ਜਿਉਂ ਜਿਉਂ ਰੱਖੜੀ ਦਾ ਦਿਨ ਨੇੜੇ ਆਉਂਦਾ ਤਾਂ ਸੁਮਨ ਦੀ ਚਿੰਤਾ ਹੋਰ ਵੱਧਦੀ ਜਾਂਦੀ । ਮਨ ਵਿੱਚ ਨਜ਼ਦੀਕ ਆ ਰਹੇ ਇਸ ਪਵਿੱਤਰ ਬੰਧਨ ਨਾਲ ਨਜਿੱਠਣ ਲਈ ਮਨ ਹੀ ਮਨ ਪੈਸਿਆਂ ਦਾ ਜੋੜ ਘਟਾਉ ਕਰਦੀ ਖਿਆਲਾਂ ਵਿੱਚ ਡੁੱਬੀ ਰਹਿੰਦੀ ।
“ਰੀਝਾਂ , ਚਾਅ ਵੀ ਮਨ ਦੀਆਂ ਖੁਸ਼ੀਆਂ ਦੀਆਂ ਸੌਗਾਤਾਂ ਹੁੰਦੇ ਹਨ, ਜੇ ਚਿੰਤਾਂਵਾਂ ਫਿਕਰਾਂ ਨੇ ਮਨ ਘੇਰਿਆਾ ਹੋਵੇ ਤਾਂ ਇਹ ਤਿੱਥ-ਤਿਉਹਾਰ ਵੀ ਬੋਝ ਲੱਗਦੇ ਹਨ “
“ਪੱਲੇ ਪਏ ਧੇਲਿਆਂ ਨਾਲ ਮੇਲੇ ਮਾਣੇ ਜਾਂਦੇ ਹਨ ..।”
ਹਰ ਮਨ ਆਜਾਦ ਹੋ ਕੇ ਇੱਛਾਵਾਂ ਨੂੰ ਪੂਰਾ ਕਰਨ ਲਈ ਅਸਮਾਨ ਵਿੱਚ ਉਡਾਰੀਆਂ ਭਰਨਾ ਲੋਚਦਾ ਹੈ ,
ਪਰ ਜੇ ਪੱਲ੍ਹੇ ਬੇਵੱਸੀਆਂ ਹੋਵਣ , ਸ਼ਿਕਾਰੀਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਕੱਸ ਕੇ ਬੰਨੀਆਂ ਹੋਣ , ਜ਼ੋਰ-ਜਬਰੀ ਰਾਹੀਂ ਖੰਭ ਕੱਟ ਦਿੱਤੇ ਹੋਣ ਤਾਂ ਅਸਮਾਨ ਵੀ ਧੁੰਦਲਾ , ਤੰਗ ਅਤੇ ਡਰਾਉਣਾ ਜਾਪਦਾ ਹੈ ।
ਸੁਮਨ ਵਾਹਵਾ ਚੰਗੇ ਘਰ ਦੀ ਨੂੰਹ ਸੀ , ਪੇਕਿਆਂ ਵੱਲੋਂ ਵੀ ਸੌਖੀ ਸੀ । ਹਰ ਵਰ੍ਹੇ ਜਦੋਂ ਭਰਾ ਦੇ ਰੱਖੜੀ ਬੰਨਣ ਜਾਣ ਦੀ ਸਹੁਰੇ ਪਰਿਵਾਰ ਵਿੱਚ ਗੱਲ ਕਰਦੀ ਤਾਂ ਸਾਰੇ ਪਰਿਵਾਰ ਦੇ ਪਿੱਸੂ ਪੈ ਜਾਂਦੇ ।
ਕੋਈ ਕਹਿੰਦਾ , “ਮਸਾਂ ਤਾਂ ਘਰ ਭੈਣਾਂ ਨੇ ਵੀਰਾਂ ਦੇ ਰੱਖੜੀ ਬੰਨਣ ਆਉਣਾ ਹੈ , ਤੇ ਉਹਨਾਂ ਦੀ ਸੇਵਾ ਕੌਣ ਕਰੂ “
,
ਕੋਈ ਕਹਿੰਦਾ , “ ਪਿਆਰ ਤੰਦਾਂ ਚ ਨਹੀਂ ਹੁੰਦਾ , ਇਹ ਤਾਂ ਫੋਕੇ ਕਰਮ-ਕਾਂਡ ਹਨ ”
ਕੋਈ ਕਹਿੰਦਾ , “ਲੈ ਦੱਸ ! ਮਸਾਂ ਘਰ ਜਵਾਈਆਂ ਭਾਈਆਂ ਨੇ ਆਉਣਾ , ਕੀ ਕਹਿਣਗੇ …? “
“ਭਾਬੀ ਡਰਦੀ , ਘਰੋਂ ਭੱਜਗੀ ਕੁਝ ਦੇਣਾ ਨਾ ਪਵੇ .. “?
ਸਾਰੇ ਸਵਾਲ ਸੁਮਨ ਦੀ ਫਿਤਰਤ ਤੋਂ ਉਲਟ ਖੁਦਗਰਜੀਆਂ , ਚਤੁਰਾਈਆਂ ਵਿੱਚੋਂ ਉਪਜੇ ਹੁੰਦੇ ਸਨ ।
ਸੁਮਨ ਪੜੀ ਲਿਖੀ , ਸੋਹਣੀ , ਮਿਹਨਤੀ , ਸੁਚੱਜੀ ਸਾਦਗੀ ਵਿੱਚ ਰਹਿਣ ਵਾਲੀ ਕੁੜੀ ਸੀ , ਸਾਰੇ ਪਰਿਵਾਰ ਦੀ ਦਿਨ ਰਾਤ ਚਾਕਰੀ ਕਰਦੀ .. ਸਭ ਵਿਹਲੇ ਉਸ ਤੇ ਹੁਕਮ ਚਲਾਉਂਦੇ ਸਨ , ਪਰ ਉਹ ਲੋਕ-ਲੱਜ ਪਾਲਦੀ ਕੰਮ ਕਾਰ ਕਰਦੀ ਰਹਿੰਦੀ .. ਉਸ ਦੀ ਕੁਝ ਪਲਾਂ ਦੀ ਗ਼ੈਰਹਾਜ਼ਰੀ ਵਿੱਚ ਹੀ ਘਰੇ ਭੜਥੂ ਪੈ ਜਾਂਦਾ .. ਕਿਸੇ ਨੂੰ ਕੋਈ ਚੀਜ ਨਾ ਥਿਆਉਂਦੀ ਤੇ ਕਿਸੇ ਵਿੱਚ ਪਾਣੀ ਪਾ ਕੇ ਪੀਣ ਦੀ ਹਿੰਮਤ ਨਾ ਹੁੰਦੀ .. !
“ਜਿਹਨਾਂ ਵਿਹਲੇ ਬੈਠ ਗੱਲਾਂ ਨਾਲ ਨਾਮ ਕਮਾਇਆ ਹੋਵੇ , ਏਸੀ ਕਮਰਿਆਂ ਵਿੱਚ ਬੈਠ ਚਮੜੀ ਨੂੰ ਦਿਨ ਰਾਤ ਕਰੀਮਾਂ ਨਾਲ ਨਿਖਾਰਿਆ ਹੋਵੇ , ਉਹਨਾਂ ਨੂੰ ਕਿਸੇ ਦੀ ਹੱਡਭੰਨਵੀਂ ਮਿਹਨਤ ਹੇਠ ਪਸੀਨੇ ਨਾਲ ਭਿੱਜੇ ਬਦਰੰਗ ਹੋਏ ਤਨ ਦੀ ਕੋਈ ਕਦਰ ਨਹੀਂ ਹੁੰਦੀ ..ਕੀ ਪਤਾ ਹੁੰਦਾ ਮਿਹਨਤ ਦਾ ਮੁੱਲ ਕੀ ਹੁੰਦਾ .. ।”
ਜਦੋਂ ਸੁਮਨ ਦੇ ਪਤੀ ਦੇਵ ਨੂੰ ਭੈਣਾਂ ( ਨਨਾਣਾਂ )ਰੱਖੜੀ ਬੰਨ ਹੱਟਦੀਆਂ ਤਾਂ ਖਾਣੇ ਖਵਾ ਕੇ ਸਾਰੇ ਘਰ ਦਾ ਕੰਮ ਸਮੇਟ ਸੁਮਨ ਨੁਕਤਾਚੀਨੀ ਸੁਣਦੀ ਮਸਾਂ ਇੱਕ ਵੱਜਦੇ ਨੂੰ ਘਰੋਂ ਭਰਾ ਨੂੰ ਰੱਖੜੀ ਬੰਨਣ ਤੁਰਦੀ ਤੇ ਘਰੋਂ ਹੁਕਮ ਹੁੰਦਾ ਕੇ ,”ਆਉਣ ਜਾਣ ਕਰਿਓ .. ਭਾਈ ..!
“ਘਰੇ ਪ੍ਰਾਹੁਣੇ ਉਡੀਕਦੇ ਹਨ …! ”
ਸਾਰੇ ਰਾਹ ਸੁਮਨ ਦਾ ਪਤੀ ਦੇਵ , “ਕਾਹਦੀ ਰੱਂਖੜੀ , ਹਜ਼ਾਰ ਦਾ ਦਾ ਤਾਂ ਤੇਲ ਲੱਗ ਜਾਂਦਾ , ਹਜ਼ਾਰ ਦੀ ਮਠਿਆਈ , ਦੋ ਸੌ ਦੀਆਂ ਰੱਖੜੀਆਂ ਸੁਮਨ ਨੂੰ ਸੁਣਾਉਂਦਾ ਜਾਂਦਾ.. ਸਾਰੇ ਰਾਹ ਨਿਰਾਸ਼ਤਾ ਵਿੱਚ...
ਦੁਖੀ ਸੁਮਨ ਮਨ ਵਿੱਚ ਕੁਲਝਦੀ ਜਾਂਦੀ ..ਉਸ ਦੇ ਚਿਹਰੇ ਦੇ ਉੱਡੇ ਰੰਗਾਂ ਹੇਠੋਂ ਚਿੰਤਾ ਦੇ ਨਿਸ਼ਾਨ ਸਾਫ ਦਿਸਦੇ ।
ਇੱਕ ਪਾਸੇ ਇੱਕੋ ਭਰਾ ਤੇ ਕੀਮਤੀ ਮਾਪੇ …ਦੂਜੇ ਪਾਸੇ ਜਿੰਦਗੀ ਦੇ ਕਠੋਰ ਇਮਤਿਹਾਨ ਦੀਆਂ ਲਕੀਰਾਂ .. !
ਸਹੁਰੇ ਅਤੇ ਪੇਕੇ ਪਰਿਵਾਰ ਦੇ ਵਿਚਕਾਰ ਰਿਸ਼ਤਾ ਬਣਾਈ ਰੱਖਣ ਲਈ ਦੋਨਾਂ ਪਰਿਵਾਰਾਂ ਦੇ ਕਈ ਉਹਲੇ ਰੱਖ ਆਪ ਮਾਨਸਿਕ ਪੀੜਾਂ ਹੰਢਾਉਂਦੀ ਸੀ ।
ਅੰਦਰੂਨੀ ਗਮ ਮੁਸਕਰਾਹਟ ਹੇਠ ਜ਼ਜਬ ਕਰ ਪੇਕੇ ਘਰ ਵੜਦੀ ..ਵੀਰ ਦੇ ਰੱਖੜੀ ਬੰਨਦੀ ,ਮੂੰਹ ਜੁਠਾਉਦੀ ਤੇ ਵੀਰ ਵੱਲੋਂ ਦਿੱਤਾ ਗਿਆ ਸ਼ਗਨ ਚੁੱਪ ਕਰ ਫੜ ਲੈਂਦੀ ।
ਚਾਹ ਪੀ ਕੇ ਵਾਪਿਸੀ ਕਰ ਲੈਂਦੀ । ਮੁੜ੍ਹਨਸਾਰ ਪਤੀ ਪੁੱਛਦਾ , “ਕੀ ਦਿੱਤਾ ਫਿਰ ਤੇਰੇ ਵੀਰ ਨੇ .. ?
ਤੈਨੂੰ ਪਤਾ ਸੁਮਨ , “ਐਨਾ ਖਰਚ ਤਾਂ ਆਪਣਾ ਹੋ ਗਿਆ .. “
“ਤੂੰ ਇੰਝ ਕਰ “
, ਗੱਡੀ ਦੇ ਤੇਲ ਰੱਖੜੀਆਂ ਤੇ ਮਠਿਆਈ ਦੇ ਪੈਸੇ ਮੈਨੂੰ ਤੇਰੇ ਵੀਰ ਵੱਲੋਂ ਦਿੱਤੇ ਉਸ ਸ਼ਗਨ ਵਿੱਚੋਂ ਵਾਪਿਸ ਕਰ ਦੇ ਅਤੇ ਬਾਕੀ ਆਪ ਰੱਖ ਲੈ “
“ਤੇਰੇ ਵੀਰ ਨੇ ਜੋ ਦਿੱਤੇ ਹਨ ਤੈਨੂੰ ਸ਼ਗਨ ਦੇ ”
ਸੁਮਨ ਮਨ ਤੇ ਕਾਬੂ ਪਾ ਪੈਸੇ ਪਤੀ ਨੂੰ ਵਾਪਿਸ ਕਰ ਦਿੰਦੀ ।
ਘਰੇ ਆਈ ਨੂੰ ਠਹਾਕੇ ਲਾ ਲਾ ਕੇ ਸੱਸ ਤੇ ਨਨਾਣਾਂ ਪੁੱਛਦੀਆਂ , “ ਕੀ ਦਿੱਤਾ ਫਿਰ ਵੀਰ ਨੇ ..?”
ਇਹ ਸੁਂਣ ਉਹ ਚੁੱਪ ਕਰ ਜਾਂਦੀ .. ਜਿੱਥੇ ਬੇਲਗਾਮ ਸੱਪ ਦੀ ਜੀਭ
ਵਰਗੀਆਂ ਜ਼ੁਬਾਨਾਂ ਡੰਗਦੀਆਂ ਹੋਣ , ਉੱਥੇ ਵਿਚਾਰਾ ਜਿਹਾ ਬਣ ਗੁਜਾਰਾ ਕਰਨਾ ਪੈਂਦਾ ਹੈ , ਬਰਾਬਰੀ ਨਹੀਂ ਕੀਤੀ ਜਾਂਦੀ ।
“ਆਵਦਾ ਖੂਨ ਖੂਨ ,ਦੂਸਰੇ ਦਾ ਖੂਨ ਪਾਣੀ “
ਆਵਦੀ ਧੀ ਜਿਗਰ ਦਾ ਟੋਟਾ ,
ਦੂਜੇ ਦੀ ਧੀ ਨੌਕਰਾਣੀ “
ਪਹਿਲੀ ਵਾਰ ਜਦੋਂ ਸੁਮਨ ਵੀਰ ਨੂੰ ਰੱਖੜੀ ਬੰਨਣ ਗਈ ਸੀ ਤਾਂ ਮਾਪਿਆਂ ਨੇ ਸੂਟ ਦਿੱਤੇ ਸਨ , ਸਹੁਰਿਆਂ ਨੇ ਕਹਿ ਦਿੱਤਾ ਸੀ ਕੇ ਅਗਾਂਹ ਤੋਂ ਸੁਮਨ ਪੈਸੇ ਹੀ ਲਿਆ ਕਰ , ਸੂਟ ਨਾ ਲਵੀਂ ,
(ਕਿਉਕੇ ਸੂਟ ਸੁਮਨ ਕੋਲ ਰਹਿ ਜਾਂਦੇ ਸਨ ਤੇ ਲੱਗੇ ਪੈਸੇ ਵਾਪਿਸ ਨਹੀਂ ਮਿਲਦੇ ਸਨ )
ਸੁਮਨ ਨੇ ਮਾਪਿਆਂ ਨੂੰ ਸੂਟਾਂ ਤੋਂ ਮਨ੍ਹਾ ਕਰ ਦਿੱਤਾ ਸੀ ।
“ਇਹ ਤਿਉਹਾਰ ਜਮਾਂ ਘਟਾਓ ਦੇ ਹਿਸਾਬਾਂ ਦੇ ਨਹੀਂ ਹੁੰਦੇ, ਇਹ ਸੁਖਮਤਾ ਵਿੱਚੋਂ ਉਪਜੇ ਨਾਜ਼ੁਕ ਵਲਵਲੇ ਹੁੰਦੇ ਹਨ ਜਿਹੜੇ ਮੁੱਦਤਾਂ ਤੱਕ ਪਿਆਰ ਦੀਆਂ ਤੰਦਾਂ ਬਣ ਬੱਝੇ ਰਹਿੰਦੇ ਹਨ ..।
ਸਹੁਰੇ ਘਰ ਪਹੁੰਚ ਫਿਰ ਸੁਮਨ ਨੌਕਰ ਬਣ ਕੰਮਾਂ ਵਿੱਚ
ਜੁੱਟ ਜਾਂਦੀ …।
“ਕਈ ਘਰਾਂ ਵਿੱਚ ਬੇਸ਼ੱਕ ਰਿਜ਼ਕ ਭਾਵੇ ਕਿੰਨਾ ਹੋਵੇ .. ਭੁੱਖੀਆਂ , ਕਮੀਨੀਆਂ ,ਨੀਯਤਾਂ ਨੂੰ ਕਦੇ ਰੱਬ ਵੀ ਨਹੀਂ ਰਜ਼ਾ ਸਕਦਾ “
ਕਈ ਔਰਤਾਂ ਪੇਕਿਆਂ ਅਤੇ ਸਹੁਰੇ ਪਰਿਵਾਰ ਵਿੱਚ ਸੰਤੁਲਨ ਬਣਾ ਕੇ ਰੱਖਣ ਲਈ ਆਪਾਂ ਕੁਰਬਾਨ ਕਰ ਦਿੰਦੀਆਂ ਹਨ ਪਰ ਉਹਨਾਂ ਦੇ ਅੰਦਰਲੇ ਛਿੱਪੀਆਂ ਕੁਰਬਾਨੀਆਂ ਨੂੰ ਸਮਝਣ ਦੇ ਕੋਈ ਸਮਰੱਥ ਨਹੀਂ ਹੁੰਦਾ .. ਮਾਪਿਆਂ ਅਤੇ ਆਵਦੀ ਜਿੰਦਗੀ ਦੇ ਹਲਾਤਾਂ ਵਿਚਕਾਰ ਇੰਝ ਲਟਕਦੀਆਂ ਰਹਿੰਦੀਆਂ ਹਨ ਜਿੱਥੇ ਸਾਹ ਤਾਂ ਵਗਦੇ ਰਹਿੰਦੇ ਹਨ , ਬਾਕੀ ਜਿਸਮ ਲਾਸ਼ ਹੁੰਦਾ ..।
“ਘਰੇਲੂ ਔਰਤਾਂ ਕੋਈ ਮਿਹਨਤਾਨਾ ਨਹੀਂ ਲੈਂਦੀਆਂ , ਸਗੋਂ ਹੱਡ-ਭੰਨਵੀਂ ਮਿਹਨਤ ਕਰਕੇ ਵੀ ਭਿਖਾਰਨਾਂ ਵਾਲੀ ਜਿੰਦਗੀ ਹੀ ਜਿਉਦੀਆਂ ਨੇ “
—ਰਾਜਵਿੰਦਰ ਕੌਰ —