ਰਾਸ਼ਨ
“ਅੱਜ ਆਟਾ ਖਤਮ ਹੋ ਗਿਆ ਏ, ਸ਼ਾਮੀਂ ਆਉਂਦਾ ਹੋਇਆ ਪੰਜ ਕੂ ਕਿਲੋ ਫੜ੍ਹੀ ਲਿਆਵੀਂ ਤੇ ਹਾ ਸੱਚ ਖੰਡ ਵੀ…।” ਵੀਰੋ ਆਪਣੇ ਘਰ ਵਾਲੇ ਸ਼ੰਭੂ ਨੂੰ ਰੋਟੀ ਵਾਲਾ ਡੱਬਾ ਫੜਾਉਂਦਿਆਂ ਬੋਲੀ।
ਆਟਾ! ਕੀ ਗੱਲ ਕੱਲ ਕਣਕ ਨ੍ਹੀਂ ਲਿਆਂਦੀ ਡੀਪੂ ਤੋਂ? ਤੈਨੂੰ ਕਿਹਾ ਤਾਂ ਸੀ ਧਰਮੂ ਦੇ ਡੀਪੂ ‘ਤੇ ਕਣਕ ਆਈ ਹੋਈ ਐ। ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ।” ਸ਼ੰਭੂ ਨੇ ਗੁੱਸੇ ਨਾਲ ਕਿਹਾ।
“ਗਈ ਸੀ ਮੈ! ਅਗੋਂ ਚੰਦਰਾ ਕਹਿੰਦਾ, ਅਗਲੇ ਹਫਤੇ ਆਊਗੀ, ਮੂੰਹ ਚੱਕ ਕੇ ਤੁਰ ਪੈਂਦੇ ਐ ਨਿੱਤ ਈ..। ਜਦੋਂ ਬੋਲੂ ਪੁੱਠਾ ਬੋਲੂ।” ਵੀਰੋ ਨੇ ਨੱਕ ਜਿਹਾ ਚੜ੍ਹਾਇਆ।
“ਚੱਲ ਕੋਈ ਨਾ ਧਰਮੂ ਦਾ ਸੁਭਾਅ ਹੀ ਐਹੋ ਜਿਆ, ਪਰ ਆਪਾਂ ਨੂੰ ਨਿੱਤ ਹੀ ਲੋੜ ਪੈਂਦੀ ਐ ਓਹਦੀ। ਤੂੰ ਲਾਲੇ ਦੀ ਹੱਟੀ ਤੋਂ ਆਟਾ ਤੇ ਖੰਡ ਫੜ੍ਹ ਲਿਆਵੀਂ, ਮੈ ਸ਼ਾਮ ਨੂੰ ਆ ਕੇ ਪੈਸੇ ਦੇ ਦਿਆਂਗਾ।” ਸ਼ੰਭੂ ਨੇ ਠਰ੍ਹੰਮੇ ਨਾਲ ਕਿਹਾ।
” ਮੈਂ ਨ੍ਹੀਂ ਜਾਂਦੀ ਲਾਲੇ ਦੀ ਹੱਟੀ ‘ਤੇ … ਮਰ ਜਾਣੇ ਦੀ ਤੱਕਣੀ ਬੜੀ ਮਾੜੀ ਐ। ਉਹਨੇ ਉਧਾਰ ਨਹੀਂ ਦੇਣੀ ਪਿਛਲੇ ਬਾਰਾਂ ਸੌ ਵੀ ਮੰਗਦੈ ,ਕਈ ਵਾਰ ਮੇਰਾ ਰਾਹ ਰੋਕਿਆ ਉਹਨੇ, ਐਨਾ ਕੌੜਾ ਬੋਲਦੈ….! ਹੁਣ...
ਮੈਂ ਤੈਨੂੰ ਕੀ ਦਸਾਂ…।” ਵੀਰੋ ਦੀਆਂ ਅੱਖਾਂ ਵਿੱਚ ਹਰਖ ਸੀ।
“ਕੋਈ ਨਾ ਕੋਈ ਨਾ ਹੌਂਸਲਾ ਰੱਖ, ਅੱਜ ਬਲਬੀਰ ਮਿਸਤਰੀ ਕਹਿੰਦਾ ਸੀ, ਕੋਠੀ ਦਾ ਲੈਂਟਰ ਪੈਣੈ, ਓਵਰ ਟਾਈਮ ਕਰਕੇ ਡੇਢ ਦਿਹਾੜੀ ਮਿਲਜੂ ਤੇ ਦੁਪਹਿਰ ਦੀ ਰੋਟੀ ਵੀ। ਆ ਡੱਬਾ ਤੂੰ ਰੱਖ ਲੈ… ਇਹ ਤੂੰ ਖਾ ‘ਲੀ…ਬਾਕੀ ਸ਼ਾਮੀਂ ਮੈਂ ਰਾਸ਼ਨ ਲੈ ਆਵਾਂਗਾ ਤੂੰ ਚਿੰਤਾ ਨਾ ਕਰ। ਲਾਲੇ ਦਾ ਹਿਸਾਬ ਵੀ ਛੇਤੀ ਨਿਬੇੜਦੇ ਆਂ…. ਫੇਰ ਦੇਖੂੰ ਕਿਵੇਂ ਰੋਕਦੈ ਤੇਰਾ ਰਾਹ!” ਸ਼ੰਭੂ ਡੱਬਾ ਵੀਰੋ ਨੂੰ ਫੜ੍ਹਾ ਕੇ ਘਰ ਦੀ ਦਹਿਲੀਜ ਲੰਘ ਗਿਆ।
“ਬੜੀ ਛੇਤੀ ਮੁੜ ਆਇਆ! ਕੀ ਗੱਲ ਰਾਸ਼ਨ ਕਿੱਥੇ ਐ?” ਸ਼ੰਭੂ ਨੂੰ ਘੰਟੇ ਬਾਅਦ ਹੀ ਮੁੜ ਆਏ ਨੂੰ ਵੀਰੋ ਨੇ ਪੁੱਛਿਆ।
“ਅੱਜ ਦਿਹਾੜੀ ਨਹੀਂ ਲੱਗੀ ! ਬਾਕੀ ਮਜ਼ਦੂਰ ਨਹੀਂ ਆਏ। ਬਲਬੀਰ ਕਹਿੰਦਾ,…ਅੱ…ਅੱਜ ਮਜ਼..ਦੂ..ਰ ਦਿ..ਦਿਵਸ ਦੀ ਛੁੱ…ਟੀ ਐ।” ਸ਼ੰਭੂ ਨੇ ਸਾਰਾ ਜ਼ੋਰ ਲਾ ਕੇ ਮਸਾਂ ਇਹ ਲਫ਼ਜ਼ ਮੂੰਹੋਂ ਕੱਢੇ।
ਸ਼ੇਰ ਚੰਦ ਕੇਸਰ
7589187764