ਨਵੀਂ ਵਿਆਹ ਕੇ ਆਈ ਓਹ ਘਰ ਵਿੱਚ ਬੜਾ ਓਪਰਾ ਕਰੀ ਜਾਂਦੀ ਸੀ। ਆਪਣੇ ਪਤੀ ਨਾਲ ਤਾਂ ਉਸਦੀ ਗੱਲ ਹੁੰਦੀ ਰਹੀ ਸੀ ਫੋਨ ਉਪਰ ਪਰ ਬਾਕੀ ਪਰਿਵਾਰ ਦੇ ਜੀਆਂ ਬਾਰੇ ਉਹ ਬਹੁਤਾ ਨਹੀਂ ਜਾਣਦੀ ਸੀ। ਇਕ ਜਠਾਣੀ ਸੀ ਜੋ ਘਰ ਦੀ ਮੁਖੀ ਸੀ। ਸਹੁਰਾ ਸਾਹਿਬ ਤਾਂ ਆਪਣੇ ਕਮਰੇ ਵਿੱਚ ਹੀ ਪਾਠ-ਭਜਨ ਕਰਦੇ ਰਹਿੰਦੇ ਸਨ। ਜੇਠ ਅਤੇ ਪਤੀਦੇਵ ਦੋਵੇਂ ਦੁਕਾਨ ਤੇ ਚਲੇ ਗਏ। ਸੱਸ ਮਰੀ ਨੂੰ ਕਈ ਸਾਲ ਹੋ ਗਏ ਸਨ।
ਜਠਾਣੀ ਦਾ ਸੁਭਾਅ ਸਖਤ ਲੱਗਦਾ ਸੀ। ਵਿਆਹ ਵੇਲੇ ਵੀ ਇਹ ਬੜੀ ਅੱਗੇ ਲੱਗੀ ਫਿਰਦੀ ਰਹੀ। ਰਾਣੀ ਸੋਚ ਰਹੀ ਸੀ ਕਿ ਪਤਾ ਨਹੀਂ ਦੀਦੀ ਦਾ ਨੇਚਰ ਕਿਸ ਤਰਾਂ ਦਾ ਹੋਵੇਗਾ।
ਪਰਾਚੀ ਨਾਮ ਸੀ ਜਠਾਣੀ ਜੀ ਦਾ ਅਤੇ ਸਵੇਰ ਦੀ ਭਾਂਡੇ ਹੀ ਖੜਕਾਈ ਜਾਂਦੀ ਸੀ ਰਸੋਈ ਵਿੱਚ। ਰਾਣੀ ਤਾਂ ਵੈਸੇ ਸਾਝਰੇ ਉਠ ਗਈ ਸੀ। ਇਸੇ ਡਰ ਦੇ ਮਾਰੇ ਕਿ ਜਠਾਣੀ ਕਿਤੇ ਇਹ ਨਾ ਕਹੇ ਕਿ ਚੌਧਰ ਦੀ ਮਾਰੀ ਨਵੀਂ ਦੁਲਹਨ ਉਠਣ ਵਿੱਚ ਹੀ ਦੁਪਹਿਰ ਕਰੀ ਜਾਂਦੀ ਹੈ!
ਰਾਣੀ ਸਵੇਰੇ ਉਠ ਕੇ ਘਰ ਦੇ ਮੰਦਿਰ ਵਿੱਚ ਬੈਠ ਪੂਜਾ ਕਰਨ ਲੱਗੀ। ਫਿਰ ਉਸਨੇ ਜਾ ਕੇ ਪਰਾਚੀ ਨੂੰ ਨਮਸਤੇ ਕਰੀ ਅਤੇ ਪੈਰੀਂ ਹੱਥ ਲਾਓਣਾ ਚਾਹਿਆ ਤਾਂ ਜਠਾਣੀ ਜੀ ਪਿੱਛੇ ਹੱਟ ਗਏ। ਨਹੀਂ! ਰਹਿਣ ਦੇ ਕੋਈ ਨਾ!! ਕਹਿ ਕੇ ਓਹ ਕੰਮ ਵਿੱਚ ਰੁੱਝੀ ਰਹੀ। ਰਾਣੀ ਵਾਪਸ ਆਪਣੇ ਕਮਰੇ ਵਿੱਚ ਆ ਗਈ।
ਸੂਰਜ ਵੀ ਕਹਿ ਗਿਆ ਸੀ ਕਿ ਰਾਣੀ! ਭਾਬੀ ਮਾਂ ਨੂੰ ਕੋਈ ਸ਼ਿਕਾਇਤ ਨਾ ਹੋਵੇ! ਓਹ ਮੇਰੀ ਭਾਬੀ ਘੱਟ ਤੇ ਮਾਂ ਜਿਆਦਾ ਹੈ।
ਸੱਚ ਹੀ ਸੀ। ਸੂਰਜ ਛੋਟਾ ਜਿਹਾ ਸੀ ਜਦੋਂ ਪਰਾਚੀ ਘਰ ਵਿਆਹ ਕੇ ਆਈ ਸੀ। ਸੂਰਜ ਨੂੰ ਪਰਾਚੀ ਨੇ ਹੀ ਪਾਲਿਆ ਸੀ। ਸੂਰਜ ਆਪਣੇ ਵੱਡੇ ਭਰਾ ਨਰਾਇਣ ਦੀ ਬਹੁਤ ਇੱਜਤ ਕਰਦਾ ਸੀ ਅਤੇ ਰਾਣੀ ਨੇ ਵੀ ਹੁੱਣ ਇਹੀ ਕਰਨਾ ਸੀ।
ਸੋਨੂੰ ਨਾਮ ਦਾ ਪਰਾਚੀ ਦਾ ਇਕ ਬੇਟਾ ਸੀ ਜੋ ਘਰ...
ਵਿੱਚ ਖੇਡੀ ਜਾਂਦਾ ਸੀ। ਉਸਨੂੰ ਨਵੀਂ ਚਾਚੀ ਦੇ ਆਉਣ ਦਾ ਬੜਾ ਚਾਅ ਚੜਿਆ ਹੋਇਆ ਸੀ।
ਰਾਣੀ ਆਪਣੇ ਕਮਰੇ ਵਿੱਚ ਬੈਠੀ ਰਹੀ। ਇਸੇ ਗੱਲ ਦੀ ਡਰਦੀ ਕਿ ਦੀਦੀ ਹਜੇ ਕੰਮ ਵਿੱਚ ਹਨ। ਜਦੋਂ ਵਿਹਲੇ ਹੋਏ ਤਾਂ ਕੋਲ ਜਾ ਕੇ ਬੈਠਾਂਗੀ। ਗੱਲਾਂ ਕਰਾਂਗੀ। ਪੋਚੇ ਲਾਉਣ ਵਾਲੀ ਜਦੋਂ ਦੇਰ ਨਾਲ ਆਈ ਤਾਂ ਪਰਾਚੀ ਉਸ ਉਪਰ ਵਰ ਪਈ ਅਤੇ ਉਸਨੂੰ ਵਾਪਸ ਜਾਣ ਲਈ ਕਿਹਾ।
ਹੇ ਰਾਮ! ਦੀਦੀ ਦਾ ਗੁੱਸਾ ਤਾਂ ਬਹੁਤ ਬੁਰਾ ਹੈ! ਕਿਤੇ ਦੀਦੀ ਨੂੰ ਇਸ ਗੱਲ ਦਾ ਬੁਰਾ ਨਾ ਲੱਗ ਜਾਵੇ ਕਿ ਮੈਂ ਅੰਦਰ ਈ ਬੈਠੀ ਆ!! ਮੈਂ ਬਾਹਰ ਚਲੀ ਜਾਨੀ ਆ!
ਇਹੀ ਸੋਚਦੀ ਰਾਣੀ ਬਾਹਰ ਚਲੀ ਗਈ। ਬਾਹਰ ਵਰਾਂਡੇ ਵਿੱਚ ਬੈਠੀ ਪਰਾਚੀ ਸਬਜੀ ਕੱਟ ਰਹੀ ਸੀ।
“ਆਜਾ ਰਾਣੀ, ਆਰਾਮ ਕਰ ਹਟੀ? ਹੋਰ ਲੇਟਣਾ ਤਾਂ ਲੇਟ ਜਾ”।
“ਨਹੀਂ ਦੀਦੀ”।
“ਆਜਾ ਮੇਰੇ ਕੋਲ ਬੈਠ”।
ਪਰਾਚੀ ਨੇ ਰਾਣੀ ਨੂੰ ਆਪਣੇ ਕੋਲ ਬਿਠਾ ਲਿਆ।
“ਮੈਨੂੰ ਆਪਣੀ ਭੈਣ ਸਮਝਣਾ ਤੂੰ ਠੀਕ ਆ। ਮੈਂ ਐਵੇਂ ਨੀ ਤੈਨੂੰ ਚੁਣ ਕੇ ਲਿਆਈ ਸੂਰਜ ਵਾਸਤੇ। ਤੇਰੀ ਅੱਖ ਪੜ ਲਈ ਸੀ ਮੈਂ। ਮੈਨੂੰ ਪਤਾ ਸੀ ਇਹ ਕੁੜੀ ਮੇਰੇ ਬਣਾਏ ਇਸ ਘਰ ਨੂੰ ਹੋਰ ਸੋਹਣਾ ਸਜਾ ਦੇਊਗੀ”।
ਪਰਾਚੀ ਦੀ ਗੱਲ ਸੁੱਣ ਰਾਣੀ ਮੁਸਕੁਰਾ ਪਈ।
“ਦੀਦੀ ਮੇਰੇ ਲਈ ਤਾਂ ਤੁਸੀਂ ਈ ਮੰਮਾ ਦੀ ਜਗਾ ਓ”। ਰਾਣੀ ਬੋਲੀ।
“ਇਹ ਕਹਿ ਕੇ ਤੂੰ ਮੇਰਾ ਮੰਨ ਹਲਕਾ ਕਰਤਾ ਰਾਣੀ!” ਪਰਾਚੀ ਨੇ ਕਿਹਾ ਅਤੇ ਰਾਣੀ ਦਾ ਹੱਥ ਫੜ ਲਿਆ, “ਇਹ ਹੁੱਣ ਆਪਣੇ ਦੋਵਾਂ ਦਾ ਘਰ ਆ। ਅੱਧੀ ਜਿੰਮੇਦਾਰੀ ਮੇਰੀ! ਤੇ ਅੱਧੀ ਤੇਰੀ!”
ਕਹਿੰਦੇ ਹੋਏ ਪਰਾਚੀ ਨੇ ਚਾਬੀਆਂ ਦਾ ਇਕ ਗੁੱਛਾ ਰਾਣੀ ਦੇ ਹੱਥ ਤੇ ਧਰ ਦਿੱਤਾ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ