ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ..
ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ!
ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਹੋਇਆ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ ਲੱਗ ਪਿਆ!
ਉਹ ਕਾਰ ਵਿਚੋਂ ਉੱਤਰ ਸਿਧੇ ਕੱਚੀਆਂ ਇੱਟਾਂ ਦਾ ਢੇਰ ਲਾ ਰਹੀ ਲੇਬਰ ਵੱਲ ਨੂੰ ਹੋ ਤੁਰੇ..
ਫੇਰ ਇੱਕ ਅਲੂਣੇ ਜਿਹੇ ਮੁੰਡੇ ਵੱਲ ਇਸ਼ਾਰਾ ਕਰ ਮੈਨੂੰ ਪੁੱਛਣ ਲੱਗੇ “ਇਹ ਮੁੰਡਾ ਕੌਣ ਏ”..?
ਆਖਿਆ ਜੀ “ਤਾਰੇ ਦਾ ਨਿੱਕਾ ਮੁੰਡਾ ਏ ਜਿਸਤੇ ਪਿੱਛੇ ਜਿਹੇ ਕੱਚੀਆਂ ਇੱਟਾਂ ਦਾ ਪੂਰਾ ਠੇਲਾ ਮੂਧਾ ਹੋ ਗਿਆ ਸੀ”..!
ਮੱਥੇ ਤੇ ਤਿਉੜੀਆਂ ਪਾਉਂਦੇ ਹੋਏ ਪੁੱਛਣ ਲੱਗੇ “ਇਲਾਜ ਵਾਸਤੇ ਪੈਸੇ ਅਤੇ ਬਣਦੀ ਤਨਖਾਹ ਤਾਂ ਦੇ ਦਿੱਤੀ ਸੀ ਫੇਰ ਇਸਨੂੰ ਕੰਮ ਤੇ ਕਿਓਂ ਲਾਇਆ”?
ਆਖਿਆ “ਜੀ ਇਸਦਾ ਬਾਪ ਖਹਿੜੇ ਪੈ ਗਿਆ ਸੀ ਕੇ ਵੱਡੀ ਧੀ ਦਾ ਵਿਆਹ ਸਿਰ ਤੇ ਹੈ..ਇਸਨੂੰ ਕੁਝ ਦਿਹਾੜੀਆਂ ਲਾ ਲੈਣ ਦਿਓ”!
ਉਸਨੂੰ ਸੈਨਤ ਮਾਰ ਕੋਲ ਸੱਦ ਲਿਆ..ਫੇਰ ਪੁੱਛਣ ਲੱਗੇ “ਕਾਕਾ ਸਕੂਲੇ ਜਾਨੈ?
ਆਖਣ ਲੱਗਾ “ਹਾਂਜੀ ਪਰ ਹੁਣ ਨਹੀਂ”..ਅਗਲਾ ਸਵਾਲ ਸੀ “ਪਹਾੜੇ ਆਉਂਦੇ ਨੇ”?
ਅੱਗੋਂ ਜਵਾਬ ਸੀ “ਹਾਂਜੀ ਆਉਂਦੇ ਨੇ”
ਫੇਰ ਉਸਨੂੰ ਲੱਕੜ ਦੀ ਸੋਟੀ ਫੜਾ ਥੱਲੇ ਭੋਏਂ ਵੱਲ ਇਸ਼ਾਰਾ ਕਰਦੇ ਹੋਏ...
ਆਖਣ ਲੱਗੇ “ਵੀਹਾਂ ਤੱਕ ਲਿਖ ਕੇ ਰਖੀਂ..ਅਸੀਂ ਹੁਣੇ ਆਏ”!
ਮੈਨੂੰ ਦਫਤਰ ਵਿਚ ਲਿਜਾ ਕੇ ਆਖਣ ਲੱਗੇ ਇਸਦੇ ਪੂਰੇ ਮਹੀਨੇ ਦੇ ਬਣਦੇ ਪੈਸਿਆਂ ਵਿਚ ਸੱਤ ਹਜਾਰ ਹੋਰ ਜੋੜ ਕੇ ਓਥੇ ਹੀ ਲੈ ਆਵੀਂ!
ਘੜੀ ਕੂ ਮਗਰੋਂ ਭੋਏਂ ਤੇ ਲਿਖੇ ਹੋਏ ਪਹਾੜਿਆਂ ਵਿਚੋਂ ਗਲਤੀ ਲੱਭਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋਇਆਂ ਨੇ ਪੂਰੇ ਪੈਸੇ ਉਸਨੂੰ ਫੜਾ ਦਿੱਤੇ ਤੇ ਆਖਣ ਲੱਗੇ ਪੁੱਤਰਾ ਆਹ ਲੈ ਫੜ ਆਪਣੇ ਪੂਰੇ ਮਹੀਨੇ ਦੀ ਤਨਖਾਹ ਅਤੇ ਆਪਣੀ ਭੈਣ ਦੇ ਵਿਆਹ ਦਾ ਬਣਦਾ ਸ਼ਗਨ..ਅਗਲੇ ਮਹੀਨੇ ਦੀ ਇਸੇ ਤਰੀਖ ਨੂੰ ਵਾਪਿਸ ਆ ਕੇ ਇਸੇ ਥਾਂ ਚਾਲੀ ਤੱਕ ਪਹਾੜੇ ਲਿਖ ਜਾਵੀਂ ਤੇ ਅਗਲੇ ਪੂਰੇ ਮਹੀਨੇ ਦੀ ਤਨਖਾਹ ਲੈ ਜਾਵੀਂ..ਅਸੀਂ ਪੜੇ ਲਿਖੇ ਬੰਦੇ ਨੂੰ ਮਜਦੂਰੀ ਨਹੀਂ ਤਨਖਾਹ ਦਿਆ ਕਰਦੇ ਹਾਂ!
ਅਚਨਚੇਤ ਮਿਲ ਗਈ ਵੱਡੀ ਰਕਮ ਨੂੰ ਪੇਂਟ ਦੇ ਅਗਲੇ ਦੋਹਾ ਬੋਝਿਆਂ ਵਿਚ ਪਾ ਕਾਹਲੀ ਕਾਹਲੀ ਪਿੰਡ ਦੇ ਰਾਹ ਤੇ ਦੌੜੇ ਜਾਂਦੇ ਨੂੰ ਸ਼ਾਇਦ ਏਨੀ ਗੱਲ ਸਮਝ ਨਹੀਂ ਸੀ ਆ ਰਹੀ ਕੇ ਹੁਣ ਘਰੇ ਅੱਪੜ ਦੱਸਣਾ ਕੀ ਏ..”ਮਜਦੂਰੀ ਮਿਲੀ ਏ ਹੈ ਕੇ ਪਹਿਲੀ ਤਨਖਾਹ”!
ਹਰਪ੍ਰੀਤ ਸਿੰਘ ਜਵੰਦਾ
Sanju Rani
very nice story kaash sary he ida sochan ty baal mazduri khatam ho jaye
Rekha Rani
very nice👍👍👍👍 paji story hai