ਲਾਡੋ ਰਾਨੀ 🍁🍁 ਦੂਸਰਾ -ਭਾਗ 🍁
ਗ੍ਰੰਥੀ ਸਿੰਘ ਨੇ “ਮੇਲ ਲਿਓ ਮਹਾਰਾਜ, ਵੇਲਾ ਮਿਲਣੀ ਦੀ ਅਰਦਾਸ ਕੀਤੀ ਤਾਂ ਸਾਰਿਆਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲ੍ਹਾ ਦਿੱਤੇ !
ਕੁੜਮ-ਕੁੜਮਣੀਆਂ , ਮਾਮੇ-ਮਾਮੀਆਂ, ਮਾਸੜ -ਮਾਸੀਆਂ ਤੇ ਜੀਜੇ, ਫੁਫੜਾਂ ਜੁੱਫੀਆਂ ਪਾ ਮਿਲਣੀਆਂ ਕੀਤੀਆਂ ਤਾਂ ਜੰਝੀਆਂ -ਮਾਂਝੀਆਂ ਸਿਰਵਰਨੇ ਕਰ ਵਿਰਸੇ ਦੀ ਰਸਮ ਨਿਭਾ ਦਿੱਤੀ!
ਕੋਠੇ ਤੋਂ ਜੰਝ ਨੂੰ ਨਿਹਾਰਦੀਆਂ ਸਹੇਲੀਆਂ ਦੀ ਆੜ ‘ ਚ ‘ਚੋਰੀ ਛੁਪੇ ਲਾਡੋ ਨੇ ਜਦੋਂ ਆਪਣੇ ਸਿਰ ਦੇ ਸਾਈਂ “ਤਾਰੇ” ਨੂੰ ਤਕਿਆ ਤਾਂ ਤਾਰਾ “ਧਰੂ ਦਾ ਤਾਰਾ ” ਬਣ ਚਮਕ ਰਿਹਾ ਸੀ!
ਧਿਗੋਜੋਰੀ ਇਕ ਝੱਰਨਾਹਟ ਬਿਜਲੀ ਵਾਂਗ ਲਾਡੋ ਦੇ ਵਜੂਦ ਵਿਚ ਫਿਰੀ ਤੇ ਉਸਦੇ ਸਾਰੇ ਜਿਸਮ ‘ਚ ‘ਵਿਸਮਾਦੀ ਸ਼ਹਿਨਾਈਆਂ ਵੱਜਣ ਲਗ ਪਈਆਂ! ਕੋਈ ਜਾਦੂਈ ਸ਼ਕਤੀ ਉਸਦੇ ਕਣ ਕਣ ਵਿਚ ਭਰ ਗਈ!
ਅਨੰਦਕਾਰਜ ਦੀ ਰਸਮ ਸਮਾਪਤ ਹੋਈ ਤਾਂ ਲਾੜੇ ਦੀ ਉਸਤੱਤ ਕਰਦਿਆਂ ਸਿਹਰਾ ਪੜਿਆ ਗਿਆ…. ਲਾਡੋ ਨੂੰ ਮੱਤਾਂ ਦੇਂਦੀ, ਪਿਓ ਦੀ ਪੱਗ ਦਾ ਵਾਸਤਾ ਪਾਉਂਦੀ ਤੇ ਮਾਪਿਆਂ ਦਾ ਘਰ ਛੱਡ ਦੂਰ ਜਾ ਵੱਸਣ ਦਾ ਦਰਦ ਬਿਆਨਦੀ “ਸਿਖਿਆ” ਜਦੋਂ ਪੜੀ ਗਈ ਤਾਂ ਸੁਣਨ ਵਾਲਿਆਂ ਦੇ ਨੈਣ ਮੁੰਦੇ ਗਏ!
ਜੰਝ ਦੀ ਟਹਿਲ ਸੇਵਾ ਦਾ ਸਮਾਂ ਆਇਆ ਤਾਂ ਲਾਡੋ ਦੇ ਪਿੰਡੋਂ ਲਾੜੇ ਦੇ ਪਿੰਡ ਵਿਆਹੀਆਂ ਧੀਆਂ ਦੀ ਰੋਟੀ ਦੇ ਥਾਲ ਕੱਢੇ ਗਏ ਤਾਂ ਕੇ ਪਿੰਡ ਦੀਆਂ ਧੀਆਂ ਨੂੰ ਸਤਿਕਾਰ ਦਿੱਤਾ ਜਾ ਸਕੇ!
ਫੁੱਫੜ ਤੇ ਜੀਜੇ ਨੂੰ ਵਿਸ਼ੇਸ਼ ਇੱਜਤ ਦੇਂਦਿਆਂ ਬਾਰਤ ਨਾਲ ਖਾਣੇ ਦਾ ਨੀਓਤਾ ਦਿੱਤਾ ਗਿਆ ਕਿਉਕਿ ਉਹ ਵੀ ਇਸ ਘਰ ਦੇ ਜਵਾਈ -ਭਾਈ ਸਨ !
ਸਰਬਾਲਾ ਭਾਵੇਂ ਉਮਰ ਵਿਚ ਨਿਆਣਾ ਸੀ ਪਰ ਜਦੋਂ ਉਹ ਸਰਬਾਲੇ ਦੀ ਪਦਵੀ ਦੀ ਭਰਭੂਰ ਵਰਤੋਂ ਕਰਦਿਆਂ ਤਿੰਗੜ ਤਿੰਗੜ ਤੁਰਦਾ ਬੜਾ ਸੋਹਣਾ ਲਗਦਾ….ਘਰਵਾਲੇ ਉਨੂੰ ਲਾੜੇ ਬਰਾਬਰ ਮਾਣਤਾਨ ਦੇਂਦੇ ਤਾਂ ਉਹ ਗਲ ਪਿਆ ਹਾਰ ਬਰਬਾਰ ਸਵਰਦਾ ਨਾ ਥੱਕਦਾ!
ਰਿਸ਼ਤੇਦਾਰਾਂ ਤੇ...
ਭਾਈਚਾਰੇ ਦੇ ਨੌਜਵਾਨਾਂ ਨਿਮਰਤਾ ਸਾਹਿਤ ਜੰਝ ਦੀ ਸੇਵਾ ਕਰਨ ਵਾਲੀ ਓੜ ਪੁੱਗਾ ਦਿੱਤੀ! ਉਨ੍ਹਾਂ ਭੱਜ ਨੱਠ ਕੇ ਇਸ ਕਾਰਜ ਨੂੰ ਬਾਖੂਬੀ ਨੇਪਰੇ ਚੜਿਆ!
ਜੰਝਘਰ ਵਿਚ ਲਾਈਨਾਂ ਸਿਰ ਡਠੇ ਮੰਜਿਆ ਤੇ ਬਰਾਜਮਾਨ ਜੰਝੀਆਂ ਦਾ ਜਦੋਂ ਮਰਾਸੀਆਂ ਤਪਲੇ ਦੀ ਤਾਲ ‘ਤੇ ਕੰਨਾਂ ਉੱਤੇ ਹੱਥ ਗਾਣੇ ਗਾ ਅਤੇ ਨਕਲਾਂ ਉਤਾਰ ਮੰਨੋਰੰਜਨ ਕੀਤਾ ਤਾਂ ਜੰਝੀਆਂ ਖੁਸ਼ ਹੋ ਵੇਲਾਂ ਕਰਵਾ ਉਨ੍ਹਾਂ ਦੀ ਰੱਜ ਕੇ ਹੌਸਲਾ ਅਫ਼ਜਾਈ ਕੀਤੀ!
ਵਿਆਹ ਦੀ ਸੂਹ ਲੈਂਦਿਆ ਭੰਡ, ਖੁੱਸਰੇ ਤੇ ਬਾਜ਼ੀਗਰ ਵੀ ਆਪਣੀ ਹਾਜ਼ਰੀ ਲਵਾਉਣ ਜੰਝਘਰ ਆਣ ਪਧਾਰੇ…..ਉਨ੍ਹਾਂ ਆਪੋ ਆਪਣੀਆਂ ਕਲਾਬਜ਼ੀਆਂ ਦਾ ਭਰਭੂਰ ਮੁਜਾਹਰਾ ਕੀਤਾ ਅਤੇ ਰੱਜ ਕੇ ਵਾਹ ਵਾਹ ਖਟੀ… ਸਰਦਾ – ਬਣਦਾ ਝੋਲੀ ਪਵਾ ਤੇ ਮਹਾਰਾਜ ਭਾਗ ਲਾਵੇ ਅਤੇ ਜੋੜੀਆਂ ਬਣਾਵੇ ਦੀਆਂ ਅਸੀਸਾਂ ਦੇਂਦੇ ਤੁਰ ਗਏ !
ਕੋਠੇ ‘ਤੇ ਮੰਜੇ ਜੋੜ ਸਪੀਕਰ ਚੋਂ ਲਾਲ ਚੰਦ ਜੰਮਲਾ ਜੱਟ ਦਾ ਵੱਜਦਾ ਗਾਣਾ,
“ਜੰਗਲ ਦੇ ਵਿਚ ਖੂਹਾ ਲਵਾਦੇ, ਉੱਤੇ ਪਵਾਦੇ ਡੋਲ,
ਸਖੀਆ ਨਾਮ ਸਾਈਂ ਦਾ ਬੋਲ!”
ਜਦੋਂ ਪਿੰਡ ਦੀ ਫਿਜ਼ਾ ਵਿਚ ਗੂੰਜਦਾ ਤਾਂ ਜੰਗਲਾਂ ਵਿਚ ਵਿਚਰਨ ਵਾਲਿਆਂ ਪਿਆਸਿਆਂ ਦੀ ਪਿਆਸ ਬੁਝਾਉਣ ਦਾ ਹੋਕਾ ਦੇਈਂ ਜਾਂਦਾ!
ਫੁੱਫੜ ਨੇ ਕਰਤੂਸਾਂ ਦੀ ਬੈਲਟ ਚੋਂ ਦੋ ਕਾਰਤੂਸ ਕੱਢ ਦੋਨਾਲੀ ਵਿਚ ਭਰੇ ਤੇ ਜੰਝਘਰ ਵਿਚਲੇ ਬੋਹੜ ਦੇ ਟਾਹਣੇ ਉੱਤੇ ਬੈਠੀ ਘੁੱਗੀ ‘ਤੇ ਸਿਸ਼ਤ ਬੰਨ ਫਾਇਰ ਦਾਗ ਦਿੱਤਾ….. ਘੁੱਗੀ ਫੁੱਫੜ ਦੇ ਕਹਿਰ ਦਾ ਸ਼ਿਕਾਰ ਹੋ ਪੂੰਜਾ ਗਵਾ ਜਿਧਰ ਰਾਹ ਲੱਭਾ ਉੱਡ ਗਈ!
ਫੁੱਕਰੇ ਫੁੱਫੜ ਦੀ ਇਸ ਹਰਕਤ ਨੇ ਜਿਥੇ ਦਹਿਸ਼ਤ ਦਾ ਮਹੌਲ ਸਿਰਜਿਆ ਉਥੇ ਅਮਨ ਪਸੰਦ ਲੋਕਾਂ ਦੀਆਂ ਨਜਰਾਂ ਵਿਚ ਨੀਵਾ ਹੋ ਗਿਆ!
✍️:-ਗੁਰਨਾਮ ਨਿੱਜਰ= 16/08/2022