More Punjabi Kahaniya  Posts
ਕਮਲਾ


ਨਿੱਕੇ ਹੁੰਦਿਆਂ ਉਹ ਜਦੋਂ ਵੀ ਕਿਸੇ ਗੱਲੋਂ ਲੜ ਪਿਆ ਕਰਦਾ ਤਾਂ ਗੁੱਸੇ ਵਿਚ ਆਈ ਦੇ ਮੇਰੇ ਮੂਹੋਂ ਬੱਸ ਇਹੋ ਗੱਲ ਨਿੱਕਲਦੀ ਕੇ ਪਤਾ ਨਹੀਂ ਰੱਬ ਤੈਨੂੰ ਬੇਅਕਲੇ ਨੂੰ ਅਕਲ ਕਦੋਂ ਦੇਊ?
ਬਾਪੂ ਹੋਰਾਂ ਦੀ ਅਜਾਦ ਸਲਤਨਤ ਵਿਚ ਵਿਚਰਦਾ ਹੋਇਆ ਉਹ ਬੇਲਗਾਮ ਪੰਛੀ ਜਦੋਂ ਅੱਗਿਓਂ ਹੋਰ ਵੀ ਬੇਸ਼ਰਮੀਂ ਨਾਲ ਦੰਦ ਕੱਢਣ ਲੱਗਦਾ ਤਾਂ ਮੈਨੂੰ ਅੱਗੇ ਨਾਲੋਂ ਵੀ ਹੋਰ ਜਿਆਦਾ ਭੈੜਾ ਲਗਿਆ ਕਰਦਾ..!
ਜਦੋਂ ਵਿਆਹ ਵਾਲੇ ਦਿਨ ਸ਼ਾਮੀਂ ਮੈਨੂੰ ਕਾਰ ਦੀ ਪਿਛਲੀ ਸੀਟ ਤੇ ਬਿਠਾ ਕੇ ਵਿਦਾ ਕਰਨ ਦਾ ਵੇਲਾ ਆਇਆ ਤਾਂ ਸਭ ਤੋਂ ਵੱਧ ਰੋਇਆ ਵੀ ਸ਼ਾਇਦ ਓਹੀ ਹੀ ਸੀ..!
ਫੇਰ ਰੱਬ ਦੀ ਐਸੀ ਕਰਨੀ ਹੋਈ..
ਮੈਨੂੰ ਗਈ ਨੂੰ ਮਸਾਂ ਛੇ ਮਹੀਨੇ ਵੀ ਨਹੀਂ ਸਨ ਹੋਏ ਕੇ ਚੰਗੇ ਭਲੇ ਤੁਰੇ ਫਿਰਦੇ ਬਾਪੂ ਹੁਰਾਂ ਦੀ ਖਬਰ ਆ ਗਈ..
ਫੇਰ ਕਨੇਡਾ ਪੜਨ ਗਿਆ ਉਹ ਕਾਹਲੀ ਵਿੱਚ ਵਾਪਿਸ ਪਰਤਿਆ ਤੇ ਸੰਸਕਾਰ ਮਗਰੋਂ ਫੇਰ ਛੇਤੀ ਹੀ ਵਾਪਿਸ ਮੁੜ ਗਿਆ..!
ਵਾਪਿਸ ਕਾਹਦਾ ਮੁੜਿਆ ਮਾਂ ਨੇ ਦਿਲ ਤੇ ਪੱਥਰ ਰੱਖ ਹਾਲਾਤਾਂ ਦੇ ਡਰੋਂ ਧੱਕੇ ਨਾਲ ਫੇਰ ਵਾਪਿਸ ਜਹਾਜੇ ਚੜਾਇਆ..!
ਮਗਰੋਂ ਬੀਜੀ ਦੀ ਸਾਰੀ ਜੁਮੇਵਾਰੀ ਮੇਰੇ ਤੇ ਆਣ ਪਈ..ਹਫਤੇ ਦਸਾਂ ਦਿਨਾਂ ਮਗਰੋਂ ਪੇਕੇ ਆਉਣਾ ਹੁਣ ਮੇਰੀ ਮਜਬੂਰੀ ਬਣ ਗਈ ਸੀ..!
ਇੱਕ ਵਾਰ ਇਸੇ ਤਰਾਂ ਹੀ ਘਰੇ ਫੇਰਾ ਪਾਉਣ ਆਈ ਤਾਂ ਇੱਕ ਅਜੀਬ ਜਿਹਾ ਵਰਤਾਰਾ ਦੇਖਿਆ..
ਪਹਿਲਾਂ ਸੁਵੇਰੇ ਉੱਠ ਮਾਂ ਨੇ ਦੋ ਤਿੰਨ ਤਰਾਂ ਦੀਆਂ ਸਬਜੀਆਂ ਬਣਾਈਆਂ..
ਫੇਰ ਫੁਲਕੇ ਲਾਹੇ..ਫੇਰ ਇੱਕ ਕੌਲੀ ਵਿਚ ਦਹੀਂ ਪਾਇਆ ਤੇ ਮੁੜਕੇ ਐਨ ਬਣਾ ਸਵਾਰ ਕੇ ਰੋਟੀ ਦੀ ਭਰੀ ਹੋਈ ਥਾਲੀ ਦੀ ਇੱਕ ਫੋਟੋ ਖਿੱਚ ਨਿੱਕੇ ਵੀਰ ਨੂੰ ਕਨੇਡਾ ਵਟ੍ਸ ਅੱਪ ਕਰ ਦਿੱਤੀ!
ਹੈਰਾਨਗੀ ਹੋਈ ਭੀ ਆਹ ਕੀ ਹੋਈ ਜਾਂਦਾ ਪਿਆ..
ਮਾਂ ਨੂੰ ਪੁੱਛਿਆ ਤਾਂ ਆਖਣ ਲੱਗੀ ਕੇ ਬਿੱਟੂ ਆਂਹਦਾ ਸੀ ਕੇ ਜਿੰਨਾ ਚਿਰ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਅਖੀਂ ਨਾ ਵੇਖ ਲਵਾਂ..ਇਥੇ ਸੱਤ ਸਮੁੰਦਰੋਂ ਪਾਰ ਵਾਲੀ ਦਾ ਬਿਲਕੁਲ ਵੀ ਸਵਾਦ ਨਹੀਂ ਆਉਂਦਾ”
ਏਨੀ ਗੱਲ ਸੁਣ ਮੈਨੂੰ ਨਿੱਕੇ ਤੇ ਬੜਾ ਹੀ ਜਿਆਦਾ ਵੱਟ ਚੜਿਆ..
ਸੋਚਣ ਲੱਗੀ ਕੇ ਇੱਕ ਤਾਂ ਕੱਲੀ ਕਾਰੀ ਮਾਂ..ਤੇ ਉੱਤੋਂ ਆਪਣੇ ਸਵਾਦਾਂ ਖਾਤਿਰ ਉਸਨੂੰ ਰੋਜ ਵਾਧੂ ਦੀ ਖੇਚਲ ਪਾਈ ਜਾਂਦਾ..!
ਓਸੇ ਵੇਲੇ ਹੀ ਉਸਨੂੰ ਫੋਨ ਲਾ ਲਿਆ..
ਤਾਂ...

ਅਗਿਓਂ ਹੱਸ ਪਿਆ..ਆਖਣ ਲੱਗਾ ਗੱਲ ਦੱਸਦਾਂ..ਪਰ ਮਾਂ ਨੂੰ ਨਾ ਦਸੀਂ..
ਗਵਾਂਢੀਆਂ ਦਾ ਫੋਨ ਆਇਆ ਸੀ ਇੱਕ ਦਿਨ..ਦੱਸਣ ਲੱਗੇ ਕੇ ਇਸਨੇ ਰੋਟੀ ਪਾਣੀ ਖਾਣਾ ਤਕਰੀਬਨ ਛੱਡ ਹੀ ਦਿੱਤਾ ਏ..
ਬੱਸ ਸਾਰਾ ਦਿਨ ਪੂਰਾਣੀਆਂ ਐਲਬਮਾਂ ਅਤੇ ਫੋਟੋਆਂ ਹੀ ਦੇਖੀ ਜਾਂਦੀ ਏ..
ਤੇ ਕਦੀ ਕਦੀ ਓਹਨਾ ਨੂੰ ਕੱਲੀ ਬੈਠੀ ਰੋਂਦੀ ਹੋਈ ਨੂੰ ਖੁਦ ਆ ਕੇ ਚੁੱਪ ਵੀ ਕਰਾਉਣਾ ਪੈਂਦਾ ਏ..
ਏਨੀ ਗੱਲ ਸੁਣ ਮੇਰੀ ਇਥੇ ਬੈਠੇ ਦੀ ਭੁੱਖ ਉੱਡ ਗਈ..ਰਾਤੀ ਉਨੀਂਦਰਾ ਰਹਿਣ ਲੱਗਾ..ਫੇਰ ਇਕ ਦਿਨ ਦਿਮਾਗ ਵਿਚ ਆਹ ਵਟ੍ਸ ਅੱਪ ਵਾਲਾ ਫੁਰਨਾ ਫੁਰਿਆ..
ਹੁਣ ਦੱਸਦੇ ਨੇ ਕੇ ਸਾਰਾ ਦਿਨ ਆਹਰੇ ਲੱਗੀ ਰਹਿੰਦੀ ਏ..
ਸਵੇਰੇ ਰੇਹੜੀ ਵਾਲੇ ਤੋਂ ਪਹਿਲਾਂ ਸਬਜੀ ਲੈਂਦੀ ਏ ਫੇਰ ਬਣਾ ਸਵਾਰ ਕੇ ਕੱਟ ਕੇ ਵਧੀਆ ਤਰਾਂ ਰਿੰਨਦੀ ਏ..
ਫੇਰ ਫੁਲਕੇ ਲਾਹ ਕੇ ਥਾਲੀ ਵਿਚ ਪ੍ਰੋਸਦੀ ਏ..ਤੇ ਮੈਨੂੰ ਫੋਟੋ ਭੇਜ ਜਦੋਂ ਇਸਦੇ ਮਨ ਨੂੰ ਇਹ ਤਸੱਲੀ ਹੋ ਜਾਂਦੀ ਕੇ ਬਿੱਟੂ ਨੂੰ ਰੋਟੀ ਦਾ ਸਵਾਦ ਆ ਗਿਆ ਹੋਣਾ..ਓਹੀ ਰੋਟੀ ਫੇਰ ਸਾਰਾ ਦਿਨ ਰੱਜ ਰੱਜ ਕੇ ਖਾਂਦੀ ਰਹਿੰਦੀ ਏ..!
ਏਨੀ ਗੱਲ ਸੁਣ ਮੇਰਾ ਗੱਚ ਭਰ ਆਇਆ..ਮੈਥੋਂ ਬੋਲਿਆ ਨਾ ਜਾਵੇ..
ਮੇਰੇ ਵੱਲੋਂ ਕੋਈ ਹਾਂ-ਹੰਗੂਰਾਂ ਨਾ ਆਉਂਦਾ ਵੇਖ ਉਹ ਅੱਗੋਂ ਹੈਲੋ ਹੈਲੋ ਕਰੀ ਜਾ ਰਿਹਾ ਸੀ ਤੇ ਮੈਂ ਏਧਰ ਬੁੱਤ ਬਣੀ ਬੱਸ ਇਹੋ ਗੱਲ ਸੋਚੀ ਜਾ ਰਹੀ ਸਾਂ ਕੇ ਹੱਦ ਦਰਜੇ ਦਾ ਇਹ ਬੇਅਕਲਾ ਅੱਜ ਏਡਾ ਸਿਆਣਾ ਕਿੱਦਾਂ ਹੋ ਗਿਆ?
ਫੇਰ ਖਿਆਲ ਆਇਆ ਕੇ ਸ਼ਾਇਦ ਜਦੋਂ ਸਿਰ ਤੇ ਆਣ ਪਈ ਵੇਲੇ ਰੱਬ ਮੇਹਰ ਕਰਦਾ ਏ ਤਾਂ ਫੇਰ ਵੱਡੇ ਤੋਂ ਵੱਡੇ ਕਮਲੇ ਨੂੰ ਵੀ ਸਿਆਣੇ ਬਣਨ ਵਿੱਚ ਘੜੀ ਨੀ ਲੱਗਦੀ..
ਫੇਰ ਇਹ ਵੀ ਚੇਤੇ ਆਇਆ ਕੇ ਹੁਣੇ ਹੁਣੇ ਸਿਆਣਾ ਬਣ ਗਿਆ ਕਿਸੇ ਵੇਲੇ ਦਾ ਇਹ ਕਮਲਾ ਜਦੋਂ ਨਿੱਕਾ ਹੁੰਦਾ ਸੀ ਤਾਂ ਸਤਵੀਂ-ਅਠਵੀਂ ਜਮਾਤ ਤੱਕ ਅੱਪੜ ਕੇ ਵੀ ਜਿੰਨੀ ਦੇਰ ਤੱਕ ਨਾਲ ਪਈ ਬੀਜੀ ਦੇ ਨੰਗੇ ਢਿਡ੍ਹ ਤੇ ਹੱਥ ਨਾ ਰੱਖ ਲਿਆ ਕਰਦਾ ਇਸਨੂੰ ਨੀਂਦਰ ਨਹੀਂ ਸੀ ਪਿਆ ਕਰਦੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)