ਪੱਕੀ ਥਾਂ” —–
ਕਲ ਖਬਰ ਮਿਲੀ ਕਿ ਪ੍ਰੀਵਾਰਿਕ ਦੋਸਤਾਂ ਦੀ ਢਾਣੀ ਚੋਂ ਇਕ ਬੰਦਾ ਜਹਾਨ ਛੱਡ ਗਿਆ ਤੇ ਸੰਸਕਾਰ ਜੰਲਧਰ ਮਾਡਲ ਟਾਊਨ ਸਮਸ਼ਾਨ ਘਾਟ ਸ਼ਾਮ 4 ਵਜੇ ਆ। ਇਹ ਖਬਰ ਮੈਨੂੰ 20-22 ਸਾਲ ਪਿੱਛੇ ਲੈ ਗਈ।
ਸਮਸ਼ਾਨ ਘਾਟ ਦੇ ਨਾਲ ਇੱਕ ਖੁੱਲਾ ਮੈਦਾਨ ਹੁੰਦਾ ਸੀ, ਹੁਣ ਪਤਾ ਨੀ ਹੈ ਕਿ ਨਹੀ। ਉੱਥੇ ਹਰ ਐਤਵਾਰ ਸਬਜ਼ੀ ਮੰਡੀ ਲਗਦੀ ਹੁੰਦੀ ਸੀ। ਲਾਗਲੇ ਪਿੰਡਾਂ ਦੇ ਕਿਸਾਨ ਤੇ ਪ੍ਰਵਾਸੀ ਮਜ਼ਦੂਰ ਤਾਜੀਆਂ ਸਬਜ਼ੀਆਂ ਤੇ ਫਰੂਟ ਵੇਚਦੇ ਸੀ। ਕਈਆਂ ਨੇ ਟਰਾਲੀਆਂ,ਰੇਹੜੀਆਂ ਲਗਾਈਆਂ ਹੁੰਦੀਆਂ ਤੇ ਕਈ ਜਮੀਨ ਤੇ ਹੀ ਬੋਰੀਆਂ ਵਿਛਾ ਆਪਣਾ ਸਮਾਨ ਖਿਲਾਰ ਲੈਂਦੇ। ਮੈ ਜਿਸ ਬਜ਼ੁਰਗ ਤੋਂ ਸਂਬਜੀ ਲੈਂਦੀ ਸਾਂ ਉਹਦੀ ਸਬਜੀ ਸਾਫ ਸੁਥਰੀ ਹੁੰਦੀ,ਕੀਮਤ ਵੀ ਠੀਕ ਲਾਉਂਦਾ ਤੇ ੳਹਦੀ ਜੁਬਾਨ ਚ ਵੀ ਬਹੁਤ ਮਿਠਾਸ ਸੀ।
ਥੋੜੇ ਦਿਨਾਂ ਬਾਅਦ ਉਹਦਾ ਟਿਕਾਣਾ ਮੇਨ ਸੜਕ ਤੋਂ ਆਗਾਂਹ ਹੁੰਦਾ। ਪੁੱਛਣ ਤੇ ਦਸਦਾ...
ਕਿ ਸਿਫਾਰਿਸ਼ ਚਲਦੀ, ਕਮੇਟੀ ਵਾਲੇ ਉਹਨਾਂ ਦੀਆਂ ਅੱਗੇ ਲੁਆ ਦਿੰਦੇ ਤੇ ਸਾਡੇ ਵਰਗਿਆਂ ਨੂੰ ਪਿੱਛੇ ਧੱਕ ਦਿੰਦੇ। ਪਰ ਮੈਂ ਸਬਜੀ ਉਹਦੇ ਤੋਂ ਹੀ ਲੈਂਦੀ ਸਾਂ।ਇਕ ਦਿਨ ਮੈਨੂੰ ਕਿਧਰੇ ਦਿਖਿਆ ਨੀ। ਫਿਰ ਲੱਭਦੀ ਲੁਭਾਂਦੀ ਦੇਖਿਆ ਸੜਕ ਤੋਂ ਹੋਰ ਦੂਰ ਸਮਸ਼ਾਨ ਘਾਟ ਵਾਲੇ ਪਾਸੇ ੳਹਦੀ ਥਾਂ ਸੀ।
” ਭਾਈਆ ਜੀ! ਬੜੀ ਮੁਸ਼ਕਿਲ ਲਭਿਆ ਤੁਹਾਨੂੰ। ਤੁਸੀਂ ਤਾਂ ਆਗਾਂਹ ਆਗਾਂਹ ਹੀ ਤੁਰੀ ਜਾਂਦੇ ਓ। ਸ਼ਮਸ਼ਾਨਘਾਟ ਦੇ ਗੇਟ ਕੋਲ ਪਹੁੰਚ ਗਏ ਓ।ਆਪਣੀ ਪੱਕੀ ਥਾਂ ਰੱਖੋ ”
” ਪੁੱਤਰਾ! ਪੱਕੀ ਥਾਂ ਤਾਂ ਆਹੀ ਆ। ਇੱਥੇ ਹੀ ਸਭ ਨੇ ਆਣਾ, ਤਾਂਹੀਉ ਹੌਲੀ ਹੌਲੀ ਉਧਰ ਨੂੰ ਤੁਰੇ ਆਂਦੇ ਆਂ”
ਹਰਜੀਤ ਸੈਣੀ