More Punjabi Kahaniya  Posts
ਹੀਰੋ


ਹੀਰੋ
ਉਸਨੂੰ ਟੀਵੀ ਸੀਰੀਅਲ ਦੇਖਣੇ ਪਸੰਦ ਸਨ ਪਰ ਮੈਨੂੰ ਆਹ ਸਾਸ ਬਹੂ ਵਾਲੇ ਤਾਂ ਜਵਾਂ ਨੀ ਸੀ ਚੰਗੇ ਲੱਗਦੇ, ਉਹੀ ਘਸੀ ਪਿਟੀ ਸਟੋਰੀ…. ਉਹੀ ਰੰਡੀ ਰੋਣਾ, ਮੈਨੂੰ ਤਾਂ ਬੱਸ ਫਿਲਮੀ ਗਾਣੇ ਦੇਖਣੇ ਤੇ ਸੁਣਨੇ ਪਸੰਦ ਸਨ। ਉਦੇਂ ਸੀਰੀਅਲ ਤੋਂ ਵਿਹਲੀ ਹੋਈ ਤਾਂ ਮੈਂ ਪੁੱਛਿਆ,” ਖਾਣਾ ਖਾਈਏ”?……”ਠਹਿਰ ਜਾਓ ਥੋੜੀ ਦੇਰ, ਹਜੇ ਭੁੱਖ ਨੀ”। ” ਤੂੰ ਐਨੇ ਸੀਰੀਅਲ ਦੇਖਦੀ ਹੈਂ, ਕੌਣ ਹੈ ਤੇਰਾ ਫੇਵਰੱਟ ਹੀਰੋ?”….” ਕੋਈ ਵੀ ਨੀ….,ਕਦੀ ਸੋਚਿਆ ਹੀ ਨੀ ਇਹਦੇ ਬਾਰੇ”…..ਉਸਨੇ ਬੜੇ ਸਪੱਸ਼ਟ ਤੇ ਸਹਿਜੇ ਜੇ ਈ ਕਹਿਤਾ ਸੀ…”ਤੇ ਤੁਹਾਨੂੰ ਡੋਕਟ ਸਾਬ ਕੌਣ ਪਸੰਦ ਆ?”……”ਮੈਨੂੰ?….,ਮੈਨੂੰ ਰਾਣੀ, ਮਾਧੁਰੀ, ਤੱਬੂ, ਕਾਜੋਲ ਤੇ ਨਮਰਤਾ”….. ਮੈਂ ਇੱਕੋ ਸਾਹੇ ਬੋਲ ਗਿਆ। ਉਹਨੇ ਮੇਰੀ ਠੋਡੀ ਫੜ੍ਹ ਕੇ ਮੂੰਹ ਆਪਣੇ ਵੱਲ ਭੁਆ ਲਿਆ…”ਚ…ਚ… ਚ…ਓਏ ਮੈਂ ਬੱਸ ਇੱਕੋ ਈ ਪੁੱਛੀ ਸੀ, ਪੂਰੀ ਫੌਜ਼ ਨੀ…. ਤੁਸੀਂ ਸਾਰੇ ਬੰਦੇ ਇੱਕੋ ਜੇ ਹੁੰਦੇ ਓ…. ਇੱਕ ਨਾਲ ਤਾਂ ਸਬਰ ਨੀ ਹੁੰਦਾ ਤੁਹਾਨੂੰ ਬੰਦਿਆਂ ਨੂੰ”…..” ਚੱਲ ਫੇਰ ਇੱਕੋ ਸਹੀ, …. ਰਾਣੀ ਮੁਕਰਜੀ”… ਮੈਂ ਫਾਇਨਲੀ ਡਿਕਲੇਅਰ ਕਰਤਾ ਸੀ। ” ਕੀ ਚੰਗ਼ਾ ਲੱਗਿਆ ਉਹਦੇ ਚ?”…. “ਬੱਸ ਉਹ ਕਿਊਟ ਐ, ਸੋਹਣੀ ਐ,ਐਕਟਿੰਗ ਵਧੀਆ ਕਰਦੀ ਐ, ਤੇ ਹੋਰ ਉਹਦੀਆਂ ਅੱਖਾਂ ਬੜੀਆਂ ਸੋਹਣੀਆਂ”….. “ਤੇ ਹੋਰ?”…. ” ਹੋਰ ਕੀ ਬੱਸ, ਆਮ ਜਿਹੀ ਕੁੜੀ ਹੈ ਪਰ ਇੰਟੈਲੀਜੈਂਟ ਐ… ਤਾਂ ਹੀ ਚੰਗੀ ਲੱਗਦੀ ਐ”। ….” ਤੇ ਆਹ ਨਮਰਤਾ ਕਿਹੜੀ ਹੋਈ ਭਲਾ?”….. ਲੱਗਦਾ ਸੀ ਉਸਨੂੰ ਮੇਰੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ ਤੇ ਉਹ ਖਾਣਾ ਭੁੱਲ ਕੇ ਗੱਲ ਹੋਰ ਅੱਗੇ ਤੋਰਨਾ ਚਾਹੁੰਦੀ ਸੀ। ਉਸਦੀ ਜਗਿਆਸਾ ਦੇਖ ਮੈਂ ਝੱਟ ਯੂ ਟਿਊਬ ਤੇ ਵਾਸਤਵ ਫਿਲਮ ਦੇ ਗਾਣੇ… ‘ਮੇਰੀ ਦੁਨੀਆਂ ਹੈ ਤੁਝ ਮੈਂ ਕਹੀਂ’ ਵਾਲੀ ਨਮਰਤਾ ਸ਼ਿਰੋਧਕਰ ਦਿਖਾਤੀ। ” ਤੇ ਨਮਰਤਾ ਦਾ ਕੀ ਚੰਗਾ ਲੱਗਿਆ ਤੁਹਾਨੂੰ?”….” ਬੱਸ ਇਹ ਵੀ ਕੀਊਟ ਆ, ਸਵੀਟ ਐ,….ਤੇ ਇਹਦੀ ਠੋਡੀ ਵਾਲਾ ਤਿਲ ਕਿੰਨਾਂ ਸੋਹਣਾ ਲੱਗਦੈ …., ਲੱਗਦੈ ਜਿਵੇਂ ਰੱਬ ਕੋਲੋਂ ਐਵੇਂ ਈ ਲੱਗ ਗਿਆ ਹੋਣਾ ਤੇ ਮੁੜ੍ਹਕੇ ਰੱਬ ਨੂੰ ਵੀ ਸੋਹਣਾ ਲੱਗਾ ਹੋਊ ਤੇ ਓਹਨੇ ਵੀ ਉਵੇਂ ਈ ਲੱਗਾ ਰਹਿਣ ਦਿੱਤਾ ਹੋਣਾ…., ਜਦੋਂ ਨਿੱਕੀ ਜੀ ਜੰਮੀ ਹੋਊ ਓਹਦੇ ਮੰਮੀ ਡੈਡੀ ਦੀ ਨਜ਼ਰ ਵੀ ਓਹਦੇ ਤਿਲ ਤੇ ਹੀ ਪਈ ਹੋਊ…., ਹੈਣਾ?”….., ਮੈਂ ਉਹਦਾ ਹੁੰਗਾਰਾ ਲੈਣਾ ਚਾਹੁੰਦਾ ਸੀ ਪਰ ਉਹ ਬੋਲੀ ਨਹੀਂ ਕੁਝ ਵੀ। ” ਤੁਸੀਂ ਕਦੀ ਮੇਰੀ ਐੱਨੀ ਤਰੀਫ਼ ਕੀਤੀ ਐ?”…. ” ਲੈ ਕਹਿਣਾਂ ਤਾਂ ਹੁੰਨ੍ਹਾ ਮੈਂ ਬਈ ਤੂੰ ਕਿੰਨੀਂ ਸੋਹਣੀ ਲੱਗਦੀ ਪਈ ਹੈਂ ਏਸ ਸੂਟ ਚ, ਤੇ ਨਾਲੇ ਤੂੰ ਜੋ ਵੀ ਪਾਉਂਦੀ ਐ ਤੈਨੂੰ ਜੱਚ ਜਾਂਦਾ ਆ… ਤੇ ਹੋਰ ਤੂੰ ਕਿੰਨਾਂ ਸੋਹਣਾ ਸਾਂਭ ਰੱਖਿਆ ਹੈ ਘਰ ਨੂੰ,…. ਮੈਨੂੰ ਵੀ ਤੇ ਬੱਚਿਆਂ ਨੂੰ ਵੀ…. ਤੇ ਹਾਂ ਸੱਚ, ਤੇਰੀ ਸਿਆਣਪ ਤੇ ਹਿੰਮਤ ਦੀ ਤਾਰੀਫ਼ ਵੀ ਤਾਂ ਮੈਂ ਹੀ ਕਰਦੈਂ?”…. ਪਰ ਉਹ ਤਾਂ ਜਿਵੇਂ ਕੁਝ ਹੋਰ ਹੀ ਸੁਣਨਾ ਚਾਹੁੰਦੀ ਸੀ ਮੇਰੇ ਕੋਲੋਂ,….ਪਰ ਮੈਂ ਓਦੇਂ ਸਮਝ ਈ ਨਹੀਂ ਸਕਿਆ। “ਆਹੋ, ਤਰੀਫ਼ ਓਦੋਂ ਈ ਕਰਦੇ ਹੋ ਜਦੋਂ ਤੁਹਾਨੂੰ ਲੋੜ ਹੁੰਦੀ ਐ ਮੇਰੀ”…., ਉਸਨੇ ਤੰਜ਼ ਕੱਸ ਕੇ ਰਹਿੰਦੀ ਖੂੰਹਦੀ ਕਸਰ ਪੂਰੀ ਕਰਤੀ ਸੀ। ” ਚੱਲ ਤੂੰ ਬੈਡ ਸਰਵਰ ਵਿਛਾ ਉਨੀ ਦੇਰ, ਮੈਂ ਖਾਣਾ ਪਾ ਕੇ ਲਿਆਉਣਾ”, ਆਖ ਮੈ ਰਸੋਈ ਚ ਚਲਾ ਗਿਆ। ਉਹਨੇ ਵਿਆਹ ਤੋਂ ਬਾਅਦ ਹੀ ਕਹਿਤਾ ਸੀ ਕਿ ਵਧੀਆ ਤੇ ਸੁਆਦੀ ਖਾਣਾ ਬਣਾ ਦਿਉਂਗੀ ਪਰ ਆਪੇ ਸਬਜੀ ਭਾਜੀ ਗਰਮ ਕਰਕੇ ਆਪੇ ਰੋਟੀ ਪਾ ਕੇ ਖਾਣੀ ਮੈਨੂੰ ਵਿਹੁ ਲੱਗਦੀ ਐ ਤੇ ਉਸਤੋਂ ਬਾਅਦ ਜਲਦੀ ਕਿੱਧਰੇ ਮੈਂ ਉਸਨੂੰ ਰੋਟੀ ਪਾਉਣ ਨਹੀਂ ਸੀ ਦਿੱਤੀ ਤੇ ਇਹ ਮੇਰਾ ਹੀ ਕੰਮ ਹੁੰਦਾ ਸੀ ਤੇ ਮੈਨੂੰ ਚੰਗਾ ਵੀ ਲੱਗਦਾ ਸੀ ਖਾਣਾ ਪਰੋਸਣਾ, ਸਿਵਾਏ ਕਿਸੇ ਦੇ ਆਏ ਗਏ ਤੇ…., ਤੇ ਜੇਕਰ ਕਦੇ ਓਦੋਂ ਮੈਂ ਰਸੋਈ ਚ ਵੜ ਜਾਣਾ ਤਾਂ ਉਸਦੀ ਇੱਕ ਘੂਰੀ ਹੀ ਬਹੁਤ ਹੁੰਦੀ ਸੀ ਮੈਨੂੰ ਰਸੋਈ ਚੋ ਬਾਹਰ ਕੱਢਣ ਲਈ…., ਇਹ ਸਾਡਾ ਆਪਸੀ ਰਾਜ਼ ਸੀ।
ਅੱਜ ਐਵੇਂ ਬੈਠੇ ਬੈਠੇ ਪਤਾ ਨੀ ਆਹ ਪੁਰਾਣਾ ਕਿੱਸਾ ਕਿਵੇਂ ਯਾਦ ਆ ਗਿਆ?,…. ਯਾਦ ਨੀ ਅਉਂਦਾ ਕਿ ਕਦੇ ਉਹਦੇ ਹੱਥ ਫੜ੍ਹ ਉਚੇਚਾ ਬੈਠਾਂ ਹੋਊ ਉਹਦੇ ਕੋਲ…. ,ਉਹਦੀ ਗੱਲ ਸੁਣਨੇ ਨੂੰ ਤੇ ਪੁੱਛਣੇ ਨੂੰ ਕਿ ਤੂੰ ਠੀਕ ਐ?… ਖ਼ੁਸ਼...

ਆਂ ਮੇਰੇ ਨਾਲ??… ਮੈਂ ਕੁਝ ਹੋਰ ਕਰ ਸਕਦਾ ਤੇਰੇ ਲਈ….??? ….ਇੰਝ ਹੀ ਤਾਂ ਕਰਦੇ ਐ ਆਪਾਂ ਸਾਰੇ… ਬੱਸ ਵਿਆਹ ਤੋਂ ਪੰਜ ਸੱਤ ਸਾਲ ਬਾਅਦ, ਦੋ ਬੱਚੇ ਜੰਮ ਕੇ ਅੱਧੇ ਤੋਂ ਵੱਧ ਜਿੰਮੇਦਾਰੀਆਂ ਓਹਨਾਂ ਸਿਰ ਮੜ੍ਹ ਕੇ ਸੁਰਖ਼ਰੂ ਹੋ ਜਾਂਦੇ ਆ ਤੇ ਓਹਨਾਂ ਨੂੰ ਘਰ ਦੀ ਮੁਰਗੀ ਦਾਲ ਬਰਾਬਰ ਵਾਕਣ ਸਮਝਣ ਲੱਗ ਜਾਂਦੇ ਹਾਂ…. ਬ੍ਥੇਰੀਆਂ ਜਣੀਆਂ ਤਾਂ ਬੱਸ ਘਰ, ਨੌਕਰੀ ਤੇ ਬੱਚਿਆਂ ਜੋਗੀਆਂ ਈ ਰਹਿ ਜਾਂਦੀਆਂ ਨੇ…. ਓਹਨਾਂ ਦੇ ਦਿਲ ਚ ਵੀ ਤਾਂ ਕਿਧਰੇ ਨਾ ਕਿੱਧਰੇ ਅਰਮਾਨ ਹੁੰਦੈ ਕਿ ਓਹਨਾਂ ਦੀਆਂ ਬਣਾਈਆਂ ਸਵਾਦੀ ਸਬਜੀਆਂ ਤੇ ਡਿਸ਼ਾਂ, ਮਹਿੰਗੀਆਂ ਡਰੈਸਾਂ, ਅਕਲਾਂ ਸਮਝਾਂ ਤੇ ਓਹਨਾਂ ਦੁਆਰਾ ਸੁਆਰੇ ਗਏ ਕੰਮਾਂ ਤੇ ਸ਼ਿੰਗਾਰੇ ਗਏ ਘਰਾਂ ਤੋਂ ਇਲਾਵਾ ਵੀ ਓਹਨਾਂ ਦੀਆਂ ਮਸਤੀ ਭਰੀਆਂ ਅੱਖਾਂ, ਠੋਡੀ ਵਾਲੇ ਤਿਲ, ਮੁਲਾਇਮ ਰੇਸ਼ਮੀ ਵਾਲਾਂ ਤੇ ਗੱਲ੍ਹਾਂ ਚ ਪੈਂਦੇ ਡਿੰਪਲਾਂ ਦੀ ਤਾਰੀਫ਼ ਹੋਵੇ…., ਉਹ ਤਾਰੀਫ਼ ਜੋ ਉਹ ਸਾਡੇ ਕੋਲੋ ਮੰਗ ਕੇ ਨਹੀਂ ਕਰਵਾ ਸਕਦੀਆਂ, ਤੇ ਖਵਰੇ ਤਰਸ ਜਾਂਦੇ ਹੋਣਗੇ ਓਹਨਾਂ ਦੇ ਕੰਨ ਇਹ ਤਾਰੀਫ਼ ਸੁਣਨ ਨੂੰ ਅਕਸਰ ਹੀ…., ਉਹ ਤਾਰੀਫਾਂ ਜੋ ਕਦੀ ਵਿਆਹ ਵਾਲੀ ਪਹਿਲੀ ਰਾਤ ਨੂੰ ਤੇ ਜਾਂ ਫਿਰ ਬੱਸ ਦੋ ਤਿੰਨ ਸਾਲ ਹੋਰ ਕਰਕੇ ਈ ਅਸੀਂ ਆਪਣਾ ਫਰਜ਼ ਪੂਰਾ ਹੋਇਆ ਸਮਝ ਲੈਂਦੇ ਆ,… ਭਾਵੇਂ ਇਸ ਵਿੱਚ ਵੀ ਕਿਤੇ ਨਾ ਕਿਤੇ ਸਾਡਾ ਆਪਣਾ ਸਵਾਰਥ ਈ ਛੁਪਿਆ ਹੁੰਦੈ,… ਤੇ ਅਸੀਂ ਮਰਦ ਜਾਤ ਇਹ ਸੱਭ ਕੁਝ ਕਰਨ ਦੀ ਬਜਾਇ ਐਵੇਂ ਫ਼ਾਲਤੂ ਚ ਸਟੇਟ ਤੇ ਸੈਂਟਰ ਦੀ ਪੋਲਿਟਿਕਸ ਦਾ ਫ਼ਿਕਰ ਲਾਈ ਰੱਖਦੇ ਆ ਜਿਸ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ।
ਪੈੱਨ ਪਾਸੇ ਰੱਖ ਦੋਹੇ ਮੁੱਠੀਆਂ ਖੋਲ੍ਹ ਕੇ ਦੇਖਦੈਂ…., ਖ਼ਾਲੀ ਹਨ…., ਉਸਦੀ ਤਾਰੀਫ਼ ਕਰਨ ਦੀ ਤਾਂਘ ਵਾਲੀ ਰੇਤ ਮੁੱਠੀਆਂ ਚੋਂ ਕਦੋਂ, ਕਿੱਥੇ ਤੇ ਕਿਵੇਂ ਕਿਰ੍ਹ ਗਈ….,ਪਤਾ ਹੀ ਨਹੀਂ ਲੱਗਿਆ…. ਪਰ ਇਨ੍ਹਾ ਕੂ ਪਤਾ ਲੱਗਿਆ ਕਿ ਆਹੀ ਕੁਝ ਤਾਂ ਸੀ ਜੋ ਉਹ ਓਦੇਂ ਮੇਰੇ ਮੂੰਹੋਂ ਸੁਣਨਾ ਚਾਹੁੰਦੀ ਸੀ….,ਪਰ ਮੈਂ ਝੱਲਾ ਸਮਝ ਹੀ ਨੀ ਸਕਿਆ। ਪਿਆਰ ਤਾਂ ਉਹਦੇ ਨਾਲ ਮੈਨੂੰ ਓਦੇਂ ਹੀ ਹੋ ਗਿਆ ਸੀ ਜਿਦੇਂ ਦੇਖਾ ਦਿਖਾਈ ਹੋਈ ਸੀ ਸਾਡੀ…., ਉਸ ਤੋਂ ਬਾਅਦ ਪਿਆਰ ਦਾ ਤਾਂ ਪਤਾ ਨੀ, ਬਸ ਮੈਂ ਉਸਦੀ care ਤੇ respect ਹੀ ਕੀਤੀ,… ਸ਼ਾਇਦ ਇਹੀ ਮੇਰੇ ਪਿਆਰ ਦੀ ਪਰਿਭਾਸ਼ਾ ਸੀ…., ਪਰ ਯਕੀਨਨ ਉਂਨੀ ਨੀ ਕਰ ਸਕਿਆ ਜਿੰਨੀ ਦੀ ਉਹ ਹੱਕਦਾਰ ਸੀ, ਹਰ ਪਾਸਿਓਂ ਉਹ ਮੇਰੇ ਨਾਲੋਂ ਦੂਨ ਸਵਾਈ ਸੀ ਤੇ ਇਸੇ ਲਈ ਉਸਦੀਆਂ ਉਮੀਦਾਂ ਵੀ ਮੇਰੇ ਕੋਲੋਂ….,ਬਹੁਤ ਕੁਝ ਰਹਿ ਗਿਆ ਸੀ ਮੇਰੇ ਕਰਨ ਵਾਲਾ ਉਸਦੇ ਲਈ …. ਪਰ ਹੁਣ ਤਾਂ ਬੱਸ ਪਛਤਾਵਾ।…. ਕੀ ਨਹੀਂ ਸੀ ਉਸਦੇ ਵਿੱਚ?…. ਸੱਭ ਕੁੱਝ ਹੀ ਤਾਂ ਸੀ…., ਪਰ ਮੈਂ ਤਾਂ ਬਸ ਰਾਣੀ ਤੇ ਨਮਰਤਾ ਚ ਹੀ ਲੱਭਦਾ ਰਿਹਾ। ਉਸਦੀ ਅਹਿਮੀਅਤ ਦਾ ਪਤਾ ਉਸਦੇ ਤੁਰ ਜਾਣ ਤੋਂ ਬਾਅਦ ਈ ਪਤਾ ਚੱਲਿਆ। ਬਸ ਨਹੀਂ ਬਣ ਸਕਿਆ ਸੀ ਮੈਂ ਉਸਦਾ ਹੀਰੋ…. ਤਾਂ ਹੀ ਤਾਂ ਓਦੇਂ ਉਸਨੇ ਆਖਤਾ ਸੀ….ਕਿ ਕਦੇ ਸੋਚਿਆ ਈ ਨਹੀਂ…, ਨਹੀਂ ਤਾਂ ਉਹ ਮੈਨੂੰ ਹੀ ਨਾ ਆਖ ਦਿੰਦੀ ਆਪਣਾ ‘ਹੀਰੋ’
‘ਸੱਚੀਂ ਖਵਣੀ ਪਤਾ ਨੀ ਇੱਕੋ ਦਮ ਕੀ ਹੋ ਗਿਐ ਮੈਨੂੰ….., ਹਰ ਰੋਜ਼ ਤੇਰੀ ਕਮੀ ਮਹਿਸੂਸ ਹੁੰਦੀ ਐ…..ਮੈਨੂੰ ਲੱਗਦੈ,…ਮੈਨੂੰ ਤੇਰੇ ਨਾਲ ਪਿਆਰ ਹੋ ਗਿਐ’। …. ਟੀ.ਵੀ. ਤੇ ਇੱਕੋ ਮਿੱਕੇ ਗੀਤ ਚੱਲ ਰਿਹੈ।
ਡਾ. ਮਨਜੀਤ ਭੱਲਾ
ਅਪ੍ਰੈਲ 16,2020

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)