ਜਦੋਂ ਵੀ ਪੇਕੇ ਮਿਲਣ ਜਾਂ ਦੋ-ਚਿਰ ਦਿਨ ਰਹਿਣ ਜਾਣਾ ਤਾਂ ਤਾਏ ਦੀ ਨੂੰਹ ਨੇ ਘੜੀ-ਮੁੜੀ ਝਾਂਜਰਾਂ ਛਣਕਾਉਂਦੀ ਨੇ ਆਉਣਾ ਤੇ ਮੈਨੂੰ ਚਿੜਾਉਣ ਦੀ ਮਾਰੀ ਨੇ ਗੁਣ-ਗੁਣਾਉਣਾ,”ਮਾਹੀ ਮੇਰਾ ਨਿੱਕਾ ਜਿਹਾ, ਮੈਂ ਖਿੱਚ ਕੇ ਬਰੋਬਰ ਕੀਤਾ!” ਇਹਨਾਂ ਦਾ ਕੱਦ ਛੋਟਾ ਏ ਨਾ!
ਮੈਂ ਪਹਿਲਾਂ ਤਾਂ ਚੁੱਪ ਕਰੀ ਰਹੀ ਪਰ ਉਹ ਟਲਦੀ ਨਾ।
ਸਾਊ ਬਣ ਕੇ ਅੰਦਰ ਵੜਿਆ, ਮੂਰਖ ਸਮਝੇ ਮੈਥੋਂ ਡਰਿਆ।
ਤੇ ਜਿਵੇਂ ਕਹਿੰਦੇ ਨੇ ਹੱਥਾਂ ਬਾਜ ਕਰਾਰਿਆਂ ਵੈਰੀ ਹੋਣ ਨਾ ਮਿੱਤ, ਇੱਕ ਦਿਨ ਮੈਂ ਘੇਰ ਲਈ,”ਭਾਬੀ, ਕਿਸੇ ਨੇ ਲੈਲਾ ਨੂੰ ਵੀ ਕਿਹਾ ਸੀ ‘ਤੇਰਾ ਮਜਨੂੰ ਕਾਲ਼ਾ ਏ’ ਤਾਂ ਉਹਨੇ ਜਵਾਬ ਦਿੱਤਾ ਸੀ ‘ਤੇਰੀ ਦੇਖਣ ਵਾਲ਼ੀ ਅੱਖ ਨਹੀਂ।’ ਊੰ ਤਾਂ ਮੇਰਾ ਭਰਾ ਏ ਪਰ ਜੇ ਤੇਰੇ ਆਲ਼ੇ ਲੰਬੂ ਦੇ ਸਕੂਲ ਦੇ ਕਾਰਨਾਮੇ ਸੁਣਾਵਾਂ ਤਾਂ ਅੱਜੇ ਤਲਾਕ ਭਾਲੇਂਗੀ।” ਉਸ ਤੋਂ ਬਾਅਦ ਉਹ ਬੋਲੇ ਤਾਂ ਕੰਧ ਬੋਲੇ।
ਦਰਅਸਲ ਜਿੰਨ੍ਹਾਂ ਕੁੜੀਆਂ ਨੂੰ ਕੁਦਰਤ ਰੰਗ-ਰੂਪ ਦਿੰਦੀ ਏ ਉਹਨਾਂ ਦੀਆਂ ਰੀਝਾਂ ਕੁਝ ਜ਼ਿਆਦਾ ਈ ਅਸਮਾਨ ਨੂੰ ਛੂੰਹਦੀਆਂ ਹੁੰਦੀਆਂ ਨੇ, ਕੋਈ ਵਿਰਲੀ-ਵਾਂਙੀ ਭਾਵੇਂ ਬਚ ਜਾਵੇ।
ਵਿਆਹ ਤੋਂ ਬਾਅਦ ਪਹਿਲਾਂ-ਪਹਿਲ ਤਾਂ ਮੈਨੂੰ ਵੀ ਲੱਗਦਾ ਸੀ। ਪਰ ਬੰਦੇ ਦਾ ਕਿਰਦਾਰ ਹੋਰ ਸਭ ਊਣਤਾਈਆਂ ਨੂੰ ਕੱਜ ਲੈਂਦਾ ਏ। ਸਾਦਗੀ ਪਸੰਦ, ਘੱਟ ਬੋਲੜਾ ਸੁਭਾਅ ਤੇ ਜਦੋਂ ਬੋਲਣਾ ਮਜ਼ਾਲ ਕੀ ਫੁੱਲ ਨਾ ਕਿਰਨ, ਸਿਆਣੀ ਗੱਲ, ਭੈਣਾਂ-ਭਰਾਵਾਂ ਨਾਲ਼ ਖੜ੍ਹਣ ਦਾ ਮਾਦਾ, ਧੀ-ਭੈਣ ਦੀ ਸ਼ਰਮ ਮੰਨਣ ਵਾਲ਼ੀ ਅੱਖ, ਹੋਰ ਕੀ-ਕੀ ਦੱਸਾਂ? ਬਾਅਦ ਵਿੱਚ ਮੈਂ ਇਹਨਾਂ ਦੀ ਮੁਰੀਦ ਹੋ ਗਈ। ਸ਼ਾਮੀਂ ਜ਼ਰਾ ਲੇਟ ਹੋ ਜਾਣ ਤਾਂ ਮਨ ਖੁੱਸੂੰ-ਖੁੱਸੂੰ ਕਰਨ ਲੱਗ ਜਾਂਦਾ ਏ। ਹੁਣ ਲੱਗਦੈ ਮੈਨੂੰ ਆਪਣੇ ਘਰਵਾਲ਼ੇ ਨਾਲ਼ ਪਿਆਰ ਹੋ ਗਿਆ ਏ। ਇਉਂ ਲੱਗਦੈ ਜਿਵੇਂ ਮਲਬੇ ‘ਚ ਦੱਬੀ ਹੋਈ ਵੇਲ ਦੇ ਕਰੂੰਬਲਾਂ ਫੁੱਟ ਆਈਆਂ ਨੇ ਤੇ ਹੋਰ ਦੋ-ਚਾਰ ਮਹੀਨਿਆਂ ਨੂੰ ਕਲੀਆਂ ਖਿੜ...
ਪੈਣਗੀਆਂ।
ਪਿਛਲੇ ਸਾਲ ਜਦੋਂ ਅਸੀਂ ਨਵੀਂ ਗੱਡੀ ਲਈ ਤਾਂ ਮਾਂ ਤੇ ਭਾਪੇ ਨੂੰ ਮਿਲਣ ਪਿੰਡ ਚਲੇ ਗਏ। ਉਹੀ ਭਾਬੀ ਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਸੀ, ਅਚਾਨਕ ਮਾਰਾਂ ਉੱਠ ਪਈਆਂ। ਪਿੰਡ ‘ਚੋਂ ਕੋਈ ਟੈਕਸੀ ਕਿਰਾਏ ‘ਤੇ ਨਾ ਮਿਲੀ। ਇਹ ਆਪਣੀ ਗੱਡੀ ‘ਚ ਤਾਈ, ਭਾਬੀ ਤੇ ਮੈਨੂੰ ਸ਼ਹਿਰ ਲੈ ਤੁਰੇ। ਸ਼ਾਮ ਤਾਈਂ ਮੈਂ ਮੁੰਡੇ ਦੀ ਭੂਆ ਬਣ ਗਈ।
ਬੱਚੇ ਨੂੰ ਗੁੜ੍ਹਤੀ ਦੇਣ ਦੀ ਗੱਲ ਤੁਰੀ ਤਾਂ ਭਾਬੀ ਕਹਿੰਦੀ,”ਮੁੰਡੇ ਦਾ ਫੁੱਫੜ ਗੁੜ੍ਹਤੀ ਦੇਵੇ।”
“ਭਾਬੀ, ਲੰਬੜਾਂ ਦੇ ਬਿੱਕਰ ਨੂੰ ਨਾ ਬੁਲਾਵਾਂ? ਸਵਾ ਛੇ ਫੁੱਟਾ ਜਵਾਨ ਏ!”
“ਹੁਣ ਜਾਣ ਵੀ ਦੇਅ! ਮਾਫ਼ ਕਰਦੇ, ਬਾਬਾ!”
ਚਲੋ, ਜਿਨ੍ਹਾਂ ਨੂੰ ਟੈਮ ਨਾਲ ਇਹਸਾਸ ਹੋ ਜਾਂਦਾ ਏ ਉਹ ਬੰਦੇ ਵੀ ਉੱਤਮ ਨੇ, ਨਹੀਂ ਤਾਂ ਜੱਗ ਭਰਿਆ ਪਿਆ ਏ ਬੇਮੁਰੱਵਤ, ਅਕ੍ਰਿਤਘਣ, ਅਹਿਸਾਨ-ਫ੍ਰਾਮੋਸ਼ ਲੋਕਾਂ ਨਾਲ।
ਮੁੱਕਦੀ ਗੱਲ ਕਿ ਹੁਸਨ ਦਾ ਮਾਣ ਕਰਨ ਵਾਲ਼ਿਆਂ ਦਾ ਬਜ਼ਾਰ ਵਿੱਚ ਤਾਂ ਮੁੱਲ ਵੱਧ ਹੋ ਸਕਦਾ ਏ ਪਰ ਰਿਸ਼ਤਿਆਂ ਦੀ ਤੱਕੜੀ ਵਿੱਚ ਉਸਦਾ ਪੱਲੜਾ ਭਾਰੀ ਏ ਜਿਸ ਨੂੰ ਧਿਰਾਂ ਬਣ ਨਿਭਣਾ ਆਉਂਦਾ ਏ, ਬਸ਼ੱਕਦੀ ਉਹ ਦਿਖਣ ਵਿੱਚ ਬਣਦਾ-ਤਣਦਾ ਹੋਵੇ ਜਾਂ ਨਾ ਹੋਵੇ। ਸੋਹਣੀਆਂ-ਸੋਹਣੀਆਂ ਸੂਰਤਾਂ ਵਾਲ਼ੇ ਪਰ ਮਨੁੱਖੀ ਸਰੋਕਾਰਾਂ ਤੋਂ ਸੱਖਣੇ ਅਤੇ ਬੇਗੁਣੇ ਲੋਕਾਂ ਨੂੰ ਕੋਈ ਨੱਕ-ਮੂੰਹ ਨੀ ਲਾਉਂਦਾ, ਜੇ ਵਾਹ ਪੈ ਜਾਵੇ ਜ਼ਿੰਦਗੀ ਬੇਸੁਰੀ ਹੋ ਜਾਂਦੀ ਏ ਉਹਨਾਂ ਦੇ ਸੰਗ। ਜੇ ਸੱਜਣ ਸਹੇੜਣੇ ਹੋਣ, ਨਾ ਤਾਂ ਸ਼ਕਲ ਵੱਲ ਜਾਉ ਤੇ ਨਾ ਹੀ ਕੁੜਤੇ ਨੂੰ ਲੱਗੀ ਜੇਬ ਦੀ ਫੁਲਵਾਟ ਮਗਰ।
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ। ਤੇਰਾਂ ਨਵੰਬਰ, ਵੀਹ ਸੌ ਵੀਹ।