ਉੱਚੇ ਪੁਲ ਤੇ ਭਾਈ ਜੀ ਦਾ ਖੋਖਾ..ਓਹਨੀ ਦਿੰਨੀ ਸੈਰ ਤੋਂ ਮੁੜਦਾ ਹੋਇਆ ਜਿੰਨੀ ਦੇਰ ਘੜੀ ਕੂ ਓਥੇ ਬੈਠ ਚਾਹ ਦਾ ਕੱਪ ਪੀਂਦੇ ਹੋਏ ਅਖਬਾਰ ਨਾ ਵੇਖ ਲਿਆ ਕਰਦਾ ਸਿਦਕ ਜਿਹਾ ਨਾ ਆਉਂਦਾ..!
ਜਦੋਂ ਦਾ ਭਾਈ ਜੀ ਦਾ ਜਵਾਨ ਪੁੱਤ ਪੁਲਸ ਨੇ ਚੁੱਕ ਕੇ ਗਾਇਬ ਕਰ ਦਿੱਤਾ ਸੀ ਨਾਲਦੇ ਸ਼ੋ ਰੂਮ ਵਾਲਿਆਂ ਬੜਾ ਜ਼ੋਰ ਲਾਇਆ ਕੇ ਖੋਖਾ ਖਰੀਦ ਕੇ ਆਪਣਾ ਨਾਲ ਰਲਾ ਲਿਆ ਜਾਵੇ..ਪਰ ਭਾਈ ਜੀ ਹਮੇਸ਼ਾਂ ਨਾਂਹ ਕਰ ਦਿਆ ਕਰਦੇ..ਆਖਦੇ ਜਿੰਨੀ ਦੇਰ ਜਿਉਂਦਾ ਹਾਂ ਜਰੂਰ ਚਲਾਊ..ਮਗਰੋਂ ਉਸ ਵਾਹਿਗੁਰੂ ਦੀ ਮਰਜੀ!
ਇੱਕ ਦਿਨ ਆਪਣੇ ਨਾਲ ਖਿਡਾਉਣ ਲਿਆਂਦੇ ਨਿੱਕੇ ਜਿਹੇ ਪੋਤਰੇ ਨੇ ਬਾਲ ਮਾਰ ਕੇ ਨਾਲਦਿਆਂ ਦੀ ਲਾਈਟ ਤੋੜ ਦਿੱਤੀ..ਸ਼ੋ ਰੂਮ ਦੇ ਉੱਪਰ ਹੀ ਰਹਿੰਦਾ ਸਾਰਾ ਟੱਬਰ ਭਾਈ ਜੀ ਦੇ ਦਵਾਲੇ ਹੋ ਗਿਆ..ਅਖੀਰ ਹਜਾਰ ਤੇ ਗੱਲ ਮੁੱਕੀ..ਭਾਈ ਜੀ ਨੇ ਸੱਤ ਬਚਨ ਆਖ ਦੋ ਕਿਸ਼ਤਾਂ ਬਨਵਾਂ ਲਈਆਂ..ਪਰ ਨਿੱਕੇ ਪੋਤਰੇ ਨੂੰ ਮਾੜੀ ਜਿੰਨੀ ਝਿੜਕ ਵੀ ਨਾ ਮਾਰੀ..ਹੱਸਦਿਆਂ ਬੱਸ ਏਨੀ ਗੱਲ ਹੀ ਆਖੀ ਕੇ ਅਜੇ ਤੇ ਤੇਰੇ ਪਿਓ ਦਾ ਚਾੜਿਆ ਹੀ ਨਹੀਂ ਸੀ ਲੱਥਾ ਤੇ ਤੂੰ ਹੋਰ ਬਣਵਾ ਦਿੱਤੀਆਂ!
ਕੋਲ ਸੋਚਾਂ ਵਿਚ ਪਿਆ ਅੱਧੀ ਪੜੀ ਅਖਬਾਰ ਦਾ ਪੰਨਾ ਪਲਟਲ ਹੀ ਲੱਗਾ ਸਾਂ ਕੇ ਵੱਡੇ ਸਾਰੇ ਟਰੇ ਤੇ ਕਿੰਨੇ ਸਾਰੇ ਕੱਪ ਅਤੇ ਮੱਠੀਆਂ ਲਿਆਉਂਦੇ ਵੇਟਰ ਨੂੰ ਗਲਤੀ ਨਾਲ ਵੱਜ ਗਈ ਮੇਰੀ ਬਾਂਹ ਕਰਕੇ ਸਾਰਾ ਕੁਝ ਓਥੇ ਹੀ ਢੇਰੀ ਹੋ ਗਿਆ..!
ਉਹ ਡਰਿਆ ਹੋਇਆ ਗਿਆਨੀ ਜੀ ਵੱਲ ਵੇਖਣ ਲੱਗਾ..ਅੱਗੋਂ ਆਖਣ ਲੱਗੇ ਕੋਈ ਗੱਲ ਨੀ ਪੁੱਤਰ..ਜਿਥੇ...
ਏਨੀਆਂ ਕਿਸ਼ਤਾਂ ਬੱਝ ਗਈਆਂ ਓਥੇ ਇੱਕ ਹੋਰ ਸਹੀ..ਹੁਣ ਬਹੁਕਰ ਫੇਰ ਕੇ ਸਾਰਾ ਕੱਚ ਕੱਠਾ ਕਰ ਲੈ ਕਿਸੇ ਦੇ ਪੈਰ ਵਿਚ ਹੀ ਨਾ ਚੁੱਬ ਜਾਵੇ..!
ਅਕਸਰ ਹੀ ਓਥੇ ਵੀਹ ਮਿੰਟ ਬੈਠਦੇ ਨੂੰ ਅੱਜ ਕਦੋਂ ਪੂਰਾ ਘੰਟਾ ਹੋ ਗਿਆ ਪਤਾ ਹੀ ਨਹੀਂ ਲੱਗਾ..ਤੁਰਨ ਲੱਗੇ ਨੇ ਭਾਈ ਜੀ ਨੂੰ ਸੋ ਦਾ ਨੋਟ ਫੜਾ ਦਿੱਤਾ..ਬਕਾਇਆ ਮੋੜਨ ਲੱਗੇ ਤਾਂ ਆਖ ਦਿੱਤਾ ਕੇ ਹੋਏ ਨੁਕਸਾਨ ਦਾ ਵੀ ਕੱਟ ਲਵੋ..ਆਖਣ ਲੱਗੇ ਪੁੱਤਰ ਸ਼ੁਰੂ ਤੋਂ ਹੀ ਕਿਸ਼ਤਾਂ ਮੋੜਨ ਦੀ ਆਦਤ ਏ..ਨਾਲੇ ਤੇਰਾ ਕੋਈ ਕਸੂਰ ਥੋੜੀ ਸੀ..ਹਾਦਸਾ ਸੀ ਕਿਸੇ ਤੋਂ ਵੀ ਹੋ ਸਕਦਾ!
ਬੜਾ ਜ਼ੋਰ ਲਾਇਆ ਪਰ ਨਾ ਮੰਨੇ..!
ਬਾਕੀ ਦਾ ਬਕਾਇਆ ਮੁੱਠ ਵਿਚ ਫੜੀ ਵਾਪਿਸ ਮੁੜਦੇ ਹੋਏ ਨੂੰ ਇੰਝ ਲੱਗ ਰਿਹਾ ਸੀ ਜਿੱਦਾਂ ਖਿਲਰੇ ਹੋਏ ਕੱਚ ਦੀ ਇੱਕ ਮੋਟੀ ਜਿਹੀ ਕੰਕਰ ਪੈਰੀ ਪਾਏ ਮੇਰੇ ਬੂਟਾਂ ਦੇ ਮੋਟੇ ਤਲੇ ਨੂੰ ਪਾੜ ਪੈਰ ਵਿਚ ਆਣ ਵੱਜੀ ਹੋਏ..!
ਪਰ ਹੈਰਾਨ ਸਾਂ ਕੇ ਲਹੂ ਕਿਓਂ ਨਹੀਂ ਸੀ ਵਗਿਆ..ਸ਼ਾਇਦ ਇਸ ਕਰਕੇ ਕੇ ਇਹ ਕੋਈ ਆਮ ਕੰਕਰ ਨਹੀਂ ਸੀ..ਓਹੀ ਕੰਕਰ ਸੀ ਜਿਹੜੀ ਖੋਬੀ ਤਾਂ ਉਸ ਵੇਲੇ ਦੀ ਇਨਸਾਫ ਮੰਗਦੀ ਨੌਜੁਆਨੀ ਦੇ ਸੀਨੇ ਵਿਚ ਜਾ ਰਹੀ ਸੀ..ਪਰ ਲਹੂਆਂ ਨਾਲ ਗਿੱਲੇ ਵਗਦੀਆਂ ਨਹਿਰਾਂ ਦੇ ਕੰਢੇ ਹੋ ਰਹੇ ਸਨ!
ਹਰਪ੍ਰੀਤ ਸਿੰਘ ਜਵੰਦਾ