More Punjabi Kahaniya  Posts
ਹਥਿਆਰ ਚੁੱਕਣਾ


ਨਵਜੋਤ ਕੌਰ ਪੰਨੂ..
ਕੁਝ ਅਰਸਾ ਪਹਿਲਾਂ ਜਦੋਂ ਦੀ ਉਹ ਮਾਨਸੇ ਕੋਲ ਇੱਕ ਹਾਇਰ-ਸਕੈਂਡਰੀ ਸਕੂਲ ਬਦਲ ਕੇ ਆਈ..ਤਾਂ ਹਰ ਪਾਸੇ ਬਸ ਉਸਦੇ ਹੀ ਚਰਚੇ ਸਨ!
ਜਿੰਨੇ ਮੂੰਹ ਓੱਨੀਆਂ ਗੱਲਾਂ..ਛੱਤੀ ਸੈਤੀ ਸਾਲ ਉਮਰ..ਵਿਆਹ ਕਿਓਂ ਨਹੀਂ ਹੋਇਆ..ਏਨੇ ਸੋਹਣੇ ਵਜੂਦ ਨੂੰ ਰਿਸ਼ਤਿਆਂ ਦੇ ਕਾਹਦੇ ਘਾਟੇ..ਤਰਨਤਾਰਨ ਤੋਂ ਏਡੀ ਦੂਰ ਬਦਲੀ..ਰੁਕਵਾਉਣ ਲਈ ਜ਼ੋਰ ਕਿਓਂ ਨਹੀਂ ਪਵਾਇਆ..!
ਨਾਲਦੇ ਕੁਲੀਗ ਅਤੇ ਨਾਲ ਪੜਾਉਂਦੀਆਂ ਟੀਚਰਾਂ..ਜਦੋਂ ਮੌਕਾ ਮਿਲਦਾ ਉਸਦਾ ਜਿਕਰ ਛਿੜ ਜਾਂਦਾ..
ਜੇਮਸ ਬਾਂਡ ਦੇ ਨਾਮ ਨਾਲ ਮਸ਼ਹੂਰ ਸਾਇੰਸ ਵਾਲੇ ਮਾਸਟਰ ਹਰਮੇਲ ਸਿੰਘ ਨੇ ਦਾਅਵਾ ਕੀਤਾ ਕੇ ਉਸਦੀ ਸਾਰੀ ਜਨਮ ਕੁੰਡਲੀ ਪਤਾ ਕਰਵਾ ਲਈ ਗਈ ਏ..ਇੱਕ ਬੱਚਾ ਵੀ ਹੈ..ਚਾਰੇ ਪਾਸੇ ਤੂਫ਼ਾਨ ਆ ਗਿਆ..
ਹੁਣ ਹਰਮੇਲ ਸਿੰਘ ਦਵਾਲੇ ਲੱਗਦੀਆਂ ਮਹਿਫ਼ਿਲਾਂ ਦੇ ਦਾਇਰੇ ਵਧਦੇ ਗਏ..
ਮਹਿਫ਼ਿਲਾਂ ਦੇ ਸ਼ਿਗਾਰ ਅਧਿਆਪਕ ਹੀ ਨਹੀਂ ਸਗੋਂ ਵੱਡੀਆਂ ਜਮਾਤਾਂ ਦੇ ਮੁੱਛ ਫੁੱਟ ਵੀ ਢੁੱਕ ਢੁੱਕ ਬੈਠਦੇ!
ਕੁਝ ਨਵਜੋਤ ਕੌਰ ਨੂੰ ਲੁਕਵੇਂ ਅਤੇ ਅਸਿਧੇ ਢੰਗ ਨਾਲ ਕੁਝ ਨਿੱਜੀ ਸਵਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਪਰ ਉਹ ਅੱਗਿਓਂ ਹੱਸ ਕੇ ਟਾਲ ਦਿਆ ਕਰਦੀ..
ਲੋਕਾਈ ਦੇ ਮਨਾਂ ਵਿਚ ਉੱਭਰਦੇ ਅਨੇਕਾਂ ਸਵਾਲ ਵਧਦੇ ਗਏ..ਉਸਦੇ ਵਜੂਦ ਨੂੰ ਫਰੋਲਦੀਆਂ ਅੱਖੀਆਂ ਦੀ ਗਿਣਤੀ ਲਗਾਤਾਰ ਵਧਦੀ ਗਈ..ਕੁਝ ਉਸਦੇ ਕਿਰਾਏ ਦੇ ਮਕਾਨ ਤੱਕ ਅੱਪੜ ਗਏ..ਮਕਾਨ ਮਾਲਕ ਨੇ ਵੀ ਕੰਸੋਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ..!
ਅਖੀਰ ਚਾਰੇ ਪਾਸੇ ਪੈਰ ਪਸਾਰਦੀ ਜਿਗਿਆਸਾ ਸਿਖਰ ਤੇ ਓਦੋਂ ਅੱਪੜ ਗਈ ਜਦੋਂ ਇੱਕ ਦਿਨ ਪਤਾ ਲੱਗਾ ਕੇ ਉਸਦੇ ਕਿਰਾਏ ਦੇ ਮਕਾਨ ਵਿਚ ਇੱਕ ਮੁੰਡਾ ਆ ਕੇ ਠਹਿਰਿਆ ਏ..
ਵਜੂਦ ਦਾ ਪਿੱਛਾ ਕਰਦੀਆਂ ਅੱਖੀਆਂ ਅਤੇ ਜ਼ਿਹਨ ਵਿਚ ਜਨਮ ਲੈਂਦੇ ਅਨੇਕਾਂ ਸਵਾਲ ਤਾਜੀ ਫੜੀ ਮੱਛੀ ਵਾਂਙ ਹੱਥੋਂ ਛੁੱਟ-ਛੁੱਟ ਬਾਹਰ ਨੂੰ ਭੱਜ ਰਹੇ ਸਨ..ਅਖੀਰ ਉਹ ਕੌਣ ਹੋ ਸਕਦਾ ਏ?..ਉਮਰ ਦਾ ਏਨਾ ਫਰਕ..ਕਿਰਾਏ ਦੇ ਘਰ ਵਿਚ ਇੱਕੋ ਛੱਤ ਥੱਲੇ..
ਕਈ ਬੋਰਡ ਤੇ ਲਿਖਦੇ ਇਹ ਸਭ ਕੁਝ ਸੋਚਦੇ ਹੋਏ ਕਿਸੇ ਹੋਰ ਦੁਨੀਆਂ ਵਿਚ ਅੱਪੜ ਜਾਇਆ ਕਰਦੇ..!
ਅਖੀਰ ਇੱਕ ਦਿਨ ਸਵੇਰ ਦੀ ਭਰੀ ਸਭਾ ਮਗਰੋਂ ਪ੍ਰਿੰਸੀਪਲ ਨੇ ਐਲਾਨ ਕੀਤਾ ਕੇ ਮੈਡਮ ਪੰਨੂੰ ਕੁਝ ਬੋਲਣਾ ਚਾਹੁੰਦੇ ਨੇ..ਕੁਝ ਦੱਸਣਾ ਚਾਹੁੰਦੇ ਨੇ..!
ਇਸ ਐਲਾਨ ਮਗਰੋਂ ਚਾਰੇ ਪਾਸੇ ਸਨਾਟਾ ਜਿਹਾ ਛਾ ਗਿਆ..ਉਤਸੁਕਤਾ ਸਿਖਰ ਤੇ ਅੱਪੜ ਗਈ..ਇੰਝ ਦਾ ਮਾਹੌਲ ਬਣ ਗਿਆ ਜਿੱਦਾਂ ਕਾਲੇ ਬੱਦਲਾਂ ਵਿਚੋਂ ਝਾਤੀ ਮਾਰਦੀ ਇੱਕ ਆਸਮਾਨੀ ਬਿਜਲੀ ਇਹ ਦੱਸਣ ਜਾ ਰਹੀ ਹੋਵੇ ਕੇ ਉਹ ਕਦੋਂ ਤੇ ਕਿਸ ਤੇ ਡਿੱਗਣ ਵਾਲੀ ਏ..!
ਸਤਿ ਸ੍ਰੀ ਅਕਾਲ ਬੁਲਾ ਕੇ ਉਸਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ..
ਗੁਰਦਾਸਪੁਰ ਜਿਲੇ ਦੀ ਕਾਦੀਆਂ ਤਹਿਸੀਲ ਕੋਲ ਇੱਕ ਨਿੱਕਾ ਜਿਹਾ ਪਿੰਡ..
ਬਟਾਲੇ ਕਾਲਜ ਪੜਦਿਆਂ ਇੱਕ ਦਿਨ ਪਿੰਡ ਪਰਤੀ ਤਾਂ ਪਤਾ ਲੱਗਾ ਘਰੇ ਆਈ ਵੱਡੀ ਭੈਣ ਅਤੇ ਜੀਜੇ ਨੂੰ ਬਾਹਰੋਂ ਆਈ ਪੁਲਸ ਦੀ ਧਾੜ ਚੁੱਕ ਕੇ ਲੈ ਗਈ ਏ..
ਬਾਪ ਵਾਹੀ ਖੇਤੀ ਕਰਨ ਵਾਲਾ ਹਮਾਤੜ ਜੱਟ..

/> ਮੋਤਬੇਰਾਂ ਨੂੰ ਨਾਲ ਲੈ ਕੇ ਸਾਰਾ ਜਿਲਾ ਛਾਣ ਮਾਰਿਆ..ਕਿਸੇ ਸਿਰਾ ਨਾ ਫੜਾਇਆ..ਪੰਚਾਇਤ ਵੀ ਕਿੰਨਾ ਚਿਰ ਵਾਤ ਪੁੱਛਦੀ..ਕੰਮਾਂ ਧੰਦਿਆਂ ਵਾਲਿਆਂ ਨੇ ਅਖੀਰ ਹੱਥ ਖੜੇ ਕਰ ਦਿੱਤੇ..ਫੇਰ ਮੈਂ ਮੇਰਾ ਬਾਪ ਤੇ ਇੱਕ ਨਿੱਕਾ ਜਿਹਾ ਭਾਣਜਾ..ਏਡੀ ਵੱਡੀ ਦੁਨੀਆ ਦੇ ਔਖਿਆਂ ਪੈਂਡਿਆਂ ਦੇ ਤਿੰਨ ਪਾਂਧੀ..
ਭੈਣ ਭਾਜੀ ਦਾ ਕੋਈ ਪਤਾ ਨੀ ਲੱਗਾ..ਫੇਰ ਬੇਬੇ ਬਾਪੂ ਵੀ ਅੱਗੜ ਪਿੱਛੜ ਇੰਝ ਤੁਰ ਗਏ ਜਿੱਦਾਂ ਦੋਹਾਂ ਨੇ ਕੋਈ ਚਿਰੋਕਣੀ ਸਲਾਹ ਕੀਤੀ ਹੋਵੇ..ਜਮੀਨ ਖੁੱਸ ਜਾਣ ਦੇ ਡਰੋਂ ਨਿੱਕੇ ਭਾਣਜੇ ਦਾ ਉਸਦੇ ਆਪਣਿਆਂ ਨੇ ਸਦਾ ਲਈ ਵਰਕਾ ਪਾੜ ਦਿੱਤਾ”
ਮਗਰੋਂ ਸਮੇ ਦੀਆਂ ਸਰਕਾਰਾਂ ਵੱਲੋਂ ਵਗਾ ਦਿੱਤੇ ਨਸ਼ੇ ਦੇ ਛੇਵੇਂ ਦਰਿਆਂ ਵਿਚ ਗਰਕ ਹੋਣੋਂ ਬਚਾਉਣ ਦਾ ਇੱਕੋ ਇੱਕ ਹੱਲ ਸੀ ਕੇ ਉਸਨੂੰ ਆਪਣੀ ਬੁੱਕਲ ਵਿਚ ਲੁਕੋ ਲੈਂਦੀ..
ਨਾਲ ਹੀ ਉਸਨੇ ਸਾਰਿਆਂ ਤੋਂ ਮਗਰ ਕੁਰਸੀ ਤੇ ਨੀਵੀਂ ਪਾਈ ਬੈਠੇ ਹੋਏ ਵੀਹਾਂ ਕੂ ਵਰ੍ਹਿਆਂ ਦੇ ਇੱਕ ਮੁੱਛ-ਫੁੱਟ ਗੱਭਰੂ ਨੂੰ ਸਟੇਜ ਤੇ ਸੱਦ ਲਿਆ..!
ਫੇਰ ਉਸਨੂੰ ਕਲਾਵੇ ਵਿਚ ਲੈਂਦੀ ਹੋਈ ਆਖਣ ਲੱਗੀ..ਆਹ ਏ ਮੇਰੀ ਬੁੱਕਲ ਵਿਚ ਲੁਕਿਆ ਹੋਇਆ ਕੰਵਾਰੀ ਮਾਂ ਦਾ ਚੰਡੀਗੜ ਪੜਦਾ ਛਿੰਦਾ ਪੁੱਤ..
ਮਾਂ ਮਿੱਟਰ..ਇਸਨੂੰ ਆਪਣੀ ਅਸਲ ਮਾਂ ਦੀ ਸ਼ਕਲ ਤੱਕ ਯਾਦ ਨਹੀਂ ਬੱਸ ਹੁਣ ਮੈਂ ਹੀ ਹਾਂ ਇਸਦਾ ਸਾਰਾ ਕੁਝ..!
ਮਗਰੋਂ ਉਹ ਹੋਰ ਵੀ ਕਿੰਨਾ ਕੁਝ ਬੋਲਦੀ ਰਹੀ ਤੇ ਅੱਗੇ ਬੈਠੇ ਇੰਝ ਸੁਣਦੇ ਰਹੇ ਜਿੱਦਾਂ ਸਾਰੀ ਲੋਕਾਈ ਦੇ ਮਨਾਂ ਵਿਚ ਵੱਸਿਆ ਹੋਇਆ ਸੋਹਣਾ ਰੱਬ ਅੱਜ ਬੇਗਮਪੁਰੇ ਦੀ ਧਰਤੀ ਛੱਡ ਹਰੇਕ ਦੇ ਸਾਮਣੇ ਆਣ ਖਲੋਤਾ ਹੋਵੇ..!
ਸਾਮਣੇ ਧਰਤ ਤੇ ਬੈਠਿਆਂ ਤਕਰੀਬਨ ਸਾਰਿਆਂ ਦੀਆਂ ਅੱਖੀਆਂ ਵਿਚੋਂ ਪਰਲ ਪਰਲ ਵਗ ਰਹੇ ਹੰਜੂ ਜਿੱਦਾਂ ਆਖ ਰਹੇ ਹੋਣ ਕੇ ਭੋਲਿਓ ਕਿਸੇ ਮੁਸਕੁਰਾਉਂਦੇ ਹੋਏ ਦੀ ਖੁਸ਼ੀ ਬਾਰੇ ਸੋਚ ਈਰਖਾ ਵਾਲਾ ਬੂਟਾ ਲਾਉਣ ਤੋਂ ਪਹਿਲਾਂ ਉਸਦੇ ਬੋਝੇ ਜਰੂਰ ਫਰੋਲ ਲਿਆ ਕਰੋ..ਅਸੀ ਤੁਹਾਨੂੰ ਉਸਦੇ ਰੁਮਾਲ ਦੀਆਂ ਤੈਹਾਂ ਵਿਚ ਸਿੱਲ ਬਣ ਕੇ ਲੁਕੇ ਹੋਏ ਜਰੂਰ ਮਿਲਾਂਗੇ..!
ਮਾਸਟਰ ਜੇਮਸ ਬਾਂਡ ਵਰਗੇ ਕਿੰਨੇ ਸਾਰੇ ਨੀਵੀਂ ਪਾਈ ਸ਼ਾਇਦ ਇਹ ਅਰਦਾਸ ਕਰ ਰਹੇ ਸਨ ਕੇ ਕਾਸ਼ ਅਰਸ਼ੋਂ ਉੱਤਰੇ ਰੱਬ ਦੀ ਬਣਾਈ ਹੋਈ ਧਰਤੀ ਅੱਜ ਥੋੜਾ ਜਿਹਾ ਵੇਹਲ ਹੀ ਦੇ ਦੇਵੇ..!
ਸੋ ਦੋਸਤੋ ਕਈ ਵਾਰ ਤੁਹਾਡੀ ਚੁੱਪ ਵਿਚ ਦੁਨੀਆ ਦੇ ਕਿੰਨੇ ਸਾਰੇ ਸਵਾਲਾਂ ਦਾ ਜੁਆਬ ਦੇਣ ਦੀ ਸਮਰੱਥਾ ਹੁੰਦੀ ਏ ਪਰ ਜਦੋਂ ਚੁੱਪ ਨੂੰ ਕਮਜ਼ੋਰੀ ਸਮਝ ਲਿਆ ਜਾਣ ਲੱਗੇ ਤਾਂ ਜੁਬਾਨ ਦੀ ਵਰਤੋਂ ਕਰਨੀ ਜਾਇਜ ਏ!
ਤੇ ਜਿਥੇ ਜੁਬਾਨ ਦਾ ਵੀ ਕੋਈ ਵੱਸ ਨਾ ਚੱਲੇ ਓਥੇ ਦਸਮ ਪਿਤਾ ਨੇ ਹਥਿਆਰ ਚੁੱਕਣਾ ਜਾਇਜ ਕਰਾਰ ਦਿੱਤਾ ਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

3 Comments on “ਹਥਿਆਰ ਚੁੱਕਣਾ”

  • Tirath Singh Brar

    ਬਹੁਤ ਵਧੀਅਾ ਲਿਖਤ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)