ਪਤਾ ਨਹੀਂ ਕਿਉਂ??
ਬਾਰਡਰ ਤੇ ਗੋਲੀਬਾਰੀ ਤੋਂ ਬਾਅਦ ਜਦੋਂ ਮਾਹੌਲ ਸੁਖਾਵਾਂ ਹੋਇਆ ਤਾਂ ਸ਼ਰਨ ਸਿੰਘ ਸਰਹੱਦ ਨਾਲ ਲਗਦੇ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ । ਧੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਹਾਲ ਦੇਖ ਕੇ ਉਸਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ।ਉਸਨੂੰ ਲੱਗਾ ਜਿਵੇਂ ਅੱਖਾਂ ਸਾਹਵੇਂ ਦੁਨੀਆਂ ਤਬਾਹ ਹੋ ਗਈ ਹੋਵੇ । ਬੇਬਸ ਡੌਰ-ਭੌਰ ਹੋਇਆ ਉਹ ਉੱਥੇ ਈ ਵੱਟ ਉੱਪਰ ਬੈਠ ਗਿਆ ਅਤੇ ਭਵਿੱਖ ਬਾਰੇ ਸੋਚ ਡੂੰਘੀ ਚਿੰਤਾ ਵਿੱਚ ਲਹਿ ਗਿਆ । ਕੰਡਿਆਲੀ ਤਾਰ ਦੇ ਪਰਲੇ ਪਾਸਿਉਂ ਰਾਸ਼ਿਦ ਨੇ ਉਸਨੂੰ ਅਵਾਜ਼ ਮਾਰ ਕੇ ਉਸਦਾ ਹਾਲ ਚਾਲ ਪੁੱਛਿਆ। ਰਾਸ਼ਿਦ ਦੀ ਅਵਾਜ਼ ਸੁਣ ਉਸਦੇ ਖਿਆਲਾਂ ਦੀ ਲੜੀ ਟੁੱਟ ਗਈ । ਰਾਸ਼ਿਦ ਦੀ ਫ਼ਸਲ ਦਾ ਵੀ ਉਹੀ ਹਾਲ ਹੋਇਆ ਪਿਆ ਸੀ।ਉਹ ਦੋਵੇਂ ਬਹੁਤ ਦੁਖੀ ਸਨ ਤੇ ਇੱਕ- ਦੂਜੇ ਨੂੰ ਕਹਿਣ ਲੱਗੇ ਕਿ ਕਿਵੇਂ ਆਪਾਂ ਭਰਾਵਾਂ ਦੀ ਤਰ੍ਹਾਂ ਖੁਸ਼ੀ- ਗਮੀ ਸਾਂਝੀ ਕਰਦੇ , ਖਾਣ ਪੀਣ ਵਾਲੀਆਂ ਚੀਜ਼ਾਂ ਸਾਂਝੀਆਂ ਕਰਦੇ, ਕਦੇ ਇੱਕ- ਦੂਜੇ ਨੂੰ ਚੰਗਾ ਮਾੜਾ ਨਾ ਬੋਲੇ। ਪਤਾ ਨਹੀਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੂੰ ਆਪਣੇ ਨਾਲ ਕਾਹਦਾ ਗੁੱਸਾ ਸੀ ਕਿ ਆਪਣੀਆਂ ਫਸਲਾਂ ਤਬਾਹ ਕਰ ਦਿੱਤੀਆਂ । ਸਾਡਾ ਤਾਂ...
ਆਪਸ ਵਿਚ ਕੋਈ ਰੌਲਾ ਨਹੀਂ ਨਾ । ਦੋਵੇਂ ਚੁੱਪ ਕਰ ਗਏ। ਸੁੰਨ ਪਸਰ ਗਈ। ਚੁੱਪ ਨੂੰ ਤੋੜਦਿਆਂ ਰਾਸ਼ਿਦ ਕਹਿਣ ਲੱਗਾ,” ਹਰੇਕ ਇਨਸਾਨ ਏਸ ਨਾਸ਼ਵਾਨ ਦੁਨੀਆਂ ਤੇ ਖਾਲੀ ਹੱਥ ਆਇਅੈ ਤੇ ਖਾਲੀ ਹੱਥ ਈ ਜਾਣਾ ਐ।ਮਰਨ ਪਿੱਛੋਂ ਸਿਰਫ ਢਾਈ ਗਜ਼ ਜ਼ਮੀਨ ਹੀ ਤਾਂ ਚਾਹੀਦੀ ਹੁੰਦੀ ਐ। ਹੋਰ ਦੱਸੋ ਕਿੰਨਾ,ਕੀ ਚਾਹੀਦਾ ਐ,ਫੇਰ ਇਹ ਜੰਗਾਂ ਕਾਹਦੇ ਲਈ, ਦੂਜਿਆਂ ਲਈ ਐਨੀ ਨਫਰਤ ਕਿਉਂ,ਕਿਉਂ ਨਹੀਂ ਇਨਸਾਨ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ਤੇ ਚੱਲਦਾ,ਸਵਾਰਥ ‘ਚ ਅੰਨਾ ਆਦਮੀ ਕਿਵੇਂ ਕੁਦਰਤ ਨੂੰ ਵੀ ਤਬਾਹ ਕਰੀ ਜਾਂਦੈ।”
ਗਸ਼ਤ ਕਰਦੀ ਹੋਈ ਇੱਕ ਫੌਜੀ ਟੁਕੜੀ ਓਧਰ ਆਈ ਤੇ ਉਹਨਾਂ ਨੂੰ ਆਵਦੇ- ਆਵਦੇ ਘਰਾਂ ਨੂੰ ਜਾਣ ਦਾ ਇਸ਼ਾਰਾ ਕੀਤਾ । ਉਹ ਦੋਵੇਂ ਭਰੇ ਮਨਾਂ ਨਾਲ ਇੱਕ-ਦੂਜੇ ਨੂੰ ਦੇਖਦੇ ਹੋਏ ਆਪੋ-ਆਪਣੇ ਘਰਾਂ ਦੇ ਰਾਹ ਪੈ ਗਏ। ਫੌਜੀ ਆਪਣੀ ਡਿਊਟੀ ਨਿਭਾਉੰਦੇ ਅੱਗੇ ਨਿਕਲ ਗਏ ।
ਸੁਖਬੀਰ ਕੌਰ
4-3-2022