ਪਿਉ ਦੇ ਜਾਣ ਤੋਂ ਬਾਅਦ ਮਾਂ ਮੇਰਾ ਹੋਰ ਵੀ ਫ਼ਿਕਰ ਕਰਨ ਲੱਗ ਗਈ ਸੀ । ਕੁਵੇਲਾ ਹੋਣਾ ਤਾਂ ਬੂਹੇ ‘ਚ ਖੜ੍ਹੀ ਰਹਿੰਦੀ । ਐਨਾ ਇੰਤਜ਼ਾਰ ਕਰਦੀ ਕਿ ਪੰਜ ਵਰ੍ਹਿਆਂ ਚ ਬੂਹੇ ਤੇ ਮਾਂ ਦੇ ਹੱਥਾਂ ਦੇ ਨਿਸ਼ਾਨ ਛਪ ਗਏ ਸੀ । ਜਦੋਂ ਦੂਰੋਂ ਸਕੂਟਰ ਦੀ ਅਵਾਜ਼ ਸੁਣਦੀ ਤਾਂ ਮਾਂ ਸਕੂਨ ਦਾ ਸਾਹ ਲੈਂਦੀ ਤੇ ਚੁੱਪ ਚਾਪ ਦਰਵਾਜ਼ੇ ਚੋ ਰਸੋਈ ‘ਚ ਚਲੀ ਜਾਂਦੀ । ਬਿਨਾਂ ਮੰਗੇ ਪਾਣੀ ਲੈ ਆਉਂਦੀ ।ਕਦੇ ਸ਼ਿਕਵਾ ਨਾ ਕਰਦੀ ਕਿ ਲੇਟ ਕਾਹਤੋਂ ਹੋਇਆ ਭਾਵੇਂ ਬੂਹੇ ਖੜ੍ਹ ਉਹਨੂੰ ਘੰਟਾ ਉਡੀਕਣਾ ਪੈਂਦਾ । ਮੈਂ ਕਦੇ ਵੀ ਮਾਂ ਨੂੰ ਨਾ ਬਲਾਉਂਦਾ ਬਿਨਾਂ ਕਿਸੇ ਕੰਮ ਤੋਂ । ਗੱਲਾਂ ਬਾਤਾਂ ਸਾਂਝੀਆਂ ਕਦੇ ਨਾ ਕਰਦੇ । ਸ਼ਾਇਦ ਮੈਂ ਬਿਜ਼ੀ ਹੀ ਐਨਾ ਸੀ … ਨੌਕਰੀ ਦੀ ਭਾਲ , ਯਾਰਾਂ ਦੋਸਤਾਂ ਦੀ ਮਹਿਫ਼ਲ ।
ਸਮਾਂ ਬੀਤਦਾ ਗਿਆ ਤੇ ਮਾਂ ਦੀ ਉਹ ਉਡੀਕ ਜਾਰੀ ਰਹੀ । ਇੱਕ ਦਿਨ ਰੋਟੀ ਖਾਂਦੇ ਮਾਂ ਨੂੰ ਦੌਰਾ ਪਿਆ ਤੇ ਹੱਥਾਂ ‘ਚ ਹੀ ਰਹਿ ਗਈ ।ਮਾਂ ਦੇ ਜਾਣ ਤੋਂ ਬਾਅਦ ਘਰਦਾ ਉਹ ਲੱਕੜ ਦਾ ਦਰਵਾਜ਼ਾ ਮੈਨੂੰ ਆਵਦਾ ਲੱਗਣ ਲੱਗਾ ਤੇ ਮੈਂ ਜਦੋਂ ਵੀ ਘਰ ਆਉਂਦਾ ਤਾਂ ਬੂਹੇ ਤੇ ਬਣੇ ਮਾਂ ਦੇ ਉਸ ਨਿਸ਼ਾਨਾਂ ਨੂੰ ਹੱਥ ਲਾ ਕੇ ਲੰਘਦਾ । ਅਹਿਸਾਸ ਹੁੰਦਾ ਕਿ ਮਾਂ ਦਾ ਹੱਥ ਛੂਹ ਲਿਆ ਏ । ਕਦੇ ਕਦੇ ਦਿਲ ਚ ਹੌਲ ਪੈਂਦਾ ਤਾਂ ਬੂਹੇ ਨਾਲ ਲੱਗ ਕੇ ਰੋ ਲੈਂਦਾ । ਮੇਰਾ ਕਿਸੇ ਨੂੰ ਮਾਂ ਕਹਿਣ ਨੂੰ ਦਿਲ ਕਰਦਾ ।
ਸਾਲ ਬਾਅਦ ਮੇਰਾ ਵਿਆਹ ਧਰ ਦਿੱਤਾ ਤੇ ਭੂਆ ਕਹਿਣ ਲੱਗੀ ਕਿ ਘਰ ਨੂੰ ਰੰਗ ਰੋਗਨ ਕਰਾ ਲਾ , ਘਰਦਾ ਮੂੰਹ ਮੱਥਾ ਬਣਜੂ … ਮੂਵੀ ‘ਚ ਆਊਗਾ । ਮੇਰਾ ਰੰਗ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ ਪਰ ਭੂਆ ਦੇ ਕਹੇ ਬੋਲਾਂ ਦਾ ਮਾਣ ਰੱਖ ਰੰਗ ਕਰਵਾ ਲਿਆ । ਘਰ ਦੇ ਉਸ ਵੱਡੇ ਦਰਵਾਜ਼ੇ...
ਨੂੰ ਰੰਗ ਨਾ ਕਰਵਾਇਆ ਜੋ ਸੜਕ ਕੰਨ੍ਹੀ ਖੁੱਲਦਾ । ਮੈਂ ਮਾਂ ਦੀ ਛੋਹ ਨੂੰ ਜਿਉਂਦੇ ਰੱਖਣਾ ਚਾਹੁੰਦਾ ਸੀ । ਸਾਰੇ ਪੁੱਛਣ ਲੱਗੇ ਕਿ ਦਰਵਾਜ਼ੇ ਨੂੰ ਰੰਗ ਕਿਉਂ ਨਹੀਂ ਕਰਵਾਇਆ ਤਾਂ ਹਰ ਇੱਕ ਨੂੰ ਅਲੱਗ ਅਲੱਗ ਬਹਾਨਾ ਬਣਾਇਆ ।
ਦਰਵਾਜ਼ੇ ਵਾਲੀ ਗੱਲ ਸਿਰਫ਼ ਮੈਂ ਆਵਦੀ ਜੀਵਨਸਾਥਣ ਨਾਲ ਸ਼ੇਅਰ ਕੀਤੀ । ਢਾਈ ਕੁ ਸਾਲ ਬਾਅਦ ਲੱਕੜ ਦਾ ਉਹ ਦਰਵਾਜ਼ਾ ਗਲ ਗਿਆ ਤੇ ਨਵਾਂ ਲਵਾਉਣਾ ਪੈਣਾ ਸੀ । ਨਵਾਂ ਲੋਹੇ ਦਾ ਬੂਹਾ ਲੱਗ ਗਿਆ ਤੇ ਮਿਸਤਰੀ ਤੋਂ ਉਹ ਪੁਰਾਣੇ ਲੱਕੜ ਦੇ ਦਰਵਾਜ਼ੇ ਦਾ ਉਹ ਹਿੱਸਾ ਮੈਂ ਕਟਾ ਕੇ ਸਾਂਭ ਲਿਆ ਜਿਸਤੇ ਮਾਂ ਦੇ ਹੱਥਾਂ ਨਿਸ਼ਾਨ ਸਨ । ਇੱਕ ਸਵੇਰ ਜਦੋਂ ਜਪੁਜੀ ਸਾਹਿਬ ਦਾ ਪਾਠ ਕਰਨ ਲਈ ਪਾਠ ਕਰਨ ਵਾਲੇ ਕਮਰੇ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਮਾਂ ਦੇ ਹੱਥ ਦੇ ਨਿਸ਼ਾਨ ਵਾਲਾ ਲੱਕੜ ਦਾ ਉਹ ਟੁਕੜਾ ਬਾਬਾ ਜੀ ਦੀ ਫੋਟੋ ਨਾਲ ਪਿਆ ਸੀ ਤੇ ਇਹ ਸਭ ਦੇਖ ਮੇਰਾ ਮਨ ਮੇਰੀ ਘਰਵਾਲੀ ਲਈ ਸਤਿਕਾਰ ਨਾਲ ਭਰ ਜਾਂਦਾ ਤੇ ਮੈਂ ਅੱਖਾਂ ਭਰ ਸਾਰਾ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ । ਸਮਝ ਨਹੀਂ ਆ ਰਹੀ ਹੁੰਦੀ ਕਿ ਰੱਬ ਦਾ ਸ਼ੁਕਰ ਕਰਾ ਜਾਂ ਸ਼ਿਕਾਇਤ । ਪਾਠ ਕਰਕੇ ਬਾਹਰ ਆਇਆ ਤਾਂ ਮੇਰਾ ਪੰਜ ਕੁ ਵਰ੍ਹਿਆਂ ਦਾ ਪੁੱਤ ਕਹਿ ਰਿਹਾ ਸੀ ਕਿ ਪਾਪਾ ਤੁਸੀਂ ਲੋਹੇ ਦਾ ਗੇਟ ਕਿਉਂ ਲਵਾਇਆ , ਉਸਤੇ ਹੱਥਾਂ ਨਿਸ਼ਾਨ ਨਹੀਂ ਛਪਦੇ । ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਸੀ ਕਿ ਕੀ ਆਖਾਂ ਉਹਨੂੰ ।
ਬਹੁਤੀ ਵਾਰ ਅਸੀਂ ਸੰਭਲਣਾ ਹੀ ਉਦੋਂ ਸਿੱਖਦੇ ਹਾਂ ਜਦੋਂ ਚੀਜ਼ਾਂ ਜਾਂ ਰਿਸ਼ਤੇ ਸੰਭਾਲਣ ਸਿੱਖ ਜਾਂਦੇ ਹਾਂ ।
#brarjessy # brarjessystories
Access our app on your mobile device for a better experience!