More Punjabi Kahaniya  Posts
ਮੋਹ ਮੁਹੱਬਤ


ਆਪਣਿਆਂ ਨੇ ਮਨੋ ਵਿਸਾਰਿਆ , ਖੂਨ ਦੇ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਘਟਿਆ –
ਅਨੇਕਾਂ ਬਜ਼ੁਰਗ ਮਰਦ ਤੇ ਔਰਤਾਂ ਜ਼ਿੰਦਗੀ ਦੇ ਬਾਕੀ ਬੱਚਦੇ ਚਾਰ ਦਿਨ ਬਿਰਧ ਆਸ਼ਰਮ ਵਿੱਚ ਕੱਟਣ ਲਈ ਹਨ ਮਜਬੂਰ
********** ਸੁਖਪਾਲ ਸਿੰਘ ਢਿੱਲੋਂ **********
ਪਹਿਲਾਂ ਸਾਂਝੇ ਪਰਿਵਾਰ ਤੇ ਸਾਂਝੇ ਚੁੱਲ੍ਹੇ ਹੁੰਦੇ ਸਨ । ਰਿਸ਼ਤਿਆਂ ਵਿੱਚ ਮੋਹ ਮੁਹੱਬਤ ਤੇ ਪਿਆਰ ਝਲਕਦਾ ਸੀ ।‌ ਘਰਾਂ ਵਿੱਚ ਵੱਡੇ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ । ਵੱਡਿਆਂ ਦਾ ਡਰ ਹੁੰਦਾ ਵੀ ਹੁੰਦਾ ਸੀ। ਪਰ ਹੁਣ ਸਮਾਂ ਬੜਾ ਬਦਲ ਚੁੱਕਾ ਹੈ । ਦਿਨੋਂ ਦਿਨ ਮੋਹ ਦੀਆਂ ਤੰਦਾਂ ਖ਼ਤਮ ਹੋ ਰਹੀਆਂ ਹਨ । ਅਨੇਕਾਂ ਬਜ਼ੁਰਗਾਂ ਦੀ ਹਾਲਤ ਤਰਸਯੋਗ ਤੇ ਮਾੜੀ ਹੋ ਰਹੀ ਹੈ । ਉਹ ਜਲੀਲਤਾ ਭਰੀ ਜ਼ਿੰਦਗੀ ਜਿਉਂ ਰਹੇ ਹਨ । ਰਿਸ਼ਤੇ ਮਤਲਬ ਦੇ ਰਹਿ ਗਏ ਹਨ । ਪੁੱਤਾਂ , ਨੂੰਹਾਂ ਤੇ ਧੀਆਂ ਦੇ ਹੁੰਦਿਆਂ ਵੀ ਬਜ਼ੁਰਗਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢਿਆ ਜਾ ਰਿਹਾ ਹੈ । ਜਿਸ ਕਰਕੇ ਅਜਿਹੇ ਬਜ਼ੁਰਗਾਂ ਜਿੰਨਾ ਵਿੱਚ ਮਰਦ ਤੇ ਔਰਤਾਂ ਦੋਵੇਂ ਸ਼ਾਮਲ ਹਨ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ਤੇ ਉਹ ਜ਼ਿੰਦਗੀ ਦੇ ਬਾਕੀ ਬੱਚਦੇ ਚਾਰ ਦਿਨ ਬਿਰਧ ਆਸ਼ਰਮ ਵਿੱਚ ਕੱਟਣ ਲਈ ਮਜਬੂਰ ਹਨ ।
ਅਜਿਹੇ ਬਜ਼ੁਰਗਾਂ ਦੀ ਸਾਰ ਲੈਣ ਲਈ ਤੇ ਉਹ ਕਿਸ ਹਾਲਾਤਾਂ ਵਿੱਚ ਜਿਉਂ ਰਹੇ ਹਨ ਜਾਨਣ ਦੇ ਲਈ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਰਜਬਾਹੇ ਦੇ ਨਾਲ ਚੱਲ ਰਹੇ ਬਿਰਧ ਆਸ਼ਰਮ ਦਾ ਬੀਤੇ ਦਿਨੀਂ ਪੱਤਰਕਾਰ ਤੇ ਲੇਖਕ ਸੁਖਪਾਲ ਸਿੰਘ ਢਿੱਲੋਂ ਵੱਲੋਂ ਦੌਰਾ ਕੀਤਾ ਗਿਆ । ਇਹ ਬਿਰਧ ਆਸ਼ਰਮ ਸਾਲ 1993 ਵਿੱਚ ਬਣਾਇਆ ਗਿਆ ਸੀ ਤੇ ਤੇ ਬਹੁਤ ਸਾਰੇ ਬਜ਼ੁਰਗਾਂ ਨੂੰ ਇਥੇ ਰਹਿਣ ਲਈ ਛੱਤ ਮਿਲੀ ਹੈ । ਦੋ ਕਨਾਲ ਥਾਂ ਵਿੱਚ ਬਣੇ ਇਸ ਆਸ਼ਰਮ ਵਿੱਚ 35 ਕਮਰੇ ਹਨ ਜੋਂ ਸਾਰੀਆਂ ਸਹੂਲਤਾਂ ਨਾਲ ਲੈਸ ਹਨ । ਲਗਭਗ 20-22 ਬਜ਼ੁਰਗ ਇਸ ਵੇਲੇ ਇਥੇ ਰਹਿ ਰਹੇ ਹਨ ।‌
ਇਹ ਬਿਰਧ ਆਸ਼ਰਮ ਲੋਕਾਂ ਦੇ ਦਾਨ ਅਤੇ ਸਰਕਾਰੀ ਗ੍ਰਾਂਟ ਨਾਲ ਚੱਲਦਾ ਹੈ । ਸਾਲ 1997 ਵਿੱਚ ਸਰਕਾਰ ਨੇ ਗ੍ਰਾਂਟ ਦੇਣੀ ਸ਼ੁਰੂ ਕੀਤੀ ਸੀ ਤੇ ਸਾਲ ਬਾਅਦ ਲਗਭਗ 8 ਲੱਖ ਰੁਪਏ ਦੀ ਗ੍ਰਾਂਟ ਮਿਲ ਜਾਂਦੀ ਹੈ । ਸਕੂਲਾਂ ਕਾਲਜ਼ਾਂ ਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਬਜ਼ੁਰਗਾਂ ਦਾ ਹਾਲ ਚਾਲ ਪੁੱਛਣ ਇਥੇ ਅਕਸਰ ਆਉਂਦੇ ਰਹਿੰਦੇ ਹਨ ਤੇ ਕੈਂਪ ਵੀ ਲਗਾਉਂਦੇ ਹਨ ।
ਇਥੇ ਰਹਿਣ ਵਾਲੇ ਬਜ਼ੁਰਗਾਂ ਨੂੰ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਦੁੱਧ ਤੱਕ ਸਭ ਕੁੱਝ ਖਾਣ ਪੀਣ ਲਈ ਮਿਲਦਾ ਹੈ । ਰੁੱਤ ਅਨੁਸਾਰ ਕੱਪੜੇ ਤੇ ਹਰ ਤਰ੍ਹਾਂ ਦਾ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ । ਖਾਣਾ ਬਣਾਉਣ ਲਈ ਕੁੱਕ ਦਾ ਪ੍ਰਬੰਧ ਹੈ । ਤਾਜ਼ੀਆਂ ਸਬਜ਼ੀਆਂ ਮੰਗਵਾਈਆਂ ਜਾਂਦੀਆਂ ਹਨ । ਮਨੋਰੰਜਨ ਦੇ ਸਾਧਨ ਹਨ । ਸੈਰ ਕਰਵਾਉਣ ਅਤੇ ਯੋਗਾ ਕਰਵਾਉਣ ਦਾ ਪ੍ਰਬੰਧ ਹੈ ।
ਆਸ਼ਰਮ ਵਿੱਚ ਰਹਿਣ ਵਾਲੇ ਬਜ਼ੁਰਗਾਂ ਲਈ ਸਿਹਤ ਸਹੂਲਤਾਂ ਦਾ ਪ੍ਰਬੰਧ ਹੈ । ਸਮੇਂ ਸਮੇਂ ਸਿਰ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ । ਡਾਕਟਰ ਦੇ ਐਲ ਸਚਦੇਵਾ , ਡਾਕਟਰ ਵਿਜੇ ਸੁਖੀਜਾ ਤੇ ਡਾਕਟਰ ਅਸ਼ੋਕ ਕੁਮਾਰ ਇਥੇ ਆ ਕੇ ਦਵਾਈਆਂ ਦਿੰਦੇ ਹਨ । ਅੰਦਰ ਡਿਸਪੈਂਸਰੀ ਹੈ । ਜ਼ਿਆਦਾ ਸੀਰੀਅਸ ਮਰੀਜ਼ਾਂ ਦਾ ਵੱਡੇ ਹਸਪਤਾਲਾਂ ਵਿਚੋਂ ਇਲਾਜ ਕਰਵਾਇਆ ਜਾਂਦਾ ਹੈ ।
– ਉਛਲ ਪਿਆ ਬਜ਼ੁਰਗਾਂ ਦਾ ਅੰਦਰਲਾ ਦਰਦ ਹੋ ਗਏ ਭਾਵਕ –
ਜਦੋਂ ਆਸ਼ਰਮ ਵਿੱਚ ਰਹਿ ਰਹੇ ਕੁੱਝ ਕੁ ਬਜ਼ੁਰਗਾਂ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੇ ਪਰਿਵਾਰਾਂ ਬਾਰੇ ਗੱਲਬਾਤ ਕੀਤੀ ਗਈ ਤਾਂ ਬਜ਼ੁਰਗਾਂ ਦਾ ਅੰਦਰਲਾ ਦਰਦ ਉਛਲ ਪਿਆ ਤੇ ਉਹ ਭਾਵਕ ਹੋ ਗਏ । ਅੱਖਾਂ ਨਮ ਹੋ ਗਈਆਂ ।
ਇੱਕ ਔਰਤ ਨੇ ਦੱਸਿਆ ਕਿ ਉਸ ਦੇ ਘਰਵਾਲ਼ੇ ਦੀ ਮੌਤ ਹੋ ਗਈ ਸੀ । ਪੁੱਤਰ ਨਹੀਂ ਸੀ ਤੇ ਦੋ ਧੀਆਂ ਹੀ ਸਨ , ਜੋਂ ਵਿਆਹੀਆਂ ਹੋਈਆਂ ਹਨ । ਉਹ ਇਕੱਲੀ ਰਹਿ ਗਈ , ਕੋਈ ਸਹਾਰਾ ਨਹੀਂ ਸੀ । ਅਖੀਰ ਬਿਰਧ ਆਸ਼ਰਮ ਦਾ ਕੁੰਡਾ ਆ ਖੜਕਾਇਆ ।
ਇੱਕ ਹੋਰ ਔਰਤ ਦਾ ਕਹਿਣਾ ਸੀ ਕਿ ਘਰਵਾਲਾ ਤਾਂ ਮਰ ਗਿਆ । ਇੱਕ ਮੁੰਡਾ ਹੈ । ਪਰ ਉਹ ਬੇਰੁਜ਼ਗਾਰੀ ਨਾਲ ਜੂਝਦਾ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ । ਘਰੇ ਖਾਣ ਲਈ ਕੁੱਝ...

ਨਹੀਂ ਬਚਿਆ ।
ਇੱਕ ਔਰਤ ਦਾ ਦਰਦ ਛਲਕਿਆ ਕਿ ਘਰਵਾਲ਼ੇ ਤੇ ਮੁੰਡਿਆਂ ਨੇ ਸਾਰਾ ਕੁੱਝ ਜ਼ਮੀਨ ਜਾਇਦਾਦ ਨਸ਼ਿਆਂ ਦੇ ਵਿੱਚ ਰੋੜ ਦਿੱਤਾ । ਹੁਣ ਇਥੇ ਦਿਨ ਕੱਟੀ ਕਰ ਰਹੀ ਆ ।
ਇੱਕ ਬਜ਼ੁਰਗ ਮਾਤਾ ਸਵਰਨ ਕੌਰ ਦੀ ਆਪਣੀ ਵੱਖਰੀ ਕਹਾਣੀ ਸੀ । ਉਹਦਾ ਪਰਿਵਾਰ ਹੈ । ਪਰ ਫੇਰ ਵੀ ਕੋਈ ਘਰੇਂ ਲਿਜਾਣ ਨੂੰ ਤਿਆਰ ਨਹੀਂ । ਉਹ ਅੱਖਾਂ ਭਰ ਆਈ ਤੇ ਦੱਸਿਆ ਕਿ ਕੱਲ ਹੀ ਸਾਡੇ ਪਿੰਡੋਂ ਮੈਨੂੰ ਕੋਈ ਮਿਲ ਕੇ ਗਿਆ ਤੇ ਨਾਲੇ ਦੱਸ ਕੇ ਗਿਆ ਕਿ ਮੇਰੀ ਦੋਹਤੀ ਦਾ ਵਿਆਹ ਆ । ਜਾਣ ਨੂੰ ਤੇ ਆਪਣਿਆਂ ਨੂੰ ਮਿਲਣ ਨੂੰ ਬਹੁਤ ਜੀਅ ਕਰਦਾ । ਫੇਰ ਮਾਤਾ ਤੋਂ ਅੱਗੇ ਬੋਲਿਆ ਨਹੀਂ ਗਿਆ ਤੇ ਰੋਣ ਲੱਗ ਪਈ ।
ਅੱਖਾਂ ਨਮ ਕਰੀ ਬੈਠੇ ਇੱਕ ਬਜ਼ੁਰਗ ਨੇ ਦੱਸਿਆ ਕਿ ਪਹਿਲਾਂ ਉਹਦੀ ਪਤਨੀ ਮਰ ਗਈ ਤੇ ਫੇਰ ਜਵਾਨ ਮੁੰਡਾ ਮਰ ਗਿਆ । ਉਹ ਇਕੱਲਾ ਰਹਿ ਗਿਆ । ਰੋਟੀ ਕਿਤੋਂ ਮਿਲਦੀ ਨਹੀਂ ਸੀ । ਫੇਰ ਆਸ਼ਰਮ ਦਾ ਸਹਾਰਾ ਲਿਆ । ਇੱਕ ਹੋਰ ਬਜ਼ੁਰਗ ਦਾ ਕਹਿਣਾ ਸੀ ਕਿ ਉਹ 13 ਸਾਲਾਂ ਤੋਂ ਆਸ਼ਰਮ ਵਿੱਚ ਰਹਿ ਰਿਹਾ ਹੈ ਤੇ ਹੁਣ ਤਾਂ ਮੇਰਾ ਸਭ ਕੁੱਝ ਇਥੇ ਹੀ ਹੈ । ਇੱਕ ਪਿੰਡ ਦੇ ਸਾਬਕ ਸਰਪੰਚ ਨੇ ਦੱਸਿਆ ਕਿ ਉਹ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਸੀ । ਪਰ ਪਰਿਵਾਰ ਦੀ ਅਣਦੇਖੀ ਕਾਰਨ ਇਹ ਦਿਨ ਵੇਖਣੇ ਪੈ ਰਹੇ ਹਨ ।
– ਕੌਣ ਕੌਣ ਰਹਿ ਚੁੱਕਾ ਹੈ ਬਿਰਧ ਆਸ਼ਰਮ ਦਾ ਪ੍ਰਧਾਨ –
ਹੁਣ ਤੱਕ ਰਾਜ ਕੁਮਾਰ ਸ਼ਰਮਾ , ਮਨੋਹਰ ਲਾਲ ਖੇੜਾ , ਸੁਰਿੰਦਰ ਕੁਮਾਰ ਅਰੋੜਾ , ਵਿਜੇ ਕੁਮਾਰ ਵਾਟਸ ਤੇ ਲੀਲਾ ਧਰ ਗੁਪਤਾ ਇਸ ਆਸ਼ਰਮ ਦੇ ਪ੍ਰਧਾਨ ਰਹਿ ਚੁੱਕੀ ਹਨ ਤੇ ਹੁਣ ਸਰਬਜੀਤ ਸਿੰਘ ਦਰਦੀ ਪ੍ਰਧਾਨ ਹਨ । ਉਂਝ ਕਮੇਟੀ ਦੇ ਮੈਂਬਰ ਦੀ ਗਿਣਤੀ 22 ਹੈ । ਜ਼ਿਲੇ ਦੇ ਡਿਪਟੀ ਕਮਿਸ਼ਨਰ ਇਸ ਦੇ ਕਰਤਾ ਧਰਤਾ ਹਨ । ਜਦੋਂ ਕਿ ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ , ਸਿਵਲ ਸਰਜਨ , ਡੀ ਐਸ ਐਸ ੳ ਤੇ ਏ ਡੀ ਸੀ ਸਰਕਾਰੀ ਮੈਂਬਰ ਹਨ । ਲੋੜਵੰਦ ਤੇ ਬੇਸਹਾਰਾ ਬਜ਼ੁਰਗ ਬਿਨਾਂ ਕਿਸੇ ਸਿਫਾਰਸ਼ ਦੇ ਇਥੇ ਰਹਿਣ ਲਈ ਆ ਸਕਦੇ ਹਨ ।
ਜੇਕਰ ਵੇਖਿਆ ਜਾਵੇ ਤਾਂ ਸਾਡੀ ਨੌਜਵਾਨ ਪੀੜ੍ਹੀ ਦਾ ਵਤੀਰਾ ਬਜ਼ੁਰਗਾਂ ਪ੍ਰਤੀ ਅੱਛਾ ਨਹੀਂ ਹੈ ਤੇ ਉਹ ਬਜ਼ੁਰਗਾਂ ਨੂੰ ਬੋਝ ਸਮਝਦੇ ਹੋਏ ਇਕੱਲੇ ਰਹਿਣਾ ਹੀ ਪਸੰਦ ਕਰਦੇ ਹਨ ਤੇ ਆਪਣੀ ਬਣਦੀ ਜ਼ੁੰਮੇਵਾਰੀ ਤੋਂ ਭੱਜ ਰਹੇ ਹਨ । ਸਮਾਜ ਦਾ ਇਹ ਰਵਈਆ ਬੜਾ ਮਾੜਾ ਹੈ । ਜੇ ਅੱਜ ਅਸੀਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ ਤੇ ਉਹਨਾਂ ਨੂੰ ਨਹੀਂ ਸੰਭਾਲਦੇ ਤਾਂ ਕੱਲ੍ਹ ਸਾਡੇ ਬੱਚੇ ਸਾਨੂੰ ਕਿਵੇਂ ਸੰਭਾਲਣਗੇ ?
ਇਕ ਸਮਾਂ ਸੀ ਜਦੋਂ ਘਰ ਦੇ ਬਜ਼ੁਰਗ ਨੂੰ ਘਰ ਦੀ ਛੱਤ ਤੇ ਵਿਹੜੇ ਦਾ ਸ਼ਿੰਗਾਰ ਸਮਝਿਆ ਜਾਂਦਾ ਸੀ, ਉਹ ਗੁਣਾਂ ਦਾ ਖ਼ਜ਼ਾਨਾ ਹੁੰਦੇ ਸਨ । ਬਜ਼ੁਰਗਾਂ ਦੇ ਆਦਰ ਸਤਿਕਾਰ ਤੇ ਪ੍ਰਾਹਣੁਚਾਰੀ ਦੀ ਵੱਖਰੀ ਹੀ ਪਛਾਣ ਸੀ । ਬੱਚੇ ਬਜ਼ੁਰਗਾਂ ਤੋਂ ਪੁੱਛੇ ਜਾਂ ਸਲਾਹ ਜਾਂ ਅਸ਼ੀਰਵਾਦ ਲਏ ਬਿਨਾਂ ਘਰੋਂ ਕਦਮ ਨਹੀਂ ਪੁੱਟਦੇ ਸਨ । ਘਰਾਂ ਵਿਚ ਮਾਣ-ਸਤਿਕਾਰ ਤੇ ਪਿਆਰ ਸਦਕਾ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੁੰਦਾ ਸੀ । ਸਾਂਝਾ ਪਰਿਵਾਰ, ਸਾਂਝੀ ਛੱਤ ਤੇ ਸਾਂਝਾ ਚੁੱਲ੍ਹਾ ਹੁੰਦਾ ਤੇ ਬੱਚੇ ਦਾਦੀ-ਨਾਨੀ ਦੀਆਂ ਬਾਤਾਂ ਸੁਣਦੇ ਕਦੋਂ ਵੱਡੇ ਹੋ ਕੇ ਵਿਆਹੇ ਵੀ ਜਾਂਦੇ ਪਤਾ ਹੀ ਨਹੀਂ ਸੀ ਲੱਗਦਾ ਅਤੇ ਜ਼ਿੰਦਗੀ ਵਿਚ ਉੱਚੇ-ਸੁੱਚੇ ਸੰਸਕਾਰ ਲੈ ਕੇ ਸਮਾਜ ਵਿਚ ਸਫਲਤਾ ਨਾਲ ਵਿਚਰਦੇ ਸਨ । ਅਜੋਕੇ ਅਗਾਂਹਵਧੂ ਸਮਾਜ ਦੀ ਸਥਿਤੀ ਬਿਲਕੁਲ ਉਲਟ ਹੈ , ਬੱਚੇ ਆਪਣੇ ਬਜ਼ੁਰਗ ਨੂੰ ਘਰੋਂ ਦਰਕਿਨਾਰ ਕਰਨ ਵਿਚ ਪੱਛਮੀ ਸੱਭਿਅਤਾ ਦੀਆਂ ਲੀਹਾਂ ’ਤੇ ਤੁਰ ਪਏ ਹਨ । ਪਰਿਵਾਰ ਟੁੱਟ ਰਹੇ ਹਨ ਤੇ ਬਜ਼ੁਰਗ ਬਿਰਧ ਆਸ਼ਰਮਾਂ ਵਿਚ ਰਹਿ ਰਹੇ ਹਨ । ਇਹ ਪੰਜਾਬੀਆਂ ਦੇ ਮੱਥੇ ਤੇ ਵੱਡਾ ਕਲੰਕ ਹੈ । ਜੇ ਪਹਿਲਾਂ ਵਾਂਗ ਮਾਣ ਸਤਿਕਾਰ ਕਾਇਮ ਰਹਿੰਦਾ ਤਾਂ ਬਿਰਧ ਆਸ਼ਰਮ ਬਣਾਉਣ ਦੀ ਲੋੜ ਸ਼ਾਇਦ ਨਾ ਪੈਂਦੀ ।
———————————-
ਪੱਤਰਕਾਰ ਤੇ ਲੇਖਕ
ਸੁਖਪਾਲ ਸਿੰਘ ਢਿੱਲੋਂ
ਪਿੰਡ ਭਾਗਸਰ (ਸ੍ਰੀ ਮੁਕਤਸਰ ਸਾਹਿਬ)
ਮੋਬਾਈਲ ਨੰਬਰ – 9815288208

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)