More Punjabi Kahaniya  Posts
ਬਾਪੂ ਬੋਹੜ


ਬਾਪੂ ਬੋਹੜ….
ਗੱਲ ਸੰਨ੍ਹ 2008-09 ਦੀ ਆ…. ਅੱਸੀ ਦੇ ਦਹਾਕੇ ਤੋਂ ਕੈਨੇਡਾ ਰਹਿੰਦੇ… ਫੁੱਫੜ ਜੀ ਹੋਰਾਂ ਦੇ ਵੱਡੇ ਭਰਾ ਦੀ ਜ਼ੁਬਾਨ ਨੂੰ ਇੱਕ ਰਾਤ ਸੁੱਤੇ ਪਏ ਹੀ ਅਧਰੰਗ ਹੋ ਗਿਆ… 88-89 ਸਾਲ ਦੀ ਉਮਰ ਦਾ ਬਜ਼ੁਰਗ ਸਵੇਰ ਹੋਣ ਸਾਰ ਉੱਠਿਆ ਤਾਂ ਨਾ ਮੂੰਹ ਚੋਂ ਅਵਾਜ਼ ਨਿਕਲੇ ਤੇ ਨਾਂਹੀ ਪਾਣੀ ਦਾ ਤੁਪਕਾ ਗਲੇ ਤੋਂ ਹੇਠਾਂ ਜਾਵੇ, ਜੀਭ ਹਿੱਲਣੋ ਹੀ ਰਹਿ ਗਈ… ਬਜ਼ੁਰਗ ਜੋੜਾ ਜਦੋਂ ਦਾ ਕੈਨੇਡਾ ਆਇਆ… ਆਪਣੀ ਵਿਚਕਾਰਲੀ ਧੀ ਕੋਲ ਹੀ ਰਹਿੰਦਾ … ਤਿੰਨ ਧੀਆਂ ਤੇ ਇੱਕ ਪੁੱਤ ਦੇ ਮਾਪੇ …ਪੁੱਤ ਤਕਰੀਬਨ ਪਿਛਲੇ 50 ਸਾਲ ਤੋਂ ਇੰਗਲੈਂਡ ਤੇ ਤਿੰਨੇ ਧੀਆਂ ਕੈਨੇਡਾ ਨੇ ।
ਜਦੋਂ ਬਜ਼ੁਰਗ ਦੀ ਜ਼ੁਬਾਨ ਨੂੰ ਅਧਰੰਗ ਹੋਇਆ ਤਾਂ ਜਿਸ ਧੀ ਕੋਲ ਰਹਿੰਦਾ ਸੀ… ਧੀ ਉਸਨੂੰ ਚੁੱਕ ਹਸਪਤਾਲ ਲੈ ਗਈ… ਹਸਪਤਾਲ ਚ ਡਾਕਟਰਾਂ ਨੇ ਚੈੱਕਅਪ ਕਰ ਨਾਂਹ ਨੁੱਕਰ ਜੇਹੀ ਚ ਸਿਰ ਫੇਰ ਪੀਣ ਵਾਲੀ ਕੋਈ ਦਵਾਈ ਲਿਖ ਬਜ਼ੁਰਗ ਨੂੰ ਘਰ ਭੇਜ ਦਿੱਤਾ… । ਮੇਰੇ ਘਰ ਕੋਲ ਹੀ ਰਹਿੰਦੇ ਬਜ਼ੁਰਗ ਦੀ ਵੱਡੀ ਧੀ ਤੋਂ ਦੋਹਤੇ ਨੇ ਜਦੋਂ ਫੋਨ ਕਰ ਮੈਨੂੰ ਦੱਸਿਆ ਕਿ ਬਾਪੂ ਨਾਲ ਆਹ ਭਾਣਾ ਵਾਪਰ ਗਿਆ… ਘਰ ਪ੍ਰੀਵਾਰ ਰਿਸ਼ਤੇਦਾਰ ਸਭ ਬਜ਼ੁਰਗ ਨੂੰ ਬਾਪੂ ਕਹਿੰਦੇ ਨੇ… ਸੁਣ ਮੇਰੇ ਮਨ ਨੂੰ ਵੀ ਧੱਕਾ ਜੇਹਾ ਵੱਜਿਆ… ਸਾਰੀ ਵਿਥਿਆ ਘਰਵਾਲੀ ਨੂੰ ਸੁਣਾਈ ਤਾਂ ਪੰਜ ਸੱਤ ਕੁ ਮਿੰਟ ਦੀ ਦੂਰੀ ਤੇ ਰਹਿੰਦੇ ਬਾਪੂ ਦਾ ਪਤਾ ਲੈਣ ਲਈ ਅਸੀਂ ਦੋਨੋਂ ਜੀਅ ਓਹਨੀਂ ਪੈਰੀਂ ਦੌੜ ਗਏ… ਅੱਗੇ ਜਾ ਬਾਪੂ ਦਾ ਹਾਲ ਵੇਖਿਆ ਤਾਂ ਲਿਵਿੰਗ ਰੂਮ ਚ ਫਰਸ਼ ਤੇ ਵਿਛਾਏ ਗੱਦੇ ਤੇ ਬੈਠਾ ਬਾਪੂ ਊਂਅਅ ਆਂਆਂ ਤੋਂ ਵੱਧ ਕੁੱਝ ਬੋਲ ਹੀ ਨਹੀਂ ਪਾ ਰਿਹਾ ਸੀ… ਮੂੰਹ ਚ ਜੋ ਵੀ ਪਾਇਆ ਗਿਆ… ਦਾੜੀ ਤੇ ਲਿੱਬੜੇ ਕੱਪੜਿਆ ਰਾਹੀਂ ਮੂੰਹੋਂ ਬੋਲ ਦੱਸ ਰਿਹਾ ਸੀ ਕਿ ਬਾਪ ਦੇ ਹਾਲਤ ਕਾਫੀ ਮੰਦੀ ਆ…।
ਮੁੜ ਘਰ ਆ ਇੰਡੀਆ ਰਹਿੰਦੇ ਹੋਮਿਓਪੈਥੀ ਦੇ…. ਆਪਣੇ ਫੈਮਿਲੀ ਡਾਕਟਰ ਨਾਲ ਫੋਨ ਤੇ ਸਭ ਕਹਾਣੀ ਸਾਂਝੀ ਕੀਤੀ ਤਾਂ ਡਾਕਟਰ ਕਹਿੰਦਾ… ਕੋਈ ਗੱਲ ਨਹੀਂ, ਜਲਦ ਤੋਂ ਜਲਦ ਇਹਨਾਂ ਨੂੰ ਇੰਡੀਆ ਭੇਜ ਦਿਓ… ਇਲਾਜ ਹੋ ਜਾਊ । ਮੈਂਖਿਆ ਡਾਕਟਰ ਸਾਹਿਬ ਟਿਕਟ ਤਾਂ ਦੋਨਾਂ ਜੀਆਂ ਦੀ ਦੋ ਹਫਤੇ ਬਾਅਦ ਦੀ ਇੰਡੀਆ ਆਉਣ ਦੀ ਲਈ ਹੋਈ ਆ… । ਡਾਕਟਰ ਨੇ ਠੀਕ ਆ ਕਹਿ ਫੋਨ ਰੱਖਿਆ ਤੇ ਪੰਜ ਕੁ ਮਿੰਟ ਬਾਅਦ ਹੀ ਡਾਕਟਰ ਨੇ ਖੁਦ ਵਾਪਿਸ ਮੈਨੂੰ ਫੋਨ ਕਰ ਲਿਆ… ਡਾਕਟਰ ਕਹਿੰਦਾ, ਦੋ ਹਫਤੇ ਤਾਂ ਬਜ਼ੁਰਗ ਨੇ ਕਟਵਾਉਣੇ ਨੀ … ਬਲਗਮ ਐਨੀ ਕੁ ਵਧ ਜਾਣੀ ਆ ਕਿ ਸਾਹ ਬੰਦ ਹੋਣ ਨਾਲ ਮੌਤ ਹੋਣ ਦਾ ਖਤਰਾ ਪੱਕਾ… ਤੁਸੀ ਏਦਾਂ ਕਰੋ, ਮੈਂ ਇੱਕ ਦਵਾਈ ਲਿਖਵਾਉਂਦਾ ਹਾਂ… ਉਸਦੇ ਪੰਜ ਕੁ ਤੁਪਕੇ ਜਲਦ ਤੋਂ ਜਲਦ ਲਿਆ ਘੁੱਟ ਕੁ ਪਾਣੀ ਚ ਰਲਾ ਬਜ਼ੁਰਗ ਦੇ ਮੂੰਹ ਚ ਪਾ ਦਿਓ… ਇਹ ਦਵਾਈ ਪੰਜ ਦਿਨ ਦੇ ਵਕਫੇ ਬਾਅਦ ਦੁਆਰਾ ਦੇਣੀ ਆ…ਤੇ ਡਾਕਟਰ ਕੈਨੇਡਾ ਆਕੇ ਗਿਆ ਹੋਣ ਕਾਰਨ… ਡਾਕਟਰ ਨੇ ਇਹ ਵੀ ਦੱਸ ਦਿੱਤਾ ਕਿ ਇਹ ਦਵਾਈ… ਜੇ ਮਿਲੀ ਤਾਂ ਸਰੀ ਸ਼ਹਿਰ ਚੋਂ ਹੇਮਕੁੰਟ ਹੋਮਿਓਪੈਥਿਕ ਫਾਰਮੇਸੀ ਤੋਂ ਹੀ ਮਿਲਣੀ ਆ … ਸੁਣ ਮੈਂ ਸੋਚੀਂ ਪੈ ਗਿਆ ਕਿ ਓਦਾਂ ਭਾਵੇਂ ਜੋ ਮਰਜ਼ੀ ਹੋ ਜਾਵੇ, ਪਰ ਜੇ ਮੇਰੀ ਲਿਆਕੇ ਦਿੱਤੀ ਦਵਾਈ ਬਾਅਦ ਬਾਪੂ ਨੂੰ ਕੁਛ ਹੋ ਗਿਆ ਤਾਂ ਅਗਲਿਆ ਨੇ ਤਾਂ ਕਹਿਣਾ ਤੂੰ ਸਾਡਾ ਬਾਪੂ ਮਾਰ ਦਿੱਤਾ… ਮੈਂ ਹਾਲੇ ਖਿਆਲਾਂ ਦੀ ਦੁਚਿੱਤੀ ਚ ਹੀ ਸੀ ਕਿ ਘਰਵਾਲੀ ਕਹਿੰਦੀ ਕੀ ਹੋਇਆ… ਮੈਂਖਿਆ ਡਾਕਟਰ ਨੇ ਆਹ ਗੱਲ ਦੱਸੀ ਆ ਤੇ ਦਵਾਈ ਵੀ ਲਿਖਾਈ ਆ… ਪਰ ਜੇ ਕੋਈ ਭਾਣਾ ਵਰਤ ਗਿਆ ਤਾਂ ਅਗਲਿਆ ਨੇ ਤਾਂ ਆਪਾਂ ਨੂੰ ਫੜ ਲੈਣਾ । ਘਰਵਾਲੀ ਕਹਿੰਦੀ… ਜਦੋਂ ਆਪਣੀ ਨੀਯਤ ਸਾਫ ਆ ਤਾਂ ਚੁੱਪ ਚਾਪ ਦਵਾਈ ਲਿਆਓ ਤੇ ਬਾਪੂ ਨੂੰ ਦੇ ਦਿਓ… ਨਹੀਂ ਤਾਂ ਬਾਅਦ ਚ ਇਸ ਗੱਲ ਦਾ ਝੋਰਾ ਰਹੂ...

ਕਿ ਕੁਛ ਕਰ ਸਕਦੇ ਸੀ… ਪਰ ਡਰਦੇ ਮਾਰੇ ਕੀਤਾ ਨੀ । ਰੱਬ ਦਾ ਨਾਉਂ ਲਵੋ ਤੇ ਚੱਕੋ ਕਾਰ ਤੇ ਜਾਓ… ਜੋ ਹੋਊ… ਵੇਖੀ ਜਾਊ । ਮੈਂ ਕਾਰ ਚੱਕੀ ਤੇ ਵੈਨਕੂਵਰ ਤੋਂ ਸਿੱਧਾ ਸਰੀ ਹੇਮਕੁੰਟ ਫਾਰਮੇਸੀ ਜਾ ਪਹੁੰਚਿਆ, ਡਾਕਟਰ ਨੂੰ ਦਵਾਈ ਦੱਸੀ ਤਾਂ ਡਾਕਟਰ ਕਹਿੰਦਾ ਮੇਰੇ ਕੋਲ ਇੱਕੋ ਹੀ ਸ਼ੀਸ਼ੀ ਆ ਪੰਦਰਾਂ ਕੁ ਮਿਲੀ-ਲੀਟਰ ਦੀ ਤੇ ਓਹਦੇ ਚੋਂ ਵੀ ਥੋੜੀ ਘੱਟ ਆ, ਪਰ ਦਵਾਈ ਬਹੁਤ ਸਖਤ ਆ… ਤੁਹਾਨੂੰ ਕਾਹਦੇ ਵਾਸਤੇ ਚਾਹੀਦੀ ਆ… ਮੈਂ ਸਾਰੀ ਗੱਲ ਡਾਕਟਰ ਨੂੰ ਦੱਸੀ ਤੇ ਡਾਕਟਰ ਦਵਾਈ ਫੜਾ ਕਹਿੰਦਾ… ਤੁਹਾਨੂੰ ਤੁਹਾਡੇ ਡਾਕਟਰ ਨੇ ਦੱਸਿਆ ਹੀ ਹੋਣਾ… ਦਵਾਈ ਕਿਵੇਂ ਦੇਣੀ ਆ, ਜ਼ਰਾ ਧਿਆਨ ਨਾਲ ਵਰਤਿਓ। ਮੈਂ… ਜੀ ਸ਼ੁਕਰੀਆ ਕਹਿ ਦਵਾਈ ਲਿਆ, ਬਾਪੂ ਨੂੰ ਪਾਣੀ ਦੀ ਘੁੱਟ ਕੁ ਚ ਰਲਾ ਡਾਕਟਰ ਦੇ ਦੱਸੇ ਮੁਤਾਬਕ ਦੇ ਦਿੱਤੀ …। ਸਵੇਰ ਦਸ ਕੁ ਵਜੇ ਦੀ ਦਿੱਤੀ ਦਵਾਈ… ਤੇ ਦੁਪਿਹਰ ਬਾਅਦ ਤਿੰਨ ਚਾਰ ਕੁ ਵਜੇ ਫੋਨ ਆ ਗਿਆ… ਫੋਨ ਤੇ ਬਾਪੂ ਦੀ ਅਵਾਜ਼ ਚੋਂ ਕੋਈ ਕੋਈ ਅਲਫਾਜ਼ ਸਮਝ ਆ ਰਿਹਾ ਸੀ… ਮੈਂ ਬਾਪੂ ਨੂੰ ਕੱਲ੍ਹ ਨੂੰ ਆਉਨਾ ਕਹਿ ਫੋਨ ਰੱਖ ਦਿੱਤਾ… ਦੂਜੇ ਦਿਨ ਬਾਪੂ ਨੂੰ ਵੇਖਣ ਗਿਆ ਤਾਂ ਬਾਪੂ ਦੀ ਅਵਾਜ਼ ਪਹਿਲੇ ਦਿਨ ਨਾਲੋਂ ਥੋੜੀ ਜੇਹੀ ਹੋਰ ਸਾਫ ਹੀ ਚੁੱਕੀ ਸੀ… ਬਾਪੂ ਮੈਨੂੰ ਵੇਖਦਿਆਂ ਸਾਰ ਟੁੱਟੀ ਫੁੱਟੀ ਅਵਾਜ਼ ਚ ਦਵਾਈ ਹੋਰ ਦੇਣ ਲਈ ਕਹਿਣ ਲੱਗਿਆ… ਮੈਂ ਕਿਹਾ ਬਾਪੂ, ਡਾਕਟਰ ਨੇ ਐਨੀਂ ਜਲਦੀ ਦਵਾਈ ਲੈਣ ਤੋਂ ਮਨ੍ਹਾਂ ਕੀਤਾ… ਚੱਲ ਏਦਾਂ ਕਰਦੇ ਹਾਂ, ਕੱਲ੍ਹ ਨੂੰ ਲੈ ਲਵੀਂ ।
ਅਗਲੇ ਦਿਨ ਗਿਆ ਤਾਂ ਬਾਪੂ ਦੀ ਅਵਾਜ਼ ਚ ਹੋਰ ਫਰਕ ਪੈ ਚੁੱਕਿਆ ਸੀ… ਮੈਂ ਬਾਪੂ ਨੂੰ ਪੰਜ ਨੂੰ ਦੀ ਜਗਾਹ ਤਿੰਨ ਕੁ ਤੁਪਕੇ ਦਵਾਈ ਦਿੱਤੀ ਤੇ ਬਾਪੂ ਨੇ ਅੱਥਰੂ ਭਰੀਆਂ ਅੱਖਾਂ ਨਾਲ ਕਿਹਾ… ਪੁੱਤ ਸਾਡੀ ਦੋਹਾਂ ਜੀਆਂ ਦੀ ਪੈਨਸ਼ਨ ਬੰਦ ਕਰਵਾ ਦੇ…ਅਸੀਂ ਹੁਣ ਮੁੜ ਕੈਨੇਡਾ ਨੀ ਆਉਣਾ…। ਮੈਂ ਕਿਹਾ… ਬਾਪੂ ਯਾਰ ਤੂੰ ਤਾਂ ਐਵੇਂ ਈ ਦਿਲ ਛੱਡ ਗਿਆਂ… ਕੁਛ ਨੀ ਹੁੰਦਾ, ਸਭ ਠੀਕ ਹੋ ਜਾਣਾ… ਇੰਡੀਆ ਜਾਹ… ਡਾਕਟਰ ਨੂੰ ਮਿਲ, ਮਹੀਨੇ ਦੋ ਮਹੀਨਿਆ ਚ ਤੂੰ ਨੌ ਬਰ ਨੌ ਹੋ ਜਾਣਾ… ਇੰਗਲੈਂਡ ਤੋਂ ਤੇਰਾ ਪੁੱਤ ਇੰਡੀਆ ਪਹੁੰਚ ਰਿਹਾ… ਜਦੋਂ ਪੁੱਤ ਨੂੰ ਜੱਫੀ ਪਾ ਮਿਲੇਂਗਾ… ਸਭ ਦੁੱਖ ਟੁੱਟ ਜਾਣੇ ਆ । ਪਹਿਲਾਂ ਠੀਕ ਹੋ… ਫੇਰ ਜੋ ਕਰਨਾ ਹੋਊ, ਕਰ ਲਵੀਂ । ਬਾਪੂ ਜਦੋਂ ਦੋ ਹਫਤੇ ਬਾਅਦ ਇੰਡੀਆ ਨੂੰ ਚੜਿਆ, ਓਦੋਂ ਤੱਕ ਬਾਪੂ ਦੀ ਅੱਧਿਓ ਵੱਧ ਅਵਾਜ਼ ਠੀਕ ਹੋ ਚੁੱਕੀ ਸੀ…ਬਾਪੂ ਦੇ ਇੰਡੀਆ ਪਹੁੰਚਣ ਤੋਂ ਕੁਛ ਕੁ ਦਿਨਾਂ ਬਾਅਦ… ਮੇਰੀ ਫੋਨ ਤੇ ਗੱਲ ਹੋਈ ਤਾਂ ਇੰਗਲੈਂਡ ਤੋਂ ਇੰਡੀਆ ਪਹੁੰਚਿਆ (ਬਾਪੂ ਦਾ ਪੁੱਤ) ਮਲਕੀਤ ਬਾਈ ਕਹਿੰਦਾ… ਛੋਟੇ ਵੀਰ, ਤੈਂ ਬਾਪੂ ਨੂੰ ਬਚਾ ਲਿਆ ਯਾਰ… ਸ਼ੁਕਰੀਆ ਆ ਯਾਰ, ਮੈਂਖਿਆ ਕੋਈ ਗੱਲ ਨੀ ਬਾਈ… ਬਾਪੂ ਸਾਡਾ ਵੀ ਬਾਪੂ ਬੋਹੜ ਆ… ਅਸੀਂ ਸਭ ਵੀ ਏਸੇ ਦੀਆਂ ਫੜਾਈਆਂ ਟਾਹਣੀਆਂ ਫੜ ਫੜ ਕੈਨੇਡਾ ਪਹੁੰਚੇ ਹਾਂ… ਸਾਡਾ ਵੀ ਤਾਂ ਬਾਪੂ ਪ੍ਰਤੀ ਕੋਈ ਫਰਜ਼ ਬਣਦਾ…। ਅਕਸਰ ਅਜਮੇਰ ਬਾਈ (ਬਾਪੂ ਦਾ ਵਿਚਕਾਰਲਾ ਜਵਾਈ) ਕਹਿੰਦਾ ਹੁੰਦਾ ਕਿ ਓਸ ਬਜ਼ੁਰਗ ਨੂੰ ਕੋਈ ਨੀ ਯਾਦ ਕਰਦਾ ਜਿਸਦੇ ਪਿੱਛੇ ਹਜ਼ਾਰ ਤੋਂ ਵੱਧ ਜੀਅ ਕੈਨੇਡਾ ਆਇਆ ਬੈਠਾ…. ਬਸ ਸਭ ਆਪੋ ਆਪਣਾ ਰੌਲਾ ਪਾਉਣ ਲੱਗੇ ਹੋਏ ਨੇ ਕਿ ਮੈਂ ਫਲਾਣੇ ਦਾ ਕੀਤਾ…ਮੈਂ ਫਲਾਣੇ ਦਾ ਕੀਤਾ ।
ਹਾਲੇ ਤੱਕ ਦੋਨੋਂ ਜੀਅ ਤੰਦਰੁਸਤ ਨੇ…ਕੈਨੇਡਾ ਰਹਿ ਰਹੇ ਨੇ, ਬਾਪੂ ਕਾਗਜ਼ੀ ਕਾਰਵਾਈ ਚ ਸੌ ਸਾਲ ਤੋਂ ਵੀ ਵੱਧ ਉਮਰ ਦਾ ਪਾੜਾ ਟੱਪ ਸ਼ੈਂਕੜਾ ਮਾਰ ਗਿਆ… । ਸੋ ਗੱਲ ਸਾਰੀ ਹੀਲਾ ਵਸੀਲਾ ਬਣੇ ਦੀ ਹੁੰਦੀ ਆ… ਅੱਖ ਦੇ ਫੋਰੇ ਚ ਹੀ ਸਭ ਕੁੱਝ ਬਦਲ ਜਾਂਦੈ…
Bobby Hans

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)