More Punjabi Kahaniya  Posts
ਚੜ੍ਹਦੀ ਕਲਾ ਦੀ ਅਰਦਾਸ


ਔਰੰਗਜੇਬ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ..
ਸੰਗੀਤ ਪ੍ਰੇਮੀਆਂ ਨੇ ਉਸਦੀ ਜਮੀਰ ਨੂੰ ਟੁੰਬਣ ਅਤੇ ਗਲਤੀ ਦਾ ਇਹਸਾਸ ਕਰਵਾਉਣ ਦਾ ਤਰੀਕਾ ਲੱਭਿਆ..!
ਜਨਾਜੇ ਤੇ ਢੋਲਕੀਆਂ ਛੈਣੇ ਅਤੇ ਹੋਰ ਸਾਜੋ ਸਮਾਨ ਰੱਖ ਲਿਆ ਅਤੇ ਓਧਰ ਨੂੰ ਹੋ ਤੁਰੇ ਜਿਥੋਂ ਔਰੰਗੇ ਨੇ ਲੰਘਣਾ ਸੀ..!
ਟਾਕਰਾ ਹੋਇਆ ਤਾਂ ਪੁੱਛਣ ਲੱਗਾ ਇਹ ਕੀ ਹੈ?
ਅੱਗੋਂ ਆਖਣ ਲੱਗੇ ਜਹਾਂ-ਪਨਾਹ ਇਹ ਸੰਗੀਤ ਦਾ ਜਨਾਜਾ ਹੈ..ਇਸਨੂੰ ਦਫ਼ਨ ਕਰਨ ਚੱਲੇ ਹਾਂ!
ਆਖਣ ਲੱਗਾ..ਬਹੁਤ ਅੱਛੇ..ਇਸਨੂੰ ਜਰਾ ਡੂੰਗਾ ਦਫ਼ਨ ਕਰਿਓ..ਕਾਫ਼ਿਰ ਮੁੜ ਕੇ ਬਾਹਰ ਨਾ ਨਿੱਕਲ ਆਵੇ!
ਸਖਤ ਦਿਲ ਹਾਕਮਾਂ ਅੱਗੇ ਅਪੀਲਾਂ ਦਲੀਲਾਂ ਕੋਈ ਖਾਸ ਅਸਰ ਨਹੀਂ ਕਰਦੀਆਂ!
ਇੱਕ ਹੋਰ ਦਿਲ ਟੁੰਬਵੀਂ ਕਹਾਣੀ ਪੜੀ..
ਬਾਪ ਕਾਰੋਬਾਰੀ..
ਪਹਿਲਾਂ ਚੋਖੇ ਵਿਆਜ ਤੇ ਕਰਜਾ ਦੇ ਦਿੰਦਾ..
ਫੇਰ ਨਾ ਮੋੜਿਆ ਜਾਂਦਾ ਤੇ ਜਮੀਨ ਲਿਖਵਾ ਲਿਆ ਕਰਦਾ!
ਇੱਕ ਦਿਨ ਕਚਹਿਰੀ ਲੈ ਗਿਆ..ਅਖ਼ੇ ਕਿਸੇ ਦੀ ਜਮੀਨ ਲਿਖਾਉਣੀ ਏ..
ਹਮਾਤੜ ਨੇ ਕਾਗਤ ਤੇ ਅੰਗੂਠਾ ਲਾਉਣ ਲਈ ਅੰਗੂਠੇ ਤੇ ਦਾਬ ਲਾਈ..ਭਾਰ ਮੇਰੇ ਦਿਲ ਤੇ ਪਈ ਜਾਵੇ..!
ਫੇਰ ਅੰਗੂਠੇ ਤੋਂ ਕਾਲੀ ਸਿਆਹੀ ਹਟਾਉਣ ਲਈ ਲਿੱਬੜਿਆ ਅੰਗੂਠਾ ਕੋਲ ਹੀ ਕੰਧ ਤੇ ਰਗੜ ਦਿੱਤਾ!
ਗਹੁ ਨਾਲ ਵੇਖਿਆ..ਓਥੇ ਅੰਗੂਠਿਆਂ ਦੇ ਹੋਰ ਵੀ ਕਿੰਨੇ ਸਾਰੇ ਨਿਸ਼ਾਨ..!
ਕੰਮ ਨੇਪਰੇ ਚੜਿਆ ਤਾਂ ਡੈਡੀ ਗਵਾਹੀ ਦੇਣ ਲਿਆਂਦੇਆਂ ਨਾਲ ਠੇਕੇ ਜਾ ਵੜਿਆ..
ਉਹ ਹਮਾਤੜ ਪਿੰਡ ਨੂੰ ਜਾਂਦੇ ਟਾਂਗੇ ਤੇ ਚੜ ਗਿਆ..
ਤੇ ਮੈਂ ਓਥੇ ਹੀ ਖਲੋਤਾ ਰਹਿ ਗਿਆ..ਉਸ ਲੁੱਟੇ ਪੁੱਟੇ ਦੀ ਉੱਡਦੀ ਹੋਈ ਦਾਸਤਾਨ ਨੂੰ ਵੇਖਣ!

ਆਖਿਆ ਕਰਦਾ ਤੇਰੀ ਜਾਇਦਾਤ ਬਣਾ ਰਿਹਾ..ਖੁਸ਼ ਹੋਇਆ ਕਰ..!
ਪਰ ਮੈਨੂੰ ਲਿਬੜੇ ਹੋਏ ਅੰਗੂਠਿਆਂ ਵਾਲਿਆਂ ਦੀਆਂ ਗਿੱਲੀਆਂ ਅੱਖੀਆਂ ਵਿਚੋਂ ਬਰਬਾਦੀ ਦਿਸਦੀ..!
ਸਾਰੀ ਉਮਰ ਆਖਦਾ ਰਿਹਾ ਜਜਬਾਤੀ ਹੋਵੇਂਗਾ ਤੇ ਕਦੇ ਵਿਓਪਾਰੀ ਨਹੀਂ ਬਣ ਸਕੇਂਗਾ..
ਵਿਓਪਾਰੀ ਉਹ ਜਿਹੜਾ ਅਗਲੇ ਦੀਆਂ ਹੱਡੀਆਂ ਤੱਕ ਪੀੜ ਕੇ ਵੀ ਆਪਣੀ ਰਕਮ ਵਸੂਲੇ..!

ਦੋਸਤੋ ਦਿੱਲੀ ਤੇ ਵੀ ਇਸ ਵੇਲੇ ਵਿਓਪਾਰੀ ਕਾਬਜ ਨੇ..
ਉਹ ਵਿਓਪਾਰੀ ਜਿਹਨਾਂ ਅਗਲੇ ਵੱਡੇ ਮਗਰਮੱਛਾਂ ਕੋਲੋਂ ਪੈਸੇ ਚੁੱਕੇ ਨੇ..
ਓਹਨਾ ਨੂੰ ਮਰੇ ਦੀ ਕੋਈ ਪੀੜ ਨਹੀਂ..ਕੋਈ ਦਰਦ ਨਹੀਂ..ਕੋਈ ਝੋਰਾ ਨਹੀਂ..ਕਿਸੇ ਖ਼ੁਦਕੁਸ਼ੀ ਨੋਟ ਦਾ..
ਨਾ ਹੀ ਸੰਗ ਸ਼ਰਮ ਹੈ ਕੇ ਦੁਨੀਆ ਕੀ ਆਖੂੰ..ਬੰਦਾ ਚੋਂਕ ਵਿਚ ਅਲਫ਼ ਨੰਗਾ ਹੋ ਜਾਵੇ ਤਾਂ ਲੋਕ ਰਾਹ ਬਦਲ ਲੈਂਦੇ ਨੇ!
ਕੋਈ ਮਰੇ ਤੇ ਭਾਵੇਂ ਜੀਵੇ..ਸੁਥਰਾ ਘੋਲ ਪਤਾਸੇ ਪੀਵੇ..

ਓਹਨਾ ਅੱਗੇ ਲਿਲਕੜੀਆਂ ਤਰਲੇ ਹਾਵਿਆਂ ਅਪੀਲਾਂ ਦਲੀਲਾਂ ਦਾ ਕੋਈ ਅਸਰ ਨਹੀਂ!
ਰੱਬ ਦਾ ਵਾਸਤਾ ਇਹਨਾਂ ਵਿਓਪਾਰੀਆਂ ਦੀ ਦੁਖਦੀ ਰਗ ਪਛਾਣੋਂ..
ਫੇਰ ਸੇਰ ਨੂੰ ਸਵਾ ਸਿਰ ਬਣ ਕੇ ਟੱਕਰੋ..ਕਿਓੰਕੇ ਜੇ ਇਸ ਵਾਰ ਨਹੀਂ ਤਾਂ ਫੇਰ ਕਦੀ ਨਹੀਂ..!

ਮੋਤਬੇਰਾਂ ਅੱਗੇ ਇੱਕ ਹੱਥ ਬੰਨ ਬਿਨਤੀ..
ਬੇਲਗਾਮ ਹੋਈ ਫਿਰਦੀ ਲੀਡਰਸ਼ਿਪ ਨੂੰ ਨੱਥ ਪਾ ਕੇ...

ਰੱਖੋ..
ਮੀਟਿੰਗ ਮੁੱਕਦੀ ਬਾਅਦ ਵਿਚ ਇਹਨਾਂ ਚੌਧਰੀਆਂ ਦਾ ਬਿਆਨ ਪਹਿਲਾਂ ਆ ਜਾਂਦਾ..!

ਅਖ਼ੇ ਮਰ ਗਿਆ ਨੂੰ ਸ਼ਰਧਾਂਜਲੀ ਭੇਂਟ ਕਰ ਦਿੱਤੀ..ਕਿੰਨੀ ਵੱਡੀ ਪ੍ਰਾਪਤੀ ਏ..!

ਜੈਲਦਾਰਾਂ ਦੇ ਘਰੋਂ ਸੀਰੀ ਅਫਸੋਸ ਕਰਨ ਘੱਲ ਦਿੱਤਾ ਜਾਵੇ ਤਾਂ ਜਾਗਦੀ ਜਮੀਰ ਵਾਲੇ ਲਈ ਇੱਕ ਕਿਸਮ ਦੀ ਨਮੋਸ਼ੀ ਵਾਲੀ ਗੱਲ ਏ..
ਗੱਲ ਤੇ ਤਾਂ ਬਣਦੀ ਜੇ ਜੈਲਦਾਰ ਖੁਦ ਆਉਂਦਾ..ਟਵੀਟ ਤੱਕ ਨੀ ਕੀਤਾ ਅਗਲੇ ਨੇ!

ਕੁਝ ਦਿਨ ਪਹਿਲਾਂ..ਇੱਕ ਆਖ ਰਿਹਾ ਸੀ ਮਹਾਰਾਜੇ ਰਣਜੀਤ ਸਿੰਘ ਨੇ ਅਠਾਈ ਵਿਆਹ ਕਰਵਾਏ..!
ਇਸ ਵਾਰ ਅਖ਼ੇ ਦਿੱਲੀ ਜਿੱਤਣ ਵਾਲਾ ਬਘੇਲ ਸਿੰਘ ਅਨਾੜੀ ਸੀ!
ਮੁਰਦਾ ਬੋਲੇ ਖਫਨ ਪਾੜੇ..!

ਸਾਡੇ ਸ਼ਾਨਾ-ਮੱਤੇ ਇਤਿਹਾਸ ਅਤੇ ਬਾਂਕੇ ਸਿਰਲੱਥ ਯੋਧੇ ਅਤੇ ਜਥੇਦਾਰ ਹੀ ਲੱਭਦੇ ਇਹਨਾਂ ਨੂੰ ਆਪਣਾ ਗੁਬਾਰ ਕੱਢਣ ਨੂੰ..ਡਿੱਗੀ ਖੋਤੀ ਤੋਂ ਗੁੱਸਾ ਘੁਮਿਆਰ ਤੇ!

ਰੱਬ ਦਾ ਵਾਸਤਾ..
ਇਹਨਾਂ ਨੂੰ ਕਿਸੇ ਮਜਬੂਰੀ ਵੱਸ ਨਾਲ ਰੱਖਣਾ ਈ ਏ ਤਾਂ ਘਟੋ ਘਟ ਮੂੰਹਾਂ ਤੇ ਛਿੱਕਲੀ ਚਾੜ ਕੇ ਰੱਖੋ..!
ਸਰਵ ਪ੍ਰਮਾਣਿਤ ਬਿਆਨ ਸਿਰਫ ਇੱਕ ਅਧਿਕਾਰਿਤ ਮੈਂਬਰ ਨੂੰ ਹੀ ਦੇਣ ਦਾ ਹੱਕ ਹੋਵੇ!

ਪੂਰਾਣੀ ਗੱਲ ਏ..
ਅਕਾਲੀ ਦਿੱਲੀ ਗੱਲਬਾਤ ਲਈ ਜਾਂਦੇ ਰਹਿੰਦੇ..
ਵਾਪਿਸ ਪਰਤ ਆਖਦੇ ਦਿੱਲੀ ਦੇ ਗਲਿਆਰੇ ਸਾਡੇ ਤੇ ਜਾਦੂ ਕਰ ਦਿੰਦੇ ਨੇ..
ਅਸੀਂ ਰੀਮੋਟ ਵਾਲੇ ਖਿਡੌਣੇ ਬਣ ਜੋ ਆਖੀ ਜਾਂਦੇ ਬੱਸ ਹਾਮੀਂ ਭਰੀ ਜਾਂਦੇ!

ਓਹਨੀ ਦਿਨੀਂ ਘਰੇ ਟੈਲੀਵਜਨ ਨਹੀਂ ਸੀ ਹੁੰਦਾ..ਗਵਾਂਢ ਦੇ ਘਰ ਫਿਲਮ ਵੇਖਣ ਜਾਣੀ..!
ਅਗਲਿਆਂ ਫਿਲਮ ਮੁੱਕਣ ਸਾਰ ਸੁੱਚ ਮਰੋੜ ਦਿਆ ਕਰਨਾ..ਅਖ਼ੇ ਰੋਟੀ ਖਾਣੀ ਏ..ਕਿੰਨੀ ਜਨਤਾ ਨੂੰ ਸ਼ਰਮੋੰ-ਸ਼ਰਮੀ ਓਸੇ ਵੇਲੇ ਹੀ ਉੱਠਣਾ ਪੈਂਦਾ..!
ਇਸ ਵਾਰ ਵੀ ਏਹੀ ਆਖਿਆ ਜਾਂਦਾ ਕੇ ਲੋਕ ਨਾਲ ਗਏ ਇਹਨਾਂ ਲੀਡਰਾਂ ਨੂੰ ਭੱਜਣ ਨੀ ਦਿੰਦੇ..
ਪਰ ਜੇ ਅਗਲਿਆਂ ਫਿਲਮ ਮੁੱਕਣ ਤੋਂ ਪਹਿਲਾਂ ਹੀ ਆਨੇ ਬਹਾਨੇ ਸੁੱਚ ਨੱਪ ਦਿੱਤਾ ਤਾਂ ਹਰੇਕ ਨੂੰ ਉੱਠਣਾ ਹੀ ਪੈਣਾ..!
ਜੇ ਨਾ ਵੀ ਉੱਠੇ ਤਾਂ ਅਗਲਿਆਂ ਰਣਨੀਤੀ ਪਹਿਲਾਂ ਤਿਆਰ ਕੀਤੀ ਹੋਣੀ ਏ..ਹਲਕੇ ਵਿਚ ਨਾ ਲਵੋ..ਮਨੂੰ-ਸਮਰਿੱਧੀ ਦੇ ਚੰਡੇ ਹੋਇਆਂ ਨੂੰ..!

ਵਾਹਿਗੁਰੂ ਨਾ ਕਰੇ..ਇਸ ਵਾਰ ਰੋਂਦੇ ਕਲਪਦੇ ਖਾਲੀ ਹੱਥ ਵਾਪਿਸ ਆਉਂਦੇ ਨਾ ਤੁਹਾਡੇ ਪਰਿਵਾਰਾਂ ਕੋਲੋਂ ਵੇਖੇ ਜਾਣੇ ਓ ਤੇ ਨਾ ਹੀ ਹਜਾਰਾਂ ਕਿਲੋਮੀਟਰ ਦੂਰ ਬੈਠੇ ਬਿਨ ਮੰਗੀਆਂ ਸਲਾਹਾਂ ਦੇਣ ਵਾਲੇ ਸਾਡੇ ਵਰਗਿਆਂ ਕੋਲੋਂ!

ਆਓ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਦਸਮ ਪਿਤਾ ਦਾ ਬਖਸ਼ਿਆ ਜੈਕਾਰਾ ਛੱਡੀਏ..
ਕਿਓੰਕੇ ਇਸੇ ਜੈਕਾਰੇ ਨੇ ਅੱਟਕ ਵਰਗੇ ਦਰਿਆ ਪਾਰ ਕਰਵਾਏ ਅਤੇ ਮੁਲਤਾਨ ਦੇ ਕਿਲੇ ਵਿਚ ਪਾੜ ਪਾਇਆ ਸੀ!

ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)