ਛੋਟੀ ਕਹਾਣੀ – ਭਵਿੱਖ
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
ਮਾਂ ਸਵੇਰ ਦੀ ਉਠੀ ਨਹੀਂ ਸੀ। ਬਿਮਾਰ ਜਿਆਦਾ ਸੀ ਅਤੇ ਰਵੀ ਆਪਣੇ ਭਰਾ ਨਾਲ ਝਗੜਣ ਲੱਗਿਆ ਹੋਇਆ ਸੀ ਕਿ ਇਸ ਬਿਮਾਰੀ ਨੂੰ ਤੂੰ ਆਪਣੇ ਘਰ ਲੈ ਜਾ।
ਮਾਂ ਨੂੰ ਰੱਖਣ ਲਈ ਦੋਵੇਂ ਭਰਾਵਾਂ ਨੇ ਦਿਨ ਪੱਕੇ ਕੀਤੇ ਹੋਏ ਸਨ। ਮਹੀਨੇ ਵਿੱਚ ਪੰਦਰਾਂ ਦਿਨ ਰਵੀ ਆਪਣੇ ਕੋਲ ਰੱਖਦਾ ਸੀ ਅਤੇ ਪੰਦਰਾਂ ਦਿਨ ਵੱਡਾ ਰਮਨ ਆਪਣੇ ਕੋਲ ਰੱਖਦਾ ਸੀ। ਅੱਜ ਪੰਦਰਾਂ ਦਿਨ ਪੂਰੇ ਹੋਏ ਸਨ ਅਤੇ ਮਾਂ ਘਰੋਂ ਜਾਣ ਲਈ ਤਿਆਰ ਨਹੀਂ ਸੀ। ਓਹ ਉਠ ਜੋ ਨਹੀਂ ਸੀ ਪਾ ਰਹੀ। ਬੁਖਾਰ ਜਿਆਦਾ ਸੀ ਅਤੇ ਘਰ ਜਦੋਂ ਡਾਕਟਰ ਬੁਲਾਇਆ ਤਾਂ ਉਸਨੇ ਕਿਹਾ ਕਿ ਹੱਸਪਤਾਲ ਲੈ ਕੇ ਜਾਣਾ ਪਵੇਗਾ।
ਰਵੀ ਰਮਨ ਨਾਲ ਲੜ ਰਿਹਾ ਸੀ ਕਿ ਪੰਦਰਾਂ ਦਿਨ ਪੂਰੇ ਹੋ ਗਏ ਹਨ ਅਤੇ ਹੁੱਣ ਮਾਂ ਜੀ ਜਿੰਮੇਦਾਰੀ ਤੇਰੀ ਹੈ। ਇਸ ਲਈ ਤੂੰ ਆ ਤੇ ਮਾਂ ਨੂੰ ਹੱਸਪਤਾਲ ਲੈ ਕੇ ਜਾ। ਰਮਨ ਕਹਿ ਰਿਹਾ ਸੀ ਕਿ ਮਾਂ ਤੇਰੇ ਕੋਲ ਹੈ। ਇਸ ਲਈ ਤੂੰ ਹੱਸਪਤਾਲ ਲੈ ਕੇ ਜਾ।
ਰਵੀ ਨੂੰ ਡਰ ਸੀ ਕਿ ਐਵੇਂ ਬੁੜੀ ਮਰ-ਮਰਾ ਗਈ ਤਾਂ ਸਾਰਾ ਕੰਮ-ਧੰਦਾ ਛੱਡ ਕੇ ਪਹਿਲੋਂ ਇਦਾ ਕਜੀਆ ਕਰਨਾ ਪੈਣਾ ਹੈ। ਰਮਨ ਨੂੰ ਵੀ ਇਹੀ ਡਰ ਸੀ ਕਿ ਐਵੇਂ ਬੇਬੇ ਮੇਰੇ ਕੋਲ ਮਰ ਗਈ ਤਾਂ ਕੰਮ-ਧੰਦਾ ਛੱਡਣਾ ਪੈਣਾ ਤੇ ਖਰਚਾ ਅਲੱਗ।
ਕੋਲ ਬਿਸਤਰ ਤੇ ਪਈ ਮਾਂ ਵੀ ਆਪਣੇ ਦੋਵਾਂ ਪੁੱਤਰਾਂ ਨੂੰ ਲੜਦਿਆਂ ਨੂੰ ਸੁੱਣ ਪਾ ਰਹੀ ਸੀ। ਓਹ ਵੀ ਕਿਸੇ ਉਪਰ ਬੋਝ ਨਹੀਂ ਸੀ ਬਣਨਾ ਚਾਹੁੰਦੀ ਪਰ ਅੱਜ ਮਜਬੂਰ ਸੀ। ਕੀ ਕਰਦੀ ਕੀ ਨਾ ਕਰਦੀ। ਉਠ ਜੋ ਨਹੀਂ ਸੀ ਪਾ ਰਹੀ।
“ਰਵੀ!” ਕੰਬਦੀ ਹੋਈ ਆਵਾਜ ਵਿੱਚ ਉਸਨੇ ਆਪਣੇ ਪੁੱਤ ਨੂੰ ਆਵਾਜ ਮਾਰੀ।
“ਓ ਹਾਂ!! ਬੋਲ !!” ਰਵੀ ਭੱਖਦਾ ਹੋਇਆ ਆਪਣੀ ਮਾਂ ਕੋਲ ਨੂੰ ਹੋਇਆ।
“ਮੈਨੂੰ ਕਿਸੇ ਗੁਰੂ ਘਰ ਮੂਹਰੇ ਸੁੱਟ ਆ”। ਮਾਂ ਦੇ ਕੰਬਦੇ ਬੋਲ ਰਵੀ ਨੂੰ ਜਿਵੇਂ ਅੰਦਰੋਂ ਝੰਜੋੜ ਗਏ।
ਓਹ ਮੱਥੇ ਤੇ ਤਿਓੜੀਆਂ ਪਾਈ ਆਪਣੀ ਮਾਂ ਵੱਲ ਦੇਖਦਾ ਰਿਹਾ। ਮਾਂ ਦੇ ਇੰਨਾ ਬੋਲਾਂ ਨੇ ਰਵੀ ਦਾ ਅੰਦਰ ਸਾੜ ਦਿੱਤਾ ਸੀ।
“ਤੂੰ ਔਖਾ ਨਾ ਹੋਵੀਂ ਪੁੱਤ”। ਮਾਂ ਫਿਰ ਬੋਲੀ।
ਰਵੀ ਦੀਆਂ ਅੱਖਾਂ...
ਸਾਹਮਣੇ ਆਪਣਾ ਆਉਣ ਵਾਲਾ ਭਵਿੱਖ ਘੁੰਮਣ ਲੱਗਿਆ। ਉਸਦਾ ਪੁੱਤ ਗੌਰਵ ਵੀ ਇਸੇ ਤਰਾਂ ਉਸ ਨੂੰ ਬਿਮਾਰ ਪਏ ਨੂੰ ਹੱਸਪਤਾਲ ਲਿਜਾਣ ਤੋਂ ਆਨਾ-ਤਾਨੀ ਕਰ ਰਿਹਾ ਹੈ। ਅਤੇ ਰਵੀ ਦਰਦ ਸਹਾਰਦਾ ਹੋਇਆ ਬਿਸਤਰ ਤੇ ਪਿਆ ਇਹੀ ਸੋਚੀ ਜਾਂਦਾ ਹੈ ਕਿ ਕਦੋਂ ਕੋਈ ਉਸਨੂੰ ਹੱਸਪਤਾਲ ਲੈ ਜਾਵੇ।
ਰਵੀ ਕੰਬ ਗਿਆ। ਪਲ ਭਰ ਚ ਹੀ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਰਵੀ ਨੂੰ ਸਮਝ ਆਇਆ ਕਿ ਬੁਢਾਪਾ ਉਸ ਉਪਰ ਵੀ ਆਓਣਾ ਹੈ।
“ਨਹੀਂ ਮਾਂ! ਤੂੰ ਚੱਲ ਮੇਰੇ ਨਾਲ”। ਰਵੀ ਦੇ ਮੂੰਹੋਂ ਇਕਦਮ ਨਿਕਲਿਆ।
ਕੋਲ ਖੜੀ ਰਵੀ ਦੀ ਪਤਨੀ ਸੁਮਨ ਆਪਣੇ ਪਤੀ ਦਾ ਇਹ ਬਦਲਿਆ ਰੂਪ ਦੇਖ ਕੇ ਹੈਰਾਨ ਹੋਈ। ਰਵੀ ਮਾਂ ਨੂੰ ਹੱਸਪਤਾਲ ਲੈ ਗਿਆ ਅਤੇ ਉਸਦਾ ਇਲਾਜ ਕਰਵਾਇਆ।
“ਮਾਂ ਨੂੰ ਵਾਰ-ਵਾਰ ਇਧਰ-ਓਧਰ ਕਰਨਾ ਠੀਕ ਨਹੀਂ ਵੀਰ। ਮਾਂ ਅੱਜ ਤੋਂ ਮੇਰੇ ਕੋਲ ਹੀ ਰਹੇਗੀ। ਤੇਰਾ ਜਦੋਂ ਮੰਨ ਕਰੇ ਆ ਕੇ ਮਿਲ ਜਾਇਆ ਕਰੀਂ”। ਰਵੀ ਨੇ ਫੋਨ ਤੇ ਆਪਣੇ ਭਰਾ ਰਮਨ ਨੂੰ ਕਿਹਾ।
ਮਾਂ ਦੀ ਤਬੀਅਤ ਹੁੱਣ ਠੀਕ ਸੀ। ਰਵੀ ਉਸਨੂੰ ਮਿਲਿਆ। ਉਸਦੇ ਸਾਹਮਣੇ ਹੱਥ ਜੋੜ ਲਏ। ਮਾਫੀਆਂ ਮੰਗਣ ਲੱਗਿਆ। ਮਾਂ ਨੇ ਸਿਰ ਉਪਰ ਹੱਥ ਧਰਿਆ।
“ਦੋਬਾਰਾ ਨੀ ਕਰਦਾ ਮਾਂ! ਦੋਬਾਰਾ ਨੀ ਮੈਂ ਕਰਦਾ। ਬੱਸ ਤੂੰ ਮੈਨੂੰ ਕੋਈ ਬਦਅਸੀਸ ਨਾ ਦਵੀਂ!!” ਰਵੀ ਰੋਂਦਾ ਹੋਇਆ ਬੋਲ ਰਿਹਾ ਸੀ।
ਕਹਿੰਦੇ ਲੋਕ ਆਪਣਾ ਭਵਿੱਖ ਨਹੀਂ ਦੇਖ ਸਕਦੇ। ਸ਼ਾਇਦ……….ਰਵੀ ਨੇ ਉਸ ਇਕ ਪਲ ਵਿੱਚ ਆਪਣਾ ਆਉਣ ਵਾਲਾ ਭਵਿੱਖ ਦੇਖ ਲਿਆ ਸੀ।
“ਮੈਂ ਬਿਮਾਰ ਪਿਆ ਹਾਂ। ਤੇ ਗੌਰਵ ਮੇਰੇ ਨਾਲ ਲੜ ਰਿਹਾ ਹੈ ਕਿ ਰੋਜ ਰੋਜ ਤੈਨੂੰ ਸਾਂਭਾ ਕਿ ਕੰਮ ਕਰਾਂ! ਤੇ ਮੈਂ ਬੁਖਾਰ ਵਿੱਚ ਤਪਦਾ ਹੋਇਆ ਮਾਂ ਨੂੰ ਯਾਦ ਕਰ ਰਿਹਾ ਹਾਂ”। ਰਵੀ ਨੇ ਆਪਣੀ ਪਤਨੀ ਸੁਮਨ ਨੂੰ ਕਿਹਾ, “ਮੈਂ! ਮੈਂ ਬੁੱਢਾ ਹੋ ਕੇ ਰੁਲਣਾ ਨੀ ਚਾਹੁੰਦਾ! ਸੁਮਨ ਮੈਂ ਆਪਣੇ ਫਿਊਚਰ ਚ ਕੰਡੇ ਨੀ ਬੀਜਣੇ!!!”
ਰਵੀ ਹੰਝੂ ਵਹਾਂਓਦਾ ਹੋਇਆ ਬੋਲੀ ਜਾ ਰਿਹਾ ਸੀ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ