ਕਹਾਣੀ …..ਦਾਰਜੀ ( ਭਾਗ 1 )
( ਸੰਨ 1953 )
ਸੋਮਵਾਰ ਦਾ ਦਿਨ ਹੈ | ਸ਼ਾਮ ਦੇ ਛੇ ਵੱਜੇ ਹਨ | ਜੋਗਿੰਦਰ ਸਿੰਘ ਸਾਇਕਲ ਤੇ ਦਫ਼ਤਰੋਂ ਘਰ ਆ ਰਿਹਾ ਹੈ | ਜਿਵੇਂ ਹੀ ਉਸ ਨੇ ਗਲੀ ਦਾ ਮੋੜ ਕੱਟਿਆ ਰਾਜੀ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ | ਜ਼ੋਰ ਜ਼ੋਰ ਦੀ ਉੱਛਲਦੀ ਹੋਈ ਤਾੜੀਆਂ ਵਜਾ ਬੋਲੀ , ” ਦਾਰਜੀ ਆ ਗਏ , ਦਾਰਜੀ ਆ ਗਏ ….. ਮੇਰੇ ਪਿਆਰੇ ਦਾਰਜੀ ਆ ਗਏ|”
ਜੋਗਿੰਦਰ ਸਿੰਘ ਨੇ ਘਰ ਦੇ ਮੁਹਰੇ ਸਾਇਕਲ ਰੋਕਿਆ ਹੀ ਸੀ ਕਿ ਆਪਣੇ ਛੋਟੇ ਛੋਟੇ ਹੱਥਾਂ ਨਾਲ ਠਹਿਰੋ ਦਾ ਇਸ਼ਾਰਾ ਕਰਦੀ ਰਾਜੀ ਆਪਣੀ ਮਿੱਠੀ ਤੇ ਪਿਆਰੀ ਜਿਹੀ ਅਵਾਜ਼ ਵਿੱਚ , ” ਠਹਿਰੋ ਦਾਰਜੀ , ਠਹਿਰੋ …..ਮੇਰਾ ਝੂਟਾ ….. ” ਧੌਣ ਢੇਡੀ ਕਰ ਆਪਣੀਆਂ ਨਿੱਕੀਆਂ ਨਿੱਕੀਆਂ ਬੁੱਲੀਆਂ ਤੇ ਹਾਸੇ ਬਿਖੇਰਦੀ , ਅੱਖਾਂ ਝਪਕਾਉਂਦੀ ਹੋਈ ਬੋਲੀ |
ਜੋਗਿੰਦਰ ਸਿੰਘ ਨੇ ਰਾਜੀ ਵੱਲ ਥੋੜੀ ਮੁਸਕਾਨ ਭਰੀ ਨਜ਼ਰ ਨਾਲ ਦੇਖਿਆ ਤੇ ਕਿਹਾ,” ਚੱਲ ਬੈਠ ਮੇਰਾ ਪੁੱਤ |” ਹੱਸਦੀ ਹੋਈ ਰਾਜੀ ਨੂੰ ਸਾਇਕਲ ਦੀ ਮੁਹਰਲੀ ਗੱਦੀ ਤੇ ਬਿਠਾਇਆ ਤੇ ਗਲੀ ਦਾ ਇੱਕ ਚੱਕਰ ਲਗਾ ਝੂਟਾ ਦਵਾਇਆ |
ਝੂਟਾ ਦਿਵਾ , ਜੋਗਿੰਦਰ ਨੇ ਰਾਜੀ ਨੂੰ ਜਦੋਂ ਸਾਇਕਲ ਤੋਂ ਨੀਚੇ ਉਤਾਰਿਆ ਤਾਂ ਉਸਨੇ ਦਾਰਜੀ ਨੂੰ ਚਿੰਬੜ ਦੋ ਨਿੱਕੀਆਂ ਨਿੱਕੀਆਂ ਪਾਰੀਆਂ ਸ਼ੁਕਰਾਨੇ ਵੱਜੋਂ ਕੀਤੀਆਂ |
ਸਾਇਕਲ ਤੇ ਝੂਟਾ ਲੈ ਕੇ ਰਾਜੀ ਦਾ ਚਿਹਰਾ ਇੰਝ ਖਿਲ ਉੱਠਿਆ ਜਿਵੇਂ ਉਸਨੇ ਪੂਰਾ ਜਗ ਜਿੱਤ ਲਿਆ ਹੋਵੇ | ਰਾਜੀ ਰੋਜ਼ ਛੇ ਵਜੇ ਘਰ ਦੇ ਬਾਹਰ ਖੜੋ ਦਾਰਜੀ ਦੇ ਦਫ਼ਤਰੋਂ ਆਉਣ ਦਾ ਇੰਤਜ਼ਾਰ ਕਰਦੀ ਤੇ ਜਦੋਂ ਜੋਗਿੰਦਰ ਸਿੰਘ ਦਫ਼ਤਰੋਂ ਆਉਂਦਾ ਉਹ ਸਾਇਕਲ ਤੇ ਬੈਠ ਇੱਕ ਝੂਟਾ ਜ਼ਰੂਰ ਲੈਂਦੀ |ਅੱਜ ਪੂਰੇ ਦੋ ਮਹੀਨੇ ਬਾਅਦ ਰਾਜੀ ਨੇ ਸਾਇਕਲ ਤੇ ਝੂਟਾ ਲਿਆ |
ਜੋਗਿੰਦਰ ਸਿੰਘ ਇੱਕ ਛੋਟੇ ਜਿਹੇ ਕਸਬੇ ਵਿੱਚ ਪਰਿਵਾਰ ਸਮੇਤ ਰਹਿੰਦਾ ਹੈ ਤੇ ਘਰ ਤੋਂ ਪੰਦਰਾਂ ਕਿਲੋਮੀਟਰ ਦੀ ਦੂਰੀ ਤੇ ਇੱਕ ਡਾਕਖਾਨੇ ਵਿੱਚ ਪੋਸਟ ਮਾਸਟਰ ਦੀ ਨੌਕਰੀ ਕਰਦਾ ਹੈ |
ਜੋਗਿੰਦਰ ਬਹੁਤ ਹੀ ਨੇਕ ਤੇ ਇਮਾਨਦਾਰ ਸੁਭਾਅ ਦਾ ਮਾਲਕ ਹੈ | ਜਿਸ ਕਾਰਨ ਪੂਰੇ ਮੁਹੱਲੇ ਵਿੱਚ ਉਸਦੀ ਇੱਕ ਅਲੱਗ ਹੀ ਪਹਿਚਾਣ ਹੈ | ਮੁਹੱਲੇ ਦੇ ਸਾਰੇ ਲੋਕ ਉਸਦੀ ਬਹੁਤ ਹੀ ਇੱਜ਼ਤ , ਸਤਿਕਾਰ ਕਰਦੇ ਹਨ|
ਰਾਜੀ ਨੂੰ ਝੂਟਾ ਦਿਵਾ ਕੇ ਜੋਗਿੰਦਰ ਨੇ ਸਾਇਕਲ ਘਰ ਦੀ ਇੱਕ ਨੁੱਕੜ ਚ ਖੜਾ ਕੀਤਾ ਤੇ ਬੂਹਾ ਖੋਲ ਅੰਦਰ ਬੈਠਕ ਚ ਮੇਜ਼ ਤੇ ਆਪਣਾ ਝੋਲਾ ਰੱਖ ਸੋਫ਼ੇ ਤੇ ਬੈਠਾ ਹੀ ਸੀ ਕਿ ‘ ਜੀਤੋ ‘ ਭੱਜ ਕੇ ਪਾਣੀ ਦਾ ਗਿਲਾਸ ਲੈ ਕੇ ਆਈ ਤੇ ਪਾਣੀ ਫੜਾਉਂਦੀ ਬੋਲੀ , ” ਦਾਰਜੀ ਪਾਣੀ | ”
ਪਾਣੀ ਦਾ ਨਾਮ ਸੁਣ ਜੋਗਿੰਦਰ ਨੂੰ ਇੱਕਦਮ ਸ਼ਰਨ ਦੀ ਯਾਦ ਆ ਗਈ | ਅੱਗੇ ਜਦੋਂ ਜੋਗਿੰਦਰ ਦਫ਼ਤਰੋਂ ਆਉਂਦਾ ਸੀ ਤਾਂ ਜੋਗਿੰਦਰ ਦੀ ਘਰਵਾਲੀ ‘ ਸ਼ਰਨ ‘ ਪਾਣੀ ਦਾ ਗਿਲਾਸ ਉਹਨੂੰ ਫੜਾਉਂਦੀ ਉਹਦਾ ਹਾਲ ਚਾਲ ਪੁੱਛਦੀ ਹੁੰਦੀ ਸੀ |
ਅੱਜ ਜੋਗਿੰਦਰ ਦੀਆਂ ਅੱਖਾਂ ਸ਼ਰਨ ਨੂੰ ਹੀ ਲੱਭ ਰਹੀਆਂ ਸਨ | ਕਾਸ਼ ! ਕਿੱਧਰੇ ਸ਼ਰਨ ਮੁੜ ਆਉਂਦੀ ….. ਕਿੰਨਾ ਖਿਆਲ ਰੱਖਦੀ ਸੀ ਮੇਰਾ ਤੇ ਬੱਚਿਆਂ ਦਾ …..ਸ਼ਰਨ ਨੂੰ ਚੇਤੇ ਕਰਦਿਆਂ ਹੀ ਅੱਖਾਂ ਚ ਹੰਝੂ ਆ ਗਏ …..ਝੱਟ ਦੇਣੀ ਜੋਗਿੰਦਰ ਨੇ ਆਪਣੇ ਹੰਝੂ ਪਲਕਾਂ ਚ ਹੀ ਰੋਕ ਲਏ |
ਭਰੇ ਗਲੇ ਨਾਲ ” ਜਿੰਦਾ ਰਹਿ ਮੇਰਾ ਪੁੱਤ | ” ਕਹਿ ਜੋਗਿੰਦਰ ਨੇ ਪਾਣੀ ਦਾ ਗਿਲਾਸ ਫੜ , ਇੱਕ ਲੰਬਾ ਸਾਹ ਭਰਿਆ ਤੇ ਘੁੱਟ ਘੁੱਟ ਪਾਣੀ ਪੀਣ ਲੱਗਾ | ਜਿਵੇਂ ਪਾਣੀ ਗਲੇ ਚੋਂ ਲੰਘਾਉਣਾ ਔਖਾ ਹੋ ਰਿਹਾ ਹੋਵੇ |
ਪਾਣੀ ਲੰਘਦਾ ਵੀ ਕਿੱਦਾਂ ??? ਅੱਜ ਜੋਗਿੰਦਰ ਨੂੰ ਆਪਣੀ ਜੀਵਨ ਸਾਥਣ ਸ਼ਰਨ ਤੋਂ ਵਿਛੜੇ ਪੂਰੇ ਦੋ ਮਹੀਨੇ ਹੋ ਗਏ ਸਨ | ਇੱਕ ਇੱਕ ਦਿਨ ਉਸਦਾ ਵਰੇ ਦੀ ਤਰਾਂ ਬੀਤ ਰਿਹਾ ਸੀ | ਰੱਬ ਨੇ ਵੀ ਤਾਂ ਕਹਿਰ ਢਾਇਆ ਸੀ ਉਸ ਤੇ |
ਸ਼ਰਨ ਦੀ ਮੌਤ ਤੇ ਦੋ ਮਹੀਨੇ ਦੀ ਛੁੱਟੀ ਲਈ ਸੀ ਦਫ਼ਤਰੋਂ | ਛੁੱਟੀ ਖਤਮ ਹੋਣ ਤੇ ਅੱਜ ਪਹਿਲੇ ਦਿਨ ਜਾ ਕੇ ਹਾਜ਼ਰੀ ਲਗਾਉਣੀ ਸੀ | ਦੋ ਮਹੀਨੇ ਬਾਅਦ ਦਫ਼ਤਰ ਦਾ ਕੰਮ -ਕਾਜ ਦੇਖਣ ਕਾਰਨ ਅੱਜ ਕੁੱਝ ਜ਼ਿਆਦਾ ਹੀ ਥੱਕ ਗਿਆ ਸੀ ਜੋਗਿੰਦਰ |
ਸੋਫ਼ੇ ਦੀ ਸੀਟ ਨਾਲ ਢਾਸਣਾ ਲਗਾ ਪਿੱਛੇ ਸਿਰ ਸੁੱਟ ਅੱਖਾਂ ਬੰਦ ਕਰ ਬੈਠਾ ਤਾਂ ਸ਼ਰਨ ਦਾ ਹੱਸਦਾ ਹੋਇਆ ਚਿਹਰਾ ਨਜ਼ਰ ਆਇਆ | ਕਿਵੇਂ ਸ਼ਰਨ ਉਸਦੇ ਦਫ਼ਤਰੋਂ ਆਉਣ ਦਾ ਇੰਤਜ਼ਾਰ ਕਰਦੀ ਹੁੰਦੀ ਸੀ |ਤੇ ਪੂਰੇ ਛੇ ਵਜੇ ਚਾਹ ਦੀ ਪਤੀਲੀ ਧਰ ਦਿੰਦੀ ਸੀ ਜਦੋਂ ਜੋਗਿੰਦਰ ਘਰ ਵੜਦਾ ਗਰਮ ਗਰਮ ਚਾਹਦਾ ਦਾ ਪਿਆਲਾ ਉਹਦੇ ਮੁਹਰੇ ” ਸਰਦਾਰ ਜੀ ਚਾਹ ” ਕਹਿ ਲਿਆ ਧਰਦੀ ਸੀ |
ਜੋਗਿੰਦਰ ਦੀ ਚੰਗੀ ਭਲੀ ਹੱਸਦੀ ਖੇਡਦੀ ਜ਼ਿੰਦਗੀ ਇੱਕ ਮਿੰਟ ਵਿੱਚ ਤਬਾਹ ਹੋ ਗਈ ਸੀ | ਰਾਜੀ …..ਰਾਜੀ ਤਾਂ ਇੱਕ ਮਿੰਟ ਵੀ ਸ਼ਰਨ ਦਾ ਵਸਾਹ ਨਹੀਂ ਸੀ ਖਾਂਦੀ |
ਸ਼ਰਨ , ਸ਼ਰਨ ਵੀ ਤਾਂ ਚੰਗੀ ਭਲੀ ਸੀ | ਕੰਮ ਕਰਦਿਆਂ ਕਦੇ ਥੱਕਦੀ ਹੀ ਨਹੀਂ ਸੀ | ਉਸ ਦਿਨ …..ਉਸ ਦਿਨ ਵੀ ਤਾਂ ਸਭ ਠੀਕ ਠਾਕ ਸੀ ਸ਼ਨੀਵਾਰ ਸਾਰੇ ਜਣੇ ਬਜ਼ਾਰ ਘੁੰਮਣ ਗਏ ਸੀ ਘਰ ਦੀ ਤੇ ਬੱਚਿਆਂ ਦੀ ਕਿੰਨੀ...
ਸਾਰੀ ਖਰੀਦਾਰੀ ਕਰਕੇ ਆਏ ਸੀ …..ਕਿੰਨੇ ਹੀ ਖੁਸ਼ ਸੀ ਸਾਰੇ ਜਣੇ ….. ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਸੀ ….. ਹੱਸਦਾ ਖੇਡਦਾ ਪਰਿਵਾਰ ਇੱਕ ਮਿੰਟ ਚ ਰੁਲ ਗਿਆ ਸੀ |
ਤੇ ਅਗਲੀ ਐਤਵਾਰ ਦੀ ਉਹ ਮਨਹੂਸ ਰਾਤ ਨੂੰ ਚੇਤੇ ਕਰ ਜੋਗਿੰਦਰ ਦੇ ਕਾਲਜੇ ਚੋਂ ਇੱਕਦਮ ਚੀਸ ਉੱਠਦੀ …..ਰੋਟੀ ਖਾ ਕੇ ਬੜੇ ਸੋਹਣੇ ਸਭ ਬੈਠੇ ਸੀ …..ਚੰਗੀ ਭਲੀ ਉਸ ਨਾਲ ਗੱਲਾਂ ਕਰਦੀ ਕਰਦੀ ਸ਼ਰਨ ਬਸ ਦੁੱਧ ਗਰਮ ਕਰ ਕੇ ਲਿਆ ਮੇਜ਼ ਤੇ ਰੱਖ , ਬੈਠਣ ਲੱਗੀ ਨੂੰ ਹੀ ਇੱਕ ਦਮ ਦਿਲ ਦਾ ਦੌਰਾ ਪਿਆ ਤੇ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਈ |
ਜਲਦੀ ਨਾਲ ਜੋਗਿੰਦਰ ਐਂਬੂਲੈਂਸ ਮੰਗਵਾ ਹਸਪਤਾਲ ਲੈ ਗਿਆ ਸੀ ਸ਼ਰਨ ਨੂੰ | ਪਰ ….. ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਉਹ ਵੀ ਕੁੱਝ ਨਹੀਂ ਸਨ ਕਰ ਪਾਏ | ਅੱਖਾਂ ਦੇ ਸਾਹਮਣੇ ਹੀ ਸਭ ਕੁੱਝ ਖਤਮ ਹੋ ਗਿਆ ਸੀ …..ਤੇ…..ਤੇ ਉਹ ਮਨਹੂਸ ਰਾਤ ਉਸਦਾ ਸਭ ਕੁੱਝ ਖੋਹ ਕੇ ਲੈ ਗਈ ਸੀ ….. ਹੁਣ …..ਬਸ ਹੁਣ ਉਹ ਗੱਲਾਂ ਤਾਂ ਸਭ ਯਾਦਾਂ ਬਣ ਰਹਿ ਗਈਆਂ ਸਨ |
” ਦਾਰਜੀ ਚਾਹ , ” ਕਹਿ ਜੀਤੋ ਨੇ ਚਾਹ ਦਾ ਪਿਆਲਾ ਜੋਗਿੰਦਰ ਅੱਗੇ ਰੱਖ ਦਿੱਤਾ | ‘ ਦਾਰਜੀ ‘ ਸੁਣ ਇੱਕਦਮ ਜੋਗਿੰਦਰ ਨੇ ਅੱਖਾਂ ਖੋਲੀਆਂ ਤੇ ਬੁੱਝੇ ਮਨ ਨਾਲ ਚਾਹ ਪੀਣ ਲੱਗਾ | ਪਰ ਚਾਹ ਕਿੱਥੋਂ ਗਲੇ ਚੋਂ ਉਤਰਦੀ ਸੀ | ਸ਼ਰਨ ਬਿਨਾਂ ਤਾਂ ਘਰ ਖਾਣ ਨੂੰ ਪੈਂਦਾ ਸੀ ਜੋਗਿੰਦਰ ਦੇ |
ਜੀਤੋ ਤਿੰਨਾਂ ਭੈਣ ਭਰਾਵਾਂ ਚੋਂ ਸਭ ਤੋਂ ਵੱਡੀ ਤੇ ਥੋੜੀ ਸਮਝਦਾਰ ਸੀ | ਤਿੰਨਾਂ ਚ ਤਿੰਨ -ਤਿੰਨ ਸਾਲ ਦਾ ਫ਼ਰਕ ਸੀ | ਜੀਤੋ ,ਬਸ ਚਾਹ ਬਣਾਉਣਾ ਸਿੱਖ ਗਈ ਸੀ ਸ਼ਰਨ ਤੋਂ | ਅਜੇ ਗਿਆਰਾਂ ਵਰਿਆਂ ਦੀ ਹੀ ਤਾਂ ਸੀ ਸਾਰੀ | ਜੱਗੀ ਅੱਠ ਸਾਲ ਦਾ ਤੇ ਰਾਜੀ ਪੰਜ ਸਾਲ ਦੀ | ਰੱਬ ਨੂੰ ਵੀ ਭੌਰਾ ਤਰਸ ਨਹੀਂ ਸੀ ਆਇਆ ਮਸੂਮ ਬੱਚਿਆਂ ਤੋਂ ਉਹਨਾਂ ਦੀ ਮਾਂ ਖੋਂਹਦੇ |
ਸ਼ਰਨ ਦੀ ਬੇਵਕਤ ਮੌਤ ਤੋਂ ਬਾਅਦ ਘਰ ਦੀ ਸਾਰੀ ਜਿੰਮੇਵਾਰੀ ਜੋਗਿੰਦਰ ਤੇ ਆ ਗਈ ਸੀ | ਬੇਸ਼ੱਕ ਸ਼ਰਨ ਦੇ ਜਾਣ ਮਗਰੋਂ ਬੱਚਿਆਂ ਦੀ ਮਾਸੀ ਤੇ ਭੂਆ ਇੱਕ ਇੱਕ ਮਹੀਨਾ ਕਟਵਾ ਗਈਆਂ ਸਨ ਪਰ ਕਿੰਨੀ ਦੇਰ ਉਹ ਵੀ ਆਪਣਾ ਘਰ ਬਾਹਰ ਛੱਡ ਇੱਥੇ ਬੈਠੀਆਂ ਰਹਿੰਦੀਆਂ |
ਬੇਵਕਤ ਹਮਸਫ਼ਰ ਦਾ ਇੰਝ ਛੱਡ ਜਾਣ ਨਾਲ ਜੋਗਿੰਦਰ ਬੁਰੀ ਤਰਾਂ ਟੁੱਟ ਚੁੱਕਾ ਸੀ | ਚਾਹ ਪੀ , ਮੂੰਹ ਹੱਥ ਧੋ ,ਕੱਪੜੇ ਬਦਲ ਜੋਗਿੰਦਰ ਨੇ ਰਾਤ ਦੀ ਰੋਟੀ ਬਣਾ ਬੱਚਿਆਂ ਦੇ ਕੋਲ ਬੈਠ ਰਾਜੀ ਦੇ ਮੂੰਹ ਚ ਬੁਰਕੀ ਪਾਈ ਤਾਂ ਜੱਗੀ ਬੋਲਿਆ , ” ਦਾਰਜੀ ਤੁਸੀਂ ਦਾਲ ਚ ਲੂਣ ਪਾਉਣਾ ਤਾਂ ਭੁੱਲ ਹੀ ਗਏ | ” ਜੀਤੋ ਭੱਜ ਕੇ ਲੂਣਦਾਨੀ ਲੈ ਕੇ ਆਈ ਤੇ ਸਭ ਦੀ ਦਾਲ ਚ ਲੂਣ ਪਾਇਆ |
ਰੋਜ਼ ਰਾਤ ਨੂੰ ਸੌਣ ਵਕਤ ਰਾਜੀ ਬੀਜੀ ਕੋਲ ਜਾਣਾ ….. ਬੀਜੀ ਕੋਲ ਜਾਣਾ ਮੈਂ ਦਾਰਜੀ …..ਬੀਜੀ ਕਿੱਥੇ ਨੇ…..??? ਦਾਰਜੀ….. ਦਾਰਜੀ , ਉਹਨਾਂ ਨੂੰ ਲੈ ਕੇ ਆਓ ….. ਉਹ ਸਾਨੂੰ ਛੱਡ ਕੇ ਕਿਉਂ ਚਲੇ ਗਏ….. ਕਿਉਂ ਚਲੇ ਗਏ ????….. ਉਹਨਾਂ ਨੂੰ ਮੇਰੀ ਯਾਦ ਨਹੀਂ ਆਉਂਦੀ …..??? ਜੋਗਿੰਦਰ ਦਾ ਕੁੜਤਾ ਖਿੱਚ ਅਨੇਕਾਂ ਸਵਾਲਾਂ ਦੀ ਝੜੀ ਲਗਾਉਂਦੀ ਤੇ ਬੀਜੀ ਕੋਲ ਜਾਣ ਦੀ ਜ਼ਿੱਦ ਕਰਦੀ ਤਾਂ ਜੋਗਿੰਦਰ ਘੁੱਟ ਉਹਨੂੰ ਗਲਵੱਕੜੀ ਪਾ ਧਾਹਾਂ ਮਾਰ ਰੋਂ ਪੈਂਦਾ | ਪੁੱਤ , ਦੱਸ ਮੈਂ ਕਿੱਥੋਂ ਲਿਆਵਾਂ ਤੇਰੀ ਬੀਜੀ ਨੂੰ ….. ਕਿੱਥੋਂ ਲਿਆਵਾਂ ???
ਜੋਗਿੰਦਰ ਆਪਣੇ ਤੇ ਰਾਜੀ ਦੇ ਹੰਝੂ ਪੂੰਝਦਿਆਂ …..ਉਹਨੂੰ ਅੰਬਰੀਂ ਤਾਰੇ ਵੱਲ ਇਸ਼ਾਰਾ ਕਰਦਾ ਹੋਇਆ ….. ਉਹ ਜਿਹੜਾ ਚੰਨ ਦੇ ਕੋਲ ਤਾਰਾ ਹੈ ਨਾ ਪੁੱਤ ! ਉਹ ….. ਉਹ ਤੇਰੀ ਬੀਜੀ ਹੈ | ਰੱਬ ਨੂੰ ਉਹਦੀ ਜ਼ਰੂਰਤ ਸੀ ….. ਇਸ ਲਈ ….. ਇਸ ਲਈ …..ਉਹ ਉਸਨੂੰ ਆਪਣੇ ਕੋਲ ਲੈ ਗਿਆ ….. | ਜੋਗਿੰਦਰ ਨੂੰ ਬੋਲਦੇ ਬੋਲਦੇ ਹੌਲ ਪੈ ਰਹੇ ਸਨ |
ਰਾਜੀ ਨੂੰ ਬੀਜੀ ਬਿਨਾਂ ਨੀਂਦ ਨਹੀਂ ਸੀ ਆਉਂਦੀ | ਉਹ ਹਮੇਸ਼ਾਂ ਬੀਜੀ ਨਾਲ ਹੀ ਗਲਵੱਕੜੀ ਪਾ ਸੋਂਦੀ ਹੁੰਦੀ ਸੀ | ਮਸਾਂ ਪਲੋਸ ਪਲੋਸ ਕੇ ਗੱਲਾਂ ਚ ਲਗਾ ਲਗਾ ਜੋਗਿੰਦਰ ਨੇ ਰਾਜੀ ਨੂੰ ਸੁਲਾਇਆ ਹੈ ….. ਜੀਤੋ ਤੇ ਜੱਗੀ ਵੀ ਦਾਰਜੀ ਤੋਂ ਲੁੱਕ ਕੇ ਰੋਂਦੇ ਰੋਂਦੇ ਪਤਾ ਨਹੀਂ ਕਿਹੜੇ ਵੇਲੇ ਸੌ ਗਏ ….. |
ਰੱਬ ਨੂੰ ਹੰਝੂ ਭਰੀਆਂ ਅੱਖਾਂ ਨਾਲ ਗਿਲਾ ਕਰਦਾ ਹੋਇਆ ਜੋਗਿੰਦਰ ਬੋਲਿਆ , ” ਰੱਬਾ …..ਮੇਰਾ ਨਹੀਂ ਤਾਂ ਇਹਨਾਂ ਭੌਰਾ ਮਾਸਾਂ ਬੱਚਿਆਂ ਤੇ ਹੀ ਥੋੜਾ ਤਰਸ ਖਾ ਲੈਂਦਾ | ” ਕਿੱਦਾਂ ਸਮਝਾਵਾਂ ਇਹਨਾਂ ਮਸੂਮਾਂ ਨੂੰ ਕਿ ….. ਕਿ ਇਹਨਾਂ ਦੀ ਬੀਜੀ ਮਰ ਗਈ ਹੈ …..ਹਾਂ ਮਰ ਗਈ ਹੈ ….. ਹੁਣ ਉਹ ਕਦੇ ਵਾਪਸ ਨਹੀਂ ਆਵੇਗੀ ….. ਕਦੇ ਵੀ ਨਹੀਂ ….ਬਹੁਤ ਰੋਇਆ ਹੈ ਉਸ ਰਾਤ ਜੋਗਿੰਦਰ |
ਕਹਾਣੀ ਦਾ ਅਗਲਾ ਭਾਗ ਕੱਲ ਨੂੰ ਜੀ …..
ਰਜਿੰਦਰ ਰੇਨੂੰ
jass
😢😢
javeerkaur
very emotional 😞