ਉਹ ਨਾਲ ਹੀ ਪੜਾਉਂਦੀ ਸੀ..ਇੱਕੋ ਸਕੂਲ ਵਿਚ..ਰੰਗ ਭਾਵੇਂ ਥੋੜਾ ਪੱਕਾ ਸੀ ਪਰ ਸੁਭਾ ਬੜਾ ਰਲਦਾ ਸੀ..!
ਜਦੋਂ ਰਿਸ਼ਤੇ ਆਉਣੇ ਸ਼ੁਰੂ ਹੋਏ ਤਾਂ ਸਾਫ ਸਾਫ ਦੱਸ ਦਿੱਤਾ..
ਘਰੇ ਜਵਾਲਾਮੁਖੀ ਫਟ ਪਿਆ..ਜਿੰਨੇ ਮੂੰਹ ਓਨੀਆਂ ਗੱਲਾਂ..”ਜੱਟਾਂ ਦਾ ਮੁੰਡਾ ਅੱਜ ਓਹਨਾ ਦੇ ਘਰੇ ਢੁੱਕੇਗਾ..ਜਿਹੜੇ ਸਾਡਾ ਗੋਹਾ ਕੂੜਾ ਚੁੱਕਿਆ ਕਰਦੇ ਨੇ”
ਵੱਡਾ ਵੀਰ ਆਪੇ ਤੋਂ ਬਾਹਰ ਸੀ..ਅਖ਼ੇ ਏਨੀ ਗੱਲ ਕਰਨ ਤੋਂ ਪਹਿਲਾਂ ਡੁੱਬ ਕੇ ਕਿਓਂ ਨਹੀਂ ਮਰ ਗਿਆ..ਖਾਨਦਾਨੀ..ਕੁਲ-ਪ੍ਰੰਪਰਾ..ਰੋਹਬਦਾਰ ਪਰਿਵਾਰ..ਅਸੂਲ..ਰੁਤਬੇ..ਸਾਰਾ ਕੁਝ ਸਵਾਹ ਕਰ ਦਿੱਤਾ!
ਬਰਾਤੇ ਸਿਰਫ ਪੰਜ ਬੰਦੇ ਹੀ ਗਏ..
ਮਗਰੋਂ ਆਪਸੀ ਬੋਲ ਚਾਲ..ਲੈਣ ਦੇਣ..ਮਿਲਣ ਵਰਤਣ..ਤਿਥ ਤਿਓਹਾਰ ਸਭ ਕੁਝ ਬੰਦ ਜਿਹਾ ਹੋ ਗਿਆ ਤੇ ਅਸੀਂ ਸ਼ਹਿਰ ਕਿਰਾਏ ਦੇ ਘਰ ਵਿਚ ਰਹਿਣ ਲੱਗ ਪਏ..!
ਉਸ ਦਿਨ ਕਲੀਗ ਦੀ ਕੁੜੀ ਦਾ ਵਿਆਹ ਸੀ..
ਦੋਵੇਂ ਲਾਵਾਂ ਫੇਰਿਆਂ ਮਗਰੋਂ ਖਾਣੀ ਪੀਣੀ ਵੱਲ ਰੁਝ ਗਏ..!
ਨਿੱਕਾ ਅਜੇ ਨਵਾਂ ਨਵਾਂ ਤੁਰਨਾ ਸਿਖਿਆ ਸੀ..ਖਹਿੜੇ ਪੈ ਗਿਆ ਹੇਠਾਂ ਲਾਹ ਦੇਵੋ..ਕਦੀ ਮੈਂ ਉਸਦੇ ਮਗਰ ਮਗਰ ਰਾਖੀ ਤੇ ਕਦੇ ਉਸਦੇ ਮਾਂ..
ਅਚਾਨਕ ਵੇਖਿਆ ਸਾਮਣੇ ਵੱਡਾ ਵੀਰ ਖਲੋਤਾ ਸੀ..ਮਿੰਟ ਕੂ ਲਈ ਸਮਝ ਨਾ ਆਈ ਕੇ ਕੀ ਆਖਾਂ..ਫਤਹਿ ਬੁਲਾ ਦਿੱਤੀ..ਮਗਰੋਂ ਨਿੱਕੇ ਨੂੰ ਚੁੱਕ ਕੇ ਇਹ ਸੋਚ ਲਾਂਬੇ ਹੋਣਾ ਹੀ ਬੇਹਤਰ ਸਮਝਿਆ ਕੇ ਕਿਧਰੇ ਅੱਜ ਫੇਰ ਸ਼ਰੇਆਮ ਤਮਾਸ਼ਾ ਹੀ ਨਾ ਲੱਗ ਜਾਵੇ..!
ਪਰਤ ਕੇ ਮੁੜਦੇ...
ਹੋਏ ਦਾ ਉਸਨੇ ਮਗਰੋਂ ਗੁੱਟ ਫੜ ਲਿਆ..ਘੁੱਟ ਕੇ..ਸੋਚਿਆ ਹੁਣ ਜਰੂਰ ਆਖੇਗਾ..”ਸ਼ਰਮ ਕਰ..ਡੁੱਬ ਕੇ ਮਰ ਜਾ..!
ਹੋਇਆ ਵੀ ਇੰਝ ਹੀ..ਆਖਣ ਲੱਗਾ “ਸ਼ਰਮ ਤੇ ਨਹੀਂ ਆਉਂਦੀ..ਨਰਾਜਗੀ ਤੁਹਾਡੇ ਵਿਆਹ ਨਾਲ ਸੀ..ਇਸ ਨਿੱਕੇ ਜਿਹੇ ਜੀ ਨਾਲ ਥੋੜੀ..ਇੱਕ ਵਾਰ ਕੁੱਛੜ ਵੀ ਨਹੀਂ ਚੁੱਕਣ ਦੇਵੇਂਗਾ ਯਾਰ..ਅਖੀਰ ਤਾਇਆ ਲੱਗਦਾਂ ਹਾਂ ਇਸਦਾ..”
ਇਸਤੋਂ ਪਹਿਲਾਂ ਕੇ ਮੈਂ ਕੁਝ ਕਰ ਸਕਦਾ..ਕੁੱਛੜ ਚੜਿਆ ਨਿੱਕਾ ਆਪੇ ਹੀ ਉਸ ਵੱਲ ਨੂੰ ਉੱਲਰ ਗਿਆ..ਤੇ ਸਾਡੇ ਵੱਲ ਇੰਝ ਵੇਖਣ ਲੱਗਾ ਜਿੱਦਾਂ ਆਖ ਰਿਹਾ ਹੋਵੇ..ਕੇ ਮੈਂ ਤਾਂ ਸ਼ੁਰੂਆਤ ਕਰ ਦਿੱਤੀ ਹੁਣ ਬਾਕੀ ਦਾ ਕੰਮ ਤੁਸੀਂ ਆਪੇ ਕਰ ਦੇਵੋ..!
ਮੈਨੂੰ ਬੌਂਦਲ ਗਏ ਨੂੰ ਇੱਕ ਹੋਰ ਗੱਲ ਪਤਾ ਲੱਗੀ..ਉਹ ਤੁਰਨਾ ਹੀ ਨਹੀਂ ਸੀ ਸਿੱਖਿਆ ਸਗੋਂ ਦੁਨੀਆਦਾਰੀ ਦੀ ਵੀ ਸਮਝ ਆ ਗਈ ਲੱਗਦੀ ਸੀ ਉਸਨੂੰ..!
ਕਿੰਨੇ ਚਿਰ ਤੋਂ ਸਹਿਮ ਕੇ ਦੂਰ ਖਲੋਤੀ ਵੀ ਹੁਣ ਕੋਲ ਜਿਹੀ ਆ ਗਈ ਤੇ ਖਿੜੀ ਹੋਈ ਧੁੱਪ ਵਿਚ ਹੀ ਲੱਗ ਗਈ ਹੰਜੂਆ ਦੀ ਜ਼ੋਰਦਾਰ ਝੜੀ ਨੇ ਊਚ ਨੀਚ ਵਾਲੀ ਕੰਧ ਬੁਰੀ ਤਰਾਂ ਢਾਹ ਸੁੱਟੀ!
ਹਰਪ੍ਰੀਤ ਸਿੰਘ ਜਵੰਦਾ