ਰੇਲਵੇ ਸਟੇਸ਼ਨ ਦੇ ਬਾਹਰ ਸੜਕ ਦੇ ਕਿਨਾਰੇ ਇੱਕ ਭਿਖਾਰੀ ਕਟੋਰਾ ਲੈ ਕੇ ਬੈਠਦਾ ਸੀ,ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਟੋਰੇ ਵਿੱਚ ਜਮਾਂ ਕੀਤੇ ਸਿੱਕਿਆਂ ਨੂੰ ਹਿਲਾਉਂਦਾ ਰਹਿੰਦਾ ਅਤੇ ਜੋ ਆਵਾਜ਼ ਪੈਦਾ ਹੁੰਦੀ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ।
ਆਉਦੇ ਜਾਂਦੇ ਲੋਕ ਕਟੋਰੇ ਵਿੱਚ ਸਿੱਕੇ ਸੁੱਟਦੇ ਤੇ ਅਗਾਂਹ ਤੁਰ ਜਾਂਦੇ। ਅੱਜ ਵੀ ਉਹ ਹਰ ਰੋਜ਼ ਦੀ ਤਰ੍ਹਾਂ ਕਟੋਰੇ ਵਿੱਚ ਪਏ ਸਿੱਕਿਆਂ ਨੂੰ ਹਿਲਾ ਕੇ ਭੀਖ ਮੰਗ ਰਿਹਾ ਸੀ ਤੇ ਨਾਲ ਹੀ ਕੁਝ ਬੋਲ ਰਿਹਾ ਸੀ।ਤਦ ਹੀ ਇੱਕ ਵਿਅਕਤੀ ਉੱਥੇ ਆਉਦਾ ਹੈ ਤੇ ਭਿਖਾਰੀ ਦੇ ਕੋਲ ਰੁੱਕ ਜਾਂਦਾ ਹੈ। ਉਸ ਦੀ ਨਜ਼ਰ ਭਿਖਾਰੀ ਦੇ ਕਟੋਰੇ ਤੇ ਸੀ, ਉਹ ਇੱਕ ਟਕ ਕਟੋਰੇ ਵੱਲ ਵੇਖ ਰਿਹਾ ਸੀ ਫਿਰ ਉਸ ਨੇ ਆਪਣੀ ਜੇਬ ਵਿਚੋਂ ਸੌ ਸੌ ਦੇ ਨੋਟ ਕੱਢੇ ਤੇ ਗਿਣਨੇ ਸ਼ੁਰੂ ਕਰ ਦਿੱਤੇ। ਭਿਖਾਰੀ ਵੀ ਉਸ ਨੂੰ ਨੋਟ ਗਿਣਦੇ ਵੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਸ਼ਾਇਦ ਉਹ ਕੋਈ ਛੋਟਾ ਨੋਟ ਉਸ ਨੂੰ ਦੇਣ ਦੇ ਲਈ ਲੱਭ ਰਿਹਾ ਹੋਵੇ।
ਤਦ ਉਸ ਵਿਅਕਤੀ ਨੇ ਭਿਖਾਰੀ ਨੂੰ ਕਿਹਾ ਕਿ ਜੇ ਮੈਂ ਤੈਨੂੰ ਇੱਕ ਹਜ਼ਾਰ ਰੁਪਿਆ ਦੇਵਾਂ ਤਾਂ ਕੀ ਤੂੰ ਆਪਣਾ ਇਹ ਕਟੋਰਾ ਮੈਨੂੰ ਦੇ ਸਕਦਾ ਹੈ?
ਭਿਖਾਰੀ ਅਜੇ ਸੋਚ ਹੀ ਰਿਹਾ ਸੀ ਕਿ ਉਸ ਆਦਮੀ ਨੇ ਦੋ ਹਜ਼ਾਰ ਦਾ ਨੋਟ ਕੱਢ ਕੇ ਭਿਖਾਰੀ ਨੂੰ ਦੇ ਦਿੱਤਾ।
ਭਿਖਾਰੀ ਅਚੰਭਿਤ ਹੋਇਆ ਤੇ ਆਪਣਾ ਕਟੋਰਾ ਉਸ ਵਿਅਕਤੀ ਨੂੰ ਫੜਾ ਦਿੱਤਾ। ਵਿਅਕਤੀ ਨੇ ਉਹ ਕਟੋਰਾ ਫੜਿਆ ਤੇ ਆਪਣੇ ਬੈਗ ਵਿੱਚ ਪਾ ਕੇ ਤੇਜ਼ੀ ਨਾਲ ਸ਼ਟੇਸ਼ਨ ਵੱਲ ਚਲਾ ਗਿਆ।
ਦੂਜੇ ਪਾਸੇ ਭਿਖਾਰੀ ਵੀ ਆਪਣਾ ਸਮਾਨ ਇਕੱਠਾ ਕਰਕੇ ਉੱਥੋਂ ਚਲਦਾ ਬਣਿਆ, ਉਹ ਸੋਚ ਰਿਹਾ ਸੀ ਕਿ ਕਿਤੇ ਉਹ ਆਦਮੀ ਆਪਣਾ ਮਨ ਨਾ ਬਦਲ ਲਵੇ ਤਾਂ ਇਸ ਤੋਂ ਪਹਿਲਾਂ ਕਿ ਉਹ ਵਾਪਿਸ ਆਏ , ਉਹ ਹੱਥ ਆਏ ਪੈਸਿਆਂ ਨੂੰ ਨਹੀਂ ਜਾਣ ਦੇਵੇਗਾ। ਇਸੇ ਡਰ ਕਾਰਣ ਭਿਖਾਰੀ ਨੇ ਫੈਸਲਾ ਲਿਆ ਕਿ ਉਹ ਦੁਆਰਾ ਇਸ ਸ਼ਟੇਸ਼ਨ ਤੇ ਭੀਖ ਮੰਗਣ ਨਹੀਂ ਆਵੇਗਾ। ਉਹ ਖੁਸ਼ ਸੀ ਕਿ ਜਿਸ ਕਟੋਰੇ ਵਿੱਚ ਉਹ ਭੀਖ...
ਮੰਗਦਾ ਸੀ ਅੱਜ ਉਹੀ ਕਟੋਰਾ ਦੋ ਹਜ਼ਾਰ ਦਾ ਵਿਕ ਗਿਆ। ਉਹ ਕਟੋਰੇ ਦਾ ਕੀ ਕਰੇਗਾ? ਭਿਖਾਰੀ ਸੋਚ ਰਿਹਾ ਸੀ ।
ਉੱਧਰ ਦੋ ਹਜ਼ਾਰ ਦਾ ਕਟੋਰਾ ਖਰੀਦਣ ਵਾਲਾ ਵਿਅਕਤੀ ਵੀ ਟਰੇਨ ਵਿੱਚ ਬੈਠ ਗਿਆ। ਉਹ ਆਪਣੇ ਬੈਗ ਦੀ ਜਿੱਪ ਖੋਲ ਕੇ ਵਾਰ ਵਾਰ ਇਹ ਚੈੱਕ ਕਰ ਰਿਹਾ ਸੀ ਕਿ ਸਭ ਠੀਕ ਤਾਂ ਹੈ।
ਇੱਕ ਵਾਰ ਫਿਰ ਉਸ ਨੇ ਬੈਗ ਵਿੱਚ ਹੱਥ ਪਾਇਆ ਤੇ ਕਟੋਰੇ ਦੇ ਵਜ਼ਨ ਦਾ ਅੰਦਾਜ਼ਾ ਲਗਾਇਆ, ਘੱਟ ਤੋਂ ਘੱਟ ਅੱਧਾ ਕਿਲੋ ਤਾਂ ਹੋਵੇਗਾ, ਆਪਣੇ ਆਪ ਨਾਲ ਸਵਾਲ ਕਰ ਰਿਹਾ ਸੀ।
ਉਸ ਨੇ ਪੂਰੀ ਜ਼ਿੰਦਗੀ ਧਾਤੂਆਂ ਦਾ ਕੰਮ ਕੀਤਾ ਸੀ, ਉਸ ਨੇ ਜਦੋਂ ਭਿਖਾਰੀ ਦੇ ਹੱਥ ਉਹ ਕਟੋਰਾ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ, ਸੋਨੇ ਦਾ ਕਟੋਰਾ! ਤੇ ਲੋਕ ਇਸ ਵਿੱਚ ਇੱਕ ਦੋ ਰੁਪਏ ਦੇ ਸਿੱਕੇ ਪਾ ਰਹੇ ਹਨ। ਉਸ ਦੀ ਸੁਨਿਆਰ ਵਾਲੀ ਅੱਖ ਨੇ ਮੈਲੇ ਤੇ ਮਿੱਟੇ ਨਾਲ ਲਿਬੜੇ ਕਟੋਰੇ ਨੂੰ ਪਹਿਚਾਣ ਲਿਆ ਸੀ। ਨਾ ਭਿਖਾਰੀ ਨੂੰ ਉਸ ਕਟੋਰੇ ਦੀ ਕੀਮਤ ਦਾ ਪਤਾ ਸੀ ਤੇ ਨਾ ਹੀ ਸਿੱਕੇ ਪਾਉਣ ਵਾਲੇ ਲੋਕਾਂ ਨੂੰ।
ਭਿਖਾਰੀ ਦੋ ਹਜ਼ਾਰ ਰੁਪਏ ਨਾਲ ਖੁਸ਼ ਸੀ ਤੇ ਸੁਨਿਆਰ ਕਟੋਰਾ ਪਾ ਕੇ ਕਿਉਂ ਕਿ ਉਸ ਨੇ ਲੱਖਾਂ ਦੀ ਕੀਮਤ ਦਾ ਕਟੋਰਾ ਸਿਰਫ਼ ਦੋ ਹਜ਼ਾਰ ਰੁਪਏ ਵਿੱਚ ਖਰੀਦ ਲਿਆ ਸੀ।
ਅੰਤ ਵਿੱਚ ਇਸ ਕਹਾਣੀ ਦਾ ਸਾਰ ਜੋ ਮੈਂ ਕਹਿਣਾ ਚਾਹ ਰਿਹਾ ਸੀ ਕਿ ਇਹ ਮਨੁੱਖੀ ਦੇਹ, ਇਸ ਅਨਮੋਲ ਖਜ਼ਾਨੇ ਦੀ ਮਹੱਤਤਾ ਨੂੰ ਅਸੀਂ ਭੁੱਲੀ ਬੈਠੇ ਹਾਂ ਤੇ ਉਸ ਕਟੋਰੇ ਦੀ ਤਰ੍ਹਾਂ ਖੜਕਾ ਕੇ ਕੌਡੀਆਂ ਇੱਕੱਠੇ ਕਰਨ ਵਿੱਚ ਲੱਗੇ ਹੋਏ ਹਾਂ।
ਇਹ ਮਨੁੱਖੀ ਜਾਮਾ ਚੌਰਾਸੀ ਲੱਖ ਜੂਨਾਂ ਭੋਗਣ ਤੋਂ ਬਾਅਦ ਮਿਲਿਆ ਹੈ, ਇਸ ਨੂੰ ਇਸ ਤਰ੍ਹਾਂ ਵਿਅਰਥ ਨਾ ਗੁਆਉ। ਹਰ ਵੇਲੇ ਉਸ ਪ੍ਰਮਾਤਮਾ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਇਸ ਮਰਨ ਜੰਮਣ ਦੇ ਚੱਕਰਾਂ ਤੋਂ ਬਾਹਰ ਨਿਕਲ ਸਕਾਂਗੇ।
ਡਾ. ਸੁਮਿਤ