ ਗਵਾਹ ਹੈ ਜਾਬਰ ਧਿਰ ਮਾਮੂਲੀ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਗਰੀਬ ਗੁਰਬੇ ਦੇ ਵਿਸ਼ਾਲ ਜਨਸਮੂੰਹ ਨੂੰ ਲਤਾੜਦੀ ਰਹੀ ਹੈ, ਕੋਹੰਦੀ ਰਹੀ ਹੈ, ਕਾਰਨ ਉਹ ਲੋਕ ਇੱਕਜੁੱਟ ਸੀ, ਪਰ ਅਸੀਂ ਕਦੇ ਇਕਜੁੱਟ ਨਾ ਹੋ ਸਕੇ, ਸਾਡੀਆਂ ਲੋੜਾਂ ਥੋੜਾਂ ਨੇ ਸਾਨੂੰ ਇਕਜੁੱਟ ਹੋਣ ਵੀ ਨਹੀਂ ਦਿੱਤਾ। ਪਰ ਸਮਾਂ ਦੱਸਦਾ ਹੈ ਜਦੋਂ ਅਸੀਂ ਇੱਕ ਦੂਜੇ ਦਾ ਹੱਥ ਫੜ ਸਮੇਂ ਦੀਆਂ ਚੁਣੌਤੀਆਂ ਨੂੰ ਵੰਗਾਰ ਪਾਈ, ਉਸ ਉੱਚੇ ਪੌਡੇ ਤੇ ਬੈਠਿਆਂ ਨੂੰ, ਉਨ੍ਹਾਂ ਚੁਬਾਰੇ ਵਾਲਿਆਂ ਨੂੰ ਸਾਡੀ ਗੱਲ ਸੁਣਨੀ ਪਈ ਹੈ, ਸਾਨੂੰ ਤਵੱਜੋ ਦੇਣੀ ਪਈ ਹੈ। ਹੱਕ ਐਵੇਂ ਈ ਨਹੀਂ ਮਿਲਦੇ, ਜੰਗਾਂ ਲੜਨੀਆਂ ਪੈਂਦੀਆਂ ਹਨ, ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਸਾਨੂੰ ਨਹੀਂ ਕੁੱਝ ਪ੍ਰਾਪਤ ਹੋਇਆ, ਕੋਈ ਗੱਲ ਨਹੀਂ, ਸਾਡੀ ਅਗਲੇਰੀ ਪੀੜ੍ਹੀ ਨੂੰ ਮਿਲੇਗਾ, ਉਨ੍ਹਾਂ ਨੂੰ ਨਾ ਮਿਲਿਆ, ਉਨ੍ਹਾਂ ਤੋਂ ਅਗਲਿਆਂ ਨੂੰ ਮਿਲੂ। ਜੰਗ ‘ਚ ਜਿੱਤਾਂ ਹਾਰਾਂ ਮਾਈਨੇ ਨਹੀਂ ਰੱਖਦੀਆਂ, ਸੰਘਰਸ਼ ਜਰੂਰੀ ਹੈ”
ਆਖਰੀ ਸਤਰ ਉਸ ਸ਼ੇਰ ਵਾਂਗ ਦਹਾੜ ਕੇ ਬੋਲੀ ਤੇ ਹੱਥ ਜੋੜ ਧੰਨਵਾਦ ਕਰਦਾ ਭੀੜ ਚ ਜਾ ਰਲਿਆ। ਜਨਸੈਲਾਬ ਦੇ ਨਾਅਰਿਆਂ ਦੀ ਗੂੰਜ ਦੂਰ ਅੰਬਰ ਤੀਕ ਪਸਰ ਗਈ। ਭੀੜ ਚ ਜਾ ਰਲਿਆ ਵੀ ਬਿੰਦਰ ਭੀੜ ਤੋਂ ਅਲਹਿਦਾ ਲਿਸ਼ਕ ਰਿਹਾ ਸੀ। ਰੁਮਕਦੀ ਪੌਣ ਦੀ ਇੱਕ ਟੁਕੜੀ ਉਸਦੇ ਮੱਥੇ ਦੀ ਤਰੇਲੀਆਂ ਨਾਲ ਘੁਲ ਰਹੀ ਸੀ। ਲਹਿੰਦੇ ਨੂੰ ਨੱਸੇ ਜਾਂਦੇ ਸੂਰਜ ਦੇ ਚਾਨਣ ਦੀ ਲਿਸ਼ਕੋਰ ਵਿੱਚ ਉਸਦੇ ਚਿਹਰੇ ਤੇ ਇੱਕ ਨਵੇਂ ਸੂਰਜ ਦਾ ਸਿਰਨਾਵਾਂ ਉੱਘੜ ਰਿਹਾ ਸੀ।
|||||
~ ਰਾਜਨ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)