ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..!
ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ ਪਤਾ ਨੀ ਕਿਥੋਂ ਸਿਖਿਆ?
ਕਈ ਵੇਰ ਸੋਚਦੀ ਨੌਕਰੀ ਛੱਡ ਦੇਵਾਂ..ਟੋਕਾ ਟੁਕਾਈ ਬਹੁਤ ਹੁੰਦੀ..ਕਈ ਵੇਰ ਤਰਸ ਵੀ ਆਉਂਦਾ..ਹਮੇਸ਼ਾਂ ਕੱਲੇ ਹੀ ਲੱਗੇ ਰਹਿੰਦੇ..ਇਥੋਂ ਤੱਕ ਕੇ ਡਿਲੀਵਰੀ ਵੀ ਆਪ ਹੀ ਕਰਦੇ..ਓਹਨਾ ਦੀ ਗੈਰ ਹਾਜਰੀ ਵਿਚ ਇੱਕ ਫੋਨ ਆਉਂਦਾ ਪਾਪਾ ਕਿਥੇ?
ਆਖਦੀ ਡਿਲੀਵਰੀ ਕਰਨ ਗਏ ਤਾਂ ਅੱਗੋਂ ਹਾਸਾ ਪੈ ਜਾਂਦਾ..!
ਅੰਕਲ ਨੇ ਓਥੇ ਸੋਫੇ ਤੇ ਇੱਕ ਸਿਰਹਾਣਾ ਲਗਾਇਆ ਹੁੰਦਾ..ਕਈ ਵੇਰ ਢਿੱਲੇ ਹੁੰਦੇ ਤਾਂ ਓਥੇ ਹੀ ਲੰਮੇ ਪੈ ਜਾਂਦੇ..!
ਇੱਕ ਵੇਰ ਨਿੱਕੇ ਦਾ ਫੋਨ ਆਇਆ.ਫਲਾਣਾ ਪੀਜਾ ਬਣਾ ਦਿਓ..ਫਲਾਣੀ ਟੋਪਿੰਗ ਵਾਲਾ..ਦੋਸਤ ਨਾਲ ਨੇ..ਅੰਕਲ ਨੇ ਘੜੀ ਲਾ ਬੜਾ ਬਣਾ ਸਵਾਰ ਕੇ ਬਣਾਇਆ..ਉਹ ਹਵਾ ਵਾਂਙ ਆਏ ਤੇ ਪੀਜਾ ਚੁੱਕ ਹਨੇਰੀ ਵਾਂਙ ਗਾਇਬ ਹੋ ਗਏ..ਅੰਕਲ ਮਗਰੋਂ ਵਾਜਾਂ ਹੀ ਮਾਰਦੇ ਰਹਿ ਗਏ..ਯਾਰ ਜਾਂਦਾ ਜਾਂਦਾ ਇੱਕ ਦੋ ਡਿਲਿਵਰੀਆਂ ਹੀ ਕਰੀ ਜਾ..ਅੱਗੋਂ ਆਖਦਾ ਮੈਂ ਹੁਣੇ ਆਇਆ..ਪਰ ਫੇਰ ਉਹ ਕਦੇ ਵੀ ਨਾ ਆਇਆ..!
ਇੱਕ ਦੋ ਵੇਰ ਅੰਕਲ ਦੀ ਨਾਲਦੀ ਵੀ ਆਈ..ਮੇਕਅੱਪ ਵਿਚ ਗੜੁੱਚ ਨਾਲਦੀ ਘੱਟ ਧੀ ਜਿਆਦਾ ਲਗਦੀ..!
ਉਸਨੂੰ...
ਅੰਕਲ ਦਾ ਬਣਾਇਆ ਪੀਜਾ ਕਦੇ ਵੀ ਪਸੰਦ ਨਾ ਆਉਂਦਾ..ਹਮੇਸ਼ਾਂ ਨੁਕਸ ਕੱਢੀ ਜਾਂਦੀ..ਫੇਰ ਖੁਦ ਜੋਗਾ ਮਨਮਰਜੀ ਦਾ ਬਣਾ ਕੇ ਅਹੁ ਜਾਂਦੀ!
ਇੱਕ ਵੇਰ ਪੁੱਛ ਲਿਆ ਤੁਸੀਂ ਕੱਲੇ ਏਨੀ ਮੇਹਨਤ ਕਰਦੇ ਓ..ਆਰਾਮ ਵਾਲਾ ਕੋਈ ਹੋਰ ਕੰਮ ਕਰ ਲਵੋ..ਆਖਣ ਲੱਗੇ ਧੀਏ ਜਦੋਂ ਦਾ ਆਇਆ ਏਹੀ ਕੰਮ ਕੀਤਾ..ਇਥੋਂ ਹੀ ਘਰ ਚਲਾਇਆ ਬੱਚੇ ਪੜਾਏ ਵੱਡੇ ਕੀਤੇ..ਹੁਣ ਹੋਰ ਕੁਝ ਕਰਨਾ ਵੱਸ ਵਿਚ ਨਹੀਂ!
ਇੱਕ ਦਿਨ ਬੁਖਾਰ ਸੀ..ਸੋਫੇ ਤੇ ਲੰਮੇ ਪਏ ਹੋਏ ਸਨ..ਫੋਨ ਆਇਆ..ਪਾਪਾ ਇੱਕ ਪੀਜਾ ਬਣਾ ਦਿਓ..ਬੱਸ ਅੱਧੇ ਘੰਟੇ ਤਕ ਆਏ..ਓਹਨਾ ਆਪਣੇ ਆਪ ਨੂੰ ਕੁਝ ਆਖਿਆ..ਮੁਸ਼ਕਿਲ ਨਾਲ ਉੱਠੇ..ਫੇਰ ਤਿਆਰੀ ਸ਼ੁਰੂ ਕਰ ਦਿੱਤੀ..!
ਉਸ ਦਿਨ ਸਮਝ ਆਈ ਕੇ ਸੋਫੇ ਤੋਂ ਉਠਦਿਆਂ ਓਹਨਾ ਆਪਣੇ ਆਪ ਨਾਲ ਗੱਲ ਨਹੀਂ ਸੀ ਕੀਤੀ ਸਗੋਂ ਦੱਬੀ ਅਵਾਜ ਵਿਚ ਮੇਰੇ ਸਵਾਲ ਦਾ ਹੀ ਜਵਾਬ ਦਿੱਤਾ ਸੀ ਕੇ ਧੀਏ ਆਖਰੀ ਕਤਰੇ ਤੀਕਰ ਚੀਜਾਂ ਨਿਚੋੜ ਲੈਣੀਆਂ ਮੈਨੂੰ ਕਿਸੇ ਹੋਰ ਨੇ ਨਹੀਂ ਅੱਗੋਂ ਮੈਨੂੰ ਮੇਰੀ ਔਲਾਦ ਨੇ ਹੀ ਸਿਖਾਈਆਂ..!
ਇਨਸਾਨ ਔਲਾਦ ਕੋਲੋਂ ਵੀ ਤੇ ਕਿੰਨੀਆਂ ਚੀਜਾਂ ਸਿੱਖਦਾ ਹੀ ਆਇਆ ਏ..ਵਰ੍ਹਿਆਂ ਦਹਾਕਿਆਂ ਤੋਂ..ਸਦੀਆਂ ਤੋਂ..!
(ਅਖੀਂ ਵੇਖਿਆ ਅਸਲ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ