More Punjabi Kahaniya  Posts
ਨੁਕਤਾ ਚੀਨੀ


ਲੈਕਚਰਰ ਲੱਗਣ ਮਗਰੋਂ ਰਿਸ਼ਤਿਆਂ ਦਾ ਜੀਵੇਂ ਹੜ ਜਿਹਾ ਆ ਗਿਆ ਹੋਵੇ..
ਸਾਡੀ ਰਸੋਈ ਬਾਹਰਲੇ ਗੇਟ ਦੇ ਐਨ ਸਾਹਮਣੇ ਹੋਣ ਕਰਕੇ ਹਰ ਅੰਦਰ ਆਉਂਦੇ ਨੂੰ ਪਹਿਲਾਂ ਹੀ ਨਜਰ ਮਾਰ ਲਿਆ ਕਰਦੀ..
ਮੁੜ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਜਿਹਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..!
ਮਗਰੋਂ ਦਾਦੀ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ..ਆਖਿਆ ਕਰਦੀ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..!
ਕੋਲ ਬੈਠੇ ਭਾਪਾ ਜੀ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਉਂਦੀ ਪ੍ਰਤੀਤ ਹੁੰਦੀ..!
ਮੇਰੇ ਆਸ ਪਾਸ ਇੱਕ ਤੋਂ ਵੱਧ ਸਨਕੀ ਅਤੇ ਨਖਰੇਬਾਜ ਸਹੇਲੀਆਂ ਦਾ ਘੇਰਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਹੀ ਨੁਕਤਾ ਚੀਨੀ ਹੁੰਦੀ ਰਹਿੰਦੀ..ਪੋਚਵੀਂ ਪੱਗ ਵਾਲਾ ਆਕੜ-ਖਾਣ ਹੁੰਦਾ..ਬਾਹਰਲੇ ਮੁਲਖੋਂ ਆਏ ਤੇ ਕੋਈ ਇਤਬਾਰ ਨੀ..ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..ਫਲਾਣਾ ਸਰੀਰੋਂ ਭਰਾ..ਫਲਾਣੇ ਨੂੰ ਲੀੜੇ ਪਾਉਣ ਦੀ ਅਕਲ ਨੀ..ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..!
ਗੱਲ ਕੀ ਬੀ ਦਿਮਾਗ ਵਿਚ ਬਿਠਾ ਲਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਪੰਡ ਹੁੰਦੀ ਏ..
ਕਈ ਵਾਰ ਕਈ ਵਿਚਾਰਿਆਂ ਤੇ ਤਰਸ ਵੀ ਆ ਜਾਂਦਾ ਪਰ ਨਕਾਰਾਤਮਿਕਤਾ ਏਨੀ ਭਾਰੂ ਕੇ ਬੱਸ ਪੁੱਛੋਂ ਨਾ..!
ਕਾਲਜ ਦੀ ਬੱਸ ਮੈਨੂੰ ਘਰ ਛੱਡ ਕੇ ਜਾਇਆ ਕਰਦੀ..
ਚਿੱਟੀ ਦਾਹੜੀ ਵਾਲੇ ਰਿਟਾਇਰਡ ਫੌਜੀ ਡਰਾਈਵਰ ਅੰਕਲ..ਬੜੇ ਸਖਤ ਸੁਭਾਅ ਦੇ..
ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਖੁੰਝ ਗਈ..ਸਟੋਪ ਤੇ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!
ਓਹਨੀ ਦਿੰਨੀ ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..ਇੱਕ ਦਿਨ ਬੱਸ ਉਡੀਕਦੀ ਨੂੰ ਮਸੀ ਪੰਜ ਮਿੰਟ ਵੀ ਨਹੀਂ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..!
ਮੈਨੂੰ ਕੁਝ ਨਾ ਸੁੱਝੇ ਹੁਣ ਕੀ ਕਰਾਂ..ਏਨੇ ਨੂੰ ਪੋਚਵੀਂ ਪੱਗ ਬੰਨੀ ਉਚਾ-ਲੰਮਾ ਸਰਦਾਰ ਮੁੰਡਾ..ਕੋਲ ਆ ਕੇ ਸਕੂਟਰ ਦੀ ਬ੍ਰੇਕ ਮਾਰ ਦਿੱਤੀ..!
ਫੇਰ ਮੇਰੇ ਵੱਲ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ ਜੀ ਰੱਖ ਲਵੋ ਜੀ ਭਿੱਜ ਜਾਵੋਗੇ..ਕੱਲ ਸਾਇੰਸ ਬਲਾਕ ਦੇ ਕਾਮਨ ਰੂਮ ਵਿਚ ਮੋੜ ਜਾਇਆ ਜੇ..ਸਾਰਾ ਕੁਝ ਏਨੀ ਛੇਤੀ ਵਾਪਰਿਆ ਕੇ ਹੋਰ ਕੁਝ ਵੀ...

ਪੁੱਛ ਨਾ ਸਕੀ..!
ਅਗਲੇ ਦਿਨ ਪਤਾ ਲੱਗਾ ਕੇ ਨਵੀਂ ਨਵੀਂ ਅਸਿਸਟੈਂਟ ਲੈਕਚਰਰ ਦੇ ਤੌਰ ਤੇ ਸਿਲੈਕਸ਼ਨ ਹੋਈ ਸੀ..!
ਕਈ ਵੇਰ ਅਕਸਰ ਹੀ ਅਗਿਓਂ ਤੁਰੇ ਆਉਂਦੇ ਨਾਲ ਮੇਲ ਹੋ ਜਾਂਦਾ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਇਆ ਕਰਦਾ..!
ਹੈਰਾਨ ਹੁੰਦੀ ਤੇ ਕਈ ਵੇਰ ਗੁੱਸਾ ਜਿਹਾ ਵੀ ਆ ਜਾਂਦਾ ਕੇ ਏਡੀ ਵੀ ਕਾਹਦੀ ਸ਼ਰੀਫ਼ੀ ਕੇ ਸਿਵਾਏ ਸਤਿ ਸ੍ਰੀ ਅਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..
ਪਰ ਉਸਦੀ ਇਹ ਹਰਕਤ ਅੰਦਰੋਂ ਅੰਦਰ ਮੈਨੂੰ ਮੋਹ ਲਿਆ ਕਰਦੀ..
ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਸਿਫਤਾਂ ਕਰਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..
ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ ਸ਼ਰੀਫ ਜਿਹਾ “ਮੁੰਡਾ” ਹੀ ਆ ਜਾਵੇ ਤਾਂ ਜੀਵਨ ਸਫਲਾ ਹੋ ਜਾਵੇ!
ਇੱਕ ਦਿਨ ਭਾਪਾ ਜੀ ਆਖਣ ਲੱਗੇ ਆਉਂਦੇ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਓਹਲੇ ਜਿਹੇ ਹੋ ਕੇ ਖਲੋ ਗਈ..ਜਦੋਂ ਸਾਰੇ ਜਣੇ ਅੰਦਰ ਲੰਘਣ ਗਏ ਤਾਂ ਮੁੰਡਾ ਵੇਖ ਹੋਸ਼ ਉੱਡ ਗਏ..ਇਹ ਤਾਂ ਓਹੀ ਸੀ ਛਤਰੀ ਵਾਲਾ..!
ਇੱਕ ਵੇਰ ਤਾਂ ਜੀ ਜਿਹਾ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਫੇਰ ਇੱਕ ਸ਼ਰਾਰਤ ਜਿਹੀ ਸੁਝੀ..ਜਾਣ ਬੁਝਕੇ ਹੀ ਉਸਦੇ ਕੱਪ ਵਿਚ ਦੋ ਚਮਚੇ ਖੰਡ ਦੇ ਵਾਧੂ ਪਾ ਦਿੱਤੇ..!
ਨਿੰਮਾ-ਨਿੰਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ..ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਮੁੜ ਵਾਪਿਸ ਰਸੋਈ ਵਿਚ ਆ ਗਈ..!
ਆਦਤਨ ਪਾਪਾ ਜੀ ਇਸ ਵਾਰ ਵੀ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..
ਅੱਗੇ ਤਾਂ ਇੱਕ ਗੱਲ ਪਤਾ ਨੀ ਕਿੰਨੀ ਵਾਰ ਕੋਈ ਗੱਲ ਪੁੱਛਦੇ ਤਾਂ ਜਾ ਕੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਪਤਾ ਨੀ ਕੀ ਹੋ ਗਿਆ..ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)