ਛੇਵੀਂ ਜਮਾਤ ਦੀ ਗੱਲ ਹੈ 1972 ਦੀ ਦਿਸੰਬਰ ਦਾ ਮਹੀਨਾ। ਸਾਡੀ ਸਾਰੀ ਜਮਾਤ ਨੂੰ ਪਸੀਨਾ ਆ ਰਿਹਾ ਸੀ। ਕਿਉਂਕਿ ਮਾਸਟਰ ਜ਼ੋਰਾ ਸਿੰਘ ਨੇ ਕੱਲ੍ਹ ਸਾਰੀਆਂ ਫਾਰਮਾਂ ਯਾਦ ਕਰਨ ਦਾ ਕਿਹਾ ਸੀ। ਠੀਕ ਨੋ ਵਜੇ ਦੋਨੇ ਭਰਾ ਮਾਸਟਰ ਜ਼ੋਰਾ ਸਿੰਘ ਤੇ ਗੁਰਲਾਭ ਸਿੰਘ ਭੀਟੀਵਾਲਾ ਲੋਈਂ ਦੀਆਂ ਬੁੱਕਲਾਂ ਮਾਰੀ ਦੁਗ ਦੁਗ ਕਰਦੇ ਆਪਣੇ ਬੁਲੇਟ ਮੋਟਰ ਸਾਈਕਲ ਤੇ ਸਕੂਲ ਪਹੁੰਚੇ। ਪਹਿਲੇ ਪੀਰੀਅਡ ਵਿੱਚ ਹੀ ਮਾਸਟਰ ਜ਼ੋਰਾ ਸਿੰਘ ਨੇ ਜਮਾਤ ਵਿੱਚ ਕਦਮ ਰੱਖਿਆ। ਕਲਾਸ ਸਟੈਂਡ ਜੈ ਹਿੰਦ ਤੋਂ ਬਾਦ ਮਾਸਟਰ ਜੀ ਨੇ ਸਾਰੀ ਜਮਾਤ ਤੇ ਟੇਡੀ ਨਜ਼ਰ ਮਾਰੀ ਤੇ ਗੈਰ ਹਜ਼ਾਰਾਂ ਬਾਰੇ ਸੋਚਿਆ ਤੇ ਹਾਜ਼ਿਰ ਵਿਦਿਆਰਥੀਆਂ ਵੱਲ ਵੇਖਿਆ। ਸ਼ਰਦੀ ਵੀ ਪੂਰੇ ਜ਼ੋਰ ਦੀ ਪੈ ਰਹੀ ਸੀ।
ਮਾਸਟਰ ਜੀ ਨੇ ਫਾਰਮਾਂ ਸੁਣਨੀਆਂ ਸ਼ੁਰੂ ਕੀਤੀਆਂ।
ਹੈਲਪ ਹੈਲਪਡ ਹੇਲਪਡ,
ਲੁੱਕ ਲੁੱਕਡ ਲੁੱਕਡ,
ਲਵ ਲਵਡ ਲਵਡ,
ਕੁੱਕ ਕੁੱਕਡ ਕੁੱਕਡ
ਮੂਵ ਮੁਵਡ ਮੂਵਡ
ਕੰਮ ਸੌਖਾ ਹੀ ਸੀ । ਬਸ ਈ ਡੀ ਹੀ ਲਗਾਉਣਾ ਸੀ। ਪਿੱਛੇ ed ਲਗਾ ਦਿਓ। ਬਹੁਤੇ ਮੁੰਡੇ ਦੋ ਦੋ ਫਾਰਮਾਂ ਸੁਣਾ ਕੇ ਬੈਠ ਗਏ।
ਪਰ ਸਾਰਿਆਂ ਪਿਛੇ ed ਨਹੀਂ ਲਗਦਾ ਸੀ।ਹੁਣ ਵਾਰੀ ਮੇਰੀ ਤੇ ਤਾਏ ਗੁਰਬਚਨੇ ਕੇ ਗੁਰਮੀਤ ਦੀ ਸੀ।
ਗੱਲ
ਸੀ ਸਾ ਸੀਨ
ਗੋ ਵੈਂਟ ਗੌਣ,
ਈਟ ਐਟ ਇਟਨ ਤੇ ਆ ਕੇ ਅਟਕ ਗਈ।
ਅਸੀਂ ਈ ਡੀ ਲਾਉਂਦੇ ਮਾਸਟਰ ਜ਼ੋਰਾ ਸਿੰਘ ਦਾ ਥੱਪੜ ਠਾ ਜਣੇ ਵੱਜਦਾ।
ਬਸ ਅਸੀਂ ਦੋਨੇ ਫਸ ਗਏ। ਈ ਡੀ ਆਲੀਆਂ ਫਾਰਮਾਂ ਖਤਮ ਤੇ ਦੂਜੀਆਂ ਸਾਡੇ ਯਾਦ ਨਹੀਂ ਸੀ।
ਮਾਸਟਰ ਜੀ ਨੇ ਸਾਡੇ ਦੋਨਾਂ ਤੇ ਆਪਣੇ ਹੱਥ ਸੇਕੇ।
ਅਗਲਾ ਪੀਰੀਅਡ...
ਵੀ ਸਾਡੇ ਲੇਖੇ। ਹਿਸਾਬ ਵਾਲੇ ਮਾਸਟਰ ਦਰਸ਼ਨ ਸਿੰਘ ਸਿੰਘੇਵਾਲਾ ਦੀ ਵੀ ਇੱਕ ਨਾ ਸੁਣੀ।
ਲੈ ਬਈ ਅੱਜ ਨਹੀਂ ਖਹਿੜਾ ਛੁਟਦਾ। ਦੂਜਾ ਪੀਰੀਅਡ ਖਤਮ ਹੁੰਦੇ ਸਾਨੂ ਕਲਾਸ ਵਿੱਚ ਖੜੇ ਰਹਿਣ ਦਾ ਹੁਕਮ ਸੁਣਾ ਕੇ ਮਾਸਟਰ ਜ਼ੋਰਾ ਸਿੰਘ ਨੇ ਸਟਾਫ ਰੂਮ ਨੂੰ ਚਾਲੇ ਪਾ ਦਿੱਤੇ। ਮੈ ਤੇ ਗੁਰਮੀਤ ਦੋਨੇ ਖੜੇ ਜਮਾਤ ਵਿੱਚ। ਚੋਥਾ ਪੀਰੀਅਡ ਵੀ ਖਤਮ ਹੋ ਗਿਆ। ਘਰੋਂ ਹੋਰ ਕੁੱਟ ਪੈਣ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਸੀ। ਅਚਾਨਕ ਗੁਰਮੀਤ ਇੱਕ ਦਮ ਹੀ ਸਕੂਲੋਂ ਤਿਤਰ ਹੋ ਗਿਆ। ਸਕੂਲ ਚ ਰੋਲਾ ਪੈ ਗਿਆ। ਮਾਸਟਰ ਜ਼ੋਰਾ ਸਿੰਘ ਨੇ ਆ ਕੇ ਮੈਨੂੰ ਰਾਹਤ ਦਿੰਦੇ ਹੋਏ ਬੈਠਣ ਦਾ ਇਸ਼ਾਰਾ ਕਰ ਦਿੱਤਾ। ਜਾਣ ਬਚੀ ਲਾਖੋ ਪਾਏ। ਮੈਂ ਸੁਕਰ ਮਨਾਇਆ। ਜੇ ਗੁਰਮੀਤ ਨਾ ਭੱਜਦਾ ਤਾਂ ਮੇਰੀ ਖਲਾਸੀ ਨਹੀਂ ਹੋਣੀ ਸੀ।
ਅੱਧੇ ਘੰਟੇ ਬਾਅਦ ਗੁਰਮੀਤ ਦਾ ਬਾਪੂ ਆ ਗਿਆ। ਉਸਨੇ ਮਾਸਟਰਾਂ ਨੂੰ ਖੂਬ ਗਾਲਾਂ ਕੱਢੀਆਂ। ਉਸਨੇ ਮਾਸਟਰ ਜ਼ੋਰਾ ਸਿੰਘ ਤੇ ਜੁਆਕਾਂ ਨੂੰ ਡੰਡੇ ਨਾਲ ਕੁੱਟਣ ਦਾ ਇਲਜ਼ਾਮ ਲਾਇਆ। ਗੁਰਮੀਤ ਨੇ ਜਾਂਦੇ ਹੋਏ ਨੇ ਆਪਣੀ ਉਂਗਲੀ ਚ ਪਾਈ ਪਿੱਤਲ ਦੀ ਛਾਪ ਇੱਟ ਮਾਰ ਕੇ ਵਿੰਗੀ ਕਰ ਲਈ ਸੀ। ਤਾਇਆ ਗੁਰਬਚਨ ਲੜਾਈ ਕਰਕੇ ਚਲਾ ਗਿਆ।
ਪਰ ਮਾਸਟਰ ਜ਼ੋਰਾ ਸਿੰਘ ਅਗਲੇ ਦਿਨ ਵੀ ਫਾਰਮਾਂ ਸੁੰਨਣੋ ਨਹੀਂ ਹਟਿਆ। ਹੁਣ ਥੱਪੜਾਂ ਦੇ ਨਾਲ ਨਾਲ ਡੰਡਾ ਪਰੇਡ ਵੀ ਹੁੰਦੀ ਸੀ।
ਰਮੇਸ਼ਸੇਠੀਬਾਦਲ