ਜਦੋਂ ਪਿੰਡਾਂ ਵਿੱਚ ਨਵੇਂ ਨਵੇਂ ਲੈਂਡਲਾਈਨ ਫੋਨ ਲੱਗਣੇ ਸ਼ੁਰੂ ਹੋਏ ਤਾਂ ਸਾਡੇ ਪਿੰਡ ਵਿੱਚ ਟੈਲੀਫੋਨ ਮਹਿਕਮੇ ਦੇ ਅਧਿਕਾਰੀ ਆਏ ਕਿ ਜਿਸਨੇ ਫੋਨ ਲਗਾਉਣਾ ਹੈ ਫਾਰਮ ਭਰ ਦਿਉ ।
ਅਸੀਂ ਵੀ ਅਮੀਰਾਂ ਜਿਹਾਂ ਵਾਲੀ ਫਿਲਿੰਗ ਲਈ ਅਤੇ ਫਾਰਮ ਭਰ ਦਿੱਤੇ । ਕੁਝ ਮਹੀਨੇ ਬਾਅਦ ਸਕਿਓਰਿਟੀ ਦੀ ਰਕਮ ਅਦਾ ਕੀਤੀ । ਅਤੇ ਕੁਝ ਹੀ ਮਹੀਨਿਆਂ ਵਿਚ ਘਰ ਵਿਚ ਫੋਨ ਲੱਗ ਗਿਆ ।
ਫੋਨ ਕਾਅਦਾ ਲੱਗਾ ਅਸੀਂ ਤਾਂ ਮੁਸੀਬਤਾਂ ਦਾ ਪਹਾੜ ਹੀ ਮੁੱਲ ਲੈ ਲਿਆ ।
ਸਾਡੇ ਮੁਹੱਲੇ ਵਿਚ ਦਸ ਕੁ ਘਰਾਂ ਵਿੱਚ ਫੋਨ ਲੱਗੇ ਸਨ ।
ਜਿਆਦਾਤਰ ਤਾਂ ਫੋਨ ਖਰਾਬ ਹੀ ਰਹਿੰਦਾ ਸੀ । ਜਦੋਂ ਖਰਾਬ ਹੋਣਾਂ ਤਾਂ ਟੈਲੀਫੋਨ ਐਕਸਚੇਂਜ ਵਿਚ ਜਾ ਕੇ ਰਿਪੋਰਟ ਦਰਜ ਕਰਵਾਉਣੀ । ਤਾਂ ਮੁਲਾਜ਼ਮਾ ਨੇ ਠੀਕ ਕਰ ਦੇਣਾ ।
ਪਿੰਡ ਦੀਆਂ ਗਲੀਆਂ ਵਿੱਚ ਖੰਭਿਆਂ ਉਪਰ ਓਪਨ ਤਾਰਾਂ ਸਨ । ਉਹ ਜਦੋਂ ਜੁੜ ਜਾਂਦੀਆਂ ਸਨ ਤਾਂ ਫੋਨ ਬੰਦ ਹੋ ਜਾਂਦਾ ।
ਫੋਨ ਕਰਨ ਜਾਂ ਸੁਨਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਜੋ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ।
ਔਰਤਾ ਪਰਚੀ ਤੇ ਨੰਬਰ ਲਿਖ ਕੇ ਲਿਆਉਦੀਆਂ ਤੇ ਫੋਨ ਕਰਕੇ ਸਾਡਾ ਨੰਬਰ ਦੱਸ ਦਿੰਦੀਆਂ । ਜਦੋਂ ਫੋਨ ਚਲਦਾ ਹੋਣਾਂ ਤਾਂ ਸਾਨੂੰ ਖੁਸ਼ੀ ਹੁੰਦੀ ਸੀ ਕਿ ਚਲੋ ਅਸੀਂ ਕਿਸੇ ਦੇ ਕੰਮ ਆਏ ।
ਪਰ ਇਹ ਸੇਵਾ ਕੁਝ ਚਿਰ ਬਾਅਦ ਕੜਵਾਹਟ ਜਿਹੀ ਛੱਡਣ ਲੱਗ ਪਈ । ਕਦੀ ਕਿਸੇ ਦਾ ਫੋਨ ਆਉਂਦਾ ਕਿ ਉਸ ਨੂੰ ਸੱਦ ਲਿਆਓ ।ਕਦੀ ਕਿਸੇ ਨੇ ਕਹਿਣਾ ਕਿ ਫਲਾਣੇ ਘਰ ਸੁਨੇਹਾ ਦੇ ਆਓ ।
ਅਸੀਂ ਕਿਸੇ ਦੇ ਘਰ ਜਾਣਾ ਤਾਂ ਲੱਸੀ ਲੈਣ ਵਾਲੀਆਂ ਵਾਂਗੂ ਦਰਵਾਜ਼ੇ ਵਿਚ ਖੜ੍ਹ ਕੇ ਆਵਾਜ ਦੇਣੀ । ਜਾਂ ਫਿਰ ਭੋਗ ਦਾ ਸੱਦਾ ਦੇਣ ਵਾਲਿਆਂ ਵਾਂਗ ਅੱਗੇ ਜਾ ਕੇ ਸੁਨੇਹਾ ਦੇਣਾ ।
ਇੱਕ ਦਿਨ ਸਵੇਰੇ ਦਸ ਕੁ ਵਜੇ ਫੋਨ ਬੰਦ ਸੀ । ਮੈਂ ਸਕੂਟਰੀ ਤੇ ਤਾਰਾਂ ਦੇਖਣ ਗਿਆ ਤਾਂ ਦੇਖਿਆ ਕਿ ਪਿੰਡ ਦੇ ਬਾਹਰ ਫਿਰਨੀ ਤੇ ਤਾਰਾਂ ਜੁੜੀਆਂ ਸਨ । ਮੈਂ ਆ ਕੇ ਆਪਣੇ ਦੋਸਤ ਨੂੰ ਨਾਲ ਲੈ ਕੇ ਘੋੜਾ ਪੌੜੀ ਲੈ ਕੇ ਗਏ ਅਤੇ ਤਾਰਾਂ ਅਲੱਗ ਅਲੱਗ ਕਰ ਕੇ ਵਿਚ ਡੰਡੇ ਬੰਨ੍ਹ ਦਿੱਤੇ ਤਾਂ ਕਿ ਫਿਰ ਨਾਂ ਤਾਰਾਂ ਜੁੜ ਜਾਣ ।
ਅਜੇ ਘਰ ਪਹੁੰਚਿਆ ਹੀ ਸੀ ਕਿ ਟਰਨ ਟਰਨ ਹੋਈ
ਮੈਂ ਖੁਸ਼ੀ ਖੁਸ਼ੀ ਰਿਸੀਵਰ ਚੁਕਿਆ ਤਾਂ ਇਕ ਔਰਤ ਦੀ ਆਵਾਜ ਆਈ ਹੈਲੋ । ਮੈਂ ਵੀ ਕਿਹਾ ਕਿ ਹੈਲੋ। ਹਾਂਜੀ ।
ਉਹ ਕਹਿੰਦੀ ਕਿ ਕੌਣ ਬੋਲ ਰਹੇ ਹੋ ।
ਮੈਂ ਕਿਹਾ ਕਿ ਮੈਂ ਬਲਦੇਵ ਸਿੰਘ ਬੋਲ ਰਿਹਾ ਹਾਂ
ਉਹ ਕਹਿੰਦੀ ਕਿ ਕਿਹੜਾ ਬਲਦੇਵ ਸਿੰਘ । ।।
ਮੈਂ ਕਿਹਾ ਕਿ ਉਹੀ ਜਿਸਦੇ ਘਰ ਫੋਨ ਲੱਗਾ ਹੈ ਅਤੇ ਜਿਸ ਦਾ ਨੰਬਰ 2773651 ਹੈ ਜੋ ਤੁਸੀਂ ਹੁਣੇ ਹੀ ਡਾਇਲ ਕੀਤਾ ਹੈ ।
ਅਤੇ ਉਹੀ ਜਿਹੜਾ ਆਪਣੇ ਦੋਸਤ ਨੂੰ ਨਾਲ ਲੈ ਕੇ ਘੋੜਾ ਪੌੜੀ ਲੈ ਕੇ ਪਿੰਡ ਦੇ ਬਾਹਰ ਫਿਰਨੀ ਤੇ ਜੁੜੀਆਂ ਹੋਈਆਂ ਹੋਈਆਂ ਤਾਰਾਂ ਅਲੱਗ ਕਰ ਕੇ ਵਿਚ ਡੰਡੇ ਬੰਨ੍ਹ ਕੇ ਆਇਆ ਹੈ ।
ਅਤੇ ਉਹੀ ਜਿਹੜਾ ਹਰ ਮਹੀਨੇ ਟੈਲੀਫੋਨ ਐਕਸਚੇਂਜ ਵਿਚ ਜਾ ਕੇ ਲਾਈਨ ਵਿਚ ਲੱਗ ਕੇ ਬਿਲ ਤਾਰ ਕੇ ਆਉਂਦਾ ਹੈ ।
ਇੰਨਾ ਕਹਿ ਕੇ ਮੈਂ ਫੋਨ ਕੱਟ ਦਿਤਾ ।
ਅਗਲੇ ਦਿਨ ਸਵੇਰੇ ਇਕ ਭਲਾ ਪੁਰਸ਼ ਮਿਲਿਆ ਤਾਂ ਕਹਿਣ ਲੱਗਾ ਕਿ ਯਾਰ ਕੱਲ ਸਾਡੇ ਰਿਸ਼ਤੇਦਾਰ ਨੇ ਫੋਨ ਕੀਤਾ ਸੀ ਤਾਂ ਤੁਸੀਂ ਕੱਟ ਹੀ ਦਿਤਾ...
। ਜਰੂਰੀ ਕੰਮ ਸੀ ਫਿਰ ਉਸ ਨੇ ਕਿਸੇ ਹੋਰ ਘਰ ਫੋਨ ਕੀਤਾ ।
ਮੈਂ ਉਸ ਨੂੰ ਸਾਰੀ ਵਾਰਤਾਲਾਪ ਦੱਸੀ ਅਤੇ ਕਿਹਾ ਕਿ ਵੀਰ ਜੀ ਜਦੋਂ ਕਿਸੇ ਰਿਸ਼ਤੇਦਾਰ ਨੂੰ ਕਿਸੇ ਦਾ ਨੰਬਰ ਦੇਣਾ ਹੋਵੇ ਤਾਂ ਉਸ ਨੂੰ ਇਹ ਵੀ ਦੱਸ ਦਿਆ ਕਰੋ ਕਿ ਇਹ ਫੋਨ ਇਸ ਨਾਂ ਵਾਲੇ ਘਰ ਲੱਗਾ ਹੈ । ਅਤੇ ਉਹ ਜਿਹੜਾ ਉਲਾਂਭਾ ਜਿਹਾ ਲੈ ਕੇ ਆਇਆ ਸੀ ਫਿਰ ਕਾਗਜ ਵਿੱਚ ਲਪੇਟ ਕੇ ਸ਼ਰਮਿੰਦਾ ਹੋਇਆ ਵਾਪਸ ਲੈ ਗਿਆ ।
ਫਿਰ ਉਸੇ ਰਾਤ ਅੱਠ ਕੁ ਵਜੇ ਫੋਨ ਆਇਆ ।ਇਕ ਆਦਮੀ ਕਹਿੰਦਾ ਕਿ ਤੁਸੀਂ ਇਹ ਵੀਰ ਜੀ ਬੋਲ ਰਹੇ ਹੋ । ਮੈਂ ਕਿਹਾ ਹਾਂ ਜੀ । ਫਿਰ ਉਸ ਨੇ ਕਿਹਾ ਕਿ ਤੁਸੀਂ ਇਸ ਆਦਮੀ ਨੂੰ ਜਾਣਦੇ ਹੋ । ਮੈਂ ਕਿਹਾ ਕਿ ਹਾਂ ਇਹ ਤਾਂ ਮੇਰਾ ਖਾਸ ਦੋਸਤ ਹੈ । ਅਤੇ ਅਸੀਂ ਹਰ ਰੋਜ ਸ਼ਾਮ ਨੂੰ ਮਿਲਦੇ ਹਾਂ । ਅਤੇ ਉਹ ਕਹਿੰਦਾ ਕਿ ਉਸ ਨੂੰ ਬੁਲਾ ਲਿਆਉਗੇ । ਮੈਂ ਕਿਹਾ ਜਰੂਰ ਪਰ ਉਸ ਦਾ ਘਰ ਦੂਰ ਹੈ ਤੁਸੀਂ ਵੀਹ ਕੁ ਮਿੰਟ ਬਾਅਦ ਫੋਨ ਕਰਿਓ । ਅਤੇ ਮੈਂ ਆਪਣੇ ਦੋਸਤ ਨੂੰ ਬੁਲਾ ਲਿਆਇਆ ।
ਅਸੀਂ ਗੱਲਾਂਬਾਤਾਂ ਕਰਦੇ ਰਹੇ ।ਅੱਧਾ ਘੰਟਾ ਪੌਣਾ ਫਿਰ ਇੱਕ ਘੰਟਾ ਬੀਤ ਗਿਆ ਪਰ ਫੋਨ ਨਹੀਂ ਆਇਆ । ਜਿਉਂ ਜਿਉਂ ਸਮਾਂ ਗੁਜ਼ਰਦਾ ਜਾਵੇ ਤਾਂ ਮੇਰੇ ਦੋਸਤ ਦੀ ਬੇਚੈਨੀ ਞਧਦੀ ਜਾਵੇ । ਉਹ ਕਦੇ ਕਦੇ ਫੋਨ ਵੱਲ ਵੇਖ ਲਿਆ ਕਰੇ । ਪਰ ਫੋਨ ਤਾਂ ਰੁੱਸੀ ਹੋਈ ਘਰ ਵਾਲੀ ਵਾਂਗੂ ਚੁੱਪ ਚਾਪ ਪਿਆ ਸੀ ਨਾਂ ਹੂਂ ਨਾਂ ਹਾਂ ।ਫਿਰ ਮੈਂ ਰਿਸੀਵਰ ਚੁੱਕ ਕੇ ਦੇਖਿਆ ਕਿ ਕਿਤੇ ਇਹ ਚੜਾਈ ਨਾਂ ਕਰ ਗਿਆ ਹੋਵੇ ਪਰ ਉਸ ਦੀ ਨਬਜ ਚੱਲ ਰਹੀ ਸੀ ।
ਫਿਰ ਕੁਝ ਚਿਰ ਹੋਰ ਉਡੀਕ ਕੇ ਮੇਰਾ ਦੋਸਤ ਚਲਾ ਗਿਆ । ਅਜੇ ਉਹ ਘਰ ਹੀ ਪਹੁੰਚਿਆ ਹੋਣਾ ਫਿਰ ਫੋਨ ਗਰਜਿਆ । ਮੈਂ ਫੋਨ ਚੁੱਕਿਆ ਤਾਂ ਫਿਰ ਉਹ ਆਦਮੀ ਬੋਲਿਆ ਕਿ ਵੀਰ ਜੀ ਤੁਸੀਂ ਉਸ ਨੂੰ ਬੁਲਾ ਲਿਆਏ ਹੋ । ਮੈਂ ਕਿਹਾ ਕਿ ਉਹ ਤਾਂ ਦੋ ਘੰਟੇ ਉਡੀਕ ਕੇ ਚਲਾ ਗਿਆ ਹੈ ਤੁਸੀਂ ਫੋਨ ਹੀ ਨਹੀ ਕੀਤਾ । ਤਾਂ ਉਹ ਕਹਿੰਦਾ ਸੌਰੀ ਮੈਨੂੰ ਖਿਆਲ ਨਹੀ ਰਿਹਾ ।
ਮੈਂ ਕਿਹਾ ਕਿ ਉਹ ਕਹਿੰਦਾ ਸੀ ਕਿ ਫੋਨ ਆਏ ਤਾਂ ਜਰੂਰੀ ਗੱਲ ਪੁੱਛ ਲੈਣਾ ਜਾਂ ਫਿਰ ਸਵੇਰੇ ਫੋਨ ਕਰੇ ।
ਉਹ ਕਹਿੰਦਾ ਕਿ ਜਰੂਰੀ ਕੰਮ ਤੇ ਕੋਈ ਨਹੀਂ ਸੀ ਬੱਸ ਹਾਲ ਚਾਲ ਹੀ ਪੁੱਛਣਾ ਸੀ । ਮੈਂ ਕਿਹਾ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਮੇਰਾ ਖਾਸ ਦੋਸਤ ਹੈ ਤਾਂ ਤੁਹਾਨੂੰ ਹਾਲ ਚਾਲ ਤਾਂ ਮੈਂ ਹੀ ਦੱਸ ਦੇਣਾ ਸੀ । ਤੁਸੀਂ ਐਵੇਂ ਆਪ ਪਰੇਸ਼ਾਨ ਹੋਏ ਅਤੇ ਉਸ ਨੂੰ ਵੀ ਤਕਲੀਫ ਦਿੱਤੀ । ਚਲੋ ਅਸੀਂ ਤਾਂ ਇਹ ਸੇਵਾ ਕਰਨੀ ਹੀ ਹੈ । ਅਸੀਂ ਤਾਂ ਪੈਦਾ ਹੀ ਇਸ ਕਰਕੇ ਹੋਏ ਹਾਂ । ਤੁਸੀਂ ਸਾਨੂੰ ਹਰ ਰੋਜ ਇਹੋ ਜਿਹੀ ਸੇਵਾ ਬਖਸ਼ਦੇ ਰਹੋ । ਤੁਹਾਡੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ
ਫਿਰ ਉਸ ਨੇ ਲਾਈਵ ਬੇਇੱਜ਼ਤੀ ਹੁੰਦੀ ਦੇਖ ਕੇ ਫੋਨ ਹੀ ਕੱਟ ਦਿੱਤਾ । ਅਤੇ ਦੁਬਾਰਾ ਕਦੇ ਨਹੀਂ ਕੀਤਾ ।