ਸਮਾਂ ਕਿੰਨਾ ਬਲਵਾਨ ਹੈ, ਆਪਣੀ ਤੋਰੀ ਚੱਲ ਰਿਹਾ ਹੈ। ਜਿੰਦਗੀ ਦੁੱਖਾਂ ਸੁੱਖਾਂ ਦਾ ਨਾਮ ਹੈ, ਜਿਵੇਂ ਕਹਿ ਲਵੋ ਕਿ ਕਦੀ ਧੁੱਪ ਤੇ ਕਦੀ ਛਾਂ, ਔਖੇ ਵੇਲੇ ਵੀ ਜਿੰਦਗੀ ਨੂੰ ਚੰਗੇ ਸਬਕ ਸਿਖਾ ਜਾਂਦੇ ਹਨ। />
ਆਪਣੇ ਘਰ ਤਾਂ ਅਰਾਮ ਹੀ ਅਰਾਮ ਸੀ, ਰੋਟੀ ਭਾਵੇਂ ਵੱਖਰੀ ਹੋ ਗਈ ਸੀ,ਪਰ ਬੱਚਿਆਂ ਨੂੰ ਉਹਨਾਂ ਦੀ ਦਾਦੀ, ਭੂਆ ਸਾਰਾ ਟੱਬਰ ਚੁੱਕੀ ਰੱਖਦੇ, ਰੋਣ ਨਾ ਦਿੰਦੇ।
ਸਾਡੇ ਲੋਕਾਂ ਵਿੱਚ ਰਿਵਾਜ਼ ਹੈ ਕਿ ਜਣੇਪਾ ਪਹਿਲਾ ਹੋਵੇ ਜਾਂ ਦੂਜਾ ਸਹੁਰੇ ਘਰ ਵਿੱਚ ਹੀ ਕਰਨਾ ਹੁੰਦਾ ਹੈ। ਮਾਪਿਆਂ ਤੋਂ ਜੋ ਸਰਦਾ ਪੁੱਜਦਾ ਹੈ, ਉਹ ਧੀ ਦੇ ਘਰ ਦੇ ਜਾਂਦੇ ਹਨ ਪੰਜੀਰੀ ਦੇਣ ਦੇ ਸਮੇਂ।
ਦੂਸਰਾ ਛੋਟਾ ਬੇਟਾ ਜਦੋਂ ਹੋਇਆ ਤਾਂ ਉਦੋਂ ਘਰਦਿਆਂ ਨੇ ਨਵਾਂ ਨਵਾਂ ਵੱਖਰਾ ਵੀ ਕਰ ਦਿੱਤਾ, ਸਰੀਰਕ,ਮਾਨਸਿਕ ਤੇ ਆਰਥਿਕ ਪੱਖੋਂ ਹਾਲਤ ਮਾੜੀ ਹੋਈ ਪਈ ਸੀ। ਖੈਰ ਬੇਟੇ ਦੇ ਜਨਮ ਤੋਂ ਡੇਢ ਮਹੀਨੇ ਬਾਅਦ ਮਾਪੇ ਆ ਕੇ ਲੈ ਗਏ ਕਿ ਕੁੜੀ ਚਾਰ ਦਿਨ ਰਹਿ ਕੇ ਤਗੜੀ ਹੋ ਜਾਵੇਗੀ। ਘਰ ਲਵੇਰਾ ਚੰਗਾ ਸੀ, ਮਾਂ ਨੇ ਦਸ ਕੁ ਦਿਨ ਖੂਬ ਸੇਵਾ ਕੀਤੀ।
ਪਰ ਕਰਮਾਂ ਦਾ ਖੱਟਿਆ ਖਾਣਾ ਹੈ, ਜਿੱਥੇ ਮਰਜ਼ੀ ਚਲੇ ਜਾਵੋ।
ਹੋਇਆ ਕੀ, ਗਿਆਰਵੇਂ ਦਿਨ ਮਾਂ ਐਸੀ ਡਿੱਗੀ ਕਿ ਉਹਦੀ ਬਾਂਹ ਟੁੱਟ ਗਈ, ਕਿੱਥੇ ਤਾਂ ਧੀ ਸੇਵਾ ਕਰਵਾਉਣ ਗਈ ਪਰ ਪੈ ਗਈ ਉਲਟ। ਘਰ ਦਾ ਸਾਰਾ ਕੰਮ ਸਿਰ ਤੇ ਪੈ ਗਿਆ, ਡੰਗਰਾਂ ਵਾਲਾ, ਵਾਹੀ ਖੇਤੀ ਵਾਲਾ ਘਰ, ਦੋ ਨੌਕਰ, ਇੱਕ ਗੋਹਾ ਸੁੱਟਣ ਵਾਲੀ, ਦੋ ਛੋਟੇ ਛੋਟੇ ਆਪਣੇ ਬੱਚੇ, ਇੱਕ ਨੂੰ ਚੁੱਪ ਕਰਾਉਣਾ ਤੇ ਦੂਜੇ ਨੇ ਰੋਣ ਲੱਗ ਜਾਣਾ। ਐਸੀ ਮੁਸੀਬਤ ਪਈ।
ਪਰ ਇੱਥੇ ਮਾਪਿਆਂ ਦੇ ਘਰ ਸਿਰਫ਼ ਕੰਮ ਹੀ ਕੰਮ, ਛੇ ਸੱਤ ਮੱਝਾਂ ਦਾ ਦੁੱਧ ਹੋਣਾ, ਉਹ ਰਿੜਕਣਾ ਬੜਾ ਔਖਾ ਲੱਗਦਾ, ਫਿਰ ਬੀਬੀ ਨੇ ਕਿਹਾ ਕਿ ਸ਼ਾਮ ਨੂੰ ਸਾਰਿਆਂ ਨੂੰ ਚਾਹ ਦੀ ਥਾਂ ਮਲਾਈ ਸਾਇਡ ਤੇ ਕਰਕੇ ਸਾਰਿਆਂ ਦੁੱਧ ਦੇ ਦਿਆ ਕਰ। ਇਸ ਤਰ੍ਹਾਂ ਦੁੱਧ ਰਿੜਕਣ ਦਾ ਕੰਮ ਸੌਖਾ ਕਰ ਦਿੱਤਾ। ਇੱਕ ਮਹੀਨੇ ਵਿੱਚ ਬੀਬੀ ਦੀ ਬਾਂਹ ਜਰਾ ਠੀਕ ਹੋਈ, ਥੋੜਾ ਬਹੁਤ ਘਰ ਦੇ ਕੰਮ ਵਿੱਚ ਹੱਥ ਪੈਣ ਲੱਗ ਗਿਆ, ਤਾਂ ਕਿਤੇ ਜਾ ਕੇ ਸਾਹ ਸੌਖਾ ਹੋਇਆ।
ਪਰ ਉੱਥੇ ਜਾ ਕੇ ਜਿਹੜਾ ਸੁੱਖ ਲੈਣਾ ਸੀ, ਉਹ ਸਭ ਬੀਬੀ ਦੀ ਟੁੱਟੀ ਬਾਹ ਨੇ ਸਬਕ ਸਿਖਾਇਆ ਕਿ ਜੇ ਸੁੱਖ ਮਿਲਣਾ ਹੈ ਤਾਂ ਆਪਣੇ ਘਰ ਹੀ ਸੁੱਖ ਮਿਲਣਾ ਹੈ,
ਇਸ ਗੱਲ ਨੂੰ ਅਠੱਤੀ ਸਾਲ ਹੋ ਗਏ ਹਨ ਕਿ ਔਖਾ ਵੇਲਾ ਘੁੱਟ ਨੱਪ ਕੇ ਆਪਣੇ ਘਰ ਰਹਿ ਕੇ ਬਿਤਾਉ।
ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ।
ਗੁਰਮੀਤ ਕੌਰ ਬਾਜਵਾ (ਰਾਜਪੁਰਾ)
4-6-2021
ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ