ਮਾਂ ਵਰਗੀ ਗੁਆਂਢਣ
ਮੈਂ ਸੁਰਜੀਤ ਨਾਲ ਬੀ.ਏ ਤੱਕ ਦੀ ਪੜ੍ਹਾਈ ਕਰਕੇ ਅੱਗੇ ਐਮ ਏ ਕਰਨ ਲੱਗ ਗਿਆ ਅਤੇ ਉਸਨੇ ਬੀ ਐਡ ਕਰਨ ਦਾ ਮਨ ਬਣਾ ਲਿਆ।
ਸੁਰਜੀਤ ਮੇਰਾ ਬਹੁਤ ਵਧੀਆ ਗੂੜ੍ਹਾ ਮਿੱਤਰ ਸੀ।ਉਸਦੇ ਇੱਕ ਭੈਣ ਵੀ ਸੀ।ਜਦੋਂ ਤੱਕ ਅਸੀਂ ਇਕੱਠੇ ਪੜ੍ਹਦੇ ਰਹੇ ਤੱਦ ਤੱਕ ਮੇਰਾ ਆਉਣਾ ਜਾਣਾ ਉਸਦੇ ਘਰ ਬਹੁਤ ਰਿਹਾ ਸੀ ਪਰ ਜਦੋਂ ਮੈਂ ਯੂਨੀਵਰਸਿਟੀ ਐਮ ਏ ਕਰਨ ਚਲਾ ਗਿਆ ਤਾਂ ਫਿਰ ਮੇਰਾ ਗੇੜਾ ਉਸਦੇ ਘਰ ਘੱਟ ਲੱਗਦਾ ਸੀ।
ਮੇਰੀ ਚੰਡੀਗੜ੍ਹ ਵਿੱਚ ਹੋਰ ਕੁਝ ਵਧੀਆ ਸਾਥੀਆਂ ਨਾਲ ਬਹਿਣੀ ਉੱਠਣੀ ਹੋ ਗਈ।
ਮੇਰੇ ਨਾਲ ਐਮ ਏ ਦੀ ਪੜ੍ਹਾਈ ਕਰਦੇ ਇੱਕ ਦੋ ਜਣੇ ਆਈਲੈਟਸ ਵੀ ਕਰ ਰਹੇ ਸਨ।ਉਹਨਾਂ ਨੂੰ ਵੇਖ ਮੇਰਾ ਵੀ ਬਾਹਰ ਕੈਨੇਡਾ ਜਾਣ ਦਾ ਮਨ ਬਣ ਗਿਆ ਤਾਂ ਮੈਂ ਘਰ ਗੱਲ ਕੀਤੀ ਤਾਂ ਬੇਬੇ ਬਾਪੂ ਨੇ ਆਗਿਆ ਦੇ ਦਿੱਤੀ ਤਾਂ ਮੈਂ ਵੀ ਆਇਲੈਟਸ ਕਰਨ ਲੱਗ ਗਿਆ।
ਅਸੀਂ ਚਾਰ ਦੋਸਤਾਂ ਨੇ ਪੇਪਰ ਦਿੱਤਾ ਵਧੀਆ ਬੈਂਡ ਆ ਗਏ ਅਤੇ ਅਸੀਂ ਐਮ ਏ ਵਿਚੋਂ ਹੀ ਛੱਡ ਕੈਨੇਡਾ ਦੀ ਟਿਕਟ ਲੈ ਕੈਨੇਡਾ ਦੇ ਕਿਸੇ ਸ਼ਹਿਰ ਜਾ ਕੇ ਡੇਰੇ ਲਾ ਲਏ।
ਪੰਜਾਬ ਵਰਗਾ ਮਾਹੌਲ ਸੀ ਪਰ ਵਿਹਲੇ ਨਹੀਂ ਰਹਿ ਸਕਦੇ ਸੀ ਕੰਮ ਬਹੁਤ ਕਰਨਾ ਪੈਂਦਾ ਸੀ,ਕਦੋਂ ਦਿਨ ਲੰਘ ਜਾਂਦਾ ਕਦੋਂ ਰਾਤ ਹੋ ਜਾਂਦੀ ਪਤਾ ਹੀ ਨਾ ਲਗਦਾ।
ਅੱਜ ਸਵੇਰੇ ਹੀ ਮੇਰਾ ਦਿਲ ਉਦਾਸ ਸੀ,ਉਦਾਸ ਹੋਵੇ ਵੀ ਕਿਉਂ ਨਾ ਮੈਂ ਸੁਰਜੀਤ ਦੀ ਪਾਈ ਪੋਸਟ ਵੇਖ ਹੱਕਾ ਬੱਕਾ ਰਹਿ ਗਿਆ,ਕਿ ਉਸਦੇ ਮਾਤਾ ਜੀ ਅਚਾਨਕ ਅਟੈਕ ਕਰਕੇ ਸਵਰਗ ਸਿਧਾਰ ਗਏ ਸਨ।
ਮੈਂ ਆਪਣੇ ਜਿਗਰੀ ਯਾਰ ਨੂੰ ਫੋਨ ਕੀਤਾ ਤਾਂ ਉਹ ਵੀ ਬਹੁਤ ਰੋ ਰਿਹਾ ਸੀ।ਮੈਂ ਕਾਫੀ ਹੌਂਸਲਾ ਦਿੱਤਾ ਅਤੇ ਉਹ ਰੋਣੋ ਚੁੱਪ ਹੋ ਗਿਆ।
ਹੁਣ ਮੈਂ ਹਫਤੇ ਦੋ ਹਫ਼ਤਿਆਂ ਬਾਅਦ ਫੋਨ ਕਰ ਲੈਂਦਾ ਸੀ।
ਸਮਾਂ ਬੀਤਦਾ ਗਿਆ ਮੈਨੂੰ ਪੀ ਆਰ ਮਿਲ ਗਈ ਅਤੇ ਛੇ ਸਾਲ ਕਦੋਂ ਬੀਤ ਗਏ ਉਸਦਾ ਵੀ ਪਤਾ ਨਾ ਲੱਗਾ।
ਮੈਂ ਆਪਣੇ ਨਾਲ ਦੇ ਸਾਥੀਆਂ ਨਾਲ ਬੈਠ ਕੇ ਖਾਣਾ ਖਾ ਰਿਹਾ ਸੀ ਕਿ ਅਚਾਨਕ ਸੁਰਜੀਤ ਦਾ ਫੋਨ ਆਇਆ ਕਿ ਆਪਣੀ ਭੈਣ ਮਹਿੰਦੋ ਦਾ ਵਿਆਹ ਹੈ ਤੂੰ ਕਦ ਆਉਣਾ ਹੈ,ਮੈਂ ਪੁੱਛਿਆ ਕਦ ਵਿਆਹ ਹੈ ਤਾਂ ਕਹਿੰਦਾ ਕਿ ਅਗਲੇ ਮਹੀਨੇ ਹੈ,ਤਾਂ ਮੈਂ ਕਿਹਾ ਮੈਂ ਵੀ ਆ ਰਿਹਾ ਹਾਂ,ਇਹ ਸੁਣ ਕੇ ਬਹੁਤ ਖ਼ੁਸ਼ ਹੋਇਆ।
ਲਉ ਜੀ ਮੈਂ ਟਿਕਟ ਕਟਾਈ ਅਤੇ ਪੰਜਾਬ ਵੱਲ ਆਪਣੇ ਪਿੰਡ ਪਹੁੰਚ ਗਿਆ।
ਵਿਆਹ ਤੋਂ ਦੋ ਦਿਨ...
ਪਹਿਲਾਂ ਮੈਂ ਸੁਰਜੀਤ ਘਰ ਪਹੁੰਚ ਗਿਆ।
ਸੁਰਜੀਤ ਦੇ ਗੁਆਂਢੀਆਂ ਘਰ ਬਹੁਤੇ ਰਿਸ਼ਤੇਦਾਰ ਬੈਠੇ ਸਨ।
ਗੁਆਂਢੀਆਂ ਨੇ ਸਾਂਝੀ ਕੰਧ ਵਿਚੋਂ ਦਰਵਾਜ਼ਾ ਕੱਢ ਰੱਖਿਆ ਸੀ।
ਰਾਤ ਨੂੰ ਸਾਰੇ ਡੀ ਜੇ ਤੇ ਨੱਚਦੇ ਰਹੇ ਅਤੇ ਬਾਰਾਂ ਕੁ ਵਜੇ ਸੋ ਗਏ,ਕਿਉਂਕਿ ਸਵੇਰੇ ਪੈਲਿਸ ਜਾਣਾ ਸੀ।
ਮੈਂ ਸਵੇਰੇ ਜਲਦੀ ਉੱਠ ਗਿਆ,ਮੈਂ ਵੇਖਿਆ ਕਿ ਇੱਕ ਔਰਤ ਜਿਸਨੇ ਸਭ ਲਈ ਪਤੀਲਿਆਂ ਚ ਪਾਣੀ ਗਰਮ ਕੀਤਾ,ਸਭ ਨੂੰ ਉਠਾਇਆ ਅਤੇ ਫਿਰ ਸਭ ਨੂੰ ਇਸ਼ਨਾਨ ਕਰਵਾਇਆ।
ਮਹਿੰਦੋ ਦੇ ਸਭ ਗਹਿਣੇ-ਗੱਟੇ,ਕੱਪੜੇ-ਲੱਤੇ ਸਭ ਉਸ ਔਰਤ ਦੇ ਹੱਥ ਹੇਠਾਂ ਮਤਲਬ ਨਿਗਰਾਨੀ ਹੇਠ ਸਨ।
ਅਸੀਂ ਫੇਰੇ ਕਰਾਉਣ ਚਲੇ ਗਏ,ਉੱਥੇ ਜਾ ਕੇ ਵੀ ਉਸ ਔਰਤ ਨੇ ਅਹਿਮ ਜਿੰਮੇਵਾਰੀ ਅਦਾ ਕੀਤੀ।
ਹਰ ਇੱਕ ਕੰਮ ਦਾ ਧਿਆਨ ਉਸ ਔਰਤ ਨੇ ਬੜਾ ਬਾਖੂਬੀ ਰੱਖਿਆ।
ਅੰਤ ਸਾਰਾ ਵਿਆਹ ਹੋ ਗਿਆ ਜਦ ਸ਼ਾਮ ਨੂੰ ਮਹਿੰਦੋ ਦੀ ਡੋਲੀ ਤੁਰਨ ਲੱਗੀ ਤਾਂ ਉਸਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ।
ਡੋਲੀ ਤੋਰ ਵਾਪਸੀ ਪੈਲਿਸ ਤੋਂ ਮੈਂ ਸੁਰਜੀਤ ਨਾਲ ਸਾਰਾ ਸਮਾਨ ਸੰਭਲਾ ਪੈਲਿਸ ਵਾਲਿਆਂ ਨਾਲ ਹਿਸਾਬ ਕਿਤਾਬ ਕਰਵਾ ਕੇ ਆਪਣੀ ਕਾਰ ਚ ਘਰ ਆ ਰਿਹਾ ਸੀ ਤਾਂ ਮੈਂ ਕਿਹਾ ਯਾਰ ਤੇਰੀ ਮਾਸੀ ਨੇ ਬੜਾ ਕੰਮ ਕੀਤਾ ਤਾਂ ਉਹ ਕਹਿੰਦਾ ਕਿ ਕਿਹੜੀ ਮਾਸੀ ਤਾਂ ਮੈਂ ਕਿਹਾ ਯਾਰ ਜਿਹੜੀ ਪੈਸੇ ਟਕੇ ਤੱਕ ਦਾ ਹਿਸਾਬ ਕਿਤਾਬ ਵੀ ਕਰ ਰਹੀ ਸੀ ਤਾਂ ਸੁਰਜੀਤ ਕਹਿੰਦਾ ਨਹੀਂ ਯਾਰ ਉਹ ਮਾਸੀ ਨਹੀਂ ਉਹ ਤਾਂ ਮੇਰੀ ਮਾਂ ਵਰਗੀ ਗੁਆਂਢਣ ਹੈ,ਜਿਸਨੇ ਮਾਂ ਦੀ ਕਮੀ ਤਕ ਮਹਿਸੂਸ ਨਹੀਂ ਹੋਣ ਦਿੱਤੀ।
ਅਸੀਂ ਗੱਲਾਂ ਕਰਦੇ ਕਰਦੇ ਘਰ ਆ ਗਏ ਆ ਕੇ ਕੁਝ ਆਰਾਮ ਕਰਨ ਤੋਂ ਬਾਅਦ ਰੋਟੀ ਪਾਣੀ ਖਾ ਕੇ ਬਿਸਤਰੇ ਚ ਪੈ ਗਏ।ਮੈਂ ਬਿਸਤਰੇ ਚ ਪਿਆ ਸੋਚ ਰਿਹਾ ਸੀ ਕਿ ਸੱਚਮੁੱਚ ਇੱਕ ਪਾਸੇ ਅਜਿਹੀ ਗੁਆਂਢਣ ਹੈ ਜਿਸਨੂੰ ਮਾਂ ਵਰਗਾ ਦਰਜਾ ਦਿੱਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਮੇਰੀ ਗੁਆਢਣ ਹੈ ਜੋ ਕੁੱਤਿਆਂ ਬਿੱਲਿਆਂ ਵਿੱਚ ਦੀ ਬਿਨਾਂ ਗੱਲ ਤੋਂ ਹੀ ਗਾਲ੍ਹਾਂ ਕੱਢਦੀ ਰਹਿੰਦੀ ਹੈ।
ਅੰਤ ਮਾਂ ਵਰਗੀ ਗੁਆਢਣ ਦਾ ਸੋਭਾਗ ਪ੍ਰਾਪਤ ਕਰਨ ਵਾਲੀ ਔਰਤ ਬਾਰੇ ਸੋਚਦਾ ਸੋਚਦਾ ਮੈਂ ਕਦ ਥੱਕੇ ਹੋਣ ਕਰਕੇ ਗੂੜ੍ਹੀ ਨੀਂਦ ਸੌਂ ਗਿਆ ਕੋਈ ਪਤਾ ਨਹੀਂ….
ਮਨਜਿੰਦਰ ਸਿੰਘ”ਜੌੜਕੀ”
ਪਿੰਡ ਤੇ ਡਾ:-ਜੌੜਕੀ ਅੰਧੇ ਵਾਲੀ।
ਫਾਜ਼ਿਲਕਾ।
ਮੋਬਾਇਲ:-82838-30069
Access our app on your mobile device for a better experience!