More Punjabi Kahaniya  Posts
ਮੁਬਾਇਲ


ਐਨਕ ਸਾਫ ਕਰਦਾ ਹੋਇਆ ਕੋਲ ਬੈਠੀ ਨਾਲਦੀ ਨੂੰ ਆਖਣ ਲੱਗਾ..”ਸਾਡੇ ਵੇਲੇ ਮੁਬਾਇਲ ਨਹੀਂ ਸਨ ਹੋਇਆ ਕਰਦੇ ਤਾਂ ਵੀ ਪਤਾ ਨੀ ਕਿੱਦਾਂ ਹੋ ਜਾਂਦਾ ਸੀ ਇਹ ਸਾਰਾ ਕੁਝ”?

ਅੱਗੋਂ ਆਖਣ ਲੱਗੀ..”ਤੁਹਾਨੂੰ ਚੇਤਾ ਏ..ਆਥਣ ਵੇਲੇ ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ਪਾਣੀ ਦਾ ਗਿਲਾਸ ਫੜੀ ਅਜੇ ਬੂਹੇ ਕੋਲ ਅੱਪੜਦੀ ਹੀ ਹੁੰਦੀ ਸਾਂ ਕੇ ਬਾਹਰ ਸਾਈਕਲ ਦੀ ਘੰਟੀ ਵੱਜ ਉੱਠਦੀ..ਬਾਰ ਖੋਲ੍ਹਦੀ ਤੇ ਅੱਗੇ ਤੁਸੀਂ ਖਲੋਤੇ ਹੁੰਦੇ ਸੋ..”!

“ਨਾ ਟਾਈਮ ਪੀਸ ਤੇ ਨਾ ਹੀ ਘੜੀਆਂ..

ਪੂਰੇ ਤੀਹ ਸਾਲ ਇਹ ਸਮਝ ਨਹੀਂ ਆਈ ਕੇ ਤੂੰ ਪਾਣੀ ਦਾ ਗਿਲਾਸ ਲਿਆਉਂਦੀ ਸੈਂ ਤਾਂ ਮੈਂ ਆਇਆ ਕਰਦਾ ਕੇ ਮੇਰੇ ਆਉਣ ਤੇ ਤੂੰ ਗਿਲਾਸ ਭਰਨਾ ਸ਼ੁਰੂ ਕਰਿਆ ਕਰਦੀ?”

ਅਤੀਤ ਦੇ ਸਮੁੰਦਰ ਵਿਚ ਡੁੱਬਦੀ ਹੋਈ ਬੋਲ ਉਠੀ..”ਹਾਂ ਸੱਚ ਤੁਹਾਨੂੰ ਯਾਦ ਏ ਰਿਟਾਇਰਮੈਂਟ ਤੋਂ ਪਹਿਲਾਂ ਜਦੋਂ ਤੁਹਾਨੂੰ ਸ਼ੂਗਰ ਵਾਲੀ ਕਸਰ ਨਹੀਂ ਸੀ ਹੋਇਆ ਕਰਦੀ ਤਾਂ ਇੱਕ ਦਿਨ ਦੁਪਹਿਰ ਦੀ ਰੋਟੀ ਤੋਂ ਮਗਰੋਂ ਤਾਜੇ ਦੁੱਧ ਦੀ ਖੀਰ ਦੇਖ ਤੁਸੀਂ ਆਖ ਉੱਠੇ ਸੋ ਕੇ ਮੈਂ ਅੱਜ ਸੁਵੇਰੇ ਦਾ ਸੋਚੀ ਜਾ ਰਿਹਾਂ ਸਾਂ ਕੇ ਕਿੰਨਾ ਚੰਗਾ ਹੋਵੇ ਜੇ ਕਿਤੇ ਅੱਜ ਰੋਟੀ ਮਗਰੋਂ ਖੀਰ ਮਿਲ ਜਾਵੇ..”

ਉਹ ਹੱਸਦਾ ਹੋਇਆ ਆਖਣ ਲੱਗਾ..”ਦਫਤਰੋਂ ਨਿੱਕਲ ਅਕਸਰ ਹੀ ਸਾਈਕਲ ਦੇ ਪੈਡਲ ਮਾਰਦਾ ਹੋਇਆ ਜੋ ਵੀ ਮਨ ਵਿਚ ਸੋਚਦਾ ਹੁੰਦਾ ਘਰੇ ਸਬੱਬ ਨਾਲ ਓਹੀ ਕੁਝ ਹੀ ਬਣਿਆ ਹੁੰਦਾ ਸੀ..”!

ਪੱਲੇ ਦੀ ਨੁੱਕਰ ਨਾਲ ਅੱਖਾਂ ਸਾਫ ਕਰਦੀ ਬੋਲੀ..”ਤੁਹਾਨੂੰ ਪਤਾ “ਗੁਰਮੁਖ” ਦੇ ਟੈਮ ਜਦੋਂ ਪੇਕੇ ਗਈ ਸਾਂ..ਅੱਧੀ ਰਾਤ ਪੀੜਾਂ ਲੱਗ ਗਈਆਂ..ਮੁੜਕੋ-ਮੁੜਕੀ ਹੋਈ ਸੋਚੀ ਜਾਵਾਂ ਕੇ ਕਿੰਨਾ ਚੰਗਾ ਹੋਵੇ ਜੇ ਤੁਸੀਂ ਨੇੜੇ ਹੋਵੋ..ਪਤਾ ਨੀ ਫਿਰ ਰੱਬ ਦੀ ਕੀ ਕੁਦਰਤ ਹੋਈ..ਸੁਵੇਰੇ ਏਧਰ ਦਾਈ ਨੇ ਇਹਨੂੰ ਮੇਰੀ ਝੋਲੀ ਪਾਇਆ ਤੇ ਓਧਰ ਓਸੇ ਵੇਲੇ ਤੁਹਾਡੇ ਸਾਈਕਲ ਦੀ ਘੰਟੀ ਦੀ ਵਾਜ ਕੰਨਾਂ ਵਿਚ ਆਣ ਪਈ..ਤੇ ਅਗਲੇ ਹੀ ਪਲ ਸਾਮਣੇ ਤੁਸੀਂ ਖਲੋਤੇ ਸੋ..ਉਹ ਵੀ ਅੱਖਾਂ ਵਿਚ ਅਥਰੂ ਲਈ..ਸ਼ਾਇਦ ਮੇਰੇ ਵਜੂਦ ਤੇ ਵਰਤ ਗਈ ਪੀੜ ਦਾ ਦੁੱਖ ਤੁਹਾਨੂੰ ਵਧੇਰੇ ਸੀ”!

ਕੁਝ ਯਾਦ ਕਰਦਾ ਉਹ ਅੱਗੋਂ ਬੋਲ ਉਠਿਆ..”ਹਾਂ ਹਾਂ ਚੇਤੇ ਏ..ਓਸੇ ਦਿਨ ਪਤਾ ਨੀ ਕਿਓਂ ਦਫਤਰ ਵਿਚ ਮੇਰਾ ਜੀ ਜਿਹਾ ਨਾ ਲੱਗੇ..ਸਿੱਧਾ ਸਾਬ ਕੋਲ ਗਿਆ ਤੇ ਛੁੱਟੀ ਮੰਗ ਲਈ..ਮੁੜਕੇ ਛੇਤੀ ਨਾਲ ਸਾਈਕਲ ਸਿੱਧਾ ਤੇਰੇ ਪਿੰਡ ਨੂੰ ਜਾਂਦੇ ਨਹਿਰ ਵਾਲੇ ਰਾਹ ਤੇ ਪਾ ਲਿਆ..ਘੰਟੇ ਦੀ ਵਾਟ ਪਤਾ ਨੀ ਕਿੱਦਾਂ ਅੱਧੇ ਘੰਟੇ ਵਿਚ ਹੀ ਮੁੱਕ ਗਈ ਉਸ ਦਿਨ..ਰੱਬ ਹੀ ਜਾਣਦਾ”!

“ਅੱਛਾ ਹੋਰ ਇਕ ਗੱਲ..ਤੁਹਾਨੂੰ ਪਤਾ ਜਦੋਂ ਤੁਸੀਂ ਭਰੀ...

ਸਭਾ ਵਿਚ ਓਹਲੇ ਜਿਹੇ ਨਾਲ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਆਪਣੀ ਤਾਜੀ ਲਿਖੀ ਕਵਿਤਾ ਦੀਆਂ ਦੋ ਲਾਈਨਾਂ ਬੋਲਦੇ ਹੁੰਦੇ ਸੀ ਤੇ ਮੈਂ ਸੰਗਦੀ ਹੋਈ ਆਪਣਾ ਮੂੰਹ ਚੁੰਨੀ ਵਿਚ ਲਕੋ ਲਿਆ ਕਰਦੀ..ਤੇ ਤੁਹਾਨੂੰ ਓਸੇ ਵੇਲੇ ਪਤਾ ਲੱਗ ਜਾਂਦਾਂ ਕੇ ਤੁਹਾਡੀ ਕਵਿਤਾ ਦਰਗਾਹੇ ਪ੍ਰਵਾਨ ਹੋ ਗਈ..”!

ਥੋੜੇ ਵਕਫ਼ੇ ਬਾਅਦ ਫੇਰ ਬੋਲੀ..”ਤੁਹਾਨੂੰ ਯਾਦ ਹੋਣਾ ਜਦੋਂ ਇੱਕ ਵਾਰ ਤਵੇ ਦੀ ਨੁੱਕਰ ਨਾਲ ਲੱਗ ਮੇਰੀ ਬਾਂਹ ਸੜ ਗਈ ਸੀ ਤੇ ਤੁਸੀਂ ਓਸੇ ਵੇਲੇ ਜੇਬ ਚੋਂ “ਬਰਨੌਲ” ਕੱਢੀ ਤੇ ਆਪਣੇ ਹੱਥਾਂ ਨਾਲ ਮੇਰੀ ਬਾਂਹ ਮਲਦੇ ਹੋਏ ਆਖਿਆ ਸੀ ਕੇ ਇਹ ਲੈ ਬਾਕੀ ਦੀ ਰੱਖ ਲਵੀਂ ਸੰਦੂਖ ਵਿਚ..”

“ਹਾਂ ਤੇਰੀ ਬਾਂਹ ਸੜਨ ਤੋਂ ਇੱਕ ਦਿਨ ਪਹਿਲਾਂ ਹੀ ਵੱਡੇ ਬਜਾਰ ਵਿਚ ਤੁਰੇ ਜਾਂਦੇ ਨੂੰ ਅਚਾਨਕ ਹੀ ਖਿਆਲ ਜਿਹਾ ਆਇਆ ਕੇ ਘਰੇ “ਬਰਨੌਲ” ਮੁੱਕੀ ਹੋਈ ਹੈ..ਲੈਂਦਾ ਜਾਵਾਂ..ਪਤਾ ਨੀ ਕਦੋਂ ਲੋੜ ਪੈ ਜਾਵੇ”

“ਇੱਕ ਗੱਲ ਹੋਰ..ਸੌਦੇ ਵਾਲੇ ਭਰੇ ਝੋਲੇ ਚੁੱਕੀ ਤੁਰੀ ਜਾਂਦੀ ਦੇ ਮਗਰ ਅਚਾਨਕ ਆ ਕੇ ਸਾਈਕਲ ਦੀ ਘੰਟੀ ਕਿਓਂ ਵਜਾ ਦਿਆ ਕਰਦੇ ਸੋ..ਤੁਹਾਨੂੰ ਪਤਾ ਮੇਰਾ ਤ੍ਰਾਹ ਨਿੱਕਲ ਜਾਇਆ ਕਰਦਾ ਸੀ..!

ਫੇਰ ਓਦੋਂ ਬੜਾ ਚੰਗਾ ਲੱਗਦਾ ਜਦੋਂ ਸਾਰੇ ਝੋਲੇ ਹੈਂਡਲ ਤੇ ਟੰਗ ਮੈਨੂੰ ਪਿੱਛੇ ਬਿਠਾ ਮਿੰਟਾਂ ਵਿਚ ਅਸੀਂ ਘਰ ਪਹੁੰਚ ਜਾਇਆ ਕਰਦੇ..ਮੋਬਾਈਲ ਤੇ ਹੁੰਦੇ ਨਹੀਂ ਸਨ..ਫੇਰ ਵੀ ਏਨਾ ਸਾਰਾ ਕੁਝ ਪਤਾ ਨਹੀਂ ਕਿੱਦਾਂ ਹੋ ਜਾਇਆ ਕਰਦਾ..?”

ਉਹ ਅੱਗੋਂ ਅੱਖਾਂ ਪੂੰਝਦਾ ਆਖਣ ਲੱਗਾ..”ਸੱਚੀਂ ਪੁੱਛੇ ਭਾਗਵਾਨੇ..ਅੱਜ ਕੱਲ ਨਿਆਣਿਆਂ ਨੂੰ ਘੰਟਿਆਂ ਬੱਦੀ ਫੋਨ ਦੀਆਂ ਸਕਰੀਨਾਂ ਤੇ ਨਜਰਾਂ ਗੱਡੀ ਹੱਸਦੇ-ਰੋਂਦੇ ਦੇਖਦਾ ਹਾਂ ਤਾਂ ਕਾਲਜਾ ਮੂੰਹ ਨੂੰ ਆਉਂਦਾ..ਕੋਈ ਗੱਲ ਕਰਕੇ ਰਾਜੀ ਹੀ ਨਹੀਂ ਇੱਕ ਦੂਜੇ ਨਾਲ..ਪਤਾ ਨਹੀਂ ਕਿਹੜੀ ਚੰਦਰੀ ਵਾ ਵਗ ਤੁਰੀ ਏ..ਅਜੀਬ ਸੰਨਾਟਾ ਹੁੰਦਾ ਏ ਹਰੇ ਭਰੇ ਘਰ ਵਿਚ..?”

ਅੱਗੋਂ ਮੌਕਾ ਸੰਭਾਲਦੀ ਤੇ ਹੱਸਦੀ ਹੋਈ ਆਖਣ ਲੱਗੀ..”ਛੱਡੋ ਪਰਾਂ ਜੀ ਇਹਨਾਂ ਫਜੂਲ ਦੀਆਂ ਗੱਲਾਂ ਨੂੰ..ਕਾਹਨੂੰ ਦਿਲ ਹੌਲਾ ਕਰਦੇ ਓ..ਪੰਜਾਂ ਮਿੰਟਾਂ ਵਿਚ ਲਾਚੀਆਂ ਤੇ ਅਦਰਕ ਵਾਲੀ ਚਾਹ ਬਣਾ ਕੇ ਲਿਆਈ ਥੋੜੇ ਲਈ..ਫੇਰ ਕੱਠੇ ਬਹਿ ਕੇ ਪੀਂਦੇ ਹਾਂ”

ਅੱਗੋਂ ਹੈਰਾਨ ਹੁੰਦਾ ਕਹਿ ਉੱਠਿਆ..”ਮੈਂ ਵੀ ਬਸ ਇਹੋ ਆਖਣ ਹੀ ਲੱਗਾ ਸਾਂ ਕੇ ਚਾਹ ਧਰ ਲੈ..ਅਧਰਕ ਵਾਲੀ..

ਪਰ ਇੱਕ ਗੱਲ ਤਾਂ ਦੱਸ..ਤੈਨੂੰ ਕਿੱਦਾਂ ਪਤਾ ਲੱਗਾ ਕੇ ਅੱਜ ਮੇਰਾ ਗਲਾ ਖਰਾਬ ਏ?

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

3 Comments on “ਮੁਬਾਇਲ”

  • so nice fabulous ਪਹਿਲਾਂ ਪਤੀ ਪਤਨੀ ਵਿੱਚ ਰੁਹਾ ਵਾਲਾ ਪਿਆਰ ਹੁੰਦਾ ਸੀ ਤੇ ਹੁਣ ਪਤਨੀ ਨੂੰ ਪਤੀ ਨਾਲੋਂ ਵਧੇਰੇ ਪੈਸਾ ਚਾਹੀਦਾ ਪਿਆਰ ਨਹੀਂ

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)