ਜਿੱਥੇ ਉਹ ਖੜਾ ਸੀ ਉੱਥੋਂ ਇੱਕ ਰਾਹ ਪਿੰਡ ਨੂੰ ਜਾਂਦਾ ਸੀ ਤੇ ਇੱਕ ਮਹੰਤ ਦੇ ਡੇਰੇ ਨੂੰ , ਉਹਨੇ ਪਹੀ ਦੀ ਨੁੱਕਰ ਤੇ ਬੈਠਣ ਲਈ ਲਾਗਲੇ ਮੂਸਲ ਦੀ ਜੜ੍ਹ ‘ਚੋਂ ਸੁੱਕੀ ਪਰਾਲੀ ਕੱਢ ਕੇ ਤਰੇਲੇ ਘਾਹ ਤੇ ਵਿਛਾਈ , ਆਪਣੇ ਖੁੱਸੇ ਨੂੰ ਪਹੀ ਦੀ ਹਿੱਕੜੀ ਤੇ ਦੋਹਾਂ ਹੱਥਾਂ ‘ਚ ਮੂਧਾ ਫਸਾ ਕੇ ਮਾਰਿਆ , ਰੇਤ ਬਾਹਰ ਕਿਰ ਗਈ ਤੇ ਦੂਜੇ ਹੱਥ ‘ਚ ਫੜਿਆ ਪੈੱਗ ਅੰਦਰ……….
ਜਦੋਂ ਨੂੰ ਉਹ ਪਿੰਡ ਮੁੜਿਆ ਕੋਈ – ਕੋਈ ਕੱਲਮ ਕੱਲੇ ਤਾਰੇ ਨੇ ਆਣ ਅੰਬਰ ਦੇ ਪਿੰਡੇ ਤੇ ਸਿਰ ਕੱਢ ਲਿਆ ਸੀ । ਕੱਤਕ ਦੀ ਮੱਸਿਆ ਦੀ ਸ਼ਾਹ ਕਾਲੀ ਰਾਤ ਵਿੱਚ ਟਾਂਵੇਂ – ਟਾਂਵੇ ਭੌਂਕਦੇ ਕਿਸੇ ਲੰਡਰ ਕੁੱਤੇ ਦੀ ‘ਵਾਜ ਡਬਲ ਜਿਹੀ ਹੋ ਕੇ ਗਲੀ ਵਿੱਚ ਗੂੰਜ ਰਹੀ ਸੀ । ਉਹਨੇ ਘਰ ਦਾ ਗੇਟ ਵੜਨ ਸਾਰ ਲੋਈ ਦੀ ਬੁੱਕਲ ‘ਚੋਂ ਸੱਜੇ ਹੱਥ ਨਾਲ ਦੋਹਾਂ ਨਿੱਕਿਆਂ ਦਰਵਾਜ਼ਿਆਂ ਵਿਚਕਾਰਲੀ ਜਗ੍ਹਾ ਥਾਣੀਂ ਹੱਥ ਪਾ ਕੇ ਬਾਹਰੋਂ ਖੜੇ ਨੇ ਹੀ ਸਹਿਜੇ – ਸਹਿਜੇ ਅਰਲ ਖੋਲ੍ਹਿਆ । ਉਸੇ ਕੁੱਤੇ ਨੇ ਜਦੋਂ ਉਹਦੇ ਵੱਲ ਨੂੰ ਦੰਦ ਕਰੀਚੇ ਤਾਂ ਉਹਨੇ ਉਹਦੀ ਵੱਖੀ ‘ਚ ਠਾਹ ਦੇਣੀ ਲੱਤ ਮਾਰੀ , ਕਤੀੜ ਚਊਂ – ਚਊਂ ਕਰਦੀ ਜਿੱਧਰ ਨੂੰ ਮੂੰਹ ਹੋਇਆ ਤੀਰ ਹੋ ਗਈ । ਉਹ ਸਿੱਧਾ ਮੰਜੇ ਤੇ ਆਣ ਲੱਥਾ , ਮੰਜੇ ਦਾ ਪਾਵਾ ਲੈਵਲ ਕਰਨ ਲਈ ਉਹਨੇ ਇੱਕ ਭੁਰਿਆ ਜਿਹਾ ਰੋੜਾ ਹੇਠਾਂ ਟਿਕਾਇਆ ਤੇ ਦੁੱਧ ਦਾ ਗਿਲਾਸ ਬੁੱਲ੍ਹਾਂ ਤੇ………
ਓਦਾਂ ਉਹ ਉਹ ਟੈਮ ਨਾਲ ਘਰ ਆ ਕੇ ਪੈ ਜਾਇਆ ਕਰਦਾ ਸੀ ਪਰ ਅਜਾ ਪਤਾ ਨਹੀਂ ਕਿੱਥੋਂ ਧੱਕੇ – ਧੌੜੇ ਖਾਹ ਕੇ ਆਇਆ ਸੀ । ਅੱਖਾਂ ‘ਚ ਰੋਹ ਏਨਾ ਕੇ ਧਰਤੀ ਪਾੜ ਦੇਵੇ , ਪੈਰਾਂ ‘ਚ ਫੁਰਤੀ ਏਨੀ ਕਿ ਆਹ ਨਾਲ ਲਗਦਾ ਸਰਪੰਚ ਕਾ ਫੁੱਟਬਾਲ ਦੀ ਟੈਂਕੀ ਆਲਾ ਚੁਬਾਰਾ ਇੱਕੋ ਵਾਰ ‘ਚ ਛਾਲ ਮਾਰ ਕੇ ਟੱਪਜੇ । ਦੋ ਕਮਰਿਆਂ ਦੇ ਮਕਾਨ ‘ਚ ਉਹ ਲੱਭੂ ਦਾ ਮੁੰਡਾ ਅਖਵਾਉਂਦਾ ‘ਕੱਲਾ ਈ ਰਹਿੰਦਾ ਸੀ । ਮਾਂ – ਪਿਉ ਵਾਹਰਾ ,,ਭੈਣ – ਭਰਾ , ਚਾਚੇ – ਤਾਇਆਂ ਤੋਂ ਊਣਾ ਦਿਹਾੜੀਆਂ ਕਰਕੇ ਬੁਰਕੀਆਂ ਜੋੜਦਾ ।
ਗਵਾਂਡਣ ਚਾਚੀ ਕਦੀਂ – ਕਦਾਈਂ ਆ ਕੇ ਘਰ ਦਾ ਮੂੰਹ – ਮੱਥਾ ਸਵਾਰ ਜਾਂਦੀ ਤੇ ਸ਼ਾਮ ਜੀ ਨੂੰ ਕੋਸੇ ਦੁੱਧ ਦੀ ਬਾਟੀ ਸਾਂਝੀ ਕੰਧ ਤੇ ਟਿਕਾ ਖੁਦ ਸੁਰਖੁਰੂ ਹੋ ਜਾਂਦੀ ਤੇ ਉਹ ਸ਼ੁਰੂ……..
ਉਹਦੇ ਦਿਲ ‘ਚ ਅੰਤਾਂ ਦੀ ਪੀੜ੍ਹ ਸੀ , ਫਿਰਨੀ ਕੋਲੇ ਪਾਈਆਂ ਝੁੱਗੀਆਂ ‘ਚ ਰਹਿੰਦੇ ਬਾਜ਼ੀਗਰਾਂ ਦੀ ਇੱਕ ਕੁੜੀ ਨੂੰ ਕਈ ਦਿਨ ਪਹਿਲਾਂ ਉਹਨੇ ਖੇਤੋਂ ਕੱਖਾਂ ਦੇ ਨਾਲ ਆਪਣਾ ਦਿਲ ਵੀ ਪੰਡ ਦੇ ਵਿੱਚੇ ਬੰਨ੍ਹ ਕੇ ਦੇ ਦਿੱਤਾ ਸੀ । ਕੁੜੀ ਨੇ ਜਦੋਂ ਆਪਣੇ ਤਿੱਖੇ ਨੱਕ ‘ਚ ਪਾਏ ਚੌਰਸ ਕੋਕੇ ਨਾਲ ਉਹਦੇ ਵੱਲ ਮੁੜ ਕੇ ਹਾਸੀ ਬਿਖੇਰੀ ਸੀ ਤਾਂ ਕੰਜਰਦਾ ਊਂ ਈ ਕਿੰਨਾ ਟੈਮ ਝੋਨੇ ਦੇ ਵੱਢ ‘ਚ ਲਿਟੀ ਗਿਆ ਸੀ । ਕੱਖ ਲੈ ਕੇ ਕੁੜੀ ਪਿੰਡ ਨੂੰ ਆ ਗਈ ਤੇ ਉਹ ਘਰ ਨੂੰ……..
ਇੱਕ ਪੂਰਨਮਾਸ਼ੀ ਨੂੰ ਪਿੰਡ...
ਲੇਟ ਉੱਠਿਆ ਪਰ ਮਰਾਸੀਆਂ ਦੀਆਂ ਝੁੱਗੀਆਂ ‘ਚੋਂ ਲੇਰਾਂ ਪਹਿਲਾਂ । ਉਹ ਕੁੜੀ ਜੀਹਨੂੰ ਉਹ ਸਾਰਾ ਕੁਝ ਮੰਨੀ ਬੈਠਾ ਸੀ ਉਹਦੀ ਲੋਥ ਮਹੰਤ ਦੇ ਡੇਰੇ ਵਾਲੇ ਖੂਹ ‘ਚੋਂ ਤੈਰਦੀ ਮਿਲੀ ਸੀ । ਖ਼ਬਰ ਸੁਣ ਕੇ ਉਹ ਥਾਏਂ ਡਿੱਗ ਪਿਆ । ਕਿੰਨੇ ਦਿਨ ਬੇਸੁਰਤ ਰਿਹਾ । ਸੱਚ ਇਹ ਸੀ ਕਿ ਡੇਰੇ ਸੇਵਾ ਕਰਨ ਜਾਂਦੀ ਉਸ ਕੁੜੀ ਨਾਲ ਮਹੰਤ ਨੇ ਬਦਖੋਹੀ ਕਰਨ ਦੀ ਖਣੀ ਕੋਸ਼ਿਸ਼ ਕੀਤੀ ਸੀ ਜਾਂ ਸੱਚੀਂ ਕੀਤੀ ਸੀ ਪਰ ਉਸ ਤੂੰ ਵੀ ਵੱਡਾ ਝੂਠ ਸੀ ਕਿ ਉਸ ਦਿਨ ਇੱਕ ਮੌਤ ਹੋਈ ਸੀ , ਦੋ ਹੋਈਆਂ ਸੀ , ਕੁੜੀ ਨੇ ਖੂਹ ‘ਚ ਛਾਲ ਮਾਰੀ ਸੀ ਤੇ ਉਹਨੇ ਸਊਪੁਣੇ ‘ਚੋਂ ਵੈਲੀਪੁਣੇ ‘ਚ…..
ਇਸ ਕਾਂਡ ਮਗਰੋਂ ਉਹਦਾ ਸੁਭਾਅ ਬਦਲ ਗਿਆ ।ਉਹ ਹੁਣ ਕਾਹਲੇ ਪੈਰੀਂ ਤੁਰਦਾ , ਹਰ ਗੱਲ ਤੇ ਗਾਲ ਕੱਢਦਾ ।ਸਾਰੇ ਪਿੰਡ ਨੂੰ ਪਤਾ ਸੀ ਇਹ ਕਾਰਾ ਕੀਹਨੇ ਕੀਤਾ ਤੇ ਇਹਦਾ ਅਸਰ ਵੀ ਸਭ ਤੋਂ ਜ਼ਿਆਦਾ ਕਿਸ ਤੇ ਹੋਇਆ । ਊਂ ਪਰ ਮ੍ਹਾਤੜ ਦਾ ਜੇਰਾ ਨਹੀਂ ਸੀ ਮਹੰਤ ਨਾਲ ਪੰਗਾ ਲੈਣ ਦਾ , ਮਹੰਤ ਪਾਵਰ ‘ਚ ਬੈਠੀ ਗੌਰਮਿੰਟ ਦਾ ਜਵਾਈ ਸੀ । ਫੁੱਲ ਸਕਿਉਰਟੀ , ਗੰਨਮੈਨ , ਲਾਲ – ਹੂਟਰ ਤੇ ਉਹ ਦਿਹਾੜੀ ਕਰਕੇ ਰੋਟੀ ਖਾਣ ਵਾਲਾ ਸਮਾਜ ਦਾ ਇੱਕ ਅਣਗੌਲਿਆ ਪਾਤਰ । ਮਹੰਤ ਦਾ ਹੰਕਾਰ ਸਿਖਰ ਤੇ ਸੀ ਤੇ ਉਹਦਾ ਰੋਹ…….
ਪਰ ਅੱਜ ਰਾਤ ਜਦੋਂ ਉਹ ਘਰ ਆ ਕੇ ਪਿਆ ਸੀ ਤਾਂ ਪਹਿਲਾਂ ਸੌਣ ਲੱਗੇ ਰੋਂਦਾ ਹੁੰਦਾ ਸੀ ਉੱਚੀ – ਉੱਚੀ ਪਰ ਅੱਜ ਸ਼ਾਂਤ ਸੀ ਪਰ ਪੂਰਾ ਡੱਕਿਆ ਹੋਇਆ । ਉਹਨੇ ਕੁਝ ਟੈਮ ਬਾਅਦ ਕੁਝ ਲੀੜੇ ਝੋਲੇ ‘ਚ ਪਾਏ ਤੇ ਸਬਾਤ ‘ਚ ਜਾ ਕੇ ਖੰਡ ਵਾਲੀ ਪੀਪੀ ਥੱਲਿਉਂ ਪੰਜ ਸੌ ਦਾ ਰੱਗਲ ਜਿਹਾ ਨੋਟ ਕੱਢ ਕੁੜਤੇ ਦੀ ਘਸੀ ਜੇਬ ‘ਚ ਪਾ ਕੇ ਘਰੋਂ ਬਾਹਰ ਬੱਸ ਅੱਡੇ ਵੱਲ ਤੁਰ ਪਿਆ ਤੇ ਉਹਦਾ ਰੋਹ ਸ਼ਾਂਤ ਹੋ ਕੇ ਉਹਦੇ ਨਾਲ ਈ……..
ਸੂਰਜ ਦੀ ਟਿੱਕੀ ਨੇ ਜਦੋਂ ਕੱਚੀ ਜਿਹੀ ਸਰ੍ਹੋਂ ਦੇ ਬੂਟਿਆਂ ਉੱਤੋਂ ਸਿਰ ਕੱਢਿਆ ਤਾਂ ਉਹਦੀ ਪਹਿਲੀ ਕਿਰਨ ਮਹੰਤ ਦੇ ਡੇਰੇ ‘ਚ ਲੱਗੇ ਬਰੋਟੇ ਤੇ ਪਈ । ਓਧਰ ਚਿੜ੍ਹੀਆਂ ਨੇ ਖੰਭ ਛੰਡੇ ਤੇ ਇੱਕ ਸੇਵਾਦਾਰ ਨੇ ਮਹੰਤ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਦੇ ਸਾਰ ਈ ਲੇਰ…. …
ਜਿਹੜਾ ਕੋਈ ਜਾਗਦਾ ਸੀ ਉਹ ਕਮਰੇ ਵੱਲ ਨੂੰ ਭੱਜਾ ਤੇ ਸੇਵਾਦਾਰ ਬਾਹਰ ਨੂੰ , ਉਹਨੇ ਜਦੋਂ ਬਰੋਟੇ ਕੋਲ ਆ ਕੇ ਨੀਂਵੇਂ ਲੱਕ ਸਾਹ ਲਿਆ ਤੇ ਕੋਲ ਖੜੇ ਇੱਕ ਬੰਦੇ ਨੇ ਪੁੱਛਿਆ – ” ਏਨਾ ਭਚੀਕੜ ਕੀ ਪੈ ਗਿਆ ,,,,?
ਕੀ ਹੋਇਆ ????
ਸੇਵਾਦਾਰ ਨੇ ਕੰਬਦੇ ਹੱਥਾਂ ਨਾਲ ਆਪਣਾ ਦੌੜਨ ਕਾਰਨ ਢਿੱਲਾ ਹੋ ਗਿਆ ਮੜਾਸਾ ਕੱਸਦਿਆਂ ਉੱਤਰ ਦਿੱਤਾ –
“ਸ਼ੇਗੇ ਨੇ…….ਲੱਭੂ ਕੇ ਸ਼ੇਗੇ ਨੇ ਮਹੰਤ ਵੱਢਤਾ…….” !!!!!!!!!!
✍🏻ਰਣਜੀਤ ਸੰਧੂ